ਸਾਕਾ ਨਕੋਦਰ ਦੇ ਸ਼ਹੀਦਾਂ ਦੀ 35ਵੀਂ ਯਾਦ ਬਨਾਮ ਸਿੱਖ ਸੰਸਥਾਵਾਂ ਦੇ ਚੇਤੇ ਚੋਂ ਮਨਫੀ, ਸਿਧਾਤਾਂ ਦੇ ਪਹਿਰੇਦਾਰ

ਸਾਕਾ ਨਕੋਦਰ ਦੇ ਸ਼ਹੀਦਾਂ ਦੀ 35ਵੀਂ ਯਾਦ ਬਨਾਮ ਸਿੱਖ ਸੰਸਥਾਵਾਂ ਦੇ ਚੇਤੇ ਚੋਂ ਮਨਫੀ, ਸਿਧਾਤਾਂ ਦੇ ਪਹਿਰੇਦਾਰ

ਨਰਿੰਦਰ ਪਾਲ ਸਿੰਘ
98553-13236

ਜੂਨ 1984 ਵਿੱਚ ਭਾਰਤੀ ਫੌਜਾਂ ਵਲੋਂ ਸ੍ਰੀ ਦਰਬਾਰ ਸਾਹਿਬ ,ਸ੍ਰੀ ਅਕਾਲ ਤਖਤ ਸਾਹਿਬ ਸਮੇਤ 37 ਹੋਰ ਗੁਰਧਾਮਾਂ ਉਪਰ ਕੀਤੇ ਗਏ ਫੌਜੀ ਹਮਲੇ ਦੌਰਾਨ ਹਜਾਰਾਂ ਸਿੰਘ ਸਿੰਘਣੀਆਂ ਤੇ ਭੁਝੰਗੀ ਹੀ ਸ਼ਹੀਦ ਨਹੀ ਹੋਏ ਬਲਕਿ ਸੈਂਕੜਿਆਂ ਦੀ ਗਿਣਤੀ ਵਿੱਚ ਮੌਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ, ਸਿੱਖ ਰੈਫਰੈਂਸ ਲਾਇਬਰੇਰੀ ਵਿੱਚ ਮੌਜੂਦ ਹੱਥ ਲਿਖਤ ਖਰੜੇ ਵੀ ਗੋਲਿਆਂ ਦਾ ਨਿਸ਼ਾਨਾ ਬਣਾਏ ਗਏ ਜਾਂ ਚੋਰੀ ਕਰਕੇ ਫੌਜੀ ਕੈਂਪਾਂ ਵਿੱਚ ਪਹੁੰਚਾ ਦਿੱਤੇ ਗਏ । ਸਿੱਖ ਰੈਫਰੈਂਸ ਲਾਇਬਰੇਰੀ ‘ਚੋਂ ਚੋਰੀ ਕੀਤੇ ਜਾਂ ਬਦਨੀਅਤੀ ਨਾਲ ਚੁੱਕਕੇ ਲਿਜਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਅਤੇ ਹੱਥ ਲਿਖਤ ਖਰੜਿਆਂ ਦਾ ਜਿਕਰ ਕਰਦਿਆਂ ਅੱਜ ਵੀ ਸ਼੍ਰੋਮਣੀ ਕਮੇਟੀ ਜਾਂ ਜਾਗਰੂਕ ਸਿੱਖ ਸ਼ਬਦ ‘ਬੇਸ਼-ਕੀਮਤੀ ਖਜਾਨਾ’ ਵਰਤਦੇ ਹਨ। ਇਸ ਵਿੱਚ ਕੋਈ ਦੋ ਰਾਵਾਂ ਨਹੀ ਹਨ । ਮੰਨਣਾ ਪਵੇਗਾ ਕਿ ਜੂਨ 84 ਦੇ ਫੌਜੀ ਹਮਲੇ ,ਨਵੰਬਰ 84 ਦੇ ਸਿੱਖ ਕਤਲੇਆਮ ਅਤੇ ਪੰਜਾਬ ਅੰਦਰ ਡੇਢ ਦਹਾਕੇ ਦੌਰਾਨ ਸਰਕਾਰੀ ਸ਼ਹਿ ਤੇ ਅੰਜ਼ਾਮ ਦਿੱਤੇ ਗਏ ਸਿੱਖ ਕਤਲੇਆਮ ਦਾ ਵਾਸਤਾ ਪਾਉਂਦਿਆਂ ਜਦੋਂ ਪੰਜਾਬ ਦੇ ਸਿਆਸੀ ਲੋਕ ਤੇ ਵਿਸ਼ੇਸ਼ ਕਰਕੇ ਪਿੱਠ ਤੇ ਪੰਥਕ ਹੋਣ ਦਾ ਠੱਪਾ ਲਾਕੇ ਸੱਤਾ ਸੁਖ ਮਾਨਣ ਵਾਲੇ ‘ਅਕਾਲੀਆਂ’ ਨੇ ਕੌਮ ਦੇ ਬੇਸ਼ਕੀਮਤੀ ਸਰਮਾਏ ਅਤੇ ਹੋਈਆਂ ਸ਼ਹਾਦਤਾਂ ਦੇ ਰੂਪ ਵਿੱਚ ਕੌਮ ਦੀ ਜੁਆਨੀ ਦਾ ਮੁੱਲ ਜਰੂਰ ਵੱਟਿਆ ਹੈ। ਲੇਕਿਨ ਇਸ ਜੁਆਨੀ ਦੇ ਘਾਣ ਦਾ ਮੁੱਢ ਵੀ ਇਸੇ ਅਕਾਲੀ ਦਲ ਨੇ ਆਪ ਹੀ ਬੰਨ੍ਹਿਆ ਹੈ ,ਇਹ ਬਹੁਤ ਘੱਟ ਲੋਕ ਜਾਣਦੇ ਹੋਣਗੇ ।

ਇਸਦਾ ਮੂੰਹ ਬੋਲਦਾ ਸਬੂਤ ਹੈ 2 ਫਰਵਰੀ 1986 ਵਿੱਚ ਨਕੋਦਰ ਵਿਖੇ ਕੁਝ ਸ਼ਰਾਰਤੀ ਹਿੰਦੂਆਂ ਵਲੋਂ ਇਕ ਗੁਰਦੁਆਰਾ ਸਾਹਿਬ ਉਪਰ ਹਮਲਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕਰਨ ਦੀ ਘਟਨਾ ਬਾਅਦ ਪਾਵਨ ਸਰੂਪਾਂ ਦੀ ਮੰਗ ਕਰ ਰਹੇ ਸਿੱਖਾਂ ਉਪਰ ਗੋਲੀਆਂ ਚਲਾਕੇ ਚਾਰ ਸਿੱਖ ਨੌਜੁਆਨਾਂ ਨੂੰ ਮਾਰ ਮੁਕਾਉਣ ਦੀ ਘਟਨਾ। ਇਥੇ ਹੀ ਬੱਸ ਨਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਸਬੰਧਤ ਇਨ੍ਹਾਂ ਨੌਜੁਆਨਾਂ ਦਾ ਸਸਕਾਰ ਵੀ ਅਣਪਛਾਤੇ ਕਹਿਕੇ ਕੀਤਾ ਗਿਆ । ਇਹ ਉਹ ਵਕਤ ਸੀ ਜਦੋਂ ਜੂਨ 84 ਦੇ ਘਲੂਘਾਰੇ ਦੀ ਹੌਲਨਾਕ ਘਟਨਾ ਉਪਰੰਤ ਪੰਜਾਬ ਦੇ ਤਖਤ ਤੇ ਅਕਾਲੀ ਮੁਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਸ਼ਸ਼ੋਭਿਤ ਸਨ। ਸਾਕਾ ਨਕੋਦਰ ਦੇ ਨਾਮ ਨਾਲ ਜਾਣੇ ਜਾਂਦੇ ਸਿੱਖ ਧਰਮ ਇਤਿਹਾਸ ਦੇ ਇਸ ਹੌਲਨਾਕ ਤੇ ਅਣਮਨੁਖੀ ਕਾਰੇ ਦੇ ਚਸ਼ਮਦੀਦ ਗਵਾਹਾਂ ਦਾ ਦੱਸਣਾ ਹੈ ਕਿ ਨਕੋਦਰ ਵਿਖੇ ਪਾਵਨ ਸਰੂਪ ਅਗਨ ਭੇਟ ਕਰ ਦਿੱਤੇ ਜਾਣ ਦੀ ਘਟਨਾ ਬਾਅਦ ਨੇੜਲੇ 10 ਕੁ ਪਿੰਡਾਂ ਦੇ ਲੋਕ ਇੱਕਤਰ ਹੋਏ ਤੇ ਪ੍ਰਸ਼ਾਸ਼ਨ ਪਾਸੋਂ ਪਾਵਨ ਸਰੂਪ ਹਾਸਿਲ ਕਰਨ ਦੀ ਬੇਨਤੀ ਕੀਤੀ। ਪੁਲਿਸ ਨੇ ਬੜੇ ਹੀ ਨਾਟਕੀ ਢੰਗ ਨਾਲ ਸੰਗਤਾਂ ਦਾ ਵਿਸ਼ਵਾਸ਼ ਜਿੱਤਦਿਆਂ ਉਨ੍ਹਾਂ ਨੂੰ ਇੱਕ ਅਜੇਹੀ ਜਗਾਹ ਤੇ ਸੁਰਖਿਅਤ ਕਰ ਲਿਆ ਜਿਥੋਂ ਭੱਜਣ ਜਾਂ ਬਚਾਅ ਦਾ ਕੋਈ ਰਾਸਤਾ ਨਹੀ ਸੀ । ਫਿਰ ਪੁਲਿਸ ਨੇ ਬਿਨ੍ਹਾਂ ਕਿਸੇ ਭੜਕਾਹਟ,ਵਾਰਨਿੰਗ ,ਟੀਅਰ ਗੈਸ ਜਾਂ ਲਾਠੀਚਾਰਜ ਦੀ ਵਰਤੋਂ ਦੇ ਸਿੱਧੇ ਹੀ ਫਾਇਰਿੰਗ ਖੋਹਲ ਦਿੱਤੀ। ਪੁਲਿਸ ਦੁਆਰਾ ਚਲਾਈ ਇਸ ਗੋਲੀ ਨਾਲ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਹਰਮਿੰਦਰ ਸਿੰਘ ਚਲੂਪੁਰ, ਭਾਈ ਬਲਧੀਰ ਸਿੰਘ ਫੌਜੀ ਰਾਮਗੜ੍ਹ ਅਤੇ ਭਾਈ ਝਲਮਣ ਸਿੰਘ ਰਾਜੋਵਾਲ ਗੋਰਸੀਆਂ ਸ਼ਹੀਦ ਹੋ ਗਏ। ਦੇਰ ਰਾਤ ਤੀਕ ਸ਼ਹੀਦ ਹੋਏ ਤਿੰਨ ਸਿੰਘਾਂ ਦੀ ਸ਼ਨਾਖਤ ਵੀ ਹੋ ਗਈ ਪ੍ਰੰਤੂ ਪੁਲਿਸ ਨੇ ਕਿਸੇ ਵੀ ਸ਼ਹੀਦ ਦੀ ਲਾਸ਼ ਪ੍ਰੀਵਾਰ ਨੂੰ ਸੌਪਣ ਦੀ ਬਜਾਏ ਅਣਪਛਾਤੇ ਕਰਾਰ ਦੇਕੇ ਖੁਦ ਹੀ ਸਸਕਾਰ ਕਰ ਦਿੱਤਾ। ਇਥੇ ਹੀ ਬੱਸ ਨਹੀ ਇਲਾਕਾ ਵਾਸੀ ਸੰਗਤਾਂ ਨੇ ਗੋਲੀ ਚਲਾਉਣ ਵਾਲੇ ਪੁਲਿਸ ਇੰਸਪੈਕਟਰ ਜਸਕੀਰਤ ਸਿੰਘ , ਜਿਸਨੇ ਆਪਣੇ ਸਰਵਿਸ ਰਿਵਾਲਵਰ ਨਾਲ ਭਾਈ ਹਰਮਿੰਦਰ ਸਿੰਘ ਨੂੰ ਨੇੜਿਉਂ ਗੋਲੀ ਮਾਰੀ , ਤਤਕਾਲੀਨ ਡੀ.ਐਸ.ਪੀ.ਨਕੋਦਰ ਦੇ ਗਨਮੈਨ ਜਸਬੀਰ ਸਿੰਘ ਜੱਸੀ, ਐਸ.ਪੀ. ਅਪਰੇਸ਼ਨ ਅਸ਼ਵਨੀ ਕੁਮਾਰ ਅਤੇ ਸੀ.ਆਰ.ਪੀ.ਐਫ ਦੇ ਉਸ ਐਸ.ਪੀ. ਦੀ ਪਹਿਚਾਣ ਵੀ ਕੀਤੀ ਜਿਸਨੇ ਇੱਕ ਸਾਨ੍ਹ ਨੂੰ ਗੋਲੀ ਮਾਰਨ ਤੋਂ ਗੁਰੇਜ ਨਹੀ ਕੀਤਾ । ਸਵਰਨ ਸਿੰਘ ਪੁਤਰ ਸੋਹਨ ਸਿੰਘ ਵਾਸੀ ਸ਼ੇਰਪੁਰ ਨੂੰ ਪੁਲਿਸ ਵਲੋਂ ਬੰਦੂਕ ਦੇ ਬੱਟਾਂ ਤੇ ਲਾਠੀਆਂ ਨਾਲ ਸਿਰਫ ਇਸ ਕਰਕੇ ਕੁੱਟਿਆ ਗਿਆ ਕਿਉਂਕਿ ਉਹ ਪੁਲਿਸ ਹੱਥੋਂ ਜਖਮੀ ਹੋਏ ਲੋਕਾਂ ਨੂੰ ਪਾਣੀ ਪਿਲਾ ਰਿਹਾ ਸੀ । ਉਸਨੂੰ 6 ਫਰਵਰੀ ਤੀਕ ਪੁਲਿਸ ਦੀ ਨਜਾਇਜ ਹਿਰਾਸਤ ਵਿੱਚ ਰੱਖਿਆ ਗਿਆ ਤੇ ਨਾ ਹੀ ਕੋਈ ਡਾਕਟਰੀ ਸਹਾਇਤਾ ਦਿੱਤੀ ਗਈ। ਦੱਸਿਆ ਗਿਆ ਹੈ ਕਿ ਘਟਨਾ ਦੇ ਕੋਈ ਦੋ ਕਿਲੋਮੀਟਰ ਦੇ ਘੇਰੇ ਅੰਦਰ ਪੁਲਿਸ ਤੇ ਸੁਰੱਖਿਆ ਦੱਸਤਿਆਂ ਨੇ ਦਹਿਸ਼ਤ ਬਣਾਈ ਰੱਖੀ ਤੇ ਨੇੜਲੇ ਪਿੰਡ ਸ਼ੇਰ ਪੁਰ ਆਦਿ ਤੋਂ ਵੀਹ ਦੇ ਕਰੀਬ ਸਿੱਖਾਂ ਨੂੰ ਚੁੱਕਕੇ ਤੰਗ ਪਰੇਸ਼ਾਨ ਵੀ ਕੀਤਾ । ਵਧਦੇ ਸੰਗਤੀ ਰੋਹ ਨੂੰ ਵੇਖਦਿਆਂ ਸੁਰਜੀਤ ਸਿੰਘ ਬਰਨਾਲਾ ਸਰਕਾਰ ਨੇ 5 ਫਰਵਰੀ 1986 ਨੂੰ ਰਿਟਾਇਰਡ ਜੱਜ ਗੁਰਨਾਮ ਸਿੰਘ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਗਨ ਭੇਂਟ ਸਰੂਪਾਂ ਸਬੰਧੀ , 4 ਸਿੱਖ ਨੌਜਵਾਨਾਂ ਦੇ ਪੁਲਿਸ ਦੀ ਗੋਲੀ ਨਾਲ ਕੀਤੇ ਕਤਲਾਂ ਅਤੇ ਇਨ੍ਹਾਂ ਚਾਰੇ ਸਿੱਖ ਨੌਜਵਾਨਾਂ ਦਾ ਸਰਕਾਰੀ ਹੁਕਮਾਂ ਦੇ ਵਿਰੁੱਧ ਜਾਕੇ ਆਪ ਅੰਤਿਮ ਸੰਸਕਾਰ ਕਰਨ ਸੰਬੰਧੀ ਅਦਾਲਤੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਰਿਟਾਇਰਡ ਜੱਜ ਗੁਰਨਾਮ ਸਿੰਘ ਨੇ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ 31 ਅਕਤੂਬਰ 1986 ਨੂੰ ਸਰਕਾਰ ਨੂੰ ਸੌਂਪ ਦਿੱਤੀ ਸੀ ਅਤੇ ਜੋ ਅੱਜ ਤੱਕ ਜਨਤਕ ਨਹੀਂ ਕੀਤੀ ਗਈ ।

ਨਕੋਦਰ ਗੋਲੀ ਕਾਂਡ ਦਾ ਸ਼ਿਕਾਰ ਹੋਏ ਚਾਰ ਸਿੱਖ ਨੌਜੁਆਨਾਂ ਦੇ ਵਾਰਸਾਂ ਨੂੰ ਜਦੋਂ 32 ਸਾਲ ਬੀਤ ਜਾਣ ਤੇ ਵੀ ਇਨਸਾਫ ਨਾ ਮਿਲਿਆ ਇਨ੍ਹਾਂ ਨੌਜੁਆਨਾਂ ‘ਚੋਂ ਇੱਕ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਸ. ਬਲਦੇਵ ਸਿੰਘ ਲਿੱਤਰਾਂ ਨੇ 19 ਜਨਵਰੀ 2018 ਨੂੰ ਸੂਚਨਾ ਦਾ ਅਧਿਕਾਰ ਤਹਿਤ ਜਾਣਕਾਰੀ ਮੰਗੀ ਸੀ ਕਿ 4 ਫਰਵਰੀ 1986 ਨੂੰ ਨਕੋਦਰ ਫ਼#39;ਚ ਹੋਏ ਗੋਲੀ ਕਾਂਡ ਵਿੱਚ ਹੋਈਆਂ ਮੌਤਾਂ ਅਤੇ 5 ਫਰਵਰੀ 1986 ਨੂੰ ਅਣਪਛਾਤੇ ਵਿਅਕਤੀਆਂ ਦੇ ਸਸਕਾਰ ਦੀ ਰਿਪੋਰਟ ਅਤੇ ਮਿ੍ਰਤਕਾਂ ਦੀ ਪਛਾਣ ਬਾਰੇ ਦੱਸਿਆ ਜਾਵੇ। ਸਬ ਡਿਵੀਜ਼ਨ ਨਕੋਦਰ ਦੇ ਡੀਐੱਸਪੀ ਵੱਲੋਂ 3 ਮਾਰਚ 2018 ਨੂੰ ਇਹ ਜਾਣਕਾਰੀ ਦਿੱਤੀ ਗਈ ਸੀ 4 ਫਰਵਰੀ 1986 ਨੂੰ ਕੋਈ ਵੀ ਗੋਲੀ ਕਾਂਡ ਨਹੀਂ ਸੀ ਵਾਪਰਿਆ ਤੇ ਨਾ ਹੀ ਕਿਸੇ ਦੀ ਗੋਲੀ ਲੱਗਣ ਕਰਕੇ ਮੌਤ ਹੋਈ ਹੈ। 5 ਫਰਵਰੀ 1986 ਨੂੰ ਕਿਸੇ ਵੀ ਲਾਵਾਰਿਸ ਜਾਂ ਅਣਪਛਾਤੇ ਵਿਅਕਤੀ ਦਾ ਸਸਕਾਰ ਨਹੀਂ ਕੀਤਾ ਗਿਆ। ਜਦੋਂਕਿ ਫਰਵਰੀ 1986 ਦੀਆਂ ਅਖਬਾਰਾਂ ਸੂਚਨਾ ਅਧਿਕਾਰ ਤਹਿਤ ਦਿੱਤੀ ਜਾ ਰਹੀ ਸਰਕਾਰੀ ਜਾਣਕਾਰੀ ਦਾ ਸ਼ਰੇਆਮ ਮੂੰਹ ਚਿੜਾ ਰਹੀਆਂ ਹਨ।

ਜਦੋਂ ਕਿ ਸਮੁੱਚੀ ਘਟਨਾ ਨੂੰ ਮੁੜ ਬਿਆਨਦਿਆਂ ਸ਼ਹੀਦ ਭਾਈ ਰਵਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਦਸਦੇ ਹਨ ਕਿ 2 ਫਰਵਰੀ 1986 ਨੂੰ ਨਕੋਦਰ ਦੇ ਗੁਰੂ ਨਾਨਕਪੁਰਾ ਮੁਹੱਲੇ ਵਿਚਲੇ ਸ੍ਰੀ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾੜੇ ਗਏ ਸਨ। ਇਸ ਦੇ ਰੋਸ ਵਜੋਂ 3 ਫਰਵਰੀ 1986 ਨੂੰ ਸ਼੍ਰੋਮਣੀ ਅਕਾਲੀ ਦਲ, ਨਕੋਦਰ ਕਚਹਿਰੀਆਂ ਦੇ ਵਕੀਲ, ਕਾਲਜਾਂ ਤੇ ਸਕੂਲਾਂ ਦੇ ਵਿਦਆਰਥੀ, ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਨੇ ਗੁਰਦੁਆਰਾ ਸਾਹਿਬ ਤੋਂ ਥਾਣੇ ਤੱਕ ਰੋਸ ਮਾਰਚ ਕੀਤਾ ਸੀ।

ਉਸ ਵੇਲੇ ਦੇ ਨਕੋਦਰ ਦੇ ਐੱਸਡੀਐੱਮ ਸੁਰਜੀਤ ਸਿੰਘ ਰਾਜਪੂਤ ਤੇ ਡੀਐੱਸਪੀ ਗੋਪਾਲ ਸਿੰਘ ਘੁੰਮਣ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤੇ ਇਹ ਗੱਲ ਕਹੀ ਸੀ ਕਿ ਇਹ ਕਿਸੇ ਦੀ ਸ਼ਰਾਰਤ ਹੈ। ਉਦੋਂ ਨਕੋਦਰ ਹਲਕੇ ਫ਼#39;ਚ ਸਰਗਰਮ ਸ਼ਿਵ ਸੈਨਾ ਦੇ ਆਗੂ ਵਿਰੁੱਧ ਕਾਰਵਾਈ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ। ਐੱਸਡੀਐੱਮ ਨਕੋਦਰ ਨੇ ਵੀ ਆਪਣੀ ਰਿਪੋਰਟ ਵਿੱਚ ਉਕਤ ਸ਼ਿਵ ਸੈਨਾ ਆਗੂ ਨੂੰ ਗਿ੍ਰਫਤਾਰ ਕਰਨ ਦੀ ਸਿਫਾਰਸ਼ ਕੀਤੀ ਹੈ। ਉਸ ਸਮੇਂ ਦੇ ਜਲੰਧਰ ਦੇ ਐੱਸਐੱਸਪੀ ਇਜ਼ਹਾਰ ਆਲਮ ਅਤੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਨੇ 2 ਫਰਵਰੀ 1986 ਦੀ ਸ਼ਾਮ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। 3 ਫਰਵਰੀ ਦੇ ਰੋਸ ਮਾਰਚ ਬਾਅਦ ਦੇਰ ਰਾਤ ਪੁਲੀਸ ਨੇ ਕਰਫਿਊ ਲਾ ਦਿੱਤਾ ਸੀ ਪਰ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਗੱਲ ਦੀ ਕੋਈ ਖ਼ਬਰ ਨਹੀਂ ਸੀ। ਉਨ੍ਹਾਂ ਦੱਸਿਆ ਕਿ 4 ਫਰਵਰੀ ਨੂੰ ਗੁਰੂ ਘਰ ਜਾ ਰਹੀ ਸੰਗਤ 'ਤੇ ਜਦੋਂ ਪੁਲੀਸ ਨੇ ਅੰਨ੍ਹੇਵਾਹ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਲੋਕ ਇਧਰ-ਉਧਰ ਦੌੜਨ ਲੱਗੇ। ਉਨ੍ਹਾਂ ਦੱਸਿਆ ਕਿ ਇਸ ਗੋਲੀ ਗਾਂਡ 'ਚ ਸਭ ਤੋਂ ਪਹਿਲਾਂ ਉਨ੍ਹਾਂ ਦਾ ਪੁੱਤਰ ਭਾਈ ਰਵਿੰਦਰ ਸਿੰਘ ਗੋਲੀ ਲੱਗਣ ਨਾਲ ਸ਼ਹੀਦ ਹੋਇਆ ਸੀ। ਭਾਈ ਬਲਧੀਰ ਸਿੰਘ ਤੇ ਝਲਮਣ ਸਿੰਘ ਨੇੜਲੇ ਖੇਤਾਂ ਵਿੱਚ ਕਿਸੇ ਡੇਰੇ 'ਤੇ ਲੁਕ ਗਏ ਸਨ ਤੇ ਪੁਲੀਸ ਨੇ ਉਥੇ ਹੀ ਘੇਰਾ ਪਾ ਕੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ। ਡੇਰੇ ਵਾਲਿਆਂ ਦੇ ਇਸ ਗੋਲੀ ਕਾਂਡ ਵਿਚ ਬਲਦ ਵੀ ਮਾਰੇ ਗਏ ਸਨ। ਭਾਈ ਹਰਮਿੰਦਰ ਸਿੰਘ, ਜਿਹੜਾ ਕਿ ਉਸ ਵੇਲੇ ਸਿੱਖ ਸਟੂਡੈਂਟਸ ਫੈਡਰੇਸ਼ਨ ਜਲੰਧਰ ਜ਼ਿਲੇ ਦਾ ਕਨਵੀਨਰ ਸੀ, ਉਹ ਕੰਧ ਟੱਪ ਕੇ ਆਰੇ 'ਤੇ ਲੁੱਕ ਗਏ ਸਨ, ਉਥੇ ਵੀ ਪੁਲੀਸ ਨੇ ਪਿੱਛਾ ਕਰਕੇ ਉਸ ਦੇ ਮੂੰਹ ਵਿੱਚ ਰਿਵਾਲਵਰ ਰੱਖ ਕੇ ਗੋਲੀ ਮਾਰੀ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਈ ਹਰਮਿੰਦਰ ਸਿੰਘ ਗੋਲੀ ਲੱਗਣ ਦੇ ਬਾਅਦ ਵੀ ਜਿਊਂਦਾ ਸੀ ਤੇ ਸਿਵਲ ਹਸਪਤਾਲ ਜਾ ਕੇ ਵੀ ਪੁਲੀਸ ਨੇ ਉਸ ਦਾ ਇਲਾਜ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਪੁਲੀਸ ਨੇ ਉਸ ਨੂੰ ਬਾਅਦ ਵਿੱਚ ਉਦੋਂ ਮਾਰਿਆ ਜਦੋਂ ਡਾਕਟਰਾਂ ਨੇ ਜਲੰਧਰ ਸਿਵਲ ਹਸਪਤਾਲ ਲਈ ਉਸ ਨੂੰ ਰੈਫਰ ਕੀਤਾ ਸੀ।

ਸਾਲ 2015 ਵਿੱਚ ਪੰਜਾਬ ਅੰਦਰ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦਰਦਨਾਕ ਵਰਤਾਰੇ ਦੀ ਜਾਂਚ ਲਈ ਦੋ ਦੋ ਜਾਂਚ ਕਮਿਸ਼ਨ ਬਣੇ । ਪਹਿਲੇ ਦਾ ਹਸ਼ਰ ਜਸਟਿਸ ਗੁਰਨਾਮ ਸਿੰਘ ਜਾਂਚ ਕਮਿਸ਼ਨ ਵਾਲਾ ਹੀ ਸੀ ਲੇਕਿਨ ਦੂਸਰੇ ਕਮਿਸ਼ਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ 28 ਅਗਸਤ 2018 ਨੂੰ ਵਿਧਾਨ ਸਭਾ ਵਿੱਚ ਰੱਖੀ ਗਈ ਤਾਂ ਵਿਸ਼ੇਸ਼ ਤੌਰ ਤੇ ਵਿਧਾਨ ਸਭਾ ਦੇ ਇਸ ਸ਼ੇਸ਼ਨ ਦਾ ਟੀਵੀ ਚੈਨਲਾਂ ਤੇ ਸਿੱਧਾ ਪ੍ਰਸਾਰਣ ਵਿਖਾਇਆ ਗਿਆ।ਉਸ ਵੇਲੇ ਵੀ ਬਲਦੇਵ ਸਿੰਘ ਲਿੱਤਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਇੱਕ ਪੱਤਰ ਵਿੱਚ ਕੀਤੀ ਮੰਗ ਦੇ ਆਧਾਰ ਤੇ ਪੰਜਾਬ ਵਿਧਾਨ ਸਭਾ ਦੇ 24 ਅਗਸਤ ਵਾਲੇ ਵਿਸ਼ੇਸ਼ ਸੈਸ਼ਨ ਵਿੱਚ ਮਤਾ ਵੀ ਪਾਇਆ ਗਿਆ ਕਿ ਸਾਕਾ ਨਕੋਦਰ ਕਤਲ ਕਾਡ ਦੇ ਮਾਮਲੇ ਵਿੱਚ ਉਸ ਵੇਲੇ ਦੀ ਅਕਾਲੀ ਸਰਕਾਰ ਵਲੋਂ ਬਣਾਏ ਗਏ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕੀਤੀ ਜਾਵੇਗੀ । ਉਧਰ ਵਿਧਾਨ ਸਭਾ ਹਲਕਾ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਤੇ ਆਪ ਦੇ ਵਿਧਾਇਕਾਂ ਹਰਵਿੰਦਰ ਸਿੰਘ ਫੂਲਕਾ ਤੇ ਕੰਵਰ ਸੰਧੂ ਨੇ ਬਲਦੇਵ ਸਿੰਘ ਲਿੱਤਰਾਂ ਦੀ ਇਸ ਮੰਗ ਪ੍ਰਤੀ ਪੀੜਤ ਪ੍ਰੀਵਾਰਾਂ ਦਾ ਦਰਦ ਸਦਨ ਦੇ ਸਾਹਮਣੇ ਰਖਦਿਆਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ। ਉਸ ਉਪਰੰਤ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ:ਧਰਮਵੀਰ ਗਾਂਧੀ ਹੁਰਾਂ ਨੇ ਇਹ ਮਾਮਲਾ ਗ੍ਰਿਹ ਮੰਤਰੀ ਰਾਜ ਨਾਥ ਪਾਸ ਉਠਾਇਆ। ਲੇਕਿਨ ਇਨਸਾਫ ਅਜੇ ਤੀਕ ਦਰਕਾਰ ਨਹੀ ਹੋਇਆ।

ਇਨ੍ਹਾਂ ਨੌਜੁਆਨਾਂ ਦੀ ਸ਼ਹਾਦਤ ਦੀ 35ਵਰ੍ਹੇ ਗੰਢ ਮਨਾਉਂਦਿਆਂ ਸ਼ਾਇਦ ਅਸੀਂ ਉਨ੍ਹਾਂ ਦੇ ਵਾਰਿਸਾਂ ਨੂੰ ਕੋਈ ਧਰਵਾਸ ਨਹੀ ਦੇ ਸਕਾਂਗੇ। ਕੁਝ ਐਸਾ ਸਿਆਸਤ ਪ੍ਰੇਰਤ ਵਰਤਾਰਾ ਨਵੰਬਰ 1984 ਦੇ ਦਿੱਲੀ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਵਾਅਦਿਆਂ ਨਾਲ ਹਰ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਮੌਕੇ ਸਾਡੇ ਸਾਹਮਣੇ ਆਉਂਦਾ ਹੈ ਜਦੋਂ ਤਸੱਲੀਆ ਤੇ ਧਰਵਾਸਾਂ ਦੇ ਉਚੇ ਬੋਲ ਸੁਨਣ ਨੂੰ ਮਿਲਦੇ ਹਨ। ਤੇ ਹੁਣ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਅਸੀਂ ਐਸੇ ਸਿਆਸੀ ਲਾਰਿਆਂ ਦੇ ਆਦੀ ਹੋ ਗਏ ਹਾਂ। ਸਿੱਖਾਂ ਨੂੰ ਅਜੇ ਤੀਕ ਸ਼ਹੀਦ ਦਰਸ਼ਨ ਸਿੰਘ ਲੁਹਾਰਾ ,ਭਾਈ ਕੰਵਲਜੀਤ ਸਿੰਘ ,ਭਾਈ ਜਸਪਾਲ ਸਿੰਘ ਸਿਧਵਾਂ ਚੌੜ ,ਭਾਈ ਗੁਰਜੀਤ ਸਿੰਘ ਸਰਾਵਾ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੀ ਸ਼ਹਾਦਤ ਦਾ ਇਨਸਾਫ ਨਹੀ ਲੈ ਸਕੇ।

ਤਰਾਸਦੀ ਹੀ ਕਹੀ ਜਾਵੇਗੀ ਜਾਂ ਸਾਡੀਆਂ ਸਿੱਖ ਸੰਸਥਾਵਾਂ ਦੇ ਸਿਆਸੀਕਰਨ ਦਾ ਨਤੀਜਾ ਕਿ ਅਸੀਂ ,ਸਿੱਖ ਸਿਧਾਤਾਂ ਤੇ ਪਹਿਰਾ ਦੇਣ ਵਾਲੇ ਸਿੱਖਾਂ ਦੀ ਸਮੇਂ ਦੇ ਹਾਕਮਾਂ ਹੱਥੋਂ ਹੋਏ ਕਤਲੇਆਮ ਦਾ ਇਨਸਾਫ ਨਹੀ ਲੈ ਸਕੇ ।ਔਰ ਇਹ ਵਰਤਾਰਾ ਪਿਛਲੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ ਵਿਸ਼ੇਸ਼ ਕਰਕੇ ਸਾਡੇ ਸਾਹਮਣੇ ਹੈ ।ਇਹ ਉਹ ਦੌਰ ਹੈ ਜਦੋਂ ਸਿੱਖ ਸਿਆਸਤ ਪੀ੍ਰਵਾਰਾਂ ਤੇ ਨਿਜਵਾਦ ਦੀ ਭੇਟ ਚੜ੍ਹੀ ਹੈ ਔਰ ਸਿੱਖ ਸਿਧਾਤਾਂ ਦੇ ਘਾਣ ਵਿੱਚ ਮੋਹਰੀ ਰਹੀ ਹੈ ।ਇਹ ਜਰੂਰ ਹੈ ਕਿ ਜਦੋਂ ਵੀ ਕਿਧਰੇ ਸਿੱਖ ਕਹਾਉਣ ਵਾਲੇ ਸਿਆਸਤਦਾਨਾਂ ਨੂੰ ਵੋਟਾਂ ਦੀ ਯਾਦ ਆਉਂਦੀ ਹੈ ਤਾਂ ਉਹ ਬੜੈ ਸ਼ਾਨੋ ਸ਼ੌਕਤ ਨਾਲ ਸਦੀਆਂ ਪਹਿਲਾਂ ਸਿੱਖ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਸ਼ਹਾਦਤਾਂ ਪਾਣ ਵਾਲਿਆਂ ਦੀ ਯਾਦ ਵਿੱਚ ਸ਼ਤਾਬਦੀ ਸਮਾਗਮ ਮਨਾਉੰਦੇ ਹਨ ਤੇ ਫਿਰ ਉਹ ਵੀ ਪੂਰੀ ਧੁਮਧਾਮ ਤੇ ਪ੍ਰਚਾਰ ਸਾਹਿਤ।ਸ਼੍ਰੋਮਣੀ ਕਮੇਟੀ ਵਲੋਂ ਕੁਝ ਦਿਨ ਪਹਿਲਾਂ ਹੀ ਗੁਰਦੁਆਰਾ ਤਰਨਤਾਰਨ ਸਾਹਿਬ ਦਾ ਪ੍ਰਬੰਧ ਮਹੰਤਾਂ ਪਾਸੋਂ ਲੈਣ ਲਈ ਸ਼ਹੀਦੀਆਂ ਪਾਣ ਵਾਲੇ ਭਾਈ ਹਾਕਮ ਸਿੰਘ ਸਿੰਘ ਤੇ ਭਾਈ ਹਜਾਰਾ ਸਿੰਘ ਤੇ ਭਾਈ ਹੁਕਮ ਸਿੰਘ ਦੀ ਬਰਸੀ ਮਨਾਈ ।ਤਰਨਤਾਰਨ ਜਿਲ੍ਹੇ ਦੇ ਪਿੰਡ ਅਲਾਦੀਨਪੁਰ ਪੁਰ ਵਿਖੇ ਗੁਰਮਤਿ ਸਮਾਗਮ ਕਰਵਾਕੇ ਕਮੇਟੀ ਨੇ ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਦੋ ਸ਼ਹੀਦ ਸਿੰਘਾਂ ਨੂੰ ਯਾਦ ਕੀਤਾ ,ਕੇਂਦਰੀ ਸਿਖ ਅਜਾਿੲਬ ਘਰ ਵਿੱਚ ਤਸਵੀਰਾਂ ਸ਼ਸ਼ੋਭਿਤ ਕੀਤੀਆਂ ।

ਇਸਤੋਂ ਵੱਡੀ ਤਰਾਸਦੀ ਜਾਂ ਸ਼ਰਮਨਾਕ ਘਟਨਾ ਕੀ ਹੋ ਸਕਦੀ ਹੈ ਕਿ ਜਿਸ ਗੁਰਦੁਆਰਾ ਸੁਧਾਰ ਲਹਿਰ ਸਦਕਾ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਉਸਦੇ ਪਹਿਲੇ ਦੋ ਸ਼ਹੀਦ ਸਿੰਘਾਂ ਦੀ ਯਾਦ 100 ਸਾਲ ਬਾਅਦ ਹੀ ਆਈ । ਪਿਛਲੇ 35 ਸਾਲਾਂ ਤੋਂ ਜਦੋਂ ਸਾਕਾ ਨਕੋਦਰ ਦੇ ਸ਼ਹੀਦਾਂ ਦੇ ਪੀੜਤ ਪ੍ਰੀਵਾਰਾਂ ਨੂੰ ਇਨਸਾਫ ਦਿਵਾਉਣ ਲਈ ਜਦੋਂ ਸ਼੍ਰੋਮਣੀ ਕਮੇਟੀ ਤੇ ਸਿੱਖਾਂ ਦੀ ਸਰਵਉਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਸਾਥ ਨਹੀ ਦਿੱਤਾ । ਤਾਂ ਇਨ੍ਹਾਂ ਪ੍ਰੀਵਾਰਾਂ ਨੂੰ ਇਨਸਾਫ ਲਈ ਦੁਨਿਆਵੀ ਅਦਾਲਤਾਂ ਦੇ ਭਰੋਸੇ ਵੀ ਕਿਵੇਂ ਛੱਡ ਦਿੱਤਾ ਜਾਵੇ :

ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ।
ਆਖੋ ਇਨ੍ਹਾਂ ਨੂੰ ਉਜੜੇ ਘਰੀਂ ਮੁੜ ਜਾਣ ਹੁਣ
ਇਹ ਕਦੋਂ ਤੀਕ ਇਥੇ ਖੜੇ ਰਹਿਣਗੇ ।