ਕੈਲੀਫੋਰਨੀਆ ਵਿਚ ਲੁੱਟਮਾਰ ਦੇ ਮਾਮਲਿਆਂ ਵਿਚ 8 ਜਣਿਆਂ ਨੂੰ 1 ਤੋਂ 10 ਸਾਲ ਤੱਕ ਕੈਦ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਦੱਖਣੀ ਕੈਲੀਫੋਰਨੀਆ ਵਿਚ 17 ਮਿਲੀਅਨ ਡਾਲਰ ਤੋਂ ਵਧ ਦੇ ਲੁੱਟਮਾਰ ਮਾਮਲਿਆਂ ਵਿਚ 8 ਜਣਿਆਂ ਜਿਨਾਂ ਨੇ ਆਪਣਾ ਗੁਨਾਹ ਮੰਨ ਲਿਆ ਸੀ, ਨੂੰ 1 ਸਾਲ ਤੋਂ ਲੈ ਕੇ 10 ਸਾਲ ਤੋਂ ਵਧ ਕੈਦ ਦੀਆਂ ਸਜਾਵਾਂ ਸੁਣਾਈਆਂ ਗਈਆਂ ਹਨ। ਕੈਲੀਫੋਰਨੀਆ ਅਟਾਰਨੀ ਜਨਰਲ ਰਾਬ ਬੋਨਟਾ ਅਨੁਸਾਰ ਸ਼ੱਕੀ ਦੋਸ਼ੀਆਂ ਨੇ ਮਈ 2023 ਤੋਂ ਅਗਸਤ 2023 ਦਰਮਿਆਨ ਯੈਸ ਸੇਂਟ ਲੌਰੈਂਟ ( ਵਾਈ ਐਸ ਐਲ), ਨੋਰਡਸਟਰਾਮ ਤੇ ਲੋਇਸ ਵੂਈਟੋਨ ਸਮੇਤ ਹੋਰ ਪ੍ਰਚੂਨ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਸੀ।
ਬੋਨਟਾ ਨੇ ਕਿਹਾ ਕਿ ਇਸ ਕਿਸਮ ਦੇ ਅਪਰਾਧ ਸਾਡੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਤੇ ਸਮਾਜ ਲਈ ਗੰਭੀਰ ਖਤਰਾ ਹਨ। ਉਨਾਂ ਕਿਹਾ ਕਿ ਅਸੀਂ ਇਸ ਕਿਸਮ ਦੀਆਂ ਅਪਰਾਧਕ ਗੱਤੀਵਿਧੀਆਂ ਖਤਮ ਕਰਕੇ ਹੀ ਦਮ ਲਵਾਂਗੇ। ਜਿਨਾਂ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ ਉਨਾਂ ਵਿਚ ਜੌਰਡਨ ਹੈਰਿਸ ਨੂੰ ਸਭ ਤੋਂ ਵਧ 10 ਸਾਲ 4 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਿਪ ਹੈਨਰੀ ਨੂੰ 7 ਸਾਲ 4 ਮਹੀਨੇ, ਡੈਵਨ ਪੈਰੀ ਨੂੰ 5 ਸਾਲ 4 ਮਹੀਨੇ, ਜ਼ੀਓਨਾ ਫੈਮਾਸੋ ਨੂੰ 4 ਸਾਲ 4 ਮਹੀਨੇੇ, ਅਲਾਨਾ ਹਾਰਟ ਨੂੰ 4 ਸਾਲ, ਟਰੇਵੈਲ ਹਮਬਲੈਟ ਨੂੰ 4 ਸਾਲ, ਜੈਸਨ ਸਮਿੱਥ ਨੂੰ 3 ਸਾਲ ਤੇ ਸਭ ਤੋਂ ਘੱਟ ਬਰੀਐਨਾ ਜਿਮਨੇਜ਼ ਨੂੰ 1 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 9 ਵੇਂ ਸ਼ੱਕੀ ਈਵਾਨ ਰਮੀਰੇਜ਼ ਨੂੰ ਅਗਲੇ ਸਾਲ ਸਜ਼ਾ ਸੁਣਾਈ ਜਾਵੇਗੀ ਜੋ ਇਕ ਵੱਡੇ ਡਾਕੇ ਵਿਚ ਸ਼ਾਮਿਲ ਸੀ।
Comments (0)