ਤੇਲ ਦੀਆਂ ਕੀਮਤਾਂ ਰਾਹੀਂ ਲੁੱਟੇ ਜਾ ਰਹੇ ਭਾਰਤ ਦੇ ਲੋਕ

ਤੇਲ ਦੀਆਂ ਕੀਮਤਾਂ ਰਾਹੀਂ ਲੁੱਟੇ ਜਾ ਰਹੇ ਭਾਰਤ ਦੇ ਲੋਕ

ਅੰਮ੍ਰਿਤਸਰ ਟਾਈਮਜ਼ ਬਿਊਰੋ

ਵਿਸ਼ਵ ਬਜ਼ਾਰ ਵਿਚ ਮੂੰਧੇ ਮੂੰਹ ਡਿਗੀਆਂ ਤੇਲ ਕੀਮਤਾਂ ਦੇ ਬਾਵਜੂਦ ਭਾਰਤ ਵਿਚ ਲਗਾਤਾਰ ਤੇਲ ਕੀਮਤਾਂ ਵੱਧ ਰਹੀਆਂ ਹਨ। ਅੱਜ ਲਗਾਤਾਰ ਅੱਜ ਲਗਾਤਾਰ 16ਵੇਂ ਦਿਨ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ। ਪੈਟਰੋਲ ਦੀ ਕੀਮਤ 33 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 58 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਨਾਲ ਤੇਲ ਦੀਆਂ ਕੀਮਤਾਂ ਰਿਕਾਰਡ ਵਧ ਗਈਆਂ ਹਨ। ਤਾਜ਼ਾ ਵਾਧੇ ਨਾਲ ਪੈਟਰੋਲ ਦੀ ਕੀਮਤ 79.23 ਰੁਪਏ ਤੋਂ ਵਧ ਕੇ 79.56 ਰੁਪਏ ਅਤੇ ਡੀਜ਼ਲ ਦੀ ਕੀਮਤ 78.27 ਰਪੁਏ ਤੋਂ ਵਧ ਕੇ 78.55 ਰਪੁਏ ਪ੍ਰਤੀ ਲਿਟਰ ਹੋ ਗਈ ਹੈ। ਬੀਤੇ 16 ਦਿਨਾਂ ਤੋਂ ਤੇਲ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੈਟਰੋਲ ਦੀ ਕੀਮਤ ਵਿੱਚ 8.30 ਰੁਪਏ ਅਤੇ ਡੀਜ਼ਲ ਦੀ ਕੀਮਤ ਵਿੱਚ 9.46 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋ ਚੁੱਕਾ ਹੈ।

ਪਹਿਲਾਂ ਸਰਕਾਰ ਵੱਲੋਂ ਬਿਨ੍ਹਾਂ ਕਿਸੇ ਠੋਸ ਨੀਤੀ ਦੇ ਇਕ ਦਮ ਲਾਕਡਾਊਨ ਕਰਕੇ ਲੋਕਾਂ ਦਾ ਆਰਥਿਕ ਲੱਕ ਤੋੜ ਦਿੱਤਾ ਗਿਆ ਤੇ ਹੁਣ ਬਿਨ੍ਹਾ ਰੋਕ ਤੋਂ ਲਗਾਤਾਰ ਪੈਟਰੋਲ, ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਲੋਕਾਂ ਦਾ ਤ੍ਰਾਹ ਕੱਢ ਦਿੱਤਾ ਹੈ। ਪੈਟਰੋਲ, ਡੀਜ਼ਲ ਦੀਆਂ ਵੱਧੀਆਂ ਕੀਮਤਾਂ ਹਰ ਆਦਮੀ 'ਤੇ ਅਸਰ ਪਾਉਂਦੀਆਂ ਹਨ ਤੇ ਸਭ ਤੋਂ ਵੱਧ ਪ੍ਰਭਾਵਤ ਇਸ ਨਾਲ ਕਿਸਾਨ ਹੋ ਰਹੇ ਹਨ ਕਿਉਂਕਿ ਹੁਣ ਝੋਨੇ ਦੀ ਬਿਜਾਈ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਹੋਰ ਫਸਲਾਂ ਵੀ ਬੀਜੀਆਂ ਜਾ ਰਹੀਆਂ ਹਨ। ਇਹਨਾਂ ਦਿਨਾਂ ਵਿਚ ਵਧੀਆਂ ਤੇਲ ਦੀਆਂ ਕੀਮਤਾਂ ਨੇ ਪਹਿਲਾਂ ਹੀ ਫਾਹੇ ਲੱਗ ਰਹੀ ਕਿਸਾਨੀ ਦੀਆਂ ਹੋਰ ਮੁਸ਼ਕਿਲਾਂ ਵਧਾ ਦਿੱਤੀਆਂ ਹਨ।

ਦਰਅਸਲ ਇਹ ਸਿੱਧੀ ਸਿੱਧੀ ਸਰਕਾਰ ਵੱਲੋਂ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਭਾਰਤ ਵਿਚ ਤੇਲ ਦੀਆਂ ਕੀਮਤਾਂ ਤੈਅ ਕਰਨ ਦੀ ਨੀਤੀ ਅਜਿਹੀ ਹੈ ਕਿ ਜੇ ਵਿਸ਼ਵ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਇਹ ਵਧੇ ਭਾਅ ਸਿੱਧੇ ਖਰੀਦਦਾਰਾਂ (ਆਮ ਲੋਕਾਂ) 'ਤੇ ਥੋਪ ਦਿੱਤੇ ਜਾਂਦੇ ਹਨ ਪਰ ਜੇ ਵਿਸ਼ਵ ਬਜ਼ਾਰ ਵਿਚ ਕੀਮਤਾਂ ਡਿਗ ਜਾਣ ਤਾਂ ਸਰਕਾਰ ਆਪਣਾ ਖਜ਼ਾਨਾ ਭਰਨ ਲਈ ਤੇਲ 'ਤੇ ਟੈਕਸ ਵਧਾ ਦਿੰਦੀਆਂ ਹਨ ਜਿਸ ਕਰਕੇ ਘਟੀਆਂ ਕੀਮਤਾਂ ਦਾ ਖਰੀਦਦਾਰਾਂ ਨੂੰ ਕੋਈ ਲਾਭ ਨਹੀਂ ਹੁੰਦਾ ਬਲਕਿ ਉਹਨਾਂ ਨੂੰ ਪਹਿਲਾਂ ਜਿੰਨੇ ਜਾਂ ਉਸ ਤੋਂ ਵੱਧ ਰੁਪਏ ਅਦਾ ਕਰਨੇ ਪੈਂਦੇ ਹਨ। 

ਵਿਸ਼ਵ ਬਜ਼ਾਰ ਵਿਚ ਜਿਹੜਾ ਕੱਚਾ ਤੇਲ ਫਰਵਰੀ ਮਹੀਨੇ 55 ਡਾਲਰ ਪ੍ਰਤੀ ਬੈਰਲ ਦਾ ਮਿਲ ਰਿਹਾ ਸੀ ਉਹ ਮਾਰਚ ਮਹੀਨੇ 35 ਡਾਲਰ ਪ੍ਰਤੀ ਬੈਰਲ ਦੀ ਕੀਮਤ 'ਤੇ ਚਲੇ ਗਿਆ। ਇਸ ਤੋਂ ਬਾਅਦ ਹੋਰ ਡਿਗ ਕੇ 20 ਡਾਲਰ ਪ੍ਰਤੀ ਬੈਰਲ ਨੂੰ ਵਿਕਿਆ। ਹੁਣ ਹੌਲੀ ਹੌਲੀ ਵਧ ਕੇ ਇਹ ਰੇਟ 37 ਡਾਲਰ ਪ੍ਰਤੀ ਬੈਰਲ ਤਕ ਪਹੁੰਚਿਆ ਹੈ। ਪਰ ਇਸ ਸਮੇਂ ਦੌਰਾਨ ਸਰਕਾਰ ਨੇ ਤੇਲ ਦੀ ਵਿਕਰੀ 'ਤੇ ਟੈਕਸ ਵਧਾ ਦਿੱਤੇ ਜਿਸ ਕਰਕੇ ਇਹਨਾਂ ਘਟੀਆਂ ਕੀਮਤਾਂ ਦਾ ਆਮ ਖਪਤਕਾਰ ਨੂੰ ਕੋਈ ਫਾਇਦਾ ਨਹੀਂ ਹੋਇਆ। ਭਾਰਤ ਵਿਚ ਤੇਲ ਦੀਆਂ ਕੀਮਤਾਂ ਕੌਮਾਂਤਰੀ ਭਾਅ ਦੇ ਹਿਸਾਬ ਨਾਲ ਹਰ ਦਿਨ ਤੈਅ ਹੁੰਦੀਆਂ ਹਨ। ਹੁਣ ਜਦੋਂ ਤੇਲ ਦਾ ਭਾਅ ਕੌਮਾਂਤਰੀ ਬਜ਼ਾਰ ਵਿਚ ਵਧ ਰਿਹਾ ਹੈ ਤਾਂ ਤੇਲ ਦੇ ਭਾਰਤ ਵਿਚ ਭਾਅ ਵੀ ਵਧ ਰਹੇ ਹਨ। 

ਭਾਰਤ ਸਰਕਾਰ ਨੇ 5 ਮਈ ਨੂੰ ਇਕ ਦਮ ਤੇਲ 'ਤੇ ਬਹੁਤ ਜ਼ਿਆਦਾ ਟੈਕਸ ਲਾ ਦਿੱਤਾ ਸੀ। ਪੈਟਰੋਲ 'ਤੇ ਟੈਕਸ 13 ਰੁਪਏ ਪ੍ਰਤੀ ਲੀਟਰ ਵਧਾ ਦਿੱਤਾ ਸੀ ਅਤੇ ਡੀਜ਼ਲ 'ਤੇ ਟੈਕਸ 10 ਰੁਪਏ ਪ੍ਰਤੀ ਲੀਟਰ ਵਧਾ ਦਿੱਤਾ ਸੀ। ਭਾਰਤ ਹੁਣ ਦੁਨੀਆ ਦੇ ਉਹਨਾਂ ਦੇਸ਼ਾਂ ਵਿਚੋਂ ਇਕ ਹੈ ਜਿੱਥੇ ਤੇਲ 'ਤੇ ਸਭ ਤੋਂ ਵੱਧ ਟੈਕਸ ਲਾਇਆ ਗਿਆ ਹੈ।