ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਸਿੱਖਾਂ ਦੀ ਧਾਰਮਿਕ ਅਜ਼ਾਦੀ 'ਤੇ ਹਮਲਾ
ਸੁਖਵਿੰਦਰ ਸਿੰਘ
ਅੱਜ ਪੰਜਾਬ ਦੀ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ। ਪੰਜਾਬ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਪੇਸ਼ ਕੀਤੇ ਗਏ ਇਸ ਮਤੇ ਨੂੰ ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਪਰ ਇਸ ਮਤੇ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਇਸ ਮਤੇ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਿੱਧੀ ਰਾਜਨੀਤਕ ਦਖਲਅੰਦਾਜ਼ੀ ਮੰਨਿਆ ਜਾ ਰਿਹਾ ਹੈ ਅਤੇ ਇਹ ਸਿੱਖਾਂ ਦੀ ਧਾਰਮਿਕ ਅਜ਼ਾਦੀ 'ਤੇ ਹਮਲੇ ਬਰਾਬਰ ਹੈ।
ਮਤਾ ਪੇਸ਼ ਕਰਦਿਆਂ ਬਾਜਵਾ ਨੇ ਕਿਹਾ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਨੇ ਜਾਤ ਅਤੇ ਲਿੰਗ ਦੇ ਵਿਤਕਰੇ ਖਿਲਾਫ ਸਾਰੀ ਉਮਰ ਸੰਘਰਸ਼ ਕੀਤਾ ਅਤੇ ਔਰਤਾਂ ਨਾਲ ਹੋ ਰਿਹਾ ਇਹ ਭੇਦਭਾਵ ਵੀ ਖਤਮ ਹੋਣਾ ਚਾਹੀਦਾ ਹੈ।
ਹਲਾਂਕਿ ਇਹ ਗੱਲ ਪਹਿਲਾਂ ਵੀ ਖਾਲਸਾ ਪੰਥ ਵਿੱਚ ਵਿਚਾਰ ਅਧੀਨ ਹੈ ਕਿ ਦਰਬਾਰ ਸਾਹਿਬ ਅੰਦਰ ਬੀਬੀਆਂ ਦੇ ਕੀਰਤਨ ਕਰਨ ਬਾਰੇ ਕੀ ਪ੍ਰੰਪਰਾ ਹੈ। ਇਸ ਗੱਲ ਨੂੰ ਵਿਤਕਰੇ ਨਾਲ ਜੋੜ ਕੇ ਪੇਸ਼ ਕਰਨ ਦੀ ਪ੍ਰਵਿਰਤੀ ਪੰਥ ਦੇ ਅੰਦਰੋਂ ਘੱਟ ਤੇ ਪੰਥ ਦੇ ਬਾਹਰਲੇ ਹਿੱਸੇ ਵਿੱਚੋਂ ਜ਼ਿਆਦਾ ਬਣਾਈ ਜਾ ਰਹੀ ਹੈ। ਇਸ ਬਾਰੇ ਖਾਲਸਾ ਪੰਥ ਕੀ ਫੈਂਸਲਾ ਕਰਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਇੱਕ ਸੂਬੇ ਦੀ ਰਾਜਨੀਤਕ ਵਿਧਾਨ ਸਭਾ ਵੱਲੋਂ ਇੱਕ ਮਤਾ ਪਾਸ ਕਰਕੇ ਧਰਮ ਦੇ ਅੰਦਰੂਨੀ ਮਸਲਿਆਂ ਨੂੰ ਵਿਚਾਰਨਾਂ ਅਤੇ ਉਹਨਾਂ 'ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਨਾ ਧਾਰਮਿਕ ਅਜ਼ਾਦੀ 'ਤੇ ਹਮਲਾ ਅਤੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਹੈ। ਅਜਿਹੀ ਰੀਤ ਦੀ ਸ਼ੁਰੂਆਤ ਸਿੱਖਾਂ ਦੇ ਧਾਰਮਿਕ ਅਕੀਦੇ ਲਈ ਬਹੁਤ ਖਤਰਨਾਕ ਹੋ ਸਕਦੀ ਹੈ।
ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।
Comments (0)