ਅਗਲੇ ਤਿੰਨ ਦਿਨਾਂ ਲਈ ਪੰਜਾਬ ਰੋਡਵੇਜ਼ ਦਾ ਚੱਕਾ ਜਾਮ; ਮੁਲਾਜ਼ਮ ਹੜਤਾਲ 'ਤੇ

ਅਗਲੇ ਤਿੰਨ ਦਿਨਾਂ ਲਈ ਪੰਜਾਬ ਰੋਡਵੇਜ਼ ਦਾ ਚੱਕਾ ਜਾਮ; ਮੁਲਾਜ਼ਮ ਹੜਤਾਲ 'ਤੇ

ਚੰਡੀਗੜ੍ਹ: ਪੰਜਾਬ ਰੋਡਵੇਜ਼ ਠੇਕਾ ਮੁਲਾਜ਼ਮ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਤੋਂ ਮੁਲਾਜ਼ਮਾਂ ਨੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਹੈ। ਯੂਨੀਅਨ ਨੇ ਆਪਣੀਆਂ ਮੰਗਾਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਹੈ। ਇਸ ਕਰਕੇ ਯੂਨੀਅਨ ਦੋ ਤੋਂ ਚਾਰ ਜੁਲਾਈ ਤਕ ਬੱਸਾਂ ਨੂੰ ਨਹੀਂ ਚੱਲਣ ਦੇਵੇਗੀ। ਯੂਨੀਅਨ ਲੀਡਰਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ।

ਮੁਲਾਜ਼ਮਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਠੇਕੇ ਤੋਂ ਪੱਕੇ ਕੀਤਾ ਜਾਵੇ ਅਤੇ ਤਨਖਾਹ ਵਧਾਈ ਜਾਵੇ।

ਇਸ ਹੜਤਾਲ ‘ਚ ਕੁਝ ਜ਼ਿਲ੍ਹੇ ਕਾਫੀ ਪ੍ਰਭਾਵਿਤ ਹੋ ਰਹੇ ਹਨ। ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ ਤੇ ਮੋਗਾ ਵਿੱਚ ਲੋਕਾਂ ਨੂੰ ਬੇਹੱਦ ਦਿੱਕਤਾਂ ਆ ਰਹੀਆਂ ਹਨ। ਆਪਣੀਆਂ ਮੰਗਾਂ ਮਨਾਉਣ ਲਈ ਰੋਡਵੇਜ਼ ਦੇ ਕਰੀਬ 3000 ਮੁਲਾਜ਼ਮ ਹੜਤਾਲ ‘ਤੇ ਹਨ ਜਦਕਿ ਇਸ ਨਾਲ ਘੱਟੋ ਘੱਟ 15000 ਲੋਕ ਪ੍ਰਭਾਵਿਤ ਹੋਣਗੇ।

ਰੋਡਵੇਜ਼ ਬੱਸਾਂ ਦਾ ਰੋਡ ‘ਤੇ ਨਾ ਉਤਰਨ ਦਾ ਫਾਇਦਾ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਹੋਵੇਗਾ ਤੇ ਵਿਭਾਗ ਨੂੰ ਇਸ ਨਾਲ ਲੱਖਾਂ ਦਾ ਨੁਕਸਾਨ ਹੋਵੇਗਾ।