ਬੰਦੀ ਸਿੰਘਾਂ ਦੀ ਰਿਹਾਈ, ਸੰਗਰੂਰ ਲੋਕਸਭਾ ਜ਼ਿਮਣੀ ਚੋਣ ਅਤੇ ਅਫ਼ਗਾਨੀ ਸਿੱਖ ਅਤੇ ਹੋਰ ਪੰਥਕ ਮਸਲਿਆਂ ਤੇ ਜਾਗੋ ਪਾਰਟੀ ਨੇ ਕੀਤੀ ਇਕਤਰਤਾ 

ਬੰਦੀ ਸਿੰਘਾਂ ਦੀ ਰਿਹਾਈ, ਸੰਗਰੂਰ ਲੋਕਸਭਾ ਜ਼ਿਮਣੀ ਚੋਣ ਅਤੇ ਅਫ਼ਗਾਨੀ ਸਿੱਖ ਅਤੇ ਹੋਰ ਪੰਥਕ ਮਸਲਿਆਂ ਤੇ ਜਾਗੋ ਪਾਰਟੀ ਨੇ ਕੀਤੀ ਇਕਤਰਤਾ 

ਸੱਜਣ ਕੁਮਾਰ ਸਣੇ 88 ਕਾਤਲਾਂ ਨੂੰ ਮੇਰੀ ਟੀਮ ਨੇ ਜੇਲ੍ਹ ਭਿਜਵਾਇਆ ਸੀ ਸਾਡੇ ਕਮੇਟੀ ਤੋਂ  ਬਾਹਰ ਹੁੰਦੇ ਹੀ 88 ਕਾਤਲ ਜ਼ਮਾਨਤਾਂ 'ਤੇ ਬਾਹਰ ਆ ਗਏ: ਜੀਕੇ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 20 ਜੂਨ (ਮਨਪ੍ਰੀਤ ਸਿੰਘ ਖਾਲਸਾ):- ਮੌਜੂਦਾ ਪੰਥਕ ਮਸਲਿਆਂ ਬਾਰੇ ਵਿਚਾਰ ਚਰਚਾ ਕਰਨ ਲਈ ਜਾਗੋ ਪਾਰਟੀ ਦੇ ਅਹੁਦੇਦਾਰਾਂ, ਕਾਰਕੁੰਨਾ ਤੇ ਸਮਰਥਕਾਂ ਦੀ ਵਿਸ਼ੇਸ਼ ਇਕੱਤਰਤਾ ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਹੇਠ ਹੋਈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੋਤੀ ਪਹਾੜੀ, ਪੂਰਬੀ ਪਟੇਲ ਨਗਰ ਵਿਖੇ ਹੋਈ ਜਾਗੋ ਪਰਿਵਾਰ ਦੀ ਇਸ ਮਿਲਣੀ ਦੌਰਾਨ ਕਈ ਮੁਦਿਆਂ ਉਤੇ ਵਿਚਾਰਾਂ ਹੋਈਆਂ। ਜਿਸ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਮਾਲੀ ਸੰਕਟ, ਕਾਨਪੁਰ ਕਤਲੇਆਮ ਦੀ ਲੜੀ ਗਈ ਕਾਨੂੰਨੀ ਲੜਾਈ, ਮੁਰਾਦਾਬਾਦ ਵਿਖੇ ਢਾਹੇ ਗਏ ਗੁਰਦੁਆਰਾ ਸਾਹਿਬ, ਬੰਦੀ ਸਿੰਘਾਂ ਦੀ ਰਿਹਾਈ, ਸੰਗਰੂਰ ਲੋਕਸਭਾ ਜ਼ਿਮਣੀ ਚੋਣ ਅਤੇ ਅਫ਼ਗਾਨੀ ਸਿੱਖਾਂ ਬਾਰੇ ਜਾਗੋ ਪਾਰਟੀ ਦੇ ਸਟੈਂਡ ਬਾਰੇ ਬੁਲਾਰਿਆਂ ਨੇ ਚਾਨਣਾ ਪਾਇਆ। ਇਸ ਮੌਕੇ ਜਾਗੋ ਪਾਰਟੀ ਦੇ ਸਰਪ੍ਰਸਤ ਡਾਕਟਰ ਹਰਮੀਤ ਸਿੰਘ, ਸੀਨੀਅਰ ਆਗੂ ਕੁਲਮੋਹਨ ਸਿੰਘ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ ਖੀਵਾ ਤੇ ਕੌਰ ਬ੍ਰਿਗੇਡ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ ਨੇ ਆਪਣੇ ਵਿਚਾਰ ਰੱਖੋ। ਸਟੇਜ ਸਕੱਤਰ ਦੀ ਸੇਵਾ ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਨਿਭਾਈ ਜਦ ਕਿ ਸਾਰਿਆਂ ਦਾ ਧੰਨਵਾਦ ਦਿੱਲੀ ਕਮੇਟੀ ਮੈਂਬਰ ਮਹਿੰਦਰ ਸਿੰਘ ਨੇ ਕੀਤਾ।

ਜੀਕੇ ਨੇ ਕਿਹਾ ਕਿ ਸੁਚੱਜਾ ਪ੍ਰਬੰਧ ਕਾਇਮ ਕਰਨ ਲਈ ਸੁਚੱਜੀ ਸੋਚ ਜ਼ਰੂਰੀ ਹੁੰਦੀ ਹੈ। ਇਹ ਗੱਲ ਹਾਲ ਹੀ ਵਿੱਚ ਸਾਹਮਣੇ ਆਏ ਕਈ ਖੁਲਾਸਿਆਂ ਤੋਂ ਸਾਬਤ ਵੀ ਹੋ ਰਹੀ ਹੈ। ਦਿੱਲੀ ਕਮੇਟੀ ਦੀ ਪ੍ਰਧਾਨਗੀ ਦੀ ਸੇਵਾ ਦੌਰਾਨ ਸਾਡੇ ਵੱਲੋਂ ਕੀਤੇ ਗਏ ਕੰਮਾਂ ਦੇ ਅੱਜ ਵੀ ਉਸਾਰੂ ਨਤੀਜੇ ਸਾਹਮਣੇ ਆ ਰਹੇ ਹਨ। ਪਰ ਮੇਰੇ ਤੋਂ ਬਾਅਦ ਦੇ ਪ੍ਰਬੰਧਕਾਂ ਨੇ ਤਾਂ ਸਾਰਾ ਜ਼ੋਰ ਮੈਨੂੰ ਗਲਤ ਸਾਬਤ ਕਰਨ 'ਤੇ ਲਾਇਆ ਹੋਇਆ ਹੈ, ਪਰ ਗੁਰੂ ਦੀ ਬਖਸ਼ਿਸ਼ ਨਾਲ ਇਨ੍ਹਾਂ ਦਾ ਹਰ ਦਾਅ ਉਲਟਾ ਪੈ ਰਿਹਾ ਹੈ। ਮੇਰੇ ਖਿਲਾਫ ਦਿੱਲੀ ਕਮੇਟੀ ਆਗੂਆਂ ਨੇ ਜਾਲੀ ਦਸਤਾਵੇਜ਼ਾਂ ਤਿਆਰ ਕਰਨ ਦੇ ਨਾਲ ਹੀ ਸਟਾਫ਼ ਨੂੰ ਡਰਾ-ਧਮਕਾ ਕੇ ਗਵਾਹੀਆਂ ਦਿਵਾਉਂਦੇ ਹੋਏ ਕੋਰਟਾਂ ਦੀ ਮਾਰਫਤ ਮੇਰੇ ਖਿਲਾਫ ਐਫ.ਆਈ.ਆਰ. ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਗੁਮਰਾਹਕੁਨ ਤਥਾਂ ਦੇ ਸਹਾਰੇ ਮੇਰੇ ਖਿਲਾਫ ਗਲੀ-ਗਲੀ‌ ਭੰਡੀ ਪ੍ਰਚਾਰ ਇਨ੍ਹਾਂ ਵੱਲੋਂ ਕੀਤਾ ਗਿਆ। ਪਰ ਫਿਰ ਵੀ ਅੱਜ ਦੀ ਤਾਰੀਖ ਤੱਕ ਇਹ ਮੇਰੇ ਖਿਲਾਫ ਅਦਾਲਤਾਂ ਵਿੱਚ ਕੁਝ ਸਾਬਤ ਨਹੀਂ ਕਰ ਪਾਏ। ਸਗੋਂ ਬੀਤੇ ਦਿਨੀਂ ਦਿੱਲੀ ਹਾਈਕੋਰਟ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਬਾਰੇ ਇਨ੍ਹਾਂ ਵੱਲੋਂ ਜਮਾ ਕਰਵਾਈ ਗਈ ਰਿਪੋਰਟ ਨੇ ਮੇਰੀ ਟੀਮ ਦੀ ਪ੍ਰਬੰਧਕੀ ਲਿਆਕਤ ਦੀ ਪੁਸ਼ਟੀ ਕੀਤੀ ਹੈ। ਜੀਕੇ ਨੇ ਦੱਸਿਆ ਕਿ ਮੇਰੇ 6 ਸਾਲ ਦਿੱਲੀ ਕਮੇਟੀ ਦਾ ਪ੍ਰਧਾਨ ਰਹਿਣ ਦੋਰਾਨ ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਸਕੂਲਾਂ ਸਿਰ 21 ਕਰੋੜ ਰੁਪਏ ਚੜਿਆ ਸੀ, ਪਰ ਅਸੀਂ ਇਸ ਦੌਰਾਨ 75 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ, ਮਤਲਬ‌ 54 ਕਰੋੜ ਰੁਪਏ ਵਾਧੂ ਭੁਗਤਾਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮਈ  2014 ਵਿੱਚ ਅਸੀਂ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਸਕੂਲ ਸਟਾਫ ਨੂੰ ਤਨਖਾਹ ਦੇਣੀ ਸ਼ੁਰੂ ਕੀਤੀ ਸੀ, ਜਿਸ ਕਰਕੇ ਹਰ ਮਹੀਨੇ 1.5 ਕਰੋੜ ਰੁਪਏ ਦਾ ਵਾਧੂ ਵਿੱਤੀ ਭਾਰ ਸਕੂਲਾਂ ਦੇ ਸਿਰ ਪਿਆ ਸੀ। ਇਸ ਦੇ ਨਾਲ ਦਿੱਲੀ ਕਮੇਟੀ ਸਟਾਫ਼ ਦੀ ਤਣਖਾਹ ਵਿੱਚ ਵੀ 100 ਫੀਸਦੀ ਤੱਕ ਵਾਧਾ ਕੀਤਾ ਗਿਆ ਸੀ। ਜੇਕਰ ਸਟਾਫ਼ ਨੂੰ 6 ਸਾਲਾਂ ਦੌਰਾਨ ਮਿਲੀਆਂ ਵਾਧੂ ਤਨਖਾਹਾਂ ਤੇ ਬਕਾਇਦਾ ਨੂੰ ਜੋੜਿਆ ਜਾਵੇ ਤਾਂ ਇਹ 250 ਕਰੋੜ ਰੁਪਏ ਤੋਂ ਟੱਪ ਜਾਂਦਾ ਹੈ। ਜੀਕੇ ਨੇ ਕਿਹਾ ਕਿ ਸੱਜਣ ਕੁਮਾਰ ਸਣੇ  ਤ੍ਰਿਲੋਕਪੁਰੀ ਦੇ 88 ਕਾਤਲਾਂ ਨੂੰ ਮੇਰੀ ਟੀਮ ਨੇ ਜੇਲ੍ਹ ਭਿਜਵਾਇਆ ਸੀ ਪਰ ਮੇਰੇ ਕਮੇਟੀ ਤੋਂ ਬਾਹਰ ਹੁੰਦੇ ਹੀ ਤ੍ਰਿਲੋਕਪੁਰੀ ਦੇ 88 ਕਾਤਲ ਜ਼ਮਾਨਤਾਂ 'ਤੇ ਬਾਹਰ ਆ ਗਏ ਹਨ। ਜੇਕਰ ਕਲ੍ਹ ਨੂੰ ਸੱਜਣ ਵੀ ਇਨ੍ਹਾਂ ਦੀ ਨਾਕਾਮੀ ਕਰਕੇ ਬਾਹਰ ਆ ਜਾਵੇ, ਤਾਂ ਬਹੁਤ ਹੈਰਾਨ ਹੋਣ ਦੀ ਲੋੜ ਨਹੀਂ ਹੈ। ਇਸ ਮੌਕੇ ਜੀਕੇ ਨੇ ਦਿੱਲੀ ਦੀ ਗਲੀ-ਗਲੀ ਵਿੱਚ ਜਾਕੇ ਦਿੱਲੀ ਕਮੇਟੀ ਪ੍ਰਬੰਧਕਾਂ ਦੀ ਨਕਾਸ਼ੀ ਤੇ ਆਪਣੀ ਪ੍ਰਬੰਧਕੀ ਕਾਮਯਾਬੀ ਬਾਰੇ ਮੀਟਿੰਗਾਂ ਕਰਨ ਦਾ ਐਲਾਨ ਵੀ ਕੀਤਾ।