ਪੰਜਾਬ ਸਰਕਾਰ ਨੂੰ ਬਰਖਾਸਤ ਕਰਾਉਣ ਲਈ ਰਾਜਪਾਲ ਦੇ ਦਰਾਂ 'ਤੇ ਬੈਠਾਂਗੇ: ਸੁਖਬੀਰ ਬਾਦਲ

ਪੰਜਾਬ ਸਰਕਾਰ ਨੂੰ ਬਰਖਾਸਤ ਕਰਾਉਣ ਲਈ ਰਾਜਪਾਲ ਦੇ ਦਰਾਂ 'ਤੇ ਬੈਠਾਂਗੇ: ਸੁਖਬੀਰ ਬਾਦਲ

ਅੰਮ੍ਰਿਤਸਰ ਟਾਈਮਜ਼ ਬਿਊਰੋ
ਸ਼੍ਰੋਮਣੀ ਅਕਾਲੀ ਦਲ ਨੇ ਸ਼ਰਾਬ ਤ੍ਰਾਸਦੀ ਦੇ ਮਾਮਲੇ ’ਚ ਕੈਪਟਨ ਸਰਕਾਰ ਦੀ ਬਰਖ਼ਾਸਤਗੀ ਮੰਗੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਹੈ ਕਿ ਭਲਕੇ ਪਾਰਟੀ ਦਾ ਵਫ਼ਦ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਮਿਲ ਕੇ ਪੰਜਾਬ ਸਰਕਾਰ ਦੀ ਬਰਖ਼ਾਸਤਗੀ ਦੀ ਮੰਗ ਕਰੇਗਾ।

ਕੋਰ ਕਮੇਟੀ ਨੇ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਲਿਆਣ ਵਿਚਲੇ ਗੁਰਦੁਆਰਾ ਅਰਦਾਸਪੁਰ ਸਾਹਿਬ ਤੋਂ ਦੋ ਹਫ਼ਤੇ ਪਹਿਲਾਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪ ਨੂੰ ਲੱਭਣ ਵਿੱਚ ਦਿਖਾਈ ਜਾ ਰਹੀ ਕਥਿਤ ਢਿੱਲ ਖ਼ਿਲਾਫ਼ 7 ਅਗਸਤ ਨੂੰ ਪਟਿਆਲਾ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਮੂਹਰੇ ਧਰਨਾ ਦੇਣ ਦਾ ਐਲਾਨ ਵੀ ਕੀਤਾ ਹੈ। ਪਾਰਟੀ ਨੇ ਗੈਰਕਾਨੂੰਨੀ ਸ਼ਰਾਬ ਮਾਫ਼ੀਆ ਨਾਲ ਕਾਂਗਰਸੀਆਂ ਦੇ ਕਥਿਤ ਸਬੰਧਾਂ ਨੂੰ ਬੇਨਕਾਬ ਕਰਨ ਵਾਸਤੇ ਵੀ ਸੰਘਰਸ਼ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਕੋਰ ਕਮੇਟੀ ਨੇ ਇਹ ਫੈਸਲਾ ਵੀ ਲਿਆ ਹੈ ਕਿ ਦੂਜੇ ਪੜਾਅ ਵਿੱਚ ਪਾਰਟੀ ਇਸ ਸੰਘਰਸ਼ ਨੂੰ ਦਿੱਲੀ ਤੱਕ ਲੈ ਕੇ ਜਾਵੇਗੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਘਰਾਂ ਅੱਗੇ ਵੀ ਧਰਨੇ ਦਿੱਤੇ ਜਾਣਗੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੇ ਤਿੰਨ ਜ਼ਿਲ੍ਹਿਆਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 150 ਜਣਿਆਂ ਦੀਆਂ ਹੋਈਆਂ ਮੌਤਾਂ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਮੁੱਖ ਮੰਤਰੀ ਨੇ ਇਸ ਤ੍ਰਾਸਦੀ ਦੀ ਜ਼ਿੰਮੇਵਾਰੀ ਲੈ ਕੇ ਆਪ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਇਸ ਲਈ ਇਹ ਸਰਕਾਰ ਤੁਰੰਤ ਬਰਖ਼ਾਸਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਾਰੀ ਪਾਰਟੀ 7 ਅਗਸਤ ਤੋਂ 10 ਅਗਸਤ ਤੱਕ ਰਾਜਪਾਲ ਦੇ ਘਰ ਮੂਹਰੇ ਧਰਨਾ ਦੇ ਕੇ ਕਾਂਗਰਸ ਸਰਕਾਰ ਬਰਖ਼ਾਸਤ ਕਰਨ ਦੀ ਮੰਗ ਕਰੇਗੀ।

ਪਾਰਟੀ ਨੇ ਫੈਸਲਾ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਗੈਰ ਕਾਨੂੰਨੀ ਸ਼ਰਾਬ ਡਿਸਟਿਲਰੀਆਂ-ਕਮ-ਬੌਟਲਿੰਗ ਪਲਾਂਟਾਂ ਮੂਹਰੇ ਕ੍ਰਮਵਾਰ 13 ਤੇ 14 ਅਗਸਤ ਨੂੰ ਅਤੇ ਪਟਿਆਲਾ ਤੇ ਖੰਨਾ ਵਿਚ ਧਰਨੇ ਦੇਵੇਗੀ ਅਤੇ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀਆਂ ਡਿਸਟਿਲਰੀਆਂ ਸਮੇਤ ਕਾਂਗਰਸ ਦੇ ਸਹਿਯੋਗੀਆਂ ਦੀਆਂ ਡਿਸਟਿਲਰੀਆਂ ਮੂਹਰੇ ਵੀ ਧਰਨੇ ਦਿੱਤੇ ਜਾਣਗੇ। ਕੋਰ ਕਮੇਟੀ ਨੇ ਇਹ ਮੰਗ ਵੀ ਦੁਹਰਾਈ ਕਿ ਜ਼ਹਿਰੀਲੀ ਸ਼ਰਾਬ ਅਤੇ ਪੰਜਾਬ ਵਿਚ ਕਾਂਗਰਸੀਆਂ ਵੱਲੋਂ ਕੀਤੇ ਜਾ ਰਹੇ ਗੈਰਕਾਨੂੰਨੀ ਸ਼ਰਾਬ ਦੇ ਵਪਾਰ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਈ ਜਾਵੇ। ਇਸ ਤੋਂ ਇਲਾਵਾ ਸੀਬੀਆਈ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੀ ਜਾਂਚ ਕੀਤੀ ਜਾਵੇ ਤਾਂ ਜੋ ਇਹ ਸਾਹਮਣੇ ਆ ਸਕੇ ਕਿ ਇਸ ਗੈਰਕਾਨੂੰਨੀ ਧੰਦੇ ਵਿੱਚੋਂ ਕਿਸ-ਕਿਸ ਨੂੰ ਹਿੱਸੇਦਾਰੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਵੱਲੋਂ ਜਿਨ੍ਹਾਂ ਕਾਂਗਰਸੀਆਂ ਦੇ ਨਾਂ ਲਏ ਗਏ ਹਨ, ਉਨ੍ਹਾਂ ਖ਼ਿਲਾਫ਼ ਕਤਲ ਕੇਸ ਦਰਜ ਕਰਨੇ ਚਾਹੀਦੇ ਹਨ ਅਤੇ ਸਰਨਾ ਤੇ ਰਾਣਾ ਪਰਿਵਾਰਾਂ ਦੀਆਂ ਡਿਸਟਿਲਰੀਆਂ ਤੁਰੰਤ ਸੀਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਨੇ ਆਪਣੀਆਂ ਫੈਕਟਰੀਆਂ ਤੋਂ ਸਪਿਰਟ ਦੀ ਸਪਲਾਈ ਕੀਤੀ ਤੇ ਇਹ ਕਾਂਗਰਸੀਆਂ ਰਾਹੀਂ ਜ਼ਹਿਰੀਲੀ ਸ਼ਰਾਬ ਬਣਾਉਣ ਵਾਲਿਆਂ ਕੋਲ ਪਹੁੰਚੀ। ਕਮੇਟੀ ਨੇ ਜਥੇਦਾਰ ਹਰੀ ਸਿੰਘ ਜ਼ੀਰਾ, ਗਿਆਨੀ ਰਘਬੀਰ ਸਿੰਘ ਜਖੇਪਲ, ਕੇਹਰ ਸਿੰਘ ਸ਼ਿਵਾਲਿਕ, ਓਮ ਪ੍ਰਕਾਸ਼ ਕੈਂਥ ਅਤੇ ਜਥੇਦਾਰ ਟੋਡਰ ਸਿੰਘ ਰਾਜਪੁਰਾ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਮੀਟਿੰਗ ਵਿਚ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਉਪਿੰਦਰਜੀਤ ਕੌਰ, ਮਹੇਸ਼ਇੰਦਰ ਸਿੰਘ ਗਰੇਵਾਲ, ਸਿਕੰਦਰ ਸਿੰਘ ਮਲੂਕਾ, ਗੁਲਜ਼ਾਰ ਸਿੰਘ ਰਣੀਕੇ, ਸ਼ਰਨਜੀਤ ਸਿੰਘ ਢਿੱਲੋਂ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਸੁਰਜੀਤ ਸਿੰਘ ਰੱਖੜਾ, ਅਵਤਾਰ ਸਿੰਘ ਹਿੱਤ, ਜਗਮੀਤ ਸਿੰਘ ਬਰਾੜ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ ਸ਼ਮੂਲੀਅਤ ਕੀਤੀ।