ਯੂਕਰੇਨ ਸੰਕਟ ਕਾਰਣ ਸੰਸਾਰ ਵਿਚ ਫੈਲ ਸਕਦੀ ਹੈ ਭੁੱਖ ਮਰੀ 

ਯੂਕਰੇਨ ਸੰਕਟ ਕਾਰਣ ਸੰਸਾਰ ਵਿਚ ਫੈਲ ਸਕਦੀ ਹੈ ਭੁੱਖ ਮਰੀ 

ਆਲਮੀ ਸੰਕਟ

ਯੂਕਰੇਨ ਤੇ ਰੂਸੀ ਹਮਲੇ ਤੋਂ ਬਾਅਦ ਇੱਕ ਵਾਰੀ ਫਿਰ ਆਲਮੀ ਖ਼ੁਰਾਕ ਮੰਡੀਆਂ ਨੂੰ ਗੜਬੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਕਾਰਨ ਦੁਨੀਆ ਭਰ ਦੀਆਂ ਕਮਜ਼ੋਰ ਆਬਾਦੀਆਂ ਦੀ ਅੰਨ ਸੁਰੱਖਿਆ ਲਈ ਭਾਰੀ ਖ਼ਤਰਾ ਖੜ੍ਹਾ ਹੋ ਸਕਦਾ ਹੈ। ਆਲਮੀ ਖ਼ੁਰਾਕ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਡੇਵਿਡ ਬੀਸਲੀ ਨੇ ਹਾਲ ਹੀ ਵਿੱਚ ਬਲੂਮਬਰਗ ਨਾਲ ਗੱਲਬਾਤ ਕਰਦਿਆਂ ਮੰਨਿਆ: ‘‘ਯੂਕਰੇਨ ਵਿੱਚ ਚੱਲਦੇ ਬੰਬ ਤੇ ਗੋਲੀਆਂ ਆਲਮੀ ਭੁੱਖ ਸੰਕਟ ਨੂੰ ਅਜਿਹੀ ਕਿਸੇ ਵੀ ਹੱਦ ਤੋਂ ਪਾਰ ਲਿਜਾ ਸਕਦੇ ਹਨ, ਜਿਸ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ।’’

ਗ਼ੌਰਤਲਬ ਹੈ ਕਿ ਅਸੀਂ ਹਾਲੇ 2007-08 ਵਿੱਚ ਹੀ ਇੱਕ ਭਾਰੀ ਆਲਮੀ ਖ਼ੁਰਾਕ ਸੰਕਟ ਦਾ ਸਾਹਮਣਾ ਕੀਤਾ ਹੈ ਅਤੇ ਇਸ ਦੇ ਸਿੱਟੇ ਵਜੋਂ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਬੇਕਾਬੂ ਹੋ ਗਈਆਂ ਸਨ। ਉਦੋਂ ਕਾਰਕਾਂ ਦੀ ਇੱਕ ਲੜੀ ਜੁੜ ਗਈ ਸੀ, ਜਿਵੇਂ-ਬਾਲਣ ਤੇਲ ਦੀਆਂ ਵਧਦੀਆਂ ਕੀਮਤਾਂ, ਵਧੇਰੇ ਖ਼ੁਰਾਕੀ ਪੈਦਾਵਾਰ ਦਾ ਜੈਵਿਕ-ਬਾਲਣਾਂ ਵਿੱਚ ਜਾਣਾ ਅਤੇ ਵਾਅਦਾ ਬਾਜ਼ਾਰ  ਕਾਰਨ ਵਸਤਾਂ ਦੀਆਂ ਕੀਮਤਾਂ ਦਾ ਵਧਣਾ ਆਦਿ। ਇਸ ਸਭ ਕਾਸੇ ਨੇ ਨਾ ਸਿਰਫ਼ ਆਲਮੀ ਖ਼ੁਰਾਕੀ ਸਪਲਾਈ ਨੂੰ ਸੁੰਗੇੜ ਦਿੱਤਾ ਸੀ, ਸਗੋਂ ਇਹ 37 ਮੁਲਕਾਂ ਵਿੱਚ ਖ਼ੁਰਾਕੀ ਦੰਗਿਆਂ ਦਾ ਕਾਰਨ ਵੀ ਬਣਿਆ ਸੀ।

ਇਹ ਯਕੀਨੀ ਬਣਾਉਣ ਦੇ ਨੁਸਖ਼ੇ ਦੇ ਬਾਵਜੂਦ ਕਿ ਦੁਬਾਰਾ ਅਜਿਹਾ ਨਾ ਹੋਵੇ, ਮਹਿੰਗਾਈ ਤਾਂ ਜੰਗ ਤੋਂ ਪਹਿਲਾਂ ਹੀ ਵਧ ਰਹੀ ਸੀ। ਸਾਲ 2021 ਦੌਰਾਨ ਹੀ ਖ਼ੁਰਾਕੀ ਵਸਤਾਂ ਦੀ ਮਹਿੰਗਾਈ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਹੁਣ ਇਸ ਗੱਲ ਨੂੰ ਦੇਖਦਿਆਂ ਕਿ ਇਸ ਵਾਰ ਹੋਰ ਕਾਰਕ ਵੀ ਮੁੜ ਮਜ਼ਬੂਤ ਹੋ ਰਹੇ ਹਨ ਅਤੇ ਨਾਲ ਹੀ ਕਾਲਾ ਸਾਗਰ ਖ਼ਿੱਤੇ ਵਿੱਚ ਚੱਲ ਰਹੀ ਜੰਗ ਕਾਰਨ ਸਪਲਾਈ ਵਿੱਚ ਪੈ ਰਿਹਾ ਅੜਿੱਕਾ ਇਸ ਵਿੱਚ ਹੋਰ ਵਾਧਾ ਕਰ ਰਿਹਾ ਹੈ, ਕਿਉਂਕਿ ਇਹ ਖ਼ਿੱਤਾ ਆਲਮੀ ਸਪਲਾਈ ਦੀ 30 ਫ਼ੀਸਦੀ ਕਣਕ, 28 ਫ਼ੀਸਦੀ ਜੌਂ, 18 ਫ਼ੀਸਦੀ ਮੱਕੀ ਅਤੇ 75 ਫ਼ੀਸਦੀ ਸੂਰਜਮੁਖੀ ਤੇਲ ਮੁਹੱਈਆ ਕਰਾਉਂਦਾ ਹੈ। ਇਸ ਹਾਲਤ ਵਿੱਚ ਸੰਸਾਰ ਇੱਕ ਵਾਰੀ ਫਿਰ ਖ਼ੁਰਾਕੀ ਸੰਕਟ ਦੀ ਨਵੀਂ ਘੁੰਮਣਘੇਰੀ ਵਿੱਚ ਫਸਦਾ ਜਾ ਰਿਹਾ ਹੈ। ਇਹ ਸੰਕਟ ਕਿੰਨਾ ਕੁ ਭਿਆਨਕ ਹੋਵੇਗਾ, ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲੱਗੇਗਾ।

ਖ਼ੁਰਾਕੀ ਸੰਕਟ ਦੇ ਮੱਦੇਨਜ਼ਰ ਪਹਿਲਾਂ ਹੀ ਇਰਾਕ ਤੇ ਸ੍ਰੀਲੰਕਾ ਵਿੱਚ ਅੰਦੋਲਨ ਹੋ ਰਹੇ ਹਨ। ਬਹੁਤ ਸਾਰੇ ਮੁਲਕਾਂ ਨੇ ਆਪਣੀ ਘਰੇਲੂ ਖ਼ੁਰਾਕ ਸਪਲਾਈ ਕਾਇਮ ਰੱਖਣ ਦੇ ਮਕਸਦ ਨਾਲ ਪਹਿਲਾਂ ਹੀ ਰੱਖਿਆਵਾਦੀ ਕਦਮ ਉਠਾਉਣੇ ਤੇ ਸਪਲਾਈਆਂ ਰੋਕਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬਲੂਮਬਰਗ ਨੇ ਠੀਕ ਹੀ ਟਿੱਪਣੀ ਕੀਤੀ ਹੈ: ‘‘ਨੇੜ ਭਵਿੱਖ ਵਿੱਚ ਇੱਕ ਸੰਕਟ ਦਿਖਾਈ ਦੇ ਰਿਹਾ ਹੈ: ਇਸ ਕਾਰਨ ਵਧੇਰੇ ਲੋਕਾਂ ਦੇ ਭੁੱਖੇ ਰਹਿਣ ਦਾ ਖ਼ਦਸ਼ਾ ਹੈ।’’ਮਹਿੰਗਾਈ ਵਿੱਚ ਪਹਿਲਾਂ ਹੀ ਵਾਧੇ ਦੇ ਰੁਝਾਨ ਅਤੇ ਦੂਜੇ ਪਾਸੇ ਬਾਜ਼ਾਰਾਂ ਤੇ ਸੁਪਰਮਾਰਕੀਟਾਂ ਵਿੱਚ ਵਸਤਾਂ ਦੀ ਸਪਲਾਈ ਵਿੱਚ ਆ ਰਹੀ ਕਮੀ ਤੋਂ ਸਾਫ਼ ਜ਼ਾਹਰ ਹੈ ਕਿ ਅੰਨ ਸੁਰੱਖਿਆ ਤੇ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਰੂਸ ਤੇ ਅਮਰੀਕਾ ਵੱਲੋਂ ਆਇਦ ਮਾਲੀ ਪਾਬੰਦੀਆਂ ਕਾਰਨ ਖਾਦਾਂ ਦੀਆਂ ਕੀਮਤਾਂ ਵਿੱਚ ਵੀ ਇਜ਼ਾਫ਼ਾ ਹੋਇਆ ਹੈ। ਰੂਸ ਨਾ ਸਿਰਫ਼ ਨਾਈਟਰੋਜਨ ਆਧਾਰਿਤ ਖਾਦਾਂ ਦਾ ਹੀ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਹੈ, ਸਗੋਂ ਇਹ ਫਾਸਫੋਰਸ ਅਤੇ ਪੋਟਾਸ਼ ਖਾਦਾਂ ਦਾ ਵੀ ਵੱਡੇ ਪੱਧਰ ਤੇ ਉਤਪਾਦਨ ਕਰਦਾ ਹੈ। ਇਸ ਦੇ ਸਿੱਟੇ ਵਜੋਂ ਭਾਰਤ ਸਮੇਤ ਵੱਖੋ-ਵੱਖ ਮੁਲਕਾਂ ਦੇ ਕਿਸਾਨਾਂ ਦੀ ਫ਼ਸਲਾਂ ਪੈਦਾ ਕਰਨ ਦੀ ਲਾਗਤ ਵਧ ਜਾਣ ਦੇ ਆਸਾਰ ਹਨ। ਇਸ ਨਾਲ ਫ਼ਸਲਾਂ ਦੀ ਬਿਜਾਈ ਤੇ ਵੀ ਅਸਰ ਪਵੇਗਾ ਅਤੇ ਇਸ ਦਾ ਸਿੱਟਾ ਖ਼ੁਰਾਕੀ ਵਸਤਾਂ ਦੀ ਕਮੀ ਵਜੋਂ ਨਿਕਲੇਗਾ। ਇਹ ਵੀ ਜਾਣਨਾ ਜ਼ਰੂਰੀ ਹੈ ਕਿ ਨਾ ਸਿਰਫ਼ ਅੰਨ ਦੀ ਕਮੀ ਸਗੋਂ ਇਸ ਨੂੰ ਖ਼ਰੀਦਣ ਦੀ ਸਮਰੱਥਾ ਨਾਲ ਵੀ ਇਹ ਗੱਲ ਤੈਅ ਹੋਵੇਗੀ ਕਿ ਖ਼ੁਰਾਕ ਸੰਕਟ ਕਿੰਨਾ ਕੁ ਭਿਆਨਕ ਹੈ।

ਇਸ ਦੌਰਾਨ, ਇਸ ਸੰਕਟ ਦੀ ਪਹਿਲੀ ਮਾਰ ਮੱਧ ਪੂਰਬ, ਉੱਤਰੀ ਅਫ਼ਰੀਕਾ, ਸਮੇਤ ਹੌਰਨ ਆਫ ਅਫ਼ਰੀਕਾ ਖ਼ਿੱਤੇ (ਪੂਰਬੀ ਅਫ਼ਰੀਕਾ ਦਾ ਸੋਮਾਲੀਆ, ਦਿਜੀਬੂਟੀ ਤੇ ਇਥੋਪੀਆ ਆਦਿ ਮੁਲਕਾਂ ਵਾਲਾ ਖੇਤਰ) ਅਤੇ ਅਫ਼ਗ਼ਾਨਿਸਤਾਨ ਵਰਗੇ ਮੁਲਕਾਂ ਨੂੰ ਪੈਣ ਦਾ ਖ਼ਦਸ਼ਾ ਹੈ। ਨਾਲ ਹੀ ਅਫ਼ਰੀਕਾ ਤੇ ਅਰਬ ਖ਼ਿੱਤੇ ਦੇ ਮਿਸਰ, ਮੈਡਗਾਸਕਰ, ਮੋਰੱਕੋ, ਟਿਊਨੀਸ਼ੀਆ, ਲਿਬਨਾਨ ਤੇ ਯਮਨ, ਏਸ਼ੀਆ ਦੇ ਇੰਡੋਨੇਸ਼ੀਆ, ਫਿਲਪੀਨਜ਼, ਬੰਗਲਾਦੇਸ਼ ਤੇ ਪਾਕਿਸਤਾਨ ਅਤੇ ਨਾਲ ਹੀ ਤੁਰਕੀ, ਇਰਾਨ, ਇਰਾਕ ਅਤੇ ਇਰੀਟ੍ਰੀਆ ਆਦਿ ਮੁਲਕ ਵੀ ਖ਼ੁਰਾਕੀ ਦਰਾਮਦਾਂ ਲਈ ਜੰਗ ਮਾਰੇ ਖ਼ਿੱਤੇ ਤੇ ਬਹੁਤ ਜ਼ਿਆਦਾ ਨਿਰਭਰ ਹੋਣ ਕਾਰਨ ਖ਼ਤਰੇ ਵਿੱਚ ਹਨ। ਯੂਰਪੀ ਯੂਨੀਅਨ ਵਿੱਚ ਪਸ਼ੂ ਖ਼ੁਰਾਕ ਦੀਆਂ ਵਧਦੀਆਂ ਕੀਮਤਾਂ ਦੀ ਮਾਰ ਪਸ਼ੂ ਪਾਲਣ ਸਨਅਤ ਨੂੰ ਪੈ ਰਹੀ ਹੈ, ਜਿਸ ਕਾਰਨ ਮੀਟ ਪ੍ਰੋਸੈਸਿੰਗ ਮਹਿੰਗੀ ਹੋ ਰਹੀ ਹੈ। ਸਪੇਨ ਨੇ ਸੁਪਰਮਾਰਕੀਟਸ ਨੂੰ ਖ਼ੁਰਾਕੀ ਤੇਲਾਂ ਦੀ ਸਪਲਾਈ ਦੀ ਰਾਸ਼ਨਿੰਗ ਕਰ ਦਿੱਤੀ ਹੈ, ਭਾਵ ਕੋਟਾ ਤੈਅ ਕਰ ਦਿੱਤਾ ਹੈ।ਜੇ ਜੰਗ ਥੋੜ੍ਹਾ ਹੋਰ ਲੰਬੀ ਖਿੱਚਦੀ ਹੈ, ਤਾਂ ਬਿਨਾਂ ਸ਼ੱਕ ਖ਼ੁਰਾਕੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਸਾਰੇ ਸੰਸਾਰ ਵਿੱਚ ਦਿਖਾਈ ਦੇਣ ਤੇ ਮਹਿਸੂਸਿਆ ਜਾਣ ਲੱਗੇਗਾ। ਜੰਗ ਤੋਂ ਪਹਿਲਾਂ ਹੀ ਕਣਕ ਦੀਆਂ ਕੀਮਤਾਂ ਨੇ ਰਿਕਾਰਡ ਬੁਲੰਦੀ ਛੂਹੀ ਸੀ। ਦਰਅਸਲ, ਬਹੁਤੀਆਂ ਵਪਾਰਕ ਵਸਤਾਂ ਦੀਆਂ ਕੀਮਤਾਂ ਬੀਤੇ ਕਈ ਸਾਲਾਂ ਤੋਂ ਵਧ ਰਹੀਆਂ ਹਨ। ਸੰਯੁਕਤ ਰਾਸ਼ਟਰ  ਖ਼ੁਰਾਕ ਅਤੇ ਖੇਤੀ ਸੰਸਥਾ ਮੁਤਾਬਕ ਸਾਲ 2021 ਦੌਰਾਨ ਕਣਕ ਤੇ ਜੌਂ ਦੀਆਂ ਕੀਮਤਾਂ ਵਿੱਚ ਇਨ੍ਹਾਂ ਦੀਆਂ 2020 ਵਾਲੀਆਂ ਕੀਮਤਾਂ ਦੇ ਮੁਕਾਬਲੇ 31 ਫ਼ੀਸਦੀ ਤੋਂ ਵੱਧ ਦਾ ਇਜ਼ਾਫ਼ਾ ਹੋਇਆ। ਇਸ ਹਾਲਾਤ ਨੇ ਮੱਕੀ ਦੀਆਂ ਕੀਮਤਾਂ ਨੂੰ ਵੀ ਹੁਲਾਰਾ ਦਿੱਤਾ ਅਤੇ ਮੱਕੀ ਨੇ ਤਾਂ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ ਮਹਿੰਗਾਈ 44 ਫ਼ੀਸਦੀ ਵਾਧੇ ਦੀ ਛਾਲ ਮਾਰੀ। ਸੂਰਜਮੁਖੀ ਤੇਲ ਵੀ 2021 ਦੌਰਾਨ 63 ਫ਼ੀਸਦੀ ਮਹਿੰਗਾ ਹੋਇਆ। ਇੰਨਾ ਹੀ ਨਹੀਂ, ਬੀਤੇ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਦੌਰਾਨ ਵਾਅਦਾ ਬਾਜ਼ਾਰ ਵਿੱਚ ਕਣਕ ਦੀ ਕੀਮਤ ਵਿੱਚ ਵੀ ਰਿਕਾਰਡ ਵਾਧਾ ਹੋਇਆ ਅਤੇ ਇਹ ਕੀਮਤ ਸਾਲ 2008, ਭਾਵ ਪਿਛਲੇ ਅੰਨ ਸੰਕਟ ਦੇ ਪੱਧਰ ਤੱਕ ਜਾ ਪੁੱਜੀ ਸੀ।

ਐੱਫ਼ਏਓ ਵੱਲੋਂ ਤਿਆਰ ਕੀਤੇ ਗਏ ਦੋ ਹਾਲਾਤੀ ਖ਼ਾਕਿਆਂ ਮੁਤਾਬਕ ਇਨ੍ਹਾਂ ਪਹਿਲਾਂ ਹੀ ਵਧੀਆਂ ਹੋਈਆਂ ਕੀਮਤਾਂ ਵਿੱਚ ਹਾਲੇ ਹੋਰ 22 ਫ਼ੀਸਦੀ ਵਾਧਾ ਹੋਣ ਦੇ ਆਸਾਰ ਹਨ, ਜਿਸ ਦੇ ਸਿੱਟੇ ਵਜੋਂ ਸਾਲ 2022-23 ਦੌਰਾਨ ਕੁਪੋਸ਼ਣ ਦੇ ਸ਼ਿਕਾਰ ਲੋਕਾਂ ਦੀ ਆਬਾਦੀ ਵਿੱਚ ਹੋਰ 80 ਲੱਖ ਤੋਂ 1.30 ਕਰੋੜ ਤੱਕ ਦਾ ਇਜ਼ਾਫ਼ਾ ਹੋਵੇਗਾ। ਭੁੱਖ ਤੇ ਕੁਪੋਸ਼ਣ ਦੀ ਸਭ ਤੋਂ ਵੱਧ ਮਾਰ ਮੁੱਖ ਤੌਰ ਤੇ ਏਸ਼ੀਆ-ਪ੍ਰਸ਼ਾਂਤ ਖ਼ਿੱਤੇ, ਅਫ਼ਰੀਕਾ ਦੇ ਉਪ-ਸਹਾਰਾ ਖ਼ਿੱਤੇ, ਮੱਧ ਪੂਰਬ ਅਤੇ ਉੱਤਰੀ ਅਫ਼ਰੀਕਾ ਵਿੱਚ ਪਵੇਗੀ।

ਇਸ ਦੌਰਾਨ ਜਿੱਥੇ ਭਾਰਤੀ ਅਨਾਜ ਬਰਾਮਦਕਾਰ ਸਪਲਾਈ ਵਿਚਲੇ ਖੱਪੇ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਆਈਟੀਸੀ ਦਾ ਅੰਦਾਜ਼ਾ ਹੈ ਕਿ ਆਗਾਮੀ ਸਾਲ ਦੌਰਾਨ ਮੁਲਕ ਦੀ ਕਣਕ ਬਰਾਮਦ ਤਿੰਨ ਗੁਣਾ ਤੱਕ ਵਧ ਕੇ ਕਰੀਬ 2.10 ਕਰੋੜ ਟਨ ਤੱਕ ਪੁੱਜ ਸਕਦੀ ਹੈ। ਇਸ ਮੌਕੇ ਮੈਨੂੰ ਇਹੋ ਗੱਲ ਅਜੀਬ ਲੱਗਦੀ ਹੈ ਕਿ ਜਿਹੜੇ ਲੋਕ ਸਾਲ ਦਰ ਸਾਲ ਵਧੇਰੇ ਅਨਾਜ ਉਗਾਉਂਦੇ ਜਾਣ ਲਈ ਭਾਰਤੀ ਕਿਸਾਨਾਂ ਨੂੰ ਭੰਡਦੇ ਸਨ, ਅੱਜ ਉਹੋ ਲੋਕ ਆਲਮੀ ਪੱਧਰ ਤੇ ਅਨਾਜ ਦੀ ਪੈਦਾ ਹੋ ਰਹੀ ਕਮੀ ਨੂੰ ਭਾਰਤੀ ਕਿਸਾਨਾਂ ਵੱਲੋਂ ਸੰਭਵ ਤੌਰ ਤੇ ਪੂਰ ਦਿੱਤੇ ਜਾਣ ਦੀ ਉਮੀਦ ਨਾਲ ਉਤਸ਼ਾਹਿਤ ਹੋ ਰਹੇ ਹਨ। ਇਸੇ ਤਰ੍ਹਾਂ ਜਦੋਂ ਭਾਰਤ ਵੱਡੇ ਪੱਧਰ ਤੇ ਅਨਾਜ, ਗਿਰੀਆਂ ਅਤੇ ਦਾਲਾਂ ਆਦਿ ਬਰਾਮਦ ਕਰ ਰਿਹਾ ਹੈ, ਤਾਂ ਇਸ ਰੂਪ ਵਿੱਚ ਇੱਕ ਤਰ੍ਹਾਂ ਦੇਸ਼ ਤੋਂ ਪਾਣੀ ਦੀ ਵਧ ਰਹੀ ਬਰਾਮਦ ਤੇ ਫ਼ਿਕਰਮੰਦੀ ਜ਼ਾਹਰ ਕਰਨ ਵਾਲੀ ਵੀ ਕੋਈ ਆਵਾਜ਼ ਸੁਣਾਈ ਨਹੀਂ ਦਿੰਦੀ।

ਜਿਵੇਂ ਪਹਿਲਾਂ ਆਖਿਆ ਜਾ ਚੁੱਕਾ ਹੈ, ਸੰਸਾਰ ਤਾਂ ਹਰ ਹਾਲ ਵਿੱਚ ਇੱਕ ਹੋਰ ਅੰਨ ਸੰਕਟ ਵੱਲ ਵਧ ਰਿਹਾ ਸੀ। ਤੇਲ ਦੀਆਂ ਕੀਮਤਾਂ ਬੁਲੰਦੀਆਂ ਛੂਹ ਰਹੀਆਂ ਹਨ, ਇਸ ਕਾਰਨ ਮਹਿੰਗਾਈ ਦਰ ਵੀ ਵਧ ਰਹੀ ਹੈ, ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਪਹਿਲਾਂ ਹੀ ਬਹੁਤ ਉੱਚੀਆਂ ਹਨ, ਜਿਹੜੀਆਂ 40 ਸਾਲਾਂ ਦੌਰਾਨ ਸਭ ਤੋਂ ਵੱਧ ਹਨ। ਨਾਲ ਹੀ ਜੈਵਿਕ-ਬਾਲਣ, ਜਿਸ ਵਿੱਚ ਖ਼ੁਰਾਕੀ ਫ਼ਸਲਾਂ ਦਾ ਇਸਤੇਮਾਲ ਹੁੰਦਾ ਹੈ, ਵਿੱਚ ਵੀ ਇਜ਼ਾਫ਼ਾ ਹੋ ਰਿਹਾ ਹੈ। ਮਿਸਾਲ ਵਜੋਂ, ‘ਨਿਊ ਸਾਇੰਟਿਸਟਨਾਮੀ ਰਸਾਲੇ ਦੀ ਰਿਪੋਰਟ ਮੁਤਾਬਕ ਅਮਰੀਕਾ ਵਿੱਚ ਮੱਕੀ ਦੀ ਕੁੱਲ ਪੈਦਾਵਾਰ ਦਾ ਤੀਜਾ ਹਿੱਸਾ ਐਥਨੌਲ ਬਣਾਉਣ ਲਈ ਵਰਤਿਆ ਜਾ ਰਿਹਾ ਹੈ, ਜਿਹੜਾ ਕੁੱਲ ਖ਼ੁਰਾਕੀ ਫ਼ਸਲਾਂ ਵਿੱਚੋਂ 9 ਕਰੋੜ ਟਨ ਹੈ। ਇਸੇ ਤਰ੍ਹਾਂ ਯੂਰਪੀ ਯੂਨੀਅਨ ਵਿੱਚ 1.20 ਕਰੋੜ ਟਨ ਕਣਕ ਤੇ ਚੌਲਾਂ ਦਾ ਐਥਨੌਲ ਬਣਾਇਆ ਜਾ ਰਿਹਾ ਹੈ।

ਇਸ ਸਭ ਕਾਸੇ ਦੌਰਾਨ ਅਮਰੀਕਾ ਨੇ ਆਪਣੀਆਂ ਕੁਝ ਕੁ ਕੰਪਨੀਆਂ ਨੂੰ ਰੂਸ ਨਾਲ ਕਾਰੋਬਾਰ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਭਾਵੇਂ ਵੱਡੀਆਂ ਖੇਤੀ ਉਤਪਾਦਾਂ ਵਾਲੀਆਂ ਕੰਪਨੀਆਂ ਜਿਵੇਂ ਕਾਰਗਿਲ , ਆਰਚਰ ਡੇਨੀਅਲਜ਼ ਮਿਡਲੈਂਡ , ਪੈਪਸੀਕੋ  ਤੇ ਬਾਯਰ ਨੇ ਉੱਥੇ ਆਪਣਾ ਕੰਮ-ਕਾਜ ਘਟਾ ਦਿੱਤਾ ਹੈ, ਉਂਜ ਉਨ੍ਹਾਂ ਨੇ ਨਾਜ਼ੁਕਸਪਲਾਈ ਸੰਪਰਕ ਕਾਇਮ ਰੱਖੀ ਹੋਈ ਹੈ। ਇਸ ਤੋਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਅੰਨ ਸੁਰੱਖਿਆ ਕਿਉਂ ਆਸਾਨੀ ਨਾਲ ਕੁਝ ਵੱਡੇ ਖਿਡਾਰੀਆਂ ਦੇ ਹੱਥਾਂ ਵਿੱਚ ਦੇ ਦਿੱਤੀ ਗਈ। ਬਸ ਇੱਥੇ ਹੀ ਸੰਸਾਰ ਨੂੰ 2007-08 ਦੇ ਆਲਮੀ ਖ਼ੁਰਾਕ ਸੰਕਟ ਤੋਂ ਬਚਾਉਣ ਦਾ ਨੁਸਖ਼ਾ ਗ਼ਲਤ ਹੋ ਗਿਆ। ਖ਼ੁਰਾਕੀ ਸਪਲਾਈ ਦੇ ਵਸੀਲਿਆਂ ਲਈ ਜਿਹੜੀ ਖੋਹਾ-ਖੋਹੀ ਅਸੀਂ ਇਸ ਵਕਤ ਦੇਖ ਰਹੇ ਹਾਂ, ਉਹ ਮੂਲ ਰੂਪ ਵਿੱਚ ਇਸ ਕਾਰਨ ਹੈ ਕਿ ਮੁਲਕਾਂ ਨੂੰ ਖ਼ੁਰਾਕ ਆਤਮ-ਨਿਰਭਰਤਾ ਤੋਂ ਲਾਂਭੇ ਰਹਿਣ ਲਈ ਆਖਿਆ ਗਿਆ ਸੀ। ਮੁਕਾਬਲੇਬਾਜ਼ੀ ਯਕੀਨੀ ਬਣਾਉਣ ਦੇ ਨਾਂ ਤੇ ਆਲਮੀ ਖ਼ੁਰਾਕ ਸਪਲਾਈ ਲੜੀਆਂ ਦੀ ਕਾਇਮੀ ਹੀ ਮੌਜੂਦਾ ਸੰਕਟ ਦਾ ਕਾਰਨ ਬਣੀ ਹੈ।ਇਸ ਸੰਕਟ ਤੋਂ ਇਹੋ ਸਬਕ ਸਿੱਖਿਆ ਜਾ ਸਕਦਾ ਹੈ ਕਿ ਇਸ ਗੱਲ ਦੀ ਫ਼ੌਰੀ ਲੋੜ ਹੈ ਕਿ ਬਾਜ਼ਾਰਾਂ ਤੇ ਨਿਰਭਰਤਾ ਘਟਾਈ ਜਾਵੇ ਅਤੇ ਖੇਤੀਬਾੜੀ ਨੂੰ ਆਰਥਿਕ ਪੱਖੋਂ ਵਿਹਾਰਕ ਬਣਾਇਆ ਜਾਵੇ। ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਐੱਮਐੱਸ ਸਵਾਮੀਨਾਥਨ ਨੇ ਆਖਿਆ ਸੀ: ‘‘ਭਵਿੱਖ ਅਨਾਜ ਵਾਲੇ ਮੁਲਕਾਂ ਦਾ ਹੈ, ਬੰਦੂਕਾਂ ਵਾਲਿਆਂ ਦਾ ਨਹੀਂ।

 

ਦੇਵਿੰਦਰ ਸ਼ਰਮਾ