ਬਰਾੜ ਦੀ ਬਗਾਵਤ ,ਅਕਾਲ ਤਖਤ ਤੇ ਅਕਾਲੀ ਦਲ ਦਾ ਜਮਾਤੀ ਸੰਕਟ

ਬਰਾੜ ਦੀ ਬਗਾਵਤ ,ਅਕਾਲ ਤਖਤ ਤੇ ਅਕਾਲੀ ਦਲ ਦਾ ਜਮਾਤੀ ਸੰਕਟ

ਅਕਾਲੀ ਦਲ ਲਈ ਧਰਮ ਸੰਕਟ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ  ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੇ ਮੁਲਾਕਾਤ ਕਰਕੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਮੰਗ ਪੱਤਰ ਦੇਕੇ ਬਾਦਲ ਅਕਾਲੀ ਦਲ ਲਈ ਧਰਮ ਸੰਕਟ ਖੜਾ ਕਰ ਦਿਤਾ ਹੈ । ਜਗਮੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਪੰਥਕ ਏਕਤਾ ਦੇ ਲਈ ਕੰਮ ਕਰਦੇ ਰਹਿਣਗੇ। ਅਕਾਲੀ ਦਲ ਦੇ ਨਿਮਾਣੇ ਵਰਕਰ ਵਾਂਗ ਕੰਮ ਕਰਨਗੇ ਉਨ੍ਹਾਂ ਨੂੰ ਕਿਸੇ ਅਹੁਦੇ ਦੀ ਲੋੜ ਨਹੀਂ। ਅਨੁਸ਼ਾਸਨੀ ਕਮੇਟੀ ਵੱਲੋਂ ਤਲਬ ਕਰਨ 'ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣਾ ਲਿਖਤੀ ਜਵਾਬ ਪਾਰਟੀ ਨੂੰ ਭੇਜ ਦਿੱਤਾ ਹੈ ਤੇ ਉਨ੍ਹਾਂ ਦੇ ਖਿਲਾਫ ਬਾਦਲ ਪਰਿਵਾਰ ਵਲੋਂ ਕੂੜ ਪ੍ਰਚਾਰ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਉਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਲੀਡਰਾਂ ਨੂੰ ਇਕੱਠਾ ਕਰਨ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਣਗੇ।

ਯਾਦ ਰਹੇ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿਚ ਸ਼ਾਮਲ ਨਾ ਕੀਤੇ ਜਾਣ ਦੇ ਇਕ ਦਿਨ ਬਾਅਦ ਬੀਤੇ ਹਫਤੇ ਸਾਬਕਾ ਸਾਂਸਦ ਜਗਮੀਤ ਸਿੰਘ ਬਰਾੜ ਨੇ ਸੀਨੀਅਰ ਆਗੂਆਂ ਦੇ ਮੁਤਵਾਜ਼ੀ ਪਾਵਰ ਗਰੁੱਪ ਦੇ ਵਿਸਥਾਰ ਦਾ ਐਲਾਨ ਕੀਤਾ ਸੀ । ਇਹ ਆਗੂ ਅਕਾਲੀ ਲੀਡਰਸ਼ਿਪ ਵਿਚ ਤਬਦੀਲੀ ਅਤੇ ਪੰਜਾਬ ਤੇ ਲੋਕ ਮੁਖੀ ਨੀਤੀਆਂ ‘ਤੇ ਚੱਲਣ ‘ਤੇ ਜ਼ੋਰ ਦੇ ਰਹੇ ਹਨ ।ਬਰਾੜ ਦਾ ਮੰਨਣਾ ਸੀ  ਕਿ ‘ਸ਼ੋ੍ਰਮਣੀ ਅਕਾਲੀ ਦਲ ਏਕਤਾ ਤਾਲਮੇਲ ਪੈਨਲ’ ਦਾ ਉਦੇਸ਼ ਪਾਰਟੀ ਨੂੰ ਮਜ਼ਬੂਤ ਕਰਨਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਰੋਡਮੈਪ ਤਿਆਰ ਕਰਨਾ ਹੈ ।

ਬਰਾੜ ਦਾ ਕਹਿਣਾ ਸੀ ਕਿ ਪਾਰਟੀ ‘ਤੇ ਪਰਿਵਾਰ ਦਾ 55 ਸਾਲ ਤੋਂ ਦਬਦਬਾ ਚੱਲ ਰਿਹਾ ਹੈ ।ਇਸ ਕਰਕੇ ਅਕਾਲੀ ਦਲ ਵਿਚ ਨਿਘਾਰ ਆਇਆ ਹੈ।  ਬੀਬੀ ਜਗੀਰ ਕੌਰ ਦੀ ਹਮਾਇਤ ਕਰਦਿਆਂ ਬਰਾੜ ਨੇ ਕਿਹਾ ਸੀ ਕਿ ਬੀਬੀ ਨੂੰ ਪਾਰਟੀ ਵਿੱਚੋਂ ਕੱਢਣਾ ਅਸੰਵਿਧਾਨਕ ਸੀ । ਬਰਾੜ ਨੇ  ਏਕਤਾ ਪੈਨਲ ਵਿਚ 12 ਹੋਰ ਮੈਂਬਰ ਸ਼ਾਮਲ ਕੀਤੇ ਸਨ। | ਇਨ੍ਹਾਂ ਵਿਚ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਦਾਮਾਦ ਤੇ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੋਤਰੇ ਆਦੇਸ਼ ਪ੍ਰਤਾਪ ਸਿੰਘ ਵੀ ਹਨ ।ਸੁਖਬੀਰ ਬਾਦਲ ਵੱਲੋਂ  ਐਲਾਨੀ ਗਈ ਕੋਰ ਕਮੇਟੀ ਅਤੇ ਪ੍ਰਧਾਨ ਦੀ ਸਲਾਹਕਾਰ ਬੋਰਡ ਵਿਚ ਕੈਰੋਂ ਨੂੰ ਵੀ ਨਹੀਂ ਸ਼ਾਮਲ ਕੀਤਾ ਗਿਆ ਸੀ | ਨਵੇਂ ਸ਼ਾਮਲ ਕੀਤੇ ਗਏ ਹੋਰਨਾਂ ਮੈਂਬਰਾਂ ਵਿਚ ਬੀਬੀ ਜਗੀਰ ਕੌਰ, ਸੁੱਚਾ ਸਿੰਘ ਛੋਟੇਪੁਰ, ਰਵੀਕਿਰਨ ਸਿੰਘ ਕਾਹਲੋਂ, ਰਤਨ ਸਿੰਘ ਅਜਨਾਲਾ, ਗਗਨਜੀਤ ਸਿੰਘ ਬਰਨਾਲਾ, ਸੁਖਵਿੰਦਰ ਸਿੰਘ ਔਲਖ, ਅਲਵਿੰਦਰ ਸਿੰਘ ਪੱਖੋਕੇ, ਪ੍ਰਵੀਨ ਨੁਸਰਤ, ਹਰਬੰਸ ਸਿੰਘ ਮੰਝਪੁਰ, ਅਮਨਦੀਪ ਸਿੰਘ ਮਾਂਗਟ ਤੇ ਨਰਿੰਦਰ ਸਿੰਘ ਕਾਲੇਕਾ ਸਨ ।ਪਰ ਰਵੀਕਰਨ ਸਿੰਘ ਕਾਹਲੋਂ ਅਤੇ ਅਰਵਿੰਦਰਪਾਲ ਸਿੰਘ ਪੱਖੋਕੇ ਨੇ ਜਗਮੀਤ ਬਰਾੜ ਵੱਲੋਂ ਕਾਇਮ ਕਮੇਟੀ ਤੋਂ ਕਿਨਾਰਾ ਕਰ ਲਿਆ ਸੀ ਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿਚ ਭਰੋਸਾ ਪ੍ਰਗਟਾਇਆ ਸੀ।  ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਉਹ ਅਕਾਲੀ ਦਲ ਦੀ ਕਿਸੇ ਵੀ ਕਮੇਟੀ ਵਿਚ ਸ਼ਾਮਲ ਨਹੀਂ ਹਨ ਅਤੇ ਨਾ ਹੀ ਉਹ ਜਗਮੀਤ ਸਿੰਘ ਬਰਾ਼ੜ ਵਲੋਂ ਐਲਾਨੀ ਗਈ ਕਮੇਟੀ ਵਿਚ ਸ਼ਾਮਲ ਹੋਣਾ ਮਨਾਸਿਬ ਸਮਝਦੇ ਹਨ।

ਬਰਾੜ ਵੱਲੋਂ ਅਕਾਲੀ ਦਲਾਂ ਦੇ ਏਕੇ ਲਈ ਗਠਿਤ ਕੀਤੀ ਤਾਲਮੇਲ ਕਮੇਟੀ ਦੇ ਵਿਸਥਾਰ ਤੋਂ ਇਕ ਦਿਨ ਬਾਅਦ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੇ ਉਨ੍ਹਾਂ ਨੂੰ 6 ਦਸੰਬਰ ਨੂੰ ਪਾਰਟੀ ਦੇ ਮੁੱਖ ਦਫਤਰ ਵਿਚ ਕਮੇਟੀ ਅੱਗੇ ਪੇਸ਼ ਹੋਕੇ ਸਪਸ਼ਟੀਕਰਨ ਦੇਣ ਲਈ  ਨੋਟਿਸ ਜਾਰੀ ਕਰ ਦਿਤਾ ਸੀ ।   ਬਾਅਦ ਵਿਚ ਇਹ ਬੈਠਕ 10 ਦਸੰਬਰ ਨੂੰ ਹੋਣ ਦਾ ਐਲਾਨ ਦਲਜੀਤ ਸਿੰਘ ਚੀਮੇ ਵਲੋਂ ਕੀਤਾ ਗਿਆ। ਚੀਮਾ ਦਾ ਕਹਿਣਾ ਸੀ ਕਿ ਜਗਮੀਤ ਸਿੰਘ ਬਰਾੜ ਦੀ ਅਪੀਲ 'ਤੇ ਬੈਠਕ ਨੂੰ ਮੁਲਤਵੀ ਕੀਤਾ ਗਿਆ ਹੈ। ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਤੋਂ ਬਾਅਦ ਤੇ ਅਸਤੀਫਾ ਦੇਣ ਤੋਂ ਬਾਅਦ ਜਾਪਦਾ ਨਹੀਂ ਕਿ ਉਹ ਬਾਦਲ ਦਲ ਦੀ ਕਮੇਟੀ ਸਾਹਮਣੇ ਪੇਸ਼ ਹੋਣ।ਹਾਲਾਂਕਿ ਕਿ ਬਾਦਲ ਪਰਿਵਾਰ ਨੇ ਆਪਣੇ ਵਿਰੁਧ ਅਕਾਲੀ ਦਲ ਵਿਚ ਬਗਾਵਤ ਕੰਟਰੋਲ ਕੀਤੀ ਹੋਈ ਹੈ।ਪਰ ਅਕਾਲੀ ਦਲ ਲਈ ਦਿਨੋਂ ਦਿਨ ਰਾਜਨੀਤਕ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ।ਇਸ ਮਸਲੇ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੀ ਭੂਮਿਕਾ ਨਿਭਾਉਂਦੇ ਹਨ ਉਹ ਆਉਣ ਵਾਲਾ ਸਮਾਂ ਦਸੇਗਾ।ਪਰ ਪੰਥਕ ਸੋਚ ਵਾਲੇ ਵਿਦਵਾਨਾਂ ਤੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਬਾਦਲਾਂ ਦਾ ਯੁਗ ਬੀਤ ਗਿਆ ਹੈ। ਬਾਦਲਾਂ ਦੀ ਅਗਵਾਈ ਵਿਚ ਅਕਾਲੀ ਦਲ ਵਿਕਸਤ ਨਹੀਂ ਹੋ ਸਕੇਗਾ।ਸੁਖਬੀਰ ਬਾਦਲ ਨੂੰ ਪ੍ਰਧਾਨਗੀ ਕਿਸੇ ਯੋਗ ਸਿਖ ਲੀਡਰ ਨੂੰ ਸੌਂਪ ਕੇ ਅਕਾਲੀ ਦਲ ਦਾ ਵਾਜੂਦ ਬਚਾਉਣਾ ਚਾਹੀਦਾ ਹੈ।ਇਸ ਨਾਲ ਬਾਦਲ ਪਰਿਵਾਰ ਦੀ ਸਾਖ ਵੀ ਬਚ ਸਕਦੀ ਹੈ। ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਸ੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜਣਾ ਹੋਣੀ ਚਾਹੀਦੀ ਹੈ।

 

ਰਜਿੰਦਰ ਸਿੰਘ ਪੁਰੇਵਾਲ