ਭਾਰਤ-ਚੀਨ ਹਾਲਾਤਾਂ ਵਿਚ ਵਿਚੋਲਗੀ ਰੂਸ ਹੱਥ

ਭਾਰਤ-ਚੀਨ ਹਾਲਾਤਾਂ ਵਿਚ ਵਿਚੋਲਗੀ ਰੂਸ ਹੱਥ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੱਦਾਖ ਸਰਹੱਦ 'ਤੇ ਭਾਰਤ ਅਤੇ ਚੀਨ ਦਰਮਿਆਨ ਬਣੇ ਹੋਏ ਜੰਗੀ ਹਾਲਾਤਾਂ ਦੇ ਚਲਦਿਆਂ ਬੀਤੇ ਕੱਲ੍ਹ ਭਾਰਤ ਅਤੇ ਚੀਨ ਦੇ ਉੱਚ ਫੌਜੀ ਅਫਸਰਾਂ ਦੀ 10 ਘੰਟੇ ਲੰਬੀ ਬੈਠਕ ਹੋਈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਬੈਠਕ ਬੇਸਿੱਟਾ ਰਹੀ ਅਤੇ ਚੀਨ ਨੇ ਪਿੱਛੇ ਹੇਟਣ ਤੋਂ ਇਨਕਾਰ ਕਰ ਦਿੱਤਾ ਹੈ। 

ਭਾਰਤ ਅਤੇ ਚੀਨ ਦਰਮਿਆਨ ਬਣੇ ਇਹਨਾਂ ਹਾਲਾਤਾਂ ਵਿਚ ਰੂਸ ਦਾ ਰੋਲ ਬਹੁਤ ਅਹਿਮ ਨਜ਼ਰੀਂ ਪੈ ਰਿਹਾ ਹੈ। ਅਮਰੀਕਾ ਦੀ ਚੀਨ ਖਿਲਾਫ ਲਾਮਬੰਦੀ ਵਿਚ ਰੂਸ ਚੀਨ ਦੇ ਮਜ਼ਬੂਤ ਭਾਈਵਾਲ ਵਜੋਂ ਉੱਭਰਿਆ ਹੈ ਅਤੇ ਰੂਸ ਭਾਰਤ ਦਾ ਵੀ ਪੁਰਾਣਾ ਭਾਈਵਾਲ ਹੈ। 

ਭਾਰਤੀ ਆਗੂਆਂ ਦੇ ਰਵੱਈਏ ਤੋਂ ਹੁਣ ਤਕ ਸਪਸ਼ਟ ਹੋ ਰਿਹਾ ਹੈ ਕਿ ਉਹ ਚੀਨ ਨਾਲ ਸਿੱਧੀ ਜੰਗ ਨਹੀਂ ਲੜਨੀ ਚਾਹੁੰਦੇ ਅਤੇ ਇਸ ਸਮੇਂ ਚੀਨ ਦੀ ਚੜ੍ਹਾਈ ਨੂੰ ਥੱਪਣ ਲਈ ਭਾਰਤ ਨੇ ਰੂਸ ਤਕ ਪਹੁੰਚ ਕੀਤੀ ਹੈ। ਰੂਸ ਨੇ ਵੀ ਇਹਨਾਂ ਦੋਵਾਂ ਦੇਸ਼ਾਂ ਵਿਚਾਲੇ ਮਾਹੌਲ ਠੰਢਾ ਕਰਨ ਲਈ ਕੂਟਨੀਤਕ ਅਮਲ ਅਰੰਭ ਦਿੱਤੇ ਹਨ। 

ਅੱਜ ਰੂਸ ਦੇ ਵਿਦੇਸ਼ ਮੰਤਰੀ ਸਰਜੀ ਲੈਵਰੋਵ ਦੀ ਅਗਵਾਈ ਵਿਚ ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐਸ ਜੈਸ਼ੰਕਰ ਅਤੇ ਚੀਨੀ ਵਿਦੇਸ਼ ਮੰਤਰੀ ਵੈਂਗ ਯੀ ਦਰਮਿਆਨ ਬੈਠਕ ਹੋਣ ਜਾ ਰਹੀ ਹੈ। 

ਕੱਲ੍ਹ ਬੁੱਧਵਾਰ ਨੂੰ ਮਾਸਕੋ ਵਿਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਚੀਨੀ ਰੱਖਿਆ ਮੰਤਰੀ ਇਕੱਠੇ ਹੋਣਗੇ। 

ਇਸ ਤੋਂ ਪਹਿਲਾਂ ਵੀ ਜਦੋਂ ਤੋਂ ਭਾਰਤ ਚੀਨ ਦਰਮਿਆਨ ਤਲਖੀ ਬਣੀ ਹੈ, ਭਾਰਤ ਨੇ ਰੂਸ ਨੂੰ ਹਰ ਗੱਲ ਦੀ ਜਾਣਕਾਰੀ ਦਿੱਤੀ ਹੈ। 6 ਜੂਨ ਨੂੰ ਸਰਹੱਦ 'ਤੇ ਭਾਰਤ ਅਤੇ ਚੀਨ ਦੇ ਫੌਜੀ ਅਫਸਰਾਂ ਦਰਮਿਆਨ ਹੋਈ ਬੈਠਕ ਸਬੰਧੀ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਰੂਸ ਦੇ ਰਾਜਦੂਤ ਨਾਲ ਬੈਠਕ ਦੇ ਸਾਰੇ ਵੇਰਵੇ ਸਾਂਝੇ ਕੀਤੇ ਸਨ। 

15 ਜੂਨ ਨੂੰ ਸਰਹੱਦ 'ਤੇ ਦੋਵਾਂ ਦੇਸ਼ਾਂ ਦੀ ਝੜਪ ਤੋਂ ਬਾਅਦ ਰੂਸ ਵਿਚ ਭਾਰਤੀ ਰਾਜਦੂਤ ਡੀ ਬਾਲਾ ਵੈਂਕਟੇਸ਼ ਵਰਮਾ ਨੇ ਰੂਸ ਦੇ ਡਿਪਟੀ ਵਿਦੇਸ਼ ਮੰਤਰੀ ਨੂੰ 17 ਜੂਨ ਵਾਲੇ ਦਿਨ ਸਾਰੀ ਜਾਣਕਾਰੀ ਦਿੱਤੀ ਸੀ। ਇਸ ਸਬੰਧੀ ਰੂਸ ਦੇ ਵਿਦੇਸ਼ ਮਹਿਕਮੇ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਸੀ ਕਿ ਦੋਵਾਂ ਅਹੁਦੇਦਾਰਾਂ ਦਰਮਿਆਨ ਖੇਤਰੀ ਸੁਰੱਖਿਆ ਤੇ ਐਲ.ਏ.ਸੀ ਉੱਤੇ ਬਣੇ ਹਾਲਾਤਾਂ ਬਾਰੇ ਗੱਲਬਾਤ ਹੋਈ ਹੈ।

ਦੱਸ ਦਈਏ ਕਿ ਚੀਨ ਅਤੇ ਰੂਸ ਦਰਮਿਆਨ 1991 ਵਿਚ ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਰਿਸ਼ਤੇ ਬਹੁਤ ਮਜ਼ਬੂਤ ਹੋਏ ਹਨ। ਪੀਪਲਜ਼ ਰਿਪਬਲਿਕ ਆਫ ਚੀਨ ਦੀ ਸਥਾਪਨਾ ਕਰਨ ਵਾਲੇ ਮਾਓ ਜ਼ੇਦੋਂਗ ਦੇ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਬਹੁਤ ਤਲਖ ਰਹੇ ਸਨ। 1969 ਵਿਚ ਦੋਵਾਂ ਦੇਸ਼ਾਂ ਵਿਚਾਲੇ ਸਰਹੱਦ 'ਤੇ ਸੀਮਤ ਜੰਗ ਵੀ ਹੋਈ। ਪਰ 1976 ਵਿਚ ਮਾਓ ਦੀ ਮੌਤ ਬਾਅਦ ਇਹ ਤਲਖੀ ਘਟਣੀ ਸ਼ੁਰੂ ਹੋ ਗਈ ਸੀ। ਇਸ ਸਮੇਂ ਚੀਨ ਅਤੇ ਰੂਸ ਦਰਮਿਆਨ ਬਹੁਤ ਮਜ਼ਬੂਤ ਵਪਾਰਕ ਅਤੇ ਰਾਜਨੀਤਕ ਸਬੰਧ ਹਨ।