ਸ਼ਿਵ ਸੈਨਾ ਆਗੂ ਨੇ ਕਿਹਾ ਕਿ ਭਾਰਤ ਦੇ ਰੂਸ ਵਾਂਗ ਕਈ ਟੋਟੇ ਹੋਣਗੇ

ਸ਼ਿਵ ਸੈਨਾ ਆਗੂ ਨੇ ਕਿਹਾ ਕਿ ਭਾਰਤ ਦੇ ਰੂਸ ਵਾਂਗ ਕਈ ਟੋਟੇ ਹੋਣਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ
ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਊਤ ਨੇ ਭਾਰਤ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਅਸਥਿਰ ਕਰਨ ਦੀ ਨੀਤੀ ਨਾ ਛੱਡੀ ਤਾਂ ਭਾਰਤ ਵੀ ਰੂਸ ਵਾਂਗ ਕਈ ਹਿੱਸਿਆਂ ਵਿਚ ਟੁੱਟ ਜਾਵੇਗਾ।

ਸ਼ਿਵ ਸੈਨਾ ਦੀ ਅਖਬਾਰ ਸਾਮਨਾ ਵਿਚ ਇਕ ਲੇਖ ਅੰਦਰ ਸੰਜੇ ਰਾਊਤ ਨੇ ਇਹ ਗੱਲ ਕਹੀ ਹੈ। ਉਹਨਾਂ ਕਿਹਾ ਕਿ ਜਿਹੜੀ ਸਿਆਸਤ ਅੱਜ ਕੇਂਦਰ ਸਰਕਾਰ 'ਤੇ ਕਾਬਜ਼ ਲੋਕ ਕਰ ਰਹੇ ਹਨ ਉਸ ਨਾਲ ਭਾਰਤ ਦੇ ਉਸੇ ਤਰ੍ਹਾਂ ਟੋਟੇ ਹੋਣਗੇ ਜਿਸ ਤਰ੍ਹਾਂ ਰੂਸ ਦੇ ਹੋਏ ਸੀ। 

ਉਹਨਾਂ ਕਿਹਾ ਕਿ ਗੈਰ ਭਾਜਪਾ ਸਰਕਾਰਾਂ ਵਾਲੇ ਸੂਬਿਆਂ ਅਤੇ ਕੇਂਦਰ ਸਰਕਾਰ ਦਰਮਿਆਨ ਸਬੰਧ ਚੰਗੇ ਨਹੀਂ ਚੱਲ ਰਹੇ। ਉਹਨਾਂ ਕਿਹਾ ਕਿ ਗੈਰ-ਭਾਜਪਾਈ ਸਰਕਾਰਾਂ ਵਾਲੇ ਸੂਬਿਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। 

ਭਾਜਪਾ ਨੇ ਸ਼ਿਵ ਸੈਨਾ ਆਗੂ ਦੇ ਇਸ ਬਿਆਨ ਨੂੰ ਦੇਸ਼ ਤੋੜਨ ਵਾਲੇ ਮੁਹਾਵਰੇ ਵਿਚ ਫਿੱਟ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕਾਂਗਰਸ ਤੋਂ ਸਹਿਯੋਗੀ ਸ਼ਿਵ ਸੈਨਾ ਦੇ ਆਗੂ ਵੱਲੋਂ ਦਿੱਤੇ ਬਿਆਨ ਬਾਰੇ ਸਪਸ਼ਟੀਕਰਨ ਮੰਗਿਆ ਹੈ। 

ਸੰਜੇ ਰਾਊਤ ਨੇ ਆਪਣੇ ਲੇਖ ਵਿਚ ਮੋਦੀ 'ਤੇ ਨਿਸ਼ਾਨਾ ਲਾਉਂਦਿਆਂ ਇਹ ਵੀ ਕਿਹਾ ਕਿ ਮੋਦੀ ਪ੍ਰਧਾਨ ਮੰਤਰੀ ਵਾਲੇ ਕੰਮ ਨਹੀਂ ਕਰ ਰਹੇ ਬਲਕਿ ਉਹਨਾਂ ਦਾ ਸਾਰਾ ਜ਼ੋਰ ਸੂਬਾ ਸਰਕਾਰਾਂ ਨੂੰ ਸੁੱਟਣ ਵਿਚ ਲੱਗਿਆ ਹੋਇਆ ਹੈ।