ਸਿਖ ਸੇਵਕ ਸੁਸਾਇਟੀ ਵਲੋਂ ਅਕਾਲ ਤਖਤ ਸਾਹਿਬ ਨੂੰ ਦਿਤਾ ਬੇਨਤੀ ਪੱਤਰ
ਦਾਗੀ ਅਕਾਲੀ ਲੀਡਰਸ਼ਿਪ ਤੋਂ ਅਸਤੀਫੇ ਲਏ ਜਾਣ
*ਅਕਾਲੀ ਸੰਕਟ ਦੇ ਹਲ ਲਈ ਪੰਥਕ ਜਥੇਬੰਦੀਆਂ ਤੇ ਸਿਖ ਚਿੰਤਕਾਂ ਦਾ ਨੁਮਾਇੰਦਾ ਇਕਠ ਸਦਿਆ ਜਾਵੇ
*ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਪੰਥਕ ਕੌਂਸਲ ਬਣਾਈ ਜਾਵੇ
*ਨਿਸ਼ਾਨ ਸਾਹਿਬ ਦੇ ਰੰਗ ਨਿਸ਼ਚਿਤ ਕਰਨ ਦੀ ਸ਼ਲਾਘਾ
ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀਓ!
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
ਸ੍ਰੀ ਅੰਮ੍ਰਿਤਸਰ ਸਾਹਿਬ।
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥
ਸਭ ਤੋਂ ਪਹਿਲਾਂ ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਅਨੁਸਾਰ ਨਿਸ਼ਾਨ ਸਾਹਿਬ ਦੇ ਰੰਗ ਬਾਰੇ ਯਾਦਗਾਰੀ ਇਤਿਹਾਸਕ ਫੈਸਲਾ ਲਿਆ ਜੋ ਤੁਹਾਡੇ ਤੋਂ ਪਹਿਲਾਂ ਨਹੀਂ ਹੋ ਸਕਿਆ।ਦੇਸ਼ਾਂ ਵਿਦੇਸ਼ਾਂ ਦੀਆਂ ਸਿਖ ਸੰਗਤਾਂ ਇਸ ਮਸਲੇ ਵਿਚ ਤੁਹਾਡੇ ਹਕ ਵਿਚ ਹਨ।ਇਸ ਤਰ੍ਹਾਂ ਜਾਤ ਪਾਤ ਵਿਰੁਧ ਗੁਰਮਤਿ ਰੋਸ਼ਨੀ ਵਿਚ ਅਕਾਲ ਤਖਤ ਸਾਹਿਬ ਤੋਂ ਫੈਸਲਾ ਕਰਨ ਦੀ ਬੇਨਤੀ ਹੈ ਤਾਂ ਜੋ ਸਿਖੀ ਦਾ ਅਕਸ ਨਸਲਵਾਦ ਵਿਰੁੱਧ ਉਭਰ ਸਕੇ।ਸਿਖ ਪੰਥ ਵੀ ਦੇਸਾਂ -ਵਿਦੇਸ਼ਾਂ ਵਿਚ ਨਸਲਵਾਦ ,ਫਿਰਕੂਵਾਦ ਦਾ ਦੁਖਾਂਤ ਭੋਗ ਰਿਹਾ ਹੈ।
ਸਨਿਮਰ ਬੇਨਤੀ ਹੈ ਕਿ ਪਿਛਲੇ ਲੰਮੇ ਅਰਸੇ ਤੋਂ ਅਕਾਲੀ ਸਿਆਸਤ ਵਿਚ ਅਤਿ ਤਰਸਯੋਗ ਤੇ ਗਿਲਾਨੀ ਭਰੀਆਂ ਘਟਨਾਵਾਂ ,ਸਿਆਸੀ ਹਾਰਾਂ ਦਾ ਦੌਰ ਚੱਲ ਰਿਹਾ ਹੈ ਜਿਸ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਵਿਆਕੁਲਤਾ ਭਰੇ ਸੰਤਾਪ ਦਾ ਭਾਗੀ ਬਣਾ ਦਿੱਤਾ ਹੈ। ਅਕਾਲੀ ਦਲ ਖਾਲਸਾ ਜੀ ਦੇ ਬੋਲਬਾਲੇ ਮਿਸ਼ਨ ਤੇ ਪੰਜਾਬ ਦੀ ਖੇਤਰੀ ਪਾਰਟੀ ਦੀ ਜਰੂਰਤ ਲਈ ਅਕਾਲ ਤਖਤ ਸਾਹਿਬ ਵਿਖੇ ਸਥਾਪਿਤ ਹੋਇਆ ਸੀ । ਸਾਡੇ ਪੁਰਖਿਆਂ ਬਾਬਾ ਖੜਕ ਸਿੰਘ ,ਮਾਸਟਰ ਤਾਰਾ ਸਿੰਘ ਆਦਿ ਨੇ ਮੋਰਚੇ ਲਗਾਕੇ ,ਕੁਰਬਾਨੀਆਂ ਦੇਕੇ ਇਸ ਨੂੰ ਮਜਬੂਤ ਕੀਤਾ ਸੀ ਪਰ ਸੰਤ ਫਤਹਿ ਸਿੰਘ ਤੋਂ ਪ੍ਰਕਾਸ਼ ਸਿੰਘ ਬਾਦਲ ਨੇ ਇਸ ਦਾ ਸਿਧਾਂਤ ਤੇ ਵਿਰਾਸਤ ਬਦਲਕੇ ਸਿਖ ਪੰਥ ਨਾਲ ਧੋਖਾ ਕੀਤਾ ਤੇ ਗੁਰੂ ਦੀ ਵਿਰਾਸਤ ਦੀ ਥਾਂ ਜਾਗੀਰੂ ,ਕਾਰਪੋਰੇਟ ਸਿਸਟਮ ਉਸਾਰਿਆ। ਸਿਧਾਂਤਹੀਣ ਸਮਝੌਤੇ ਕਰਕੇ ਸਤਾ ਪ੍ਰਾਪਤ ਕਰਕੇ ਨਿਜੀ ਫਾਇਦੇ ਲਏ।ਕਿਰਤੀ ਸਮਾਜ ਨੂੰ ਅਖੋਂ ਪਰੌਖੇ ਕੀਤਾ।
ਇਸੇ ਲੜੀ ਵਿਚ ਅਜੋਕੀ ਅਕਾਲੀ ਲੀਡਰਸ਼ਿਪ ਟਕਸਾਲੀ ਅਕਾਲੀ ਵਿਰਾਸਤ 1920 ਤੋਂ ਭਗੌੜੀ ਹੈ ਤੇ ਪੰਜਾਬੀ ਪਾਰਟੀ ਬਣ ਚੁਕੀ ਹੈ ,ਜਿਸ ਦੇ ਹਥਾਂ ਵਿਚ ਸ੍ਰੋਮਣੀ ਅਕਾਲੀ ਦਲ, ਅਕਾਲ ਤਖਤ ,ਸ੍ਰੋਮਣੀ ਕਮੇਟੀ ਸੁਰਖਿਅਤ ਨਹੀਂ। ਇਹ ਲੀਡਰਸ਼ਿਪ ਅਕਾਲੀ ਵਿਰਾਸਤ ਨੂੰ ਸੰਭਾਲਣ ਵਿਚ ਨਖਿਧ ਸਾਬਤ ਹੋਈ ਹੈ ਜਿਸਦਾ ਸਿਖ ਪੰਥ ਤੇ ਪੰਜਾਬ ਨੂੰ ਵਡਾ ਨੁਕਸਾਨ ਹੋਇਆ ਹੈ। ਬਹੁਤ ਸਾਰੇ ਮੌਕਾਪ੍ਰਸਤ ਅਕਾਲੀ ਆਗੂ ਇਸ ਸੰਕਟ ਮੌਕੇ ਦੂਜੀਆਂ ਪਾਰਟੀਆਂ ਵਿਚ ਜਾ ਚੁਕੇ ਹਨ।ਕੁਛ ਹੋਰ ਜਾਣ ਦੀਆਂ ਤਿਆਰੀਆਂ ਵਿਚ ਹਨ।ਸਿਖ ਪੰਥ ਦੀ ਰਾਜਸੀ ਪਾਰਟੀ ਅਕਾਲੀ ਦਲ ਦਾ ਉਦੇਸ਼ ਰਾਜਸੀ ਲਾਲਸਾ ਨਹੀਂ ਹੈ ,ਸਰਬਤ ਦਾ ਭਲਾ ,ਸਭਨਾਂ ਲਈ ਨਿਆਂ ਸਥਾਪਿਤ ਕਰਨਾ ਤੇ ਪੰਥ ਦੀ ਵਖਰੀ ਸ਼ਾਨ ਤੇ ਪੰਜਾਬ ਦੀ ਸਾਂਝੀ ਵਿਰਾਸਤ ਤੇ ਹਕਾਂ ਨੂੰ ਬਹਾਲ ਰਖਣਾ ਹੈ ਜੋ ਗੁਰਮਤਿ ਦੇ ਸੰਕਲਪ ਹਲੇਮੀ ਰਾਜ ,ਬੇਗਮਪੁਰਾ ਦਾ ਉਦੇਸ਼ ਹੈ।
ਪਰ ਪੰਥਕ ਕਹਾਉਣ ਵਾਲੀ ਇਹ ਲੀਡਰਸ਼ਿਪ ‘ਬੱਚੇ ਖਾਣੀ ਅਵਸਥਾ’ ਤੋਂ ਚੱਲ ਕੇ ‘ਆਤਮਘਾਤੀ ਅਵਸਥਾ’ ਤੱਕ ਪਹੁੰਚ ਚੁੱਕੀ ਹੈ।ਗੁਨਾਹਗਾਰ ਅਕਾਲੀ ਲੀਡਰਸ਼ਿਪ ਦੀ ਦਿਖਾਵੇ ਵਾਲੀ ਲੀਪਾ-ਪੋਚੀ ਅਤੇ ਆਪਣੀਆਂ ਭੁੱਲਾਂ ਨੂੰ ਦੂਜਿਆਂ ’ਤੇ ਥੋਪ ਕੇ ਆਪਣੇ-ਆਪ ਨੂੰ ਸੁਰਖਰੂ ਕਰਨ ਦੀ ਚਤੁਰਾਈ ਸਿਖ ਪੰਥ ਨੂੰ ਸਵੀਕਾਰ ਨਹੀਂ।ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ, ਸਿਖ ਬੱਚੇ-ਬੱਚੀਆਂ ਦਾ ਆਏ ਦਿਨ ਨਵੇਂ ਨਸ਼ਿਆਂ ਵਿਚ ਗਰਕਣਾ, ਵਿੱਦਿਅਕ ਤੇ ਆਰਥਿਕ ਸਮੱਸਿਆਵਾਂ ਤੋਂ ਬਚਣ ਲਈ ਮਾਤ-ਭੂਮੀ ਅਤੇ ਮਾਂ ਜਾਇਆਂ ਤੋਂ ਵਿਛੜ ਕੇ ਵਿਦੇਸ਼ਾਂ ’ਵਿਚ ਨਮੋਸ਼ੀ ਭਰੀ ਹਾਲਤ ਵਿਚ ਦਿਨ-ਕਟੀ ਕਰਨਾ, ਇਨ੍ਹਾਂ ਖ਼ੁਦਗਰਜ਼ੀ ਮਾਰੇ ਅਕਾਲੀ ਆਗੂਆਂ ਦੀ ਆਤਮਾ ਨੂੰ ਨਹੀਂ ਝੰਜੋੜਦਾ ਜੋ ਪੰਜਾਬ ਤੇ ਪੰਥ ਦਾ ਦਰਦ ਹੈ।ਅਕਾਲੀ ਆਗੂ ਕਹਾਉਂਦੇ ਇਨ੍ਹਾਂ ਦੋਹਾਂ ਧੜਿਆਂ ਨੂੰ ਲੰਬੇ ਸਮੇਂ ਤੋਂ ਕੁਰਸੀ ਦੀ ਲਾਲਸਾ ਹੈ ਜੋ ਸਿਖ ਪੰਥ ਦੀ ਵਿਰਾਸਤ ਤੇ ਸਿਧਾਂਤ ਨੂੰ ਬੇਦਾਵਾ ਦੇ ਰਹੀ ਹੈ।
ਸਿਖ ਪੰਥ ਦਾ ਅਜੋਕੀ ਅਕਾਲੀ ਲੀਡਰਸ਼ਿਪ ਉਪਰ ਵਿਸ਼ਵਾਸ ਨਹੀਂ ਰਿਹਾ ਜਿਸਨੇ ਬੇਅਦਬੀਆਂ ਕਰਾਉਣ ਵਾਲੇ ਸੌਦਾ ਸਾਧ ਨਾਲ ਗਠਜੋੜ ਜਾਰੀ ਰਖਿਆ ,ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ,ਬਹਿਬਲ ,ਕੋਟਕਪੂਰਾ ਗੋਲੀ ਕਾਂਡ ਵਾਪਰਿਆ ਜੋ ਬਾਦਲ ਦੇ ਰਾਜ ਵਿਚ ਵਾਪਰੇ ਨਿੰਰਕਾਰੀ ਕਾਂਡ ਦਾ ਦੁਹਰਾਉ ਸੀ।। 2024 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਹੋਈ ਨਮੋਸ਼ੀ ਭਰੀ ਹਾਰ ,ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ਹਾਰ ਇਸ ਦਾ ਪ੍ਰਮਾਣ ਹੈ।
ਇਹਨਾਂ ਚੋਣਾਂ ਤੋਂ ਬਾਅਦ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਮੱਤਭੇਦ ਪੈਦਾ ਹੋ ਗਏ ਹਨ। ਕੁਝ ਸੀਨੀਅਰ ਅਕਾਲੀ ਆਗੂਆਂ ਨੇ ਤੁਹਾਨੂੰ ਪਹੁੰਚ ਕਰਕੇ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਬਾਰੇ ਅਤੇ ਕੁਝ ਮੁੱਦਿਆਂ ਦਾ ਹਵਾਲਾ ਦੇ ਕੇ ਸ. ਬਾਦਲ ਦੀ ਲੀਡਰਸ਼ਿਪ ਵਿੱਚ ਬੇਭਰੋਸਗੀ ਪ੍ਰਗਟ ਕੀਤੀ ਹੈ। ਤੁਸੀਂ ਉਹਨਾਂ ਦੇ ਬੇਨਤੀ ਪੱਤਰ ਅਨੁਸਾਰ ਹੁਣ ਸ. ਸੁਖਬੀਰ ਸਿੰਘ ਬਾਦਲ ਤੋਂ ਕੁਝ ਸਪੱਸ਼ਟੀਕਰਨ ਮੰਗੇ ਸਨ। ਸ. ਬਾਦਲ ਨੇ 24-7-2024 ਨੂੰ ਆਪਣਾ ਸਪੱਸ਼ਟੀਕਰਨ ਇੱਕ ਬੰਦ ਲਿਫਾਫੇ ਵਿੱਚ ਤੁਹਾਨੂੰ ਸੌਂਪ ਦਿੱਤਾ ਹੈ, ਜਿਸ ਉੱਤੇ ਤੁਸੀਂ ਅਤੇ ਹੋਰ ਸਿੰਘ ਸਾਹਿਬਾਨ ਨੇ ਫੈਸਲਾ ਲੈਣਾ ਹੈ।
ਸਿੰਘ ਸਾਹਿਬ ਜੀਓ! ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਮਸਲਾ ਹੁਣ ਮਹਿਜ਼ ਅਕਾਲੀ ਦਲ ਅਤੇ ਇਸ ਦੇ ਆਗੂਆਂ ਦੇ ਆਪਸੀ ਮਤਭੇਦਾਂ ਜਾਂ ਰਾਜਨੀਤਿਕ ਪਹੁੰਚ ਵਿਧੀਆਂ ਦਾ ਨਹੀਂ ਰਹਿ ਗਿਆ। ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਹੁਣ ਇਹ ਮਸਲਾ ਆਗੂਆਂ ਕੋਲੋਂ ਧਾਰਮਿਕ ਅਵੱਗਿਆਵਾਂ ਹੋਣ ਅਤੇ ਉਹਨਾਂ ਨੂੰ ਕੋਈ ਧਾਰਮਿਕ ਸਜ਼ਾ ਜਾਂ ਤਨਖਾਹ ਲਗਾਉਣ ਤੱਕ ਵੀ ਸੀਮਿਤ ਨਹੀਂ ਰਹਿ ਗਿਆ। ਹੁਣ ਮਸਲਾ ਅਕਾਲੀ ਦਲ ਦੇ ਦੋਨੋਂ ਧੜ੍ਹਿਆਂ ਦੇ ਆਗੂਆਂ ਦੀ ਪੰਥ ਅਤੇ ਪੰਜਾਬ ਦੀ ਜਨਤਾ ਵਿੱਚ ਵਿਸ਼ਵਾਸ ਬਹਾਲੀ ਦਾ ਬਣ ਗਿਆ ਹੈ।ਇਹਨਾਂ ਹਾਲਾਤ ਵਿੱਚ ਇਹ ਮਸਲਾ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪੰਥ ਵਿਚ ਮਾਣ ਸਤਿਕਾਰ
ਅਤੇ ਇਤਿਹਾਸਿਕ ਪਰੰਪਰਾਵਾਂ ਦੀ ਮਾਨਤਾ ਦਾ ਵੀ ਬਣ ਗਿਆ ਹੈ।ਹੁਣ ਸਿਰਫ ਅਕਾਲੀ ਦਲ ਹੀ ਸੰਕਟ ਵਿਚ ਨਹੀਂ,ਸਗੋਂ ਅਕਾਲ ਤਖਤ ਸਾਹਿਬ ਤੇ ਸ੍ਰੋਮਣੀ ਕਮੇਟੀ ਦੇ ਵਜੂਦ ਨੂੰ ਖਤਰਾ ਪੈਦਾ ਹੋ ਗਿਆ ਹੈ।ਸਿਖ ਪੰਥ ਗੁਨਾਹਗਾਰ ਅਕਾਲੀ ਲੀਡਰਸ਼ਿਪ ਨੂੰ ਨਹੀਂ ਆਪਣੀ ਪੰਥਕ ਜਮਾਤ ਪੰਥਕ ਸੰਸਥਾਵਾਂ ਦੇ ਵਾਜੂਦ ਬਚਾਉਣਾ ਚਾਹੁੰਦਾ ਹੈ।ਸਮੁਚਾ ਸਿਖ ਪੰਥ ਇਸ ਗਲ ਉਪਰ ਇਕਮੁਠ ਹੈ ਕਿ ਅਕਾਲੀ ਦਲ ਹੀ ਸਿਰਫ ਪੰਥ ਤੇ ਪੰਜਾਬ ਦੀ ਨੁਮਾਇੰਦਾ ਜਥੇਬੰਦੀ ਹੈ ਪਰ ਬਾਦਲ ਪਰਿਵਾਰ ਜਾਂ ਬਾਗੀ ਧੜਾ ਨਹੀਂ।
ਦੂਸਰਾ, ਹੁਣ ਇਹ ਮਸਲਾ ਚੂੰਕਿ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਗਿਆ ਹੈ, ਇਸ ਲਈ ਸਾਰੇ ਪੰਥ ਦੀਆਂ ਨਜ਼ਰਾਂ ਤੁਹਾਡੇ ਵੱਲੋਂ ਵਿਚਾਰ ਕਰਨ ਉਪਰੰਤ ਕੀਤੇ ਜਾਣ ਵਾਲੇ ਫੈਸਲੇ ਉੱਤੇ ਲੱਗ ਗਈਆਂ ਹਨ।
ਇਹਨਾਂ ਸਾਰੀਆਂ ਸਥਿਤੀਆਂ ਨੂੰ ਵੇਖਦੇ ਹੋਏ ਅਸੀਂ ਆਪ ਜੀ ਨੂੰ ਕੁਝ ਸੁਝਾਅ ਦਿੰਦੇ ਹਾਂ:
1.ਅਸੀਂ ਬੇਨਤੀ ਕਰਦੇ ਹਾਂ ਕਿ ਇਹ ਮਸਲਾ ਕੇਵਲ ਧਾਰਮਿਕ ਤਨਖਾਹ ਲਗਾਉਣ ਤੇ ਆਗੂਆਂ ਵੱਲੋਂ ਮੁਆਫੀ ਮੰਗ ਲਏ ਜਾਣ ਤਕ ਸੀਮਤ ਨਾ ਰਖਿਆ ਜਾਵੇ।ਇਹਨਾਂ ਦੋਸ਼ਾਂ ਦੇ ਫੈਸਲਿਆਂ ਬਾਰੇ ਸਿਖ ਪੰਥ ਦਾ ਨੁਮਾਇੰਦਾ ਇਕਠ 250 ਜਾਂ 300 ਦਾ ਬੁਲਾਇਆ ਜਾਵੇ ਤੇ ਇਸ ਸੰਕਟ ਦਾ ਠੋਸ ਸਿਟਾ ਕਢਿਆ ਜਾਵੇ। ਉਸ ਤੋਂ ਬਾਅਦ ਵਿਸ਼ਾਲ ਪੰਥਕ ਇਕਠ ਸਰਬੱਤ ਖਾਲਸਾ ਦੇ ਰੂਪ ਵਿਚ ਕਰਕੇ ਸਮੁਚੇ ਸਿਖ ਪੰਥ ਨੂੰ ਇਸ ਦੀ ਜਾਣਕਾਰੀ ਦੇਕੇ ਇਨ੍ਹਾਂ ਫੈਸਲਿਆਂ ਉਪਰ ਸਮਰਥਨ ਲਿਆ ਜਾਵੇ। ਇਸ ਵਿਚ ਅਕਾਲੀ ਦਲ ਪੁਨਰ ਸੁਰਜੀਤੀ,ਪੰਥਕ ਏਜੰਡੇ ,ਅਕਾਲੀ ਦਲ ਦੀ ਲੀਡਰਸ਼ਿਪ ਦਾ ਫੈਸਲਾ ਪੰਥਕ ਮਾਨਸਿਕਤਾ ਅਨੁਸਾਰ ਕਰਨ ਦੀ ਬੇਨਤੀ ਹੈ।ਇਸ ਸੰਬੰਧ ਵਿਚ ਤੁਹਾਨੂੰ ਇਤਿਹਾਸਕ ਭੂਮਿਕਾ ਨਿਭਾਉਣ ਦੀ ਲੋੜ ਹੈ।
ਇਸ ਸੰਕਟ ਬਾਰੇ ਸਿਖ ਪੰਥ ਦੀਆਂ ਸਰਬਪ੍ਰਵਾਨਿਤ ਸਖਸ਼ੀਅਤਾਂ ਬਾਬਾ ਸਰਬਜੋਤ ਸਿੰਘ ਬੇਦੀ,ਸਰਦਾਰ ਗੁਰਤੇਜ ਸਿੰਘ ਆਈਏਐਸ ,ਬੀਬੀ ਪਰਮਜੀਤ ਕੌਰ ਖਾਲੜਾ,ਜਥੇਦਾਰ ਸੁਖਦੇਵ ਸਿੰਘ ਭੌਰ,ਸਰਦਾਰ ਹਰਸਿਮਰਨ ਸਿੰਘ, ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਬਾਬਾ ਸੇਵਾ ਸਿੰਘ ਖਡੂਰ ਸਾਹਿਬ ,ਹਰਵਿੰਦਰ ਸਿੰਘ ਫੁਲਕਾ ਐਡਵੋਕੇਟ ਪ੍ਰੋਫੈਸਰ ਸੁਖਦਿਆਲ ਸਿੰਘ ,ਰਜਿੰਦਰ ਸਿੰਘ ਪੁਰੇਵਾਲ ਡਰਬੀ ਯੂਕੇ ,ਪਰਮਜੀਤ ਸਿੰਘ ਸਰਨਾ ਦਿੱਲੀ ਦਾ ਸਹਿਯੋਗ ਲਿਆ ਜਾਵੇ। ਪੰਥਕ ਸੰਕਟ ਦੇ ਹਲ ਲਈ ਇਹ ਸੁਪਰੀਮ ਪੰਥਕ ਕੌਂਸਲ ਬਣਾਈ ਜਾਵੇ ,ਜਿਸਨੂੰ ਸ੍ਰੋਮਣੀ ਕਮੇਟੀ ਤੇ ਸਮੁਚੀਆਂ ਪੰਥਕ ਧਿਰਾਂ ਸਮਰਥਨ ਦੇਣ। ਇਹ ਪੰਥਕ ਕੌਂਸਲ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਕੰਮ ਕਰੇ।ਇਸ ਤਰ੍ਹਾਂ ਕਰਨ ਨਾਲ ਜਿੱਥੇ ਤੁਹਾਨੂੰ ਸ਼ਕਤੀ ਮਿਲੇਗੀ, ਉੱਥੇ ਪੰਥ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਦੇਖ-ਰੇਖ ਹੇਠ ਪੰਥਕ ਏਕਤਾ ਕਰਨ ਦਾ ਰਸਤਾ ਵੀ ਸਾਫ ਹੋ ਜਾਏਗਾ।
2 .ਅਕਾਲੀ ਦਲ ਦੇ ਸਾਰੇ ਜਥੇਬੰਦਕ ਢਾਂਚੇ ਅਤੇ ਪ੍ਰਧਾਨ ਸਮੇਤ ਸਾਰੇ ਅਹੁਦੇਦਾਰਾਂ ਨੂੰ ਆਪਣੀਆਂ ਜਿੰਮੇਵਾਰੀਆਂ ਤੋਂ ਪਾਸੇ ਕਰ ਦਿੱਤਾ ਜਾਵੇ।ਇਸ ਦੀ ਸਾਰੀ ਜਿੰਮੇਵਾਰੀ ਸਰਬਤ ਖਾਲਸਾ ਵਲੋਂ ਥਾਪੀ ਸੁਪਰੀਮ ਖਾਲਸਾ ਕੌਂਸਲ ਨੂੰ ਦਿਤੀ ਜਾਵੇ।ਇਹ ਸਮਾਂਬੱਧ ਤਰੀਕੇ ਨਾਲ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਅਕਾਲੀ ਦਲ ਦੀ ਪੁਨਰ ਸਥਾਪਨਾ ਨੂੰ ਨੇਪਰੇ ਚਾੜਨ ਦੀ ਜਿੰਮੇਵਾਰੀ ਨਿਭਾਵੇ।ਅਕਾਲੀ ਦਲ ਕਾਰਪੋਰੇਟ ਫੰਡਾਂ ਦੀ ਥਾਂ ਸਿਖ ਪੰਥ ਦੀ ਦਸਵੰਧ ਨਾਲ ਚਲੇ।ਇਹ ਕਿਰਤੀਆਂ, ਦਬੇ ਕੁਚਲਿਆਂ ਘਟਗਿਣਤੀਆਂ ,ਪੰਜਾਬ ਦੀ ਪ੍ਰਤੀਨਿਧ ਬਣਕੇ ਸਾਹਮਣੇ ਆਏ ।ਪਰਿਵਾਰਵਾਦ ਤੇ ਜਾਤੀਵਾਦ ਦੀ ਇਸ ਵਿਚ ਕੋਈ ਥਾਂ ਨਾ ਹੋਵੇ।
3. ਇਸ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਿਕ ਤੇ ਰਾਜਨੀਤਿਕ ਉਦੇਸ਼ਾਂ ਪਰਥਾਇ ਅਨੰਦਪੁਰ ਸਾਹਿਬ ਦੇ ਮਤੇ ਉੱਤੇ ਆਧਾਰਿਤ ਗੁਰੂ ਗਰੰਥ ਸਾਹਿਬ ਦੇ ਰਾਜਨੀਤਕ ਸਿਧਾਂਤ ਪੰਥ ਅਤੇ ਪੰਜਾਬ ਨੂੰ ਇੱਕ ਨਵੀਂ ਪੰਥਕ ਦਸਤਾਵੇਜ਼ ਦੇਣ ਲਈ ਯੋਗ ਉਪਰਾਲੇ ਕਰਨ ਦੀ ਵੀ ਬੇਨਤੀ ਕੀਤੀ ਜਾਂਦੀ ਹੈ।ਇਸ ਦੇ ਨਾਲ ਸਿਖ ਸਟੂਡੈਂਟਸ ਫੈਡਰੇਸ਼ਨ, ਯੂਥ ਅਕਾਲੀ ਦਲ ,ਬੀਰ ਖਾਲਸਾ ਦਲ ਦੀ ਬਹਾਲੀ ਕੀਤੀ ਜਾਵੇ।ਪੰਜਾਬ ਦੇ ਕਿਸਾਨਾਂ ਨੂੰ ਅਕਾਲ ਤਖਤ ਸਾਹਿਬ ਨਾਲ ਜੋੜਿਆ ਜਾਵੇ।
4.. ਤਖ਼ਤ ਸਾਹਿਬਾਨ ਦੇ ਜਥੇਦਾਰ ਤੇ ਪ੍ਰਧਾਨ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਨਾਂ ਦੇਰੀ ਤੋਂ ਧਰਮ ਪ੍ਰਚਾਰ ਅਕਾਲੀ ਦਲ ਦੀ ਪੁਨਰ ਉਸਾਰੀ ਤੇ ਵਿੱਦਿਅਕ ਚੇਤਨਾ ਦੀ ਲਹਿਰ ਆਰੰਭ ਕਰਨ।
5. ਸ਼੍ਰੋਮਣੀ ਕਮੇਟੀ ਅਧੀਨ ਸੇਵਾ ਨਿਭਾ ਰਹੇ ਪ੍ਰਚਾਰਕਾਂ, ਢਾਡੀਆਂ, ਕਵੀਸ਼ਰਾਂ ਤੇ ਰਾਗੀ ਸਿੰਘਾਂ ਦੇ ਕਾਫ਼ਲੇ ਲੈ ਕੇ ਪੂਰੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ’ਚ ਅੰਮ੍ਰਿਤ ਸੰਚਾਰ ਦੀਆਂ ਵਹੀਰਾਂ ਤੋਰੀਆਂ ਜਾਣ।
6. ਰਾਜਸੀ, ਵਿੱਦਿਅਕ, ਧਾਰਮਿਕ ਜਾਂ ਆਰਥਿਕ ਖੇਤਰ ’ਚ ਪੰਜਾਬ ਦੀ ਜਵਾਨੀ ਦੇ ਸੰਤੁਸ਼ਟੀ ਭਰੇ ਭਵਿੱਖ ਲਈ ਵਿਦਵਾਨ ਸ਼ੇ੍ਣੀ ਨੂੰ ਬਣਦਾ ਮਾਣ-ਸਨਮਾਨ ਦੇ ਕੇ ਆਵਾਜ਼ ਮਾਰੀ ਜਾਵੇ ਤੇ ਇਨ੍ਹਾਂ ਦਾ ਪੂਰਨ ਸਹਿਯੋਗ ਲਿਆ ਜਾਵੇ।
7.ਇਸ ਵਹੀਰ ’ਚ ਰਾਜਸੀ ਆਗੂਆਂ ਦੀ ਸ਼ਮੂਲੀਅਤ ਤੋਂ ਪੂਰਨ ਸੰਕੋਚ ਕੀਤਾ ਜਾਵੇ।
ਆਸ ਹੈ ਆਪ ਜੀ ਸਾਡੀ ਇਸ ਯਾਚਨਾ ਦੀ ਭਾਵਨਾ ਅਨੁਸਾਰ ਫੈਸਲਾ ਲਵੋਗੇ ਜੀ।
ਗੁਰੂ ਪੰਥ ਦੇ ਦਾਸ
*ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ-ਪ੍ਰਧਾਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ,ਭਾਈ ਹਰਿਸਿਮਰਨ ਸਿੰਘ ਮੁਖੀ , ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼ , ਸ੍ਰੀ ਅਨੰਦਪੁਰ ਸਾਹਿਬ,ਪ੍ਰੋ. ਬਲਵਿੰਦਰ ਪਾਲ ਸਿੰਘ ਰੈਜੀਡੈਂਟ ਐਡੀਟਰ ਪੰਜਾਬ ਟਾਈਮਜ਼ ਡਰਬੀ ਯੂਕੇ,ਸੰਤੋਖ ਸਿੰਘ ਦਿਲੀ ਪੇਂਟ,ਸਰਪ੍ਰਸਤ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ,ਭਾਈ ਬਲਜੀਤ ਸਿੰਘ ਸਿਖ ਮਿਸ਼ਨਰੀ ਕਾਲਜ,ਮਨਜੀਤ ਸਿੰਘ ਗਤਕਾ ਮਾਸਟਰ,ਸੰਦੀਪ ਸਿੰਘ ਚਾਵਲਾ,ਠੇਕੇਦਾਰ ਹਰਦੇਵ ਸਿੰਘ,ਹਰਿ
ਭਜਨ ਸਿੰਘ ਬੈਂਸ,
ਸਾਹਿਬ ਸਿੰਘ ਆਰਟਿਸਟ
Comments (0)