ਅਟਾਰੀ ਸਰਹੱਦ: ਨਸ਼ੇ ਦੀ ਬਰਾਮਦਗੀ ਵਾਲੇ ਟਰੱਕ ਦੇ ਕਸਟਮ ਵਿਭਾਗ ਨਾਲ ਜੁੜੇ ਤਾਰ

ਅਟਾਰੀ ਸਰਹੱਦ: ਨਸ਼ੇ ਦੀ ਬਰਾਮਦਗੀ ਵਾਲੇ ਟਰੱਕ ਦੇ ਕਸਟਮ ਵਿਭਾਗ ਨਾਲ ਜੁੜੇ ਤਾਰ

ਅੰਮ੍ਰਿਤਸਰ: ਬੀਤੇ ਦਿਨੀਂ ਅਟਾਰੀ ਸਰਹੱਦ 'ਤੇ ਪਾਕਿਸਤਾਨ ਤੋਂ ਆਏ ਲੂਣ ਦੇ ਟਰੱਕ ਵਿੱਚੋਂ ਬਰਾਮਦ ਹੋਏ ਵੱਡੀ ਮਾਤਰਾ 'ਚ ਨਸ਼ੇ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਸਾਹਮਣੇ ਆਈ ਜਾਣਕਾਰੀ ਮੁਤਾਬਿਕ ਇਸ ਟਰੱਕ ਨੂੰ ਮੰਗਵਾਉਣ ਵਾਲੇ ਅੰਮ੍ਰਿਤਸਰ ਦੇ ਵਪਾਰੀ ਦਾ ਪਿਤਾ ਕਸਟਮ ਵਿਭਾਗ ਵਿੱਚ ਹੌਲਦਾਰ ਸੀ। ਇਸ ਬਰਾਮਦਗੀ ਵਿੱਚ 532 ਕਿੱਲੋਂ ਹੈਰੋਈਨ ਅਤੇ 52 ਕਿੱਲੋਂ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ। 

ਅੰਮ੍ਰਿਤਸਰ ਦੇ ਵਪਾਰੀ ਗੁਰਪਿੰਦਰ ਸਿੰਘ ੳਰਫ ਮਿੰਕਲ ਵੱਲੋਂ ਇਹ ਮਾਲ ਪਾਕਿਸਤਾਨ ਤੋਂ ਮੰਗਵਾਇਆ ਗਿਆ ਸੀ। ਹਲਾਂਕਿ ਗੁਰਪਿੰਦਰ ਨੇ ਦਾਅਵਾ ਕੀਤਾ ਹੈ ਕਿ ਮਾਲ ਵਿੱਚ ਆਏ ਨਸ਼ੇ ਬਾਰੇ ਉਸਨੂੰ ਕੋਈ ਜਾਣਕਾਰੀ ਨਹੀਂ ਸੀ। ਸਾਹਮਣੇ ਆਈ ਜਾਣਕਾਰੀ ਮੁਤਾਬਿਕ ਗੁਰਪਿੰਦਰ ਨੇ ਇਹ ਮਾਲ ਲਾਹੌਰ ਦੀ ਗਲੋਬਲ ਵਿਜ਼ਨ ਇੰਪੈਕਟ ਕੰਪਨੀ ਰਾਹੀਂ ਮੰਗਵਾਇਆ ਸੀ। 

ਪੁਲਿਸ ਨੇ ਬੀਤੀ ਸ਼ਾਮ ਗੁਰਪਿੰਦਰ ਅਤੇ ਬਾਰਾਮੁੱਲਾ ਦੇ ਇੱਕ ਸਖਸ਼ ਤਾਰਿਕ ਅਹਿਮਦ ਲੋਨ ਨੂੰ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ, ਜਿੱਥੋਂ ਦੋਵਾਂ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।

ਗੁਰਪਿੰਦਰ ਇਸ ਤੋਂ ਪਹਿਲਾਂ ਸਬਜ਼ੀ ਦਾ ਕੰਮ ਕਰਦਾ ਸੀ। ਉਸਦੇ ਪਿਤਾ ਜਗਜੀਤ ਸਿੰਘ ਅੰਮ੍ਰਿਤਸਰ ਕਸਟਮ ਵਿਭਾਗ ਵਿੱਚੋਂ ਹੌਲਦਾਰ ਦੇ ਅਹੁਦੇ ਤੋਂ ਰਿਟਾਇਰ ਹੋਏ ਸੀ, ਜਿਹਨਾਂ ਦੀ ਚਾਰ ਸਾਲ ਪਹਿਲਾਂ ਮੌਤ ਹੋ ਗਈ ਸੀ। ਪੁਲਿਸ ਇਸ ਪੱਖ ਤੋਂ ਵੀ ਜਾਂਚ ਕਰ ਰਹੀ ਹੈ ਕਿ ਗੁਰਪਿੰਦਰ ਨੇ ਆਪਣੇ ਪਿਤਾ ਦੇ ਸੰਪਰਕਾਂ ਨੂੰ ਵਰਤਦਿਆਂ ਕਸਟਮ ਵਿਭਾਗ ਤੋਂ ਕਲੀਐਰੈਂਸ ਹਾਸਿਲ ਕੀਤੀ ਹੋ ਸਕਦੀ ਹੈ। 

ਗੁਰਪਿੰਦਰ ਦੀ ਕੰਪਨੀ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਿਕ ਗੁਰਪਿੰਦਰ ਨੇ ਦਸੰਬਰ 2018 ਵਿੱਚ 'ਐੱਮ/ਐੱਸ ਕਨਿਸ਼ਕਾ ਇੰਟਰਪ੍ਰਾਈਜ਼' ਕੰਪਨੀ ਦੇ ਨਾਂ 'ਤੇ ਲਾਇਸੈਂਸ ਲਿਆ ਸੀ ਜਿਸ ਵਿੱਚ ਉਸਦਾ ਭਰਾ ਪਰਮਿੰਦਰ ਸਿੰਘ ਵੀ ਹਿੱਸੇਦਾਰ ਹੈ।

ਇਸ ਤੋਂ ਬਾਅਦ ਅੰਮ੍ਰਿਤਸਰ ਤੋਂ ਹੀ ਇੱਕ ਅਜੈਂਟ ਕੀਮਤੀ ਲਾਲ ਸ਼ਰਮਾ ਨੂੰ ਨੌਕਰੀ 'ਤੇ ਰੱਖਿਆ ਜੋ ਸਮਾਨ ਦੀ ਕਲੀਅਰੈਂਸ ਦਾ ਕੰਮ ਦੇਖਦਾ ਸੀ। ਪੁਲਿਸ ਦੋਵਾਂ ਭਰਾਵਾਂ ਦੇ ਖਾਤਿਆਂ ਦੀ ਵੀ ਪੜਤਾਲ ਕਰ ਰਹੀ ਹੈ।

ਇਹਨਾਂ ਦੀ ਕੰਪਨੀ ਦਾ ਪਤਾ ਹੁਸੈਨਪੁਰਾ ਦਾ ਹੈ ਪਰ ਅਖਬਾਰੀ ਖਬਰਾਂ ਮੁਤਾਬਿਕ ਉਸ ਥਾਂ 'ਤੇ ਕੰਪਨੀ ਦਾ ਕੋਈ ਵੀ ਬੋਰਡ ਨਹੀਂ ਲੱਗਿਆ ਹੋਇਆ। ਸਿਰਫ ਇੱਕ ਬੋਰਡ ਹਿੰਦੀ ਵਿੱਚ ਲੱਗਿਆ ਹੈ ਜਿਸ 'ਤੇ ਲਿਖਿਆ ਹੈ 'ਅਧਿਆਤਮਿਕ ਸ਼ਿਕਸ਼ਾ ਕਾ ਪਰਸ਼ਿਕਸ਼ਨ ਕੇਂਦਰ'. ਇਸ ਬਰਾਮਦਗੀ ਤੋਂ ਬਾਅਦ ਗੁਰਪਿੰਦਰ ਦਾ ਪਰਿਵਾਰ ਕਿਸੇ ਅਣਦੱਸੀ ਥਾਂ 'ਤੇ ਚਲਾ ਗਿਆ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ