ਕੀ ਅਕਾਲ ਤਖਤ ਦਾ ਜਥੇਦਾਰ ਬਦਲਿਆ ਜਾਵੇਗਾ ?

ਕੀ ਅਕਾਲ ਤਖਤ ਦਾ ਜਥੇਦਾਰ ਬਦਲਿਆ ਜਾਵੇਗਾ ?

ਟਕਸਾਲੀ ਅਕਾਲੀ ਤੇ ਦਿੱਲੀ ਦੀ ਸਿਆਸਤ

 ਅਜਨਾਲਾ ਵਿਚ ਵਾਪਰੀ ਘਟਨਾ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ  ਮਾਰਚ ਵਿਚ  ਲਿਜਾਏ  ਜਾਣ ਬਾਰੇ ਜਥੇਦਾਰ ਹਰਪ੍ਰੀਤ ਸਿੰਘ ਦੇ ਸੰਤੁਲਿਤ ਬਿਆਨ ਬਾਅਦ ਅਕਾਲੀ ਦਲ ਬਾਦਲ ਦਾ ਇਸ ਘਟਨਾ ਬਾਰੇ ਤਿਖਾ ਪ੍ਰਤੀਕਰਮ ਹੋਇਆ ਹੈ।ਅਕਾਲ ਤਖਤ ਦੇ ਜਥੇਦਾਰ ਵਲੋਂ  ਬਾਦਲ ਦੀ ਹਾਈਕਮਾਂਡ ਦੀ ਚਾਹਿਤ ਅਨੁਸਾਰ ਅੰਮ੍ਰਿਤਪਾਲ ਸਿੰਘ ਵਿਰੁੱਧ ਸਖਤ ਸਟੈਂਡ ਨਾ ਲੈਣ ਕਾਰਣ ਹਾਈਕਮਾਂਡ ਔਖੀ ਹੈ।ਬਾਦਲ ਦਲ ਅਨੁਸਾਰੀ  ਅਕਾਲ ਤਖਤ ਸਾਹਿਬ ਦਾ ਪੱਕਾ ਜਥੇਦਾਰ ਜਲਦ ਲੱਗਾਉਣ ਦੀ ਸੰਭਾਵਨਾ ਬਣ ਗਈ ਹੈ।ਬਾਦਲ ਦਲ ਨੂੰ ਜਾਪ ਰਿਹਾ ਕਿ ਅੰਮ੍ਰਿਤਪਾਲ ਸਿੰਘ ਦਾ ਪੰਥਕ ਹਲਕਿਆਂ ਵਿਚ ਉਭਾਰ ਅਕਾਲੀ ਦਲ ਦੇ ਆਧਾਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।ਇਸੇ ਕਰਕੇ ਉਹ ਗੁਰੂ ਗਰੰਥ ਸਾਹਿਬ ਦੇ ਅਦਬ ਦੇ ਮਸਲੇ ਉਪਰ ਅੰਮ੍ਰਿਤਪਾਲ ਸਿੰਘ ਨੂੰ ਘੇਰਨਾ ਚਾਹੁੰਦੇ ਹਨ।

ਟਕਸਾਲੀ ਅਕਾਲੀ ਤੇ ਦਿੱਲੀ ਦੀ ਸਿਆਸਤ ਵਿੱਚ ਵਿਸ਼ੇਸ਼ ਪਛਾਣ ਰੱਖਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਐਸਟੈਟ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ਼੍ਰ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਾਰਗੁਜ਼ਾਰੀ ‘ਤੇ ਅਸ਼ੰਤੁਸਟੀ ਪ੍ਰਗਟ ਕਰਦਿਆ ਕਿਹਾ ਕਿ ਕੋਈ ਯੋਗ ਉਮੀਦਵਾਰ ਮਿਲਣ ‘ਤੇ ਜਥੇਦਾਰ ਦੀ ਤਬਦੀਲੀ ਕਰ ਦਿੱਤੀ ਜਾਵੇਗੀ।ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬਹੁਤ ਸਾਰੇ ਅਜਿਹੇ ਮਸਲੇ ਹਨ ਜਿਹਨਾਂ ਦਾ ਜਥੇਦਾਰ ਅਕਾਲ ਤਖਤ ਨੂੰ ਖੁਦ ਹੀ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਸੀ ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਜਿੰਮੇਵਾਰੀ ਨੂੰ ਨਹੀਂ ਨਿਭਾਇਆ।ਉਹਨਾਂ ਕਿਹਾ ਕਿ ਜਿਹੜਾ ਜਥੇਦਾਰ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਰਹਿੰਦਾ ਹੈ ਉਸ ਨੂੰ ਆਪਣੇ ਅਹੁਦੇ ‘ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀ ਹੂੰਦਾ। ਅਜਨਾਲਾ ਵਿਖੇ ਵਾਪਰੀ ਘਟਨਾ ਨੂੰ ਮੰਦਭਾਗਾ ਦੱਸਦਿਆ ਸ੍ਰ. ਸਰਨਾ ਨੇ ਕਿਹਾ ਕਿ  ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ  ਅਰਦਾਸ ਕਰਕੇ ਤਾਂ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਉਸ ਦੀ ਆੜ ਹੇਠ ਥਾਣੇ ‘ਤੇ ਹਮਲਾ ਕਰਨਾ ਮੰਦਭਾਗਾ ਹੈ।

ਸੂਤਰਾਂ ਅਨੁਸਾਰ ਜਥੇਦਾਰ ਵਲੋਂ ਬਾਦਲ ਦਲ ਵਾਂਗ ਸਟੈਂਡ ਨਾ ਲੈਣ ਕਾਰਣ ਹਾਈਕਮਾਂਡ ਔਖੀ ਹੈ।ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ  ਨੇ ਅਜਨਾਲਾ ਦੇ ਮਾਮਲੇ ਤੋਂ ਬਾਅਦ ਰੋਸ ਪ੍ਰਦਰਸ਼ਨਾਂ, ਮੁਜ਼ਾਹਰਿਆਂ, ਧਰਨਿਆਂ ਤੇ ਕਬਜ਼ੇ ਵਾਲੀਆਂ ਥਾਵਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲੈ ਕੇ ਜਾਣ ਅਤੇ ਪ੍ਰਕਾਸ਼ ਕਰਨ ਦੇ ਰੁਝਾਨ ਸਬੰਧੀ ਕੋਈ ਯੋਗ ਨਿਰਣਾ ਲੈਣ ਵਾਸਤੇ ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ ਅਤੇ ਸਿੱਖ ਵਿਦਵਾਨਾਂ ’ਤੇ ਅਆਧਾਰਿਤ 15 ਮੈਂਬਰੀ ਸਬ-ਕਮੇਟੀ ਦਾ ਗਠਨ ਕੀਤਾ ਹੈ, ਜੋ 15 ਦਿਨਾਂ ਅੰਦਰ ਆਪਣੀ ਸਾਂਝੀ ਰਾਏ ਅਨੁਸਾਰ ਰਿਪੋਰਟ ਤਿਆਰ ਕਰ ਕੇ ਅਕਾਲ ਤਖ਼ਤ ਨੂੰ ਸੌਂਪੇਗਾ। ਸਾਬਕਾ ਫੈਡਰੇਸ਼ਨ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਸਲਾਹਕਾਰ ਬੋਰਡ ਦੇ ਮੈਂਬਰ ਕਰਨੈਲ ਸਿੰਘ ਪੀਰ-ਮੁਹੰਮਦ ਨੂੰ ਸਬ-ਕਮੇਟੀ ਦਾ ਕੋਆਰਡੀਨੇਟਰ ਬਣਾਇਆ ਗਿਆ ਹੈ। ਅਕਾਲ ਤਖਤ ਦੇ ਸਕੱਤਰੇਤ ਤੋਂ ਜਾਰੀ ਪੱਤਰ ਅਨੁਸਾਰ ਸਬ-ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਦਿੱਲੀ ਕਮੇਟੀ ਅਤੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ, ਨਿਹੰਗ ਜਥੇਬੰਦੀ ਹਰੀਆਂ ਵੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ, ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ, ਜਥੇਦਾਰ ਬਾਬਾ ਬਲਵੀਰ ਸਿੰਘ ਮੁਖੀ ਬੁੱਢਾ ਦਲ, ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਬਾਬਾ ਗੱਜਣ ਸਿੰਘ ਤਰਨਾ ਦਲ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾ ਦਲ, ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਪ੍ਰਿੰਸੀਪਲ ਸਿੱਖ ਮਿਸ਼ਨਰੀ ਕਾਲਜ ਚੌਂਤਾ ਕਲਾਂ, ਰਜਿੰਦਰ ਸਿੰਘ ਮਹਿਤਾ ਮੈਂਬਰ ਸ਼੍ਰੋਮਣੀ ਕਮੇਟੀ, ਡਾ. ਪਰਮਵੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਿੱਖ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ, ਤਲਵਿੰਦਰ ਸਿੰਘ ਬੁੱਟਰ ਅਤੇ ਡਾ. ਅਮਰਜੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਵਲੋਂ ਗੁਰਬਾਣੀ, ਸਿਧਾਂਤ, ਇਤਿਹਾਸ, ਮਰਿਆਦਾ ਅਤੇ ਪਰੰਪਰਾ ਦੀ ਰੌਸ਼ਨੀ ਵਿਚ ਧਰਨਿਆਂ, ਮੁਜ਼ਾਹਰਿਆਂ ਅਤੇ ਕਬਜ਼ਿਆਂ ਵਾਲੀਆਂ ਥਾਵਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦੇ ਵਧ ਰਹੇ ਰੁਝਾਨ ਸਬੰਧੀ ਸਾਂਝੀ ਰਾਏ ਤਿਆਰ ਕਰਕੇ ਸ੍ਰੀ ਅਕਾਲ ਤਖ਼ਤ ਨੂੰ ਸੌਂਪੀ ਜਾਵੇਗੀ, ਜਿਸ ਦੇ ਆਧਾਰ ’ਤੇ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਭਵਿੱਖ ਲਈ ਕੋਈ ਢੁੱਕਵੀਂ ਨੀਤੀ ਤੈਅ ਕੀਤੀ ਜਾਵੇਗੀ। ਪਰ ਹੁਣੇ ਜਿਹੇ ਭਾਈ ਅੰਮਿ੍ਤਪਾਲ ਨਾਲ ਜਥੇਦਾਰ ਦੀ ਲੰਬੀ ਮੀਟਿੰਗ ਤੋਂ ਪਰੇਸ਼ਾਨ  ਸ਼੍ਰੋਮਣੀ ਕਮੇਟੀ ਵਿਚ ਅਤੇ ਅਕਾਲੀ ਦਲ ਵਿਚ ਇਸ ਗੱਲ 'ਤੇ ਗੰਭੀਰ ਵਿਚਾਰ ਚਰਚਾ ਸ਼ੁਰੂ ਹੋ ਗਈ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੱਕਾ ਜਥੇਦਾਰ ਜਲਦੀ ਲਾਇਆ ਜਾਵੇ। ਹਾਲੇ ਤਕ ਸ੍ਰੋਮਣੀ ਕਮੇਟੀ ਨੂੰ ਇਸ ਅਹੁਦੇ ਬਾਰੇ ਢੁਕਵੀਂ ਸਖਸ਼ੀਅਤ ਨਹੀਂ ਮਿਲੀ।