ਸਨਫਰਾਂਸਿਸਕੋ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਵਿਅਕਤੀ ਨੇ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ 3 ਨੂੰ ਕੀਤਾ ਜ਼ਖਮੀ

ਸਨਫਰਾਂਸਿਸਕੋ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਵਿਅਕਤੀ ਨੇ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ 3 ਨੂੰ ਕੀਤਾ ਜ਼ਖਮੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਸਨਫਰਾਂਸਿਸਕੋ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਵਿਅਕਤੀ ਨੇ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਤਿੰਨ ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ। ਪੁਲਿਸ ਅਨੁਸਾਰ ਇਕ ਵਿਅਕਤੀ ਨੇ ਸਨਫਰਾਂਸਿਸਕੋ ਕੌਮਾਂਤਰੀ ਹਵਾਈ ਅੱਡੇ ਵਿਚ ਦਾਖਲ ਹੋ ਕੇ ਬਾਹਰ ਜਾਣ ਵਾਲੇ ਰਸਤੇ ਉਪਰ ਤੇਜਧਾਰ ਹਥਿਆਰ ਨਾਲ ਲੋਕਾਂ ਉਪਰ ਹਮਲਾ ਕੀਤਾ। ਇਹ ਘਟਨਾ ਸ਼ਾਮ 6 ਵਜੇ ਦੇ ਕਰੀਬ ਵਾਪਰੀ। ਹਵਾਈ ਅੱਡੇ ਦੇ ਡਿਊਟੀ ਮੈਨੇਜਰ ਰੂਸਲ ਮੈਕੀ ਨੇ ਦਸਿਆ ਕਿ ਯਾਤਰੀਆਂ ਉਪਰ ਉਸ ਸਮੇ ਹਮਲਾ ਕੀਤਾ ਗਿਆ ਜਦੋਂ ਉਹ ਸੁਰੱਖਿਆ ਜਾਂਚ ਖੇਤਰ ਦੇ ਅਗਲੇ ਹਿੱਸੇ ਵਿਚ ਸਨ। ਉਨਾਂ ਦੱਸਿਆ ਕਿ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਹਮਲਾਵਰ ਮੁਸਾਫਿਰਾਂ ਵਿਚ ਸ਼ਾਮਲ ਸੀ ਜਾਂ ਨਹੀਂ ਤੇ ਹਮਲਾ ਕਰਨ ਪਿੱਛੇ ਉਸ ਦਾ ਮਕਸਦ ਕੀ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਹਮਲਾਵਰ ਨੂੰ ਹਿਰਾਸਤ ਵਿਚ ਲੈ ਲਿਆ ਜਿਸ ਦੀ ਅਜੇ ਸ਼ਨਾਖਤ ਨਹੀਂ ਹੋ ਸਕੀ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤਾਂ ਦੇ ਜ਼ਖਮ ਜਿਆਦਾ ਗੰਭੀਰ ਨਹੀਂ ਹਨ ਤੇ ਉਨਾਂ ਨੂੰ ਮੌਕੇ ਉਪਰ ਹੀ ਮੁੱਢਲੀ ਸਹਾਇਤਾ ਦਿੱਤੀ ਗਈ ਤੇ ਮਰਹਮ ਪੱਟੀ ਕੀਤੀ ਗਈ।