ਭਗਵੀਆਂ ਭੀੜਾਂ ਦਾ ਵਹਿਸ਼ੀਪੁਣਾ , ਮੁਸਲਮਾਨ ਮੁੜ ਨਿਸ਼ਾਨੇ ਉਪਰ

ਭਗਵੀਆਂ ਭੀੜਾਂ ਦਾ ਵਹਿਸ਼ੀਪੁਣਾ , ਮੁਸਲਮਾਨ ਮੁੜ ਨਿਸ਼ਾਨੇ ਉਪਰ

*ਕਰਨਾਟਕਾ ਵਿਚ ਗਊ ਰਾਖਿਆਂ ਦੇ ਇੱਕ ਗਰੁੱਪ ਨੇ ਟਰੱਕ ਵਿੱਚ ਪਸ਼ੂ ਲੈ ਕੇ ਜਾ ਰਹੇ ਤਿੰਨ ਮੁਸਲਮਾਨਾਂ ਉੱਤੇ ਹਮਲਾ ,ਇੱਕ ਦੀ ਮੌਤ 

* ਸੁਪਰੀਮ ਕੋਰਟ ਦੇ ਹੁਕਮ ਵੀ ਭਗਵੀਆਂ ਭੀੜਾਂ ਦੀ ਦਹਿਸ਼ਤਗਰਦੀ ਨੂੰ ਨਾ ਰੋਕ ਸਕੇ

ਰਾਮਨੌਮੀ ਦੇ ਜਲੂਸਾਂ ਰਾਹੀਂ ਦੰਗੇ ਭੜਕਾਉਣ ,ਮਸਜਿਦਾਂ ਉਪਰ ਹਮਲੇ ਬੋਲਣ ਦਾ ਭਗਵੀਆਂ ਦਹਿਸ਼ਤ ਭਰੀਆਂ ਕਾਰਵਾਈਆਂ ਦੇ ਨਾਲ-ਨਾਲ ਗਊ ਹੱਤਿਆ ਦੇ ਨਾਂਅ ਉੱਤੇ ਭੀੜਤੰਤਰੀ ਹੱਤਿਆਵਾਂ ਦਾ ਸਿਲਸਿਲਾ ਵੀ ਤੇਜ਼ੀ ਫੜਦਾ ਜਾ ਰਿਹਾ ਹੈ। ਸਿਆਸੀ ਮਾਹਿਰ ਸ਼ੰਕਾ ਪ੍ਰਗਟਾ ਰਹੇ ਹਨ ਕਿ ਲੋਕ ਸਭਾ ਦੀਆਂ ਅਗਲੀਆਂ ਚੋਣਾਂ ਤੱਕ ਅਜਿਹੀਆਂ ਨਫ਼ਰਤੀ ਮੁਹਿੰਮਾਂ ਭਾਜਪਾ ਦੀ ਚੋਣ ਮੁਹਿੰਮ ਦਾ ਮੁੱਖ ਚੋਣ ਏਜੰਡਾ ਬਣਿਆ ਰਹੇ। ਗਊ ਹੱਤਿਆ ਦੇ ਨਾਂਅ ਉੱਤੇ ਹੱਤਿਆਵਾਂ ਦਾ ਸਿਲਸਿਲਾ ਇਸ ਸਾਲ ਦੇ ਸ਼ੁਰੂ ਵਿੱਚ ਹਰਿਆਣਾ ਤੋਂ ਹੋ ਗਿਆ ਸੀ, ਜਦੋਂ ਅਖੌਤੀ ਗਊ ਰਾਖਿਆਂ ਨੇ ਰਾਜਸਥਾਨ ਦੇ ਦੋ ਮੁਸਲਿਮ ਨੌਜਵਾਨਾਂ ਨੂੰ ਸਾੜ ਕੇ ਮਾਰ ਦਿੱਤਾ ਸੀ। ਹਤਿਆਰੇ ਹਾਲੇ ਤੱਕ ਵੀ ਗਿ੍ਫ਼ਤਾਰ ਨਹੀਂ ਕੀਤੇ ਗਏ।

ਹੁਣ ਅਗਲੀ ਘਟਨਾ ਕਰਨਾਟਕ ਵਿੱਚ ਵਾਪਰੀ ਹੈ। ਯਾਦ ਰਹੇ ਕਿ ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਭਾਜਪਾ ਨੇ ਬਹੁਤ ਪਹਿਲਾਂ ਤੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ 4 ਮਹੀਨਿਆਂ ਦੌਰਾਨ ਕਰਨਾਟਕ ਦੇ 8 ਦੌਰੇ ਕਰ ਚੁੱਕੇ ਹਨ। ਸੰਘ ਤੇ ਇਸ ਨਾਲ ਜੁੜੀਆਂ ਸੰਸਥਾਵਾਂ ਦੇ ਵਰਕਰਾਂ ਨੇ ਵੀ ਕਰਨਾਟਕ ਵਿੱਚ ਡੇਰੇ ਲਾਏ ਹੋਏ ਹਨ। ਇਸ ਦੇ ਬਾਵਜੂਦ ਹਵਾ ਦਾ ਰੁਖ ਭਾਜਪਾ ਦੇ ਉਲਟ ਹੈ। ਸਾਰੇ ਸਰਵੇਖਣ ਭਾਜਪਾ ਦੇ ਹਾਰ ਜਾਣ ਦੀ ਭਵਿੱਖਬਾਣੀ ਕਰ ਰਹੇ ਹਨ। ਇਸ ਹਾਲਤ ਵਿੱਚ ਸੰਘੀ ਆਗੂ ਤੇ ਸੱਤਾਧਾਰੀਏ ਹਿੰਦੂ ਵੋਟਾਂ ਦੇ ਧਰੁਵੀਕਰਨ ਦੀ ਕੋਸ਼ਿਸ਼ ਵਿੱਚ ਲੱਗ ਚੁੱਕੇ ਹਨ। ਇਸੇ ਕੜੀ ਵੱਜੋਂ ਰਾਮਨਗਰ ਵਿੱਚ ਗਊ ਰਾਖਿਆਂ ਦੇ ਇੱਕ ਗਰੁੱਪ ਨੇ ਟਰੱਕ ਵਿੱਚ ਪਸ਼ੂ ਲੈ ਕੇ ਜਾ ਰਹੇ ਤਿੰਨ ਲੋਕਾਂ ਉੱਤੇ ਹਮਲਾ ਕਰ ਦਿੱਤਾ, ਜਿਸ ਨਾਲ ਇੱਕ ਦੀ ਮੌਤ ਹੋ ਗਈ ਸੀ। ਇਸ ਘਟਨਾ ਦਾ ਮੁੱਖ ਮੁਲਜ਼ਮ ਪੁਨੀਤ ਕੇਰੇਹੱਲੀ ਹਿੰਦੂਤਵੀ ਸੰਗਠਨ ਰਾਸ਼ਟਰੀ ਸੁਰੱਖਿਆ ਸੈਨਾ ਦਾ ਮੁਖੀ ਹੈ।

ਘਟਨਾ 31 ਮਾਰਚ ਦੀ ਹੈ। ਸੱਯਦ ਜ਼ਹੀਰ, ਇੰਦਰੀਸ ਪਾਸ਼ਾ ਤੇ ਇਰਫਾਨ ਜਾਨਵਰਾਂ ਨੂੰ ਟਰੱਕ ਰਾਹੀਂ ਤਾਮਿਲਨਾਡੂ ਲੈ ਕੇ ਜਾ ਰਹੇ ਸਨ। 40 ਸਾਲਾ ਜ਼ਹੀਰ ਨੇ ਦੱਸਿਆ ਕਿ ਅਸੀਂ ਆਪਣੇ ਟਰੱਕ ਵਿੱਚ ਜਾਨਵਰ ਲੈ ਕੇ ਜਾ ਰਹੇ ਸੀ ਤਾਂ ਸਥਾਨੂਰ ਪੁਲਸ ਸਟੇਸ਼ਨ ਸਾਹਮਣੇ ਅਖੌਤੀ ਗਊ ਰੱਖਿਅਕਾਂ ਨੇ ਸਾਨੂੰ ਰੋਕ ਲਿਆ। ਇੱਕ ਸਿਪਾਹੀ ਮੈਨੂੰ ਥਾਣੇ ਲੈ ਗਿਆ। ਇਸ ਦੌਰਾਨ ਹਮਲਾਵਰਾਂ ਨੇ ਪਾਸ਼ਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਜ਼ਹੀਰ ਦੇ ਮੁਤਾਬਕ ਪਾਸ਼ਾ ਉਸ ਦਾ ਸਹਾਇਕ ਡਰਾਈਵਰ ਸੀ ਤੇ ਇਰਫਾਨ ਪਸ਼ੂ ਚੜ੍ਹਾਉਣ-ਲਾਹੁਣ ਦਾ ਕੰਮ ਕਰਦਾ ਸੀ। ਪਸ਼ੂਆਂ ਦਾ ਮਾਲਕ ਨਾਲ ਨਹੀਂ ਸੀ। ਉਨ੍ਹਾਂ ਨੇ ਦਿੱਤੇ ਪਤੇ ਉੱਤੇ ਪਸ਼ੂ ਪਹੁੰਚਾਉਣੇ ਸਨ। ਐੱਫ਼ ਆਈ ਆਰ ਮੁਤਾਬਕ ਕੇਰੇਹੱਲੀ ਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਨਜਾਇਜ਼ ਤੌਰ ਉੱਤੇ ਜਾਨਵਰ ਲਿਜਾ ਰਹੇ ਹਨ, ਇਸ ਲਈ ਜੁਰਮਾਨੇ ਵਜੋਂ ਦੋ ਲੱਖ ਰੁਪਏ ਦਿਓ। ਉਨ੍ਹਾਂ ਪਾਸ ਜਾਨਵਰ ਲੈ ਕੇ ਜਾਣ ਦੀ ਮਨਜ਼ੂਰੀ ਵਾਲੇ ਪੂਰੇ ਕਾਗਜ਼ ਸਨ, ਜਦੋਂ ਪਾਸ਼ਾ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਏਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਇਸੇ ਦੌਰਾਨ ਕੇਰੇਹੱਲੀ ਦੀ ਸ਼ਿਕਾਇਤ ਉੱਤੇ ਡਰਾਈਵਰ ਜ਼ਹੀਰ ਤੇ ਉਸ ਦੇ ਸਾਥੀਆਂ ਵਿਰੁੱਧ ਗਊ ਹੱਤਿਆ ਰੋਕਥਾਮ ਤੇ ਪਸ਼ੂ ਕਾਨੂੰਨ ਅਤੇ ਪਸ਼ੂ ਕਰੂਰਤਾ ਨਿਵਾਰਨ ਕਾਨੂੰਨ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਪੁਨੀਤ ਕੇਰੇਹੱਲੀ ਦੇ ਵਿਰੁੱਧ ਫਿਰਕੂ ਉਕਸਾਹਟਾਂ ਤੇ ਤੋੜਫੋੜ ਦੇ ਪਹਿਲਾਂ ਵੀ ਕਈ ਕੇਸ ਦਰਜ ਹਨ। ਕਰਨਾਟਕ ਵਿੱਚ ਹਿੰਦੂ ਮੰਦਰਾਂ ਦੇ ਨੇੜੇ ਮੁਸਲਮਾਨਾਂ ਨੂੰ ਦੁਕਾਨਾਂ ਚਲਾਉਣ ਤੋਂ ਰੋਕਣ ਲਈ ਵੀ ਉਸ ਨੇ ਮੁਹਿੰਮ ਚਲਾਈ ਸੀ। ਉਸ ਉੱਤੇ ਹੱਤਿਆ ਦਾ ਮੁਕੱਦਮਾ ਦਰਜ ਹੋਣ ਤੋਂ ਬਾਅਦ ਉਸ ਦੀਆਂ ਭਾਜਪਾ ਆਗੂ ਤੇਜਸਵੀ ਸੂਰੀਆ, ਕਪਿਲ ਮਿਸ਼ਰਾ, ਕੇ ਕੇ ਅੰਨਾਮਲਾਈ ਤੇ ਸੀ ਟੀ ਰਵੀ ਸਮੇਤ ਸੱਤਾਧਾਰੀ ਭਾਜਪਾ ਦੇ ਪ੍ਰਮੁੱਖ ਆਗੂਆਂ ਨਾਲ ਤਸਵੀਰਾਂ ਸਾਹਮਣੇ ਆ ਗਈਆਂ ਹਨ। ਸੰਨ 2018 ਵਿੱਚ ਸੁਪਰੀਮ ਕੋਰਟ ਨੇ ਭੀੜਤੰਤਰੀ ਹੱਤਿਆਵਾਂ ਰੋਕਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਪਰ ਉਨ੍ਹਾਂ ਉੱਤੇ ਕਿਧਰੇ ਵੀ ਅਮਲ ਨਹੀਂ ਹੋ ਰਿਹਾ।