ਬੀਬੀ ਖਾਲੜਾ ਦਾ ਸਮਰਥਨ ਕਰਨ ਦੀ ਥਾਂ ਚੋਣ ਨਾ ਲੜ੍ਹਨ ਦੀਆਂ ਸਲਾਹਾਂ ਦੇਣ ਲੱਗੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ

ਬੀਬੀ ਖਾਲੜਾ ਦਾ ਸਮਰਥਨ ਕਰਨ ਦੀ ਥਾਂ ਚੋਣ ਨਾ ਲੜ੍ਹਨ ਦੀਆਂ ਸਲਾਹਾਂ ਦੇਣ ਲੱਗੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ

ਅੰਮ੍ਰਿਤਸਰ: ਬਾਦਲਾਂ ਤੋਂ ਵੱਖ ਹੋਏ ਮਾਝੇ ਦੇ ਆਗੂਆਂ ਨੇ ਸਿਆਸੀ ਗਠਜੋੜ ਦੀਆਂ ਸਾਰੀਆਂ ਕਿਆਸਅਰਾਈਆਂ 'ਤੇ ਰੋਕ ਲਾਉਂਦਿਆਂ ਐਲਾਨ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਖਡੂਰ ਸਾਹਿਬ, ਆਨੰਦਪੁਰ ਸਾਹਿਬ ਅਤੇ ਸੰਗਰੂਰ ਲੋਕ ਸਭਾ ਹਲਕਿਆਂ ਤੋਂ ਇਕੱਲੇ ਹੀ ਚੋਣ ਲੜੇਗੀ। ਜ਼ਿਕਰਯੋਗ ਹੈ ਕਿ ਕਈ ਸੁਹਿਰਦ ਬੰਦਿਆਂ ਵੱਲੋਂ ਬੀਤੇ ਕੁਝ ਦਿਨਾਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਖਡੂਰ ਸਾਹਿਬ ਲੋਕ ਸਭਾ ਸੀਟ 'ਤੇ ਚੋਣ ਲੜ ਰਹੇ ਪੰਜਾਬ ਦੇ ਝੂਠੇ ਮੁਕਾਬਲਿਆਂ ਦਾ ਸੱਚ ਦੁਨੀਆ ਸਾਹਮਣੇ ਰੱਖਣ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਸਾਥਣ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਇਹ ਆਗੂ ਸਮਰਥਨ ਦੇ ਕੇ ਆਪਣਾ ਉਮੀਦਵਾਰ ਨਾ ਉਤਾਰਨ। ਪਰ ਪਾਰਟੀ ਆਗੂਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਖਡੂਰ ਸਾਹਿਬ ਸੰਸਦੀ ਹਲਕੇ ਤੋਂ ਉਹਨਾਂ ਦੀ ਪਾਰਟੀ ਵੱਲੋਂ ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਜੇ.ਜੇ. ਸਿੰਘ ਹੀ ਚੋਣ ਲੜਨਗੇ। ਬੀਬੀ ਖਾਲੜਾ ਨੂੰ ਸਮਰਥਨ ਦੇਣ ਦੀ ਬਜਾਏ ਉਨ੍ਹਾਂ ਸੁਝਾਅ ਦਿੱਤਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਚੋਣ ਨਹੀਂ ਲੜਨੀ ਚਾਹੀਦੀ ਅਤੇ ਸਿੱਧਾ ਰਾਜ ਸਭਾ ਭੇਜਣਾ ਚਾਹੀਦਾ ਹੈ।

ਪੱਤਰਕਾਰ ਮਿਲਣੀ ਦੌਰਾਨ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਗੱਲ ਕਰਦਿਆਂ ‘ਆਪ’ ਆਗੂ ਐਡਵੋਕੇਟ ਐੱਚਐੱਸ ਫੂਲਕਾ ਵਲੋਂ ਕੀਤੀ ਗਈ ਪੇਸ਼ਕਸ਼ ਕਿ ਉਹ ਨਵੇਂ ਸਿਰੇ ਤੋਂ ਸਾਰੀਆਂ ਪਾਰਟੀਆਂ ਨੂੰ ਇਕੱਠਾ ਕਰਨ ਲਈ ਯਤਨ ਕਰ ਰਹੇ ਹਨ, ਦਾ ਸਵਾਗਤ ਕੀਤਾ। ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਪਾਰਟੀ ਖਡੂਰ ਸਭਾ ਸੰਸਦੀ ਹਲਕੇ ਤੋਂ ਆਪਣੇ ਉਮੀਦਵਾਰ ਜੇ.ਜੇ. ਸਿੰਘ ਨੂੰ ਵਾਪਸ ਨਹੀਂ ਲਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਫੂਲਕਾ ਦੇ ਵਿਚਾਰ ਇਕਪਾਸੜ ਹਨ। ਉਨ੍ਹਾਂ ਨੇ ਜੇ.ਜੇ. ਸਿੰਘ ਦੇ ਨਾਂ ਦਾ ਐਲਾਨ 13 ਫਰਵਰੀ ਨੂੰ ਕਰ ਦਿੱਤਾ ਸੀ ਜਦੋਂਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਮੀਦਵਾਰ ਬਣਾਉਣ ਦਾ ਐਲਾਨ ਮਹੀਨੇ ਬਾਅਦ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਪੰਜਾਬ ਡੈਮੋਕਰੈਟਿਕ ਅਲਾਇੰਸ ਦੀਆਂ ਹੋਈਆਂ ਅੱਠ-ਦਸ ਮੀਟਿੰਗਾਂ ਵਿਚ ਕਦੇ ਵੀ ਬੀਬੀ ਖਾਲੜਾ ਦੇ ਨਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਜੇਕਰ ਪਹਿਲਾਂ ਉਨ੍ਹਾਂ ਦੇ ਨਾਂ ਦਾ ਜ਼ਿਕਰ ਕੀਤਾ ਹੁੰਦਾ ਤਾਂ ਅੱਜ ਸਥਿਤੀ ਹੋਰ ਹੁੰਦੀ। ਉਨ੍ਹਾਂ ਕਿਹਾ ਕਿ ਉਹ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਬੀਬੀ ਖਾਲੜਾ ਨੂੰ 'ਸਿਆਸੀ ਚਿੱਕੜ' ਵਿਚ ਨਹੀਂ ਆਉਣਾ ਚਾਹੀਦਾ ਅਤੇ ਚੋਣ ਨਹੀਂ ਲੜਨੀ ਚਾਹੀਦੀ ਸਗੋਂ ਉਨ੍ਹਾਂ ਨੂੰ ਸਮੂਹ ਪਾਰਟੀਆਂ ਦੀ ਰਜ਼ਾਮੰਦੀ ਨਾਲ ਰਾਜ ਸਭਾ ਲਈ ਮੈਂਬਰ ਚੁਣ ਲੈਣ ਚਾਹੀਦਾ ਹੈ।

ਟਕਸਾਲੀ ਆਗੂ ਨੇ ਇਕ ਸਵਾਲ ਦੇ ਜਵਾਬ ਵਿਚ ਆਮ ਆਦਮੀ ਪਾਰਟੀ ਸਮੇਤ ਸੁਖਪਾਲ ਸਿੰਘ ਖਹਿਰਾ ਤੇ ਹੋਰਨਾਂ ਨਾਲ ਸਮਝੌਤੇ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤਿੰਨ ਸੰਸਦੀ ਹਲਕਿਆਂ ਖਡੂਰ ਸਾਹਿਬ, ਆਨੰਦਪੁਰ ਸਾਹਿਬ ਅਤੇ ਸੰਗਰੂਰ ਤੋਂ ਆਪਣੇ ਬਲਬੂਤੇ ’ਤੇ ਚੋਣ ਲੜੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਖ਼ਿਲਾਫ਼ ਚੰਗੇ ਉਮੀਦਵਾਰ ਨੂੰ ਸਮਰਥਨ ਦੇਣਗੇ। ਬਰਗਾੜੀ ਤੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ‘ਸਿਟ’ (ਵਿਸ਼ੇਸ਼ ਜਾਂਚ ਟੀਮ) ਬਾਰੇ ਉਨ੍ਹਾਂ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਇਨਸਾਫ ਪਸੰਦ ਅਫਸਰ ਹਨ ਅਤੇ ਉਹ ਵਧੀਆ ਢੰਗ ਨਾਲ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਤਰਨ ਤਾਰਨ ਸਥਿਤ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਨੂੰ ਢਾਹੁਣ ਦੇ ਯਤਨ ਨੂੰ ਮੰਦਭਾਗਾ ਆਖਿਆ ਅਤੇ ਇਸ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ।

ਇਸ ਦੌਰਾਨ ਹਾਜ਼ਰ ਸੇਵਾ ਸਿੰਘ ਸੇਖਵਾਂ ਨੇ ਸੋਸ਼ਲ ਮੀਡੀਆ ’ਤੇ ਚੱਲ ਰਹੀ ਚਰਚਾ ਨੂੰ ਰੱਦ ਕਰਦਿਆਂ ਆਖਿਆ ਕਿ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਉਨ੍ਹਾਂ ਦੇ ਕੋਈ ਮਤਭੇਦ ਨਹੀਂ ਹਨ। ਉਨ੍ਹਾਂ ਵੱਲੋਂ ਕੀਤੇ ਗਏ ਫ਼ੈਸਲੇ ਪਾਰਟੀ ਦੇ ਫ਼ੈਸਲੇ ਹਨ ਅਤੇ ਉਹ ਫ਼ੈਸਲਿਆਂ ਨਾਲ ਸਹਿਮਤ ਹਨ। ਇਸ ਦੌਰਾਨ ਸਾਬਕਾ ਫੌਜ ਮੁਖੀ ਅਤੇ ਖਡੂਰ ਸਾਹਿਬ ਸੰਸਦੀ ਹਲਕੇ ਤੋਂ ਉਮੀਦਵਾਰ ਜੇ.ਜੇ. ਸਿੰਘ ਨੇ ਆਖਿਆ ਕਿ ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਐਲਾਨਿਆ ਹੈ ਅਤੇ ਉਨ੍ਹਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ‘ਆਪ’ ਆਗੂਆਂ ਵਲੋਂ ਕੀਤੀ ਗਈ ਬਿਆਨਬਾਜ਼ੀ ਨੂੰ ਉਨ੍ਹਾਂ ਗਲਤ ਦੱਸਿਆ। ਇਸ ਮੌਕੇ ਡਾ. ਰਤਨ ਸਿੰਘ ਅਜਨਾਲਾ, ਅਮਰਪਾਲ ਸਿੰਘ ਬੋਨੀ, ਰਜਿੰਦਰ ਸਿੰਘ ਬ੍ਰਹਮਪੁਰਾ, ਡਾ. ਹਰਭਜਨ ਸਿੰਘ, ਦਮਨਜੀਤ ਸਿੰਘ ਤੇ ਹੋਰ ਹਾਜ਼ਰ ਸਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ