ਛੇਤੀ ਹੀ ਆਬਾਦੀ ਦੀ ਸਮੱਸਿਆ ਚੀਨ ਤੋਂ ਵਡੀ ਬਣੇਗੀ  ਭਾਰਤ ਲਈ 

ਛੇਤੀ ਹੀ ਆਬਾਦੀ ਦੀ ਸਮੱਸਿਆ ਚੀਨ ਤੋਂ ਵਡੀ ਬਣੇਗੀ  ਭਾਰਤ ਲਈ 

ਵਿਸ਼ੇਸ਼ ਮੁਦਾ

ਇਕ ਸਮੱਸਿਆ ਨਾਲ ਨਜਿੱਠਣ ਲਈ ਦੇਸ਼ ਅਜੇ ਯਤਨਸ਼ੀਲ ਹੁੰਦਾ ਹੈ ਤਾਂ ਦੂਜੀ ਗੰਭੀਰ ਸਮੱਸਿਆ ਦੇਸ਼ ਨੂੰ ਘੇਰ ਲੈਂਦੀ ਹੈ। ਦਰਅਸਲ ਵਧਦੀ ਆਬਾਦੀ ਹੀ ਕਿਸੇ ਵੀ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਦੀ ਮੂਲ ਜੜ੍ਹ ਹੁੰਦੀ ਹੈ । ਭਾਰਤ ਵੀ ਇਸ ਤੋਂ ਬਾਹਰ ਨਹੀਂ ਹੈ । ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਅਗਲੇ ਸਾਲ 2023 ’ਵਿਚ ਭਾਰਤ ਚੀਨ ਨੂੰ ਪਛਾੜ ਕੇ ਆਬਾਦੀ ’ਚ ਪਹਿਲੇ ਸਥਾਨ ’ਤੇ ਆ ਜਾਵੇਗਾ ਭਾਵ ਮਿੱਥੇ ਸਮੇਂ ਤੋਂ ਦੋ-ਚਾਰ ਸਾਲ ਪਹਿਲਾਂ ਹੀ ਸਮੂਹ ਦੁਨੀਆ ਵਿਚ ਸਭ ਤੋਂ ਅੱਗੇ ਨਿਕਲ ਜਾਵੇਗਾ । ਹੁਣ ਫ਼ੈਸਲਾ ਤੁਹਾਡੇ ਹੀ ਹੱਥ ’ਚ ਹੈ ਕਿ ਆਬਾਦੀ ਵਿਸਫੋਟ ਦਾ ਹੋਣਾ ਖ਼ੁਸ਼ਖ਼ਬਰੀ ਹੈ ਜਾਂ ਚਿੰਤਾ ਦੀ ਗੱਲ। ਸਾਨੂੰ ਹੁਣ ਤੋਂ ਹੀ ਆਬਾਦੀ ’ਤੇ ਕੰਟਰੋਲ ਕਰਨ ਲਈ ਯਤਨਸ਼ੀਲ ਹੋਣਾ ਬੇਹੱਦ ਜ਼ਰੂਰੀ ਹੈ ।

ਨਿਰਸੰਦੇਹ ਭਾਰਤ ’ਚ ਦੁਨੀਆ ਦੇ ਮੁਕਾਬਲਤਨ ਨੌਜਵਾਨ ਵਰਗ ਦੀ ਆਬਾਦੀ ਸਭ ਤੋਂ ਵੱਧ ਹੈ । ਇਹ ਸਾਡੀ ਖ਼ੁੁਸ਼ਕਿਸਮਤੀ ਹੈ ਪਰ ਬਦਕਿਸਮਤੀ ਇਹ ਹੈ ਕਿ ਦੇਸ਼ ਦੇ ਨੌਜਵਾਨਾਂ ਦਾ ਵੱਡਾ ਵਰਗ ਬੇਰੁਜ਼ਗਾਰ ਹੈ ਤੇ ਸਾਰਿਆਂ ਨੂੰ ਕੰਮ ਦੇਣਾ ਬਹੁਤ ਮੁਸ਼ਕਿਲ ਹੈ । ਇਹ ਵੀ ਇਕ ਬੇਹੱਦ ਚੁਣੌਤੀਪੂਰਨ ਸਥਿਤੀ ਹੈ। ਇਸ ਲਈ ਇਹ ਬਹੁਤ ਚਿੰਤਾ ਦੀ ਗੱਲ ਹੈ । ਸੰਯੁਕਤ ਰਾਸ਼ਟਰ ਵੱਲੋਂ ਜਾਰੀ ਹਾਲੀਆ ਰਿਪੋਰਟ ਅਨੁਸਾਰ ਭਾਰਤ ਸਾਲ 2027 ਦੀ ਬਜਾਏ 2023 ’ਚ ਹੀ ਆਬਾਦੀ ਦੇ ਲਿਹਾਜ਼ ਨਾਲ ਨੰਬਰ ਇਕ ਬਣ ਜਾਵੇਗਾ । ਚਾਰ ਸਾਲ ਪਹਿਲਾਂ ਆਬਾਦੀ ਵਿਸਫੋਟ ਦੇ ਕਈ ਮੁੱਖ ਕਾਰਨ ਹਨ। ਸਭ ਤੋਂ ਪਹਿਲਾ ਤੇ ਮੁੱਖ ਕਾਰਨ ਹੈ ਕਿ ਸਾਡਾ ਦੇਸ਼ ਆਬਾਦੀ ਕੰਟਰੋਲ ’ਚ ਪਰਿਵਾਰ ਨਿਯੋਜਨ ਪ੍ਰਤੀ ਉਦਾਰਵਾਦੀ ਹੈ । ਇੱਥੇ ਕਿਸੇ ’ਤੇ ਵੀ ਪਰਿਵਾਰ ਨਿਯੋਜਨ ਦੀ ਸਖ਼ਤੀ ਲਾਗੂ ਨਹੀਂ ਹੈ। ਆਬਾਦੀ ਵਧਣ ਨਾਲ ਹਰੇਕ ਨੂੰ ਕੰਮ ਤੇ ਰੋਟੀ ਦੇਣੀ ਬਹੁਤ ਮੁਸ਼ਕਿਲ ਹੈ ।

ਕੁਝ ਕੁ ਸਿਆਸੀ ਪਾਰਟੀਆਂ ਆਬਾਦੀ ’ਤੇ ਕੰਟਰੋਲ ਦੇ ਪੱਖ ’ਚ ਹਨ ਤੇ ਬਹੁਤ ਸਾਰੇ ਆਬਾਦੀ ਕੰਟਰੋਲ ਕਰਨ ਦਾ ਵਿਰੋਧ ਕਰ ਰਹੇ ਹਨ। ਦੇਖੋ , ਪੱਲੜਾ ਕਿਸ ਦਾ ਭਾਰੂ ਹੁੰਦਾ ਹੈ । ਭਾਰਤ ਕੋਲ ਸੰਸਾਰ ਦਾ ਸਿਰਫ਼ ਢਾਈ ਫ਼ੀਸਦ ਤੋਂ ਘੱਟ ਭੂ-ਭਾਗ ਹੈ। ਇੱਥੇ 18 ਫ਼ੀਸਦ ਦੇ ਕਰੀਬ ਆਬਾਦੀ ਦਾ ਬੋਝ ਹੋਵੇਗਾ। ਇਹ ਬੇਹੱਦ ਗੰਭੀਰ ਸੰਕਟਮਈ ਸਮਾਂ ਆ ਰਿਹਾ ਹੈ ਕਿਉਂਕਿ ਇਹ ਸਮੁੱਚੀ ਦੁਨੀਆ ਦੇ ਲਈ ਵੀ ਚੁਣੌਤੀ ਹੈ ਕਿ ਇਸ ਸਾਲ ਦੇ ਅਖੀਰ ਵਿਚ ਸਮੂਹ ਦੁਨੀਆ ਦੀ ਜਨਸੰਖਿਆ 8 ਅਰਬ ਪਾਰ ਕਰ ਜਾਵੇਗੀ। ਚਿੰਤਾਜਨਕ ਗੱਲ ਤਾਂ ਇਹ ਹੈ ਕਿ ਭਵਿੱਖ ’ਚ ਆਬਾਦੀ ਵਿਸਫੋਟ ਬੇਹੱਦ ਖ਼ਤਰਨਾਕ ਸਾਬਤ ਹੋ ਜਾਵੇਗਾ। ਪਿਛਲੇ ਇਕ ਦਹਾਕੇ ’ਚ ਆਬਾਦੀ ਇਕ ਅਰਬ ਵੱਧ ਚੁੱਕੀ ਹੈ ਤੇ ਆਉਣ ਵਾਲੇ ਦੋ ਦਹਾਕਿਆਂ ਵਿਚ ਸਮੁੱਚੀ ਦੁਨੀਆ ਦੀ ਆਬਾਦੀ ਦੋ ਅਰਬ ਵੱਧ ਜਾਵੇਗੀ ।

ਇਹ ਗੱਲ ਜ਼ਿਕਰਯੋਗ ਹੈ ਕਿ ਗ਼ਰੀਬ ਤੇ ਵਿਕਾਸਸ਼ੀਲ ਦੇਸ਼ਾਂ ਵਿਚ ਹੀ ਜਨਸੰਖਿਆ ਜ਼ਿਆਦਾ ਹੈ । ਦੁਨੀਆ ਦੇ ਵਿਕਸਿਤ ਦੇਸ਼ ਜਨਸੰਖਿਆ ਕੰਟਰੋਲ ਦਾ ਟੀਚਾ ਪ੍ਰਾਪਤ ਕਰ ਚੁੱਕੇ ਹਨ ਪਰ ਏਸ਼ਿਆਈ ਮੁਲਕਾਂ ’ਵਿਚ ਪੂਰੀ ਦੁਨੀਆ ਦੀ ਸੱਠ ਫ਼ੀਸਦ ਦੇ ਲਗਭਗ ਜਨਸੰਖਿਆ ਰਹਿੰਦੀ ਹੈ । ਇਸ ਤਰ੍ਹਾਂ ਸਿਰਫ਼ ਭਾਰਤ ’ਚ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਦਾ ਹੋਣਾ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ । ਇਸ ਨਾਲ ਆਉਣ ਵਾਲੇ ਕੱਲ੍ਹ ਦੀਆਂ ਗੰਭੀਰ ਸਮੱਸਿਆਵਾਂ ਵੱਲ ਸਾਡਾ ਧਿਆਨ ਦਿਵਾਇਆ ਜਾ ਰਿਹਾ ਹੈ । ਇਨ੍ਹਾਂ ਹਾਲਤਾਂ ਨੂੰ ਵੇਖ ਕੇ ਇਹ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਕੁਝ ਕੁ ਸਾਲਾਂ ਵਿਚ ਅਨਾਜ ਦੀ ਬਹੁਤ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

ਖੇਤੀਬਾੜੀ ਦਾ ਰਕਬਾ ਦਿਨ-ਬਦਿਨ ਘਟਦਾ ਜਾ ਰਿਹਾ ਹੈ ਤੇ ਇਸ ਦੀ ਜਗ੍ਹਾ ਬਹੁਮੰਜ਼ਿਲਾ ਇਮਾਰਤਾਂ , ਸੜਕਾਂ ਦਾ ਵਿਸ਼ਾਲ ਜਾਲ ਵਿਛ ਰਿਹਾ ਹੈ। ਇਹ ਸਭ ਵਧਦੀ ਆਬਾਦੀ ਕਾਰਨ ਹੀ ਹੈ । ਇੱਥੇ ਇਹ ਗੱਲ ਕਹਿਣੀ ਵੀ ਅਣਉੱਚਿਤ ਨਹੀਂ ਹੈ ਕਿ ਬੇਤਹਾਸ਼ਾ ਵਧ ਰਹੀ ਆਬਾਦੀ ਨੂੰ ਕੰਟਰੋਲ ’ਚ ਲਿਆਉਣ ਲਈ ਕੁਦਰਤ ਹੀ ਆਪਣਾ ਖੇਡ ਵਿਖਾਉਂਦੀ ਹੈ। ਸਮੇਂ ਦੀ ਮੰਗ ਦੇ ਮੱਦੇਨਜ਼ਰ ਸਾਨੂੰ ਜਨਸੰਖਿਆ ਦੇ ਵਾਧੇ ਨੂੰ ਰੋਕਣ ਲਈ ਪਰਿਵਾਰ ਨਿਯੋਜਨ ਦੇ ਵੱਖ-ਵੱਖ ਤਰੀਕੇ ਅਪਣਾਉਣ ’ਤੇ ਵੱਧ ਤੋਂ ਵੱਧ ਜ਼ੋਰ ਲਾਉਣਾ ਚਾਹੀਦਾ ਹੈ।

ਆਬਾਦੀ ਕੰਟਰੋਲ ਵਿਚ ਲਿਆਉਣ ਲਈ ਸਖ਼ਤੀ ਕੋਈ ਬਹੁਤੀ ਜ਼ਰੂਰੀ ਨਹੀਂ । ਹਾਂ, ਆਪਸੀ ਸਹਿਯੋਗ, ਸੂਝ-ਬੂਝ ਨਾਲ ਇਸ ਭਾਰੀ- ਭਰਕਮ ਸਮੱਸਿਆ ਨਾਲ ਨਜਿੱਠਣ ਦੀ ਲੋੜ ਹੈ ਕਿਉਂਕਿ ਭਾਰਤ ਇਕ ਜਮਹੂਰੀ ਦੇਸ਼ ਹੈ । ਚੀਨ ਨੇ ਇਸ ਗੰਭੀਰ ਸੰਕਟ ਨੂੰ ਚੁਣੌਤੀ ਵਜੋਂ ਲਿਆ। ਇਸੇ ਲਈ 1979 ’ਚ ਚੀਨ ਨੇ ਜਨਸੰਖਿਆ ’ਤੇ ਕੰਟਰੋਲ ਕਰਨ ਲਈ ਸੰਤਾਨ ਨੀਤੀ ਨੂੰ ਸਖ਼ਤੀ ਨਾਲ ਲਾਗੂ ਕੀਤਾ । ਸਿਰਫ਼ ਇਕ ਬੱਚੇ ਤੋਂ ਵੱਧ ਹੋਰ ਸੰਤਾਨ ਪੈਦਾ ਕਰਨ ’ਤੇ ਰੋਕ ਲਾਈ। ਕੁਝ ਕੁ ਸਾਲ ਪਹਿਲਾਂ ਇਸ ਕਾਨੂੰਨ ’ਚ ਤਬਦੀਲੀ ਲਿਆਉਣ ਦੀ ਕਵਾਇਦ ਸ਼ੁਰੂ ਕਰਨੀ ਪਈ ਕਿਉਂਕਿ ਚੀਨ ’ਚ ਸਮੇਂ ਨਾਲ ਉਤਪਾਦਨ ਕੇਂਦਰ ਬਣਨ ਤੇ ਰੁਜ਼ਗਾਰ ਦੇ ਮੌਕਿਆਂ ਵਿਚ ਬੇਤਹਾਸ਼ਾ ਵਾਧਾ ਹੋਇਆ। ਇਸ ਤਰ੍ਹਾਂ ਨਾਲ ਚੀਨ ਨੇ ਜਨਸੰਖਿਆ ਕੰਟਰੋਲ ਦੇ ਆਪਣੇ ਟੀਚੇ ਨੂੰ ਹਾਸਲ ਕਰ ਲਿਆ। ਉੱਥੋਂ ਦੇ ਲੋਕਾਂ ਦੇ ਸੱਭਿਆਚਾਰ ਅਤੇ ਸੋਚ ’ਚ ਬਹੁਤ ਅੰਤਰ ਆ ਚੁੱਕਿਆ ਹੈ । ਭਾਰਤ ਦੇ ਮੁਕਾਬਲਤਨ ਚੀਨ ਦਾ ਖੇਤਰਫਲ, ਵਸੀਲੇ ਅਤੇ ਰੁਜ਼ਗਾਰ ਕਾਫ਼ੀ ਹਨ । ਉੱਥੋਂ ਦਾ ਸਖ਼ਤ ਅਨੁਸ਼ਾਸਨ ਵੀ ਦੇਸ਼ ਦੀ ਇਕ ਵੱਖਰੀ ਤਾਕਤ ਹੈ । ਬੇਸ਼ੱਕ ਭਾਰਤ ’ਵਿਚ ਇਹ ਕੁਝ ਸੰਭਵ ਤਾਂ ਨਹੀਂ ਪਰ ਦੇਸ਼ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਅਤੇ ਧਾਰਮਿਕ ਜਥੇਬੰਦੀਆਂ ਦੀ ਆਪਸੀ ਰਜ਼ਾਮੰਦੀ ਨਾਲ ਇਸ ਸਮੱਸਿਆ ’ਤੇ ਕਾਬੂ ਪਾਇਆ ਜਾ ਸਕਦਾ ਹੈ। ਸਿਹਤ ਸਹੂਲਤਾਂ ਮੁਹੱਈਆ ਕਰਵਾਉਣ, ਸਿੱਖਿਆ ਨੀਤੀ ’ਚ ਤਬਦੀਲੀ ਅਤੇ ਰੁਜ਼ਗਾਰ ਵਿਚ ਵਾਧਾ, ਸ਼ਹਿਰੀਕਰਨ ਦੇ ਨਾਲ-ਨਾਲ ਪੇਂਡੂ ਵਿਕਾਸ, ਸਨਅਤੀ ਵਿਕਾਸ ਆਦਿ ਨਾਲ ਅਸੀਂ ਆਬਾਦੀ ਦੇ ਸੰਕਟ ਨੂੰ ਨਜਿੱਠਣ ’ਵਿਚ ਕਾਮਯਾਬ ਹੋ ਸਕਦੇ ਹਾਂ ।

ਆਖ਼ਰ ’ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਸਾਡੇ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਕੁੱਲੀ , ਗੁੱਲੀ, ਜੁੱਲੀ, ਸਿਹਤ ਤੇ ਸਿੱਖਿਆ ਨੂੰ ਪਹਿਲ ਦਿੱਤੀ ਜਾਵੇ । ਜਨਸੰਖਿਆ ਕੰਟਰੋਲ ਨੂੰ ਉਤਸ਼ਾਹਿਤ ਕਰਨ ਲਈ ਹਰੇਕ ਨਾਗਰਿਕ ਨੂੰ ਇਸ ਦੇ ਨਫ਼ੇ-ਨੁਕਸਾਨ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਜਾਵੇ । ਅੰਤ ’ਵਿਚ ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਸਿਆਸੀ ਪਾਰਟੀਆਂ ਸੱਤਾ ’ਵਿਚ ਆਉਣ ਲਈ ਲੋਕਾਂ ਨੂੰ ਸਬਸਿਡੀ ਦਾ ਲਾਲਚ ਨਾ ਦੇਣ ਸਗੋਂ ਹੋਰ ਬਹੁਤ ਤਰੀਕੇ ਹਨ, ਜਿਨ੍ਹਾਂ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਦੀ ਲੋੜ ਪੈਣ ’ਤੇ ਸਹਾਇਤਾ ਕੀਤੀ ਜਾ ਸਕਦੀ ਹੈ ।

ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਵਾਧੂ ਆਬਾਦੀ ਕਿਸੇ ਵੀ ਦੇਸ਼ ਲਈ ਬਰਬਾਦੀ ਦਾ ਬਹੁਤ ਵੱਡਾ ਕਾਰਨ ਬਣ ਸਕਦੀ ਹੈ । ਸੋਚਣ ਵਾਲੀ ਗੱਲ ਇਹ ਹੈ ਕਿ ਵਧਦੀ ਆਬਾਦੀ ਨੂੰ ਵਸਾਉਣ ਲਈ ਜ਼ਮੀਨ ਕਿੱਥੋਂ ਮਿਲੇਗੀ? ਝੁੱਗੀ-ਝੌਂਪੜੀ ’ਵਿਚ ਗੁਜ਼ਾਰਾ ਅਸੰਭਵ ਹੈ । ਇਸ ਲਈ ਆਓ ਇਕਜੁੱਟ ਹੋਈਏ ਤੇ ਆਬਾਦੀ ’ਵਿਚ ਪਹਿਲਾ ਸਥਾਨ ਹਾਸਲ ਕਰਨ ਦੀ ਬਜਾਏ ਦੇਸ਼ ਨੂੰ ਵਿਕਸਤ ਕਰਨ ਲਈ ਹੋਰ ਖੇਤਰਾਂ ’ਚ ਅੱਵਲ ਲਿਆਉਣ ਦੀ ਕੋਸ਼ਿਸ਼ ਕਰੀਏ। ਇਸ ’ਚ ਹੀ ਸਾਡੇ ਦੇਸ਼ ਦਾ ਭਲਾ ਹੈ।

 

     ਵਰਿੰਦਰ ਸ਼ਰਮਾ