ਕੈਪਟਨ ਤੋਂ ਪੰਜਾਬ ਦੀ ਕਪਤਾਨੀ ਕਿਵੇਂ ਖੁਸੀ ,   *ਜਾਣੋ ਪੀਕੇ ਦੀ ਸਰਵੇ ਰਿਪੋਰਟ ਵਿਚ ਕੀ ਸੀ                                            

ਕੈਪਟਨ ਤੋਂ ਪੰਜਾਬ ਦੀ ਕਪਤਾਨੀ ਕਿਵੇਂ ਖੁਸੀ ,   *ਜਾਣੋ ਪੀਕੇ ਦੀ ਸਰਵੇ ਰਿਪੋਰਟ ਵਿਚ ਕੀ ਸੀ                                            

*ਗੁਰੂ ਗਰੰਥ ਸਾਹਿਬ ਦੀ ਬੇਅਦਬੀ ਬਾਰੇ ਇਨਸਾਫ ਦੀ ਢਿਲ ਤੇ ਪੰਥ ਦੀ ਨਰਾਜਗੀ ਕੈਪਟਨ ਨੂੰ ਲੈ ਡੁਬੀ

 ਅੰਮ੍ਰਿਤਸਰ ਟਾਈਮਜ਼

 ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਘੇਰਾਬੰਦੀ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸੂਬੇ ਦੀ ਸੱਤਾ ਦੀ ਕਪਤਾਨੀ ਖੋਹਣ ’ਚ ਸਭ ਤੋਂ ਫ਼ੈਸਲਾਕੁੰਨ ਭੂਮਿਕਾ ਕੁਝ ਸਮਾਂ ਪਹਿਲਾਂ ਤਕ ਉਨ੍ਹਾਂ ਦੇ ਹੀ ਸਲਾਹਕਾਰ ਰਹੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਹੈ। ਸਮਝਿਆ ਜਾ ਰਿਹਾ ਹੈ ਪੰਜਾਬ ਦੇ ਸਿਆਸੀ ਮਿਜਾਜ਼ ਦਾ ਅਨੁਮਾਨ ਕਰ ਕੇ ਪੀਕੇ ਦੀ ਟੀਮ ਨੇ ਪਿਛਲੇ ਕੁਝ ਸਮੇਂ ਦੌਰਾਨ ਤਿੰਨ ਵੱਖ-ਵੱਖ ਸਰਵੇ ਰਿਪੋਰਟਾਂ ਕਾਂਗਰਸ ਹਾਈਕਮਾਨ ਨੂੰ ਦਿੱਤੀਆਂ।

ਸਿੱਧੂ ਦੇ ਮੋਢੇ ਦੀ ਹੋਈ ਵਰਤੋਂ

ਇਨ੍ਹਾਂ ਰਿਪੋਰਟਾਂ ’ਚ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਕੈਪਟਨ ਦੇ ਚਿਹਰਾ ਰਹਿੰਦੇ ਪਾਰਟੀ ਨੂੰ ਮਿਲਣ ਵਾਲੀਆਂ ਚੁਣੌਤੀਆਂ ਦੇ ਮੱਦੇਨਜ਼ਰ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸਿੱਧੂ ਦੇ ਜ਼ਰੀਏ ਕੈਪਟਨ ਖ਼ਿਲਾਫ਼ ਵਿਰੋਧ ਨੂੰ ਉਸ ਮੁਕਾਮ ਤਕ ਪਹੁੰਚਾ ਦਿੱਤਾ, ਜਿੱਥੇ ਕੈਪਟਨ ਨੂੰ ਅਸਤੀਫ਼ਾ ਦੇਣ ਲਈ ਮਜ਼ਬੂਰ ਹੋਣਾ ਪਿਆ।

ਕੈਪਟਨ ਖ਼ਿਲਾਫ਼ ਨਾਰਾਜ਼ਗੀ

ਸੂਤਰਾਂ ਅਨੁਸਾਰ, ਕਾਂਗਰਸ ਹਾਈਕਮਾਨ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਵੱਖ-ਵੱਖ ਸਮੇਂ ਦੌਰਾਨ ਕੈਪਟਨ ਸਰਕਾਰ ਦੇ ਪ੍ਰਦਰਸ਼ਨ ਨੂੰ ਲੈ ਕੇ ਪਾਰਟੀ ਦੀਆਂ ਚੁਣਾਵੀ ਸੰਭਾਵਨਾਵਾਂ ਦਾ ਮੁਲਾਂਕਣ ਕਰਵਾਇਆ। ਪੰਜਾਬ ਕਾਂਗਰਸ ਦੀ ਉਥਲਪੁਥਲ ਦੇ ਦੂਜੇ ਗੇੜ ’ਚ ਸਿੱਧੂ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਵੀ ਇਕ ਸਰਵੇ ਹੋਇਆ ਅਤੇ ਇਸ ’ਚ ਵੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ ਇਹੀ ਰਿਪੋਰਟ ਦਿੱਤੀ ਕਿ ਕੈਪਟਨ ਦੇ ਖ਼ਿਲਾਫ਼ ਇਕ ਵੱਡੇ ਵਰਗ ’ਚ ਜ਼ਮੀਨੀ ਪੱਧਰ ’ਤੇ ਨਾਰਾਜ਼ਗੀ ਹੈ ,ਖਾਸ ਕਰਕੇ ਸਿਖ ਪੰਥ ਦੀ।ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਮੁਦਾ ਕੈਪਟਨ ਨੂੰ ਲੈ ਡੁਬਿਆ।ਉਹ ਇਸ ਬਾਰੇ ਇਨਸਾਫ ਨਹੀਂ ਕਰ ਸਕੇ।ਸਰਵੇ ਰਿਪੋਰਟ ’ਚ ਕੈਪਟਨ ਦੇ ਰਾਜਸੀ ਅੰਦਾਜ਼ ਕਾਰਨ ਲੋਕਾਂ ਤੋਂ ਬਣੀ ਦੂਰੀ ਨੂੰ ਵੀ ਇਕ ਕਾਰਨ ਦੱਸਿਆ ਗਿਆ ਹੈ। ਨਾਲ ਹੀ ਸਰਵੇ ਦਾ ਇਹ ਅਨੁਮਾਨ ਵੀ ਸੀ ਕਿ ਅਮਰਿੰਦਰ ਨੂੰ ਹਟਾ ਕੇ ਕਿਸੇ ਨਵੇਂ ਵਿਅਕਤੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਅਗਲੀਆਂ ਚੋਣਾਂ ’ਚ ਇਸ ਨਾਰਾਜ਼ਗੀ ਨੂੰ ਰੋਕ ਸਕਦੀ ਹੈ।

ਪ੍ਰਸ਼ਾਂਤ ਕਿਸ਼ੋਰ ਨਾਲ ਮੰਥਨ

ਸਮਝਿਆ ਜਾਂਦਾ ਹੈ ਕਿ ਇਨ੍ਹਾਂ ਰਿਪੋਰਟਾਂ ਤੋਂ ਬਾਅਦ ਰਾਹੁਲ ਗਾਂਧੀ ਨੇ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਬੈਠਕ ਕਰ ਕੇ ਇਸ ’ਤੇ ਵਿਸਥਾਰਿਤ ਚਰਚਾ ਕੀਤੀ ਅਤੇ ਇਸ ਦੌਰਾਨ ਪ੍ਰਿਅੰਕਾ ਵੀ ਮੌਜੂਦ ਸੀ। ਇਸ ਤੋਂ ਬਾਅਦ ਰਾਹੁਲ ਅਤੇ ਪ੍ਰਿਅੰਕਾ ਨੇ ਕੈਪਟਨ ਦੀ ਵਿਦਾਈ ਦਾ ਇਰਾਦਾ ਤੈਅ ਕਰ ਲਿਆ ਅਤੇ ਇਸ ਲਿਹਾਜ਼ ਨਾਲ ਪੀਕੇ ਦੀ ਜ਼ਮੀਨੀ ਹਾਲਾਤ ਦੀ ਸਰਵੇ ਰਿਪੋਰਟ ਨੇ ਕੈਪਟਨ ਦੀ ਮੁੱਖ ਮੰਤਰੀ ਦੇ ਰੂਪ ’ਚ ਪਾਰੀ ਖਤਮ ਕਰਨ ਦੀ ਪਿੱਚ ਤਿਆਰ ਕਰ ਦਿੱਤੀ।

ਸਿਆਸੀ ਘੇਰਾਬੰਦੀ ਦੀ ਤਿਆਰ ਕੀਤੀ ਫੀਲਡਿੰਗ

ਕੈਪਟਨ ਵਿਰੋਧੀ ਸਿਆਸੀ ਨੂੰ ਅੱਞੇ ਵਧਾ ਰਹੇ ਸਿੱਧੂ ਨੇ ਵੀ ਲੀਡਰਸ਼ਿਪ ਤੋਂ ਮਿਲੇ ਇਸ਼ਾਰਿਆਂ ਦੇ ਮੱਦੇਨਜਰ ਵਿਧਾਇਕਾਂ ਨੂੰ ਕੈਪਟਨ ਖ਼ਿਲਾਫ਼ ਤਿਆਰ ਕਰਨ ਅਤੇ ਦਸਤਖ਼ਤ ਮੁਹਿੰਮ ਚਲਾਉਣ ਦਾ ਮੋਰਚਾ ਸੰਭਾਲਿਆ। ਸਿੱਧੂ ਨੇ ਵਿਧਾਇਕਾਂ ਨੂੰ ਇਕੱਠਾ ਕਰਨ ਲਈ ਸਿਆਸੀ ਘੇਰਾਬੰਦੀ ਦੀ ਅਜਿਹੀ ਫੀਲਡਿੰਗ ਤਿਆਰ ਕੀਤੀ ਕਿ ਕੈਪਟਨ ਨੇ ਖ਼ੁਦ ਹੀ ਅਸਤੀਫ਼ਾ ਦੇ ਦਿੱਤਾ।

ਕੈਪਟਨ ਦੀ ਚੋਣ ਰਣਨੀਤੀ ’ਚ ਰਹੇ ਸ਼ਾਮਲ

ਦਿਲਚਸਪ ਇਹ ਹੈ ਕਿ ਪਿਛਲੀਆ ਵਿਧਾਨ ਸਭਾ ਚੋਣਾਂ ’ਚ ਪ੍ਰਸ਼ਾਂਤ ਕਿਸ਼ੋਰ ਨੇ ਹੀ ਕੈਪਟਨ ਦੀ ਚੋਣ ਰਣਨੀਤੀ ਦਾ ਸੰਚਾਲਨ ਕੀਤਾ ਸੀ ਅਤੇ ਕਾਂਗਰਸ ਦੀ ਜਿੱਤ ’ਚ ਉਨ੍ਹਾਂ ਦੀ ਵੱਡੀ ਭੂਮਿਕਾ ਰਹੀ ਸੀ। ਇਸ ਤੋਂ ਬਅਦ ਹੀ ਕੈਪਟਨ ਪੀਕੇ ਨੂੰ ਆਪਣਾ ਦੋਸਤ ਵਾਂਗ ਮੰਨਣ ਲੱਗਿਆ ਸੀ ਅਤੇ ਦੋਵਾਂ ਵਿਚਕਾਰ ਕਾਫ਼ੀ ਮਧੁਰ ਰਿਸ਼ਤੇ ਵੀ ਸਨ। ਪ੍ਰਸ਼ਾਂਤ ਕਿਸ਼ੋਰ ਨੂੰ ਕੈਬਨਿਟ ਰੈਂਕ ਦੇ ਕੇ ਕੈਪਟਨ ਨੇ ਆਪਣਾ ਸਲਾਹਕਾਰ ਵੀ ਨਿਯੁਕਤ ਕੀਤਾ। ਹਾਲਾਂਕਿ ਕਾਂਗਰਸ ’ਚ ਸ਼ਾਮਲ ਹੋਣ ਦੀਆਂ ਸ਼ੁਰੁ ਹੋਈਆਂ ਚਰਚਾਵਾਂ ਅਤੇ ਕੈਪਟਨ ਖ਼ਿਲਾਫ਼ ਸਿੱਧੂ ਦੇ ਸਿਆਸੀ ਮੁਹਿੰਮ ਵਿਚਕਾਰ ਕੁਝ ਸਮਾਂ ਪਹਿਲਾਂ ਹੀ ਪੀਕੇ ਨੇ ਸਲਾਹਕਾਰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਅੰਮ੍ਰਿਤਸਰ ਟਾਈਮਜ ਦਾ ਪਖ ਹੈ ਕਿ ਕਾਂਗਰਸ ਲੀਡਰਸ਼ਿਪ ਦਾ ਮੰਨਣਾ ਹੈ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਰਕਾਰ ਖਿਲਾਫ਼ ਲੋਕਾਂ ਵਿੱਚ ਰੋਸ ਵਧ ਗਿਆ ਸੀ।ਕਾਂਗਰਸ ਵਿੱਚ ਬਹੁਤੇ ਲੋਕਾਂ ਨੂੰ ਲਗਦਾ ਹੈ ਕਿ ਕੈਪਟਨ ਦੇ ਜਾਣ ਨਾਲ, ਕਾਂਗਰਸ ਪ੍ਰਤੀ ਲੋਕਾਂ ਦਾ ਰੋਸ ਵੀ ਘਟ ਜਾਵੇਗਾ ਅਤੇ ਪਾਰਟੀ ਦੇ ਪੰਜ ਮਹੀਨਿਆਂ ਬਾਅਦ ਹੋਣ ਵਾਲੀਆਂ ਚੋਣਾਂ ਵਿੱਚ ਜਿੱਤਣ ਦੇ ਮੌਕੇ ਜ਼ਿਆਦਾ ਬਣ ਸਕਦੇ ਹਨ।

ਇੱਕ ਸਾਲ ਪਹਿਲਾਂ ਕਾਂਗਰਸ ਹਾਈਕਮਾਂਡ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਵਿਵਾਦ ਜਾਰੀ  ਸੀ ।ਕੈਪਟਨ ਵਲੋਂ ਚੋਣ ਵਾਅਦੇ  ਪੂਰੇ ਨਾ ਕਰਨ ਕਰਕੇ ਹਾਈਕਮਾਂਡ ਨਰਾਜ ਸੀ।ਇਸ ਵਿਰੋਧ ਨੇ ਜਵਾਲਾਮੁਖੀ ਦਾ ਰੂਪ ਉਦੋਂ ਧਾਰਨ ਕੀਤਾ ਜਦੋਂ ਨਵਜੋਤ ਸਿੰਘ ਸਿੱਧੂ ਨੇ ਲਗਾਤਾਰ ਆਪਣੀ ਹੀ ਸਰਕਾਰ ਉੱਤੇ ਸ਼ਬਦੀ ਹਮਲੇ ਸ਼ੁਰੂ ਕੀਤੇ। ਇਸ ਵਿਰੋਧ ਦਾ ਸਿਹਰਾ ਪਾਰਟੀ ਦੇ ਆਗੂ ਨਵਜੋਤ ਸਿੰਘ ਸਿੱਧੂ ਨੂੰ ਜਾਂਦਾ ਹੈ।ਜਦੋਂ ਸਿੱਧੂ ਨੂੰ ਪਾਕਿਸਤਾਨ ਦੇ ਜਨਰਲ ਕਮਰ ਬਾਜਵਾ ਨੇ ਇਹ ਦੱਸਿਆ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਵਾਲਾ ਹੈ ਤਾਂ ਸਿੱਧੂ ਨੇ ਉਨ੍ਹਾਂ ਨੂੰ ਜਫ਼ੀ ਪਾ ਲਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਬਹੁਤ ਆਲੋਚਨਾ ਕੀਤੀ ਸੀ। ਇਸ ਤੋਂ ਬਾਅਦ ਸਿੱਧੂ ਨੇ ਕੈਪਟਨ ਦੇ ਅੰਦਰ ਤੇ ਬਾਹਰ ਕੈਪਟਨ ਦੀ ਖੁੱਲਕੇ ਆਲੋਚਨਾਂ ਕੀਤੀ ਅਤੇ ਮੰਤਰੀ ਦਾ ਅਹੁਦਾ ਛੱਡ ਦਿੱਤਾਪਿਛਲੇ ਇੱਕ ਸਾਲ ਵਿੱਚ ਸਿੱਧੂ ਨੇ ਆਪਣੇ ਯੂਟਿਊਬ ਚੈਨਲ 'ਤੇ ਕੈਪਟਨ ਸਰਕਾਰ ਦੀ ਡਟ ਕੇ ਆਲੋਚਨਾ ਜਾਰੀ ਰੱਖੀ। ਇਸ ਨਾਲ ਲੋਕਾਂ ਵਿੱਚ ਸਰਕਾਰ ਖਿਲਾਫ਼ ਰੋਹ ਵੱਧਣਾ ਸ਼ੁਰੂ ਹੋਇਆ।ਇਸ ਲਈ ਕਿਹਾ ਜਾ ਸਕਦਾ ਹੈ ਕਿ ਸਿੱਧੂ ਨੇ ਇੱਕਲੇ ਹੀ ਉਹ ਕਰ ਦਿਖਾਇਆ, ਜੋ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਤੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਨਹੀਂ ਕਰ ਸਕੀ।ਇਹ ਕਹਿਣਾ ਵੀ ਸਹੀ ਨਹੀਂ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ ਚਾਰ ਸਾਲਾਂ ਦੇ ਸ਼ਾਸਨ ਵਿੱਚ ਸਭ ਠੀਕ ਸੀ।ਕਈ ਵਾਅਦੇ ਅਜੇ ਅਧੂਰੇ ਹਨ, ਜਿਵੇਂ ਕਿ ਨਸ਼ੇ ਨੂੰ ਕਾਬੂ ਕਰਨਾ, ਹਰ ਘਰ ਨੌਕਰੀ ਦੇਣਾ, ਕਿਸਾਨਾਂ ਦੇ ਸਾਰੇ ਕਰਜ਼ੇ ਮਾਫ਼ ਕਰਨਾ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣਾ।ਦਿਲਚਸਪ ਗੱਲ ਇਹ ਹੈ ਕਿ ਗਾਂਧੀ ਪਰਿਵਾਰ ਦੀ ਥਾਪੀ ਨਾਲ, ਜਿਸ ਆਗੂ ਨੇ ਕਾਂਗਰਸ ਵਿੱਚ ਹੋ ਰਹੇ ਕਲੇਸ਼ ਨੂੰ ਘਰ-ਘਰ ਪਹੁੰਚਾਇਆ ਸੀ, ਉਸ ਨੂੰ ਇਨਾਮ ਵਜੋਂ ਪਾਰਟੀ ਦਾ ਸੂਬਾ ਪ੍ਰਧਾਨ ਬਣਾ ਦਿੱਤਾ ਗਿਆ।ਨਵੇਂ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਬਣਨ ਮਗਰੋਂ  ਲੋਕਾਂ ਵਿੱਚ ਜਾ ਕੇ ਇਹ ਕਹਿਣਾ ਕਿ ਹੁਣ ਪਾਰਟੀ ਵਿੱਚ ਬਦਲਾਅ ਆ ਗਏ ਹਨ ਤੇ ਲੋਕੀ ਮੁੜ ਉਨ੍ਹਾਂ 'ਤੇ ਵਿਸ਼ਵਾਸ ਕਰਨ, ਇਹ ਕੰਮ ਸੌਖਾ ਨਹੀਂ ਹੋਵੇਗਾ।ਕਾਂਗਰਸ ਨੂੰ ਚੋਣ ਵਾਅਦੇ ਪੂਰੇ ਕਰਨੇ ਪੈਣਗੇ।

ਪੰਜਾਬ ਦੀ ਰਾਜਨੀਤੀ ਕੀ ਹੋਵੇ

ਪੰਜਾਬ ਉਪਰ ਨੈਸ਼ਨਲ ਪਾਰਟੀਆਂ ਦੀ ਲਗਾਮ ਖਤਰਨਾਕ ਹੋਵੇਗੀ ।ਕਾਂਗਰਸ ਤੇ ਆਪ ਦਾ ਯੁਗ ਦੇਖ ਚੁਕੇ ਹਾਂ।ਪੰਜਾਬ ਉਪਰ ਕਰਜਾ ਤੇ ਪੰਜਾਬ ਸੰਤਾਪ ਕਾਂਗਰਸ ਦੀ ਦੇਣ ਹੈ। ਜੋ ਖੇਡ ਕਾਂਗਰਸ ਨੇ ਖੇਡੀ ਉਸ ਵਿਚ ਗਰਕ ਹੋ ਗਈ।ਸਿਆਸੀ ਤੌਰ ਉਪਰ ਉਸਦੀ ਸਥਿਤੀ ਦੇਸ ਪਧਰ ਉਪਰ ਡਾਵਾਂਡੋਲ ਹੈ।ਦਿਲੀ ਦਾ ਕੇਜਰੀ ਮਾਡਲ ਪੰਜਾਬ ਦਾ ਕੁਝ ਨਹੀਂ ਸੰਵਾਰੇਗਾ।ਕੇਜਰੀਵਾਲ  ਨੂੰ ਇਕ ਵਾਰ ਮੈਂ ਦਿਲੀ ਵਿਖੇ ਮੀਟਿੰਗ ਦੌਰਾਨ ਅਪੀਲ ਕੀਤੀ ਸੀ ਕਿ  ਪੰਜਾਬ ਦੇ ਪਾਣੀਆਂ ਦੀ ਰਿਆਲਟੀ ਦੇਵੋ ਪਰ ਕੇਜਰੀਵਾਲ ਸਿਰ ਫੇਰ ਗਿਆ।ਇਹ ਛੇ ਸਾਲ ਪੁਰਾਣੀ ਗਲ ਹੈ।ਉਸ ਸਮੇਂ ਮੈਂ ਸੋਚ ਲਿਆ ਸੀ ਕਿ ਇਹ ਪੰਜਾਬ ਦੇ ਸਕੇ ਨਹੀਂ।ਕੇਂਦਰੀ ਪਾਰਟੀ ਦੇ ਦੋ ਤਿੰਨ ਪ੍ਰਭਾਰੀ ਆਉਂਦੇ ਹਨ ਤੇ ਆਪਣੇ ਪੰਜਾਬ ਪ੍ਰਧਾਨ ਨੂੰ ਕਠਪੁਤਲੀ ਵਾਂਗ ਨਚਾਉਂਦੇ ਹਨ।ਪੰਜਾਬ ਦੀ ਸਿਆਸੀ ਤੇ ਆਰਥਿਕ ਲੁਟ ਇਥੋਂ ਚਲਦੀ ਹੈ।ਕੀ ਇਹੋ ਜਿਹਾ ਕਠਪੁਤਲੀ ਪ੍ਰਧਾਨ ਪੰਜਾਬ ਪਖੀ ਰੋਲ ਨਿਭਾ ਸਕਦਾ ਹੈ।ਹਾਲਾਂ ਕਿ ਕੈਪਟਨ ਅਮਰਿੰਦਰ ਸਿੰਘ ਵਿਚ ਠੁਕ ਸੀ ਉਸ ਨੇ ਆਪਣਾ ਪੰਜਾਬ ਵਿਚ ਵਾਜੂਦ ਘੜਿਆ ,ਬਾਦਲਾਂ ਨਾਲੋਂ ਵਧ ਪੰਜਾਬੀਆਂ ਵਿਚ ਵਿਸ਼ਵਾਸ ਬਣਾਇਆ।ਹਾਈਕਮਾਂਡ ਕਾਂਗਰਸ ਦੀ ਪਰਵਾਹ ਨਹੀਂ ਕੀਤੀ।ਹਾਲੇ ਪੰਜਾਬ ਵਿਚ ਇਸ ਕਦ ਕਾਠ ਦਾ ਕੋਈ ਲੀਡਰ ਨਹੀਂ।ਹੁਣ ਹਾਈਕਮਾਂਡ ਕਾਂਗਰਸ ਇਸ ਕਦ ਕਾਠ ਦਾ ਨਵਾਂ ਲੀਡਰ ਉਭਰਨ ਨਹੀਂ ਦੇਵੇਗੀ।ਭਾਰਤ ਵਿਚ ਨਿਘਰ ਰਹੀ ਕਾਂਗਰਸ ਕੋਲ ਪੰਜਾਬ ਤੋਂ ਇਲਾਵਾ ਵਧੀਆ ਸਟੇਟ ਨਹੀਂ ਜਿਥੋਂ ਉਹ ਆਪਣਾ ਰਾਜਨੀਤਕ ਰੋਲ ਦੇਸ ਦੀ ਸਿਆਸਤ ਲਈ ਨਿਭਾ ਸਕੇ।ਜੇ  ਕਾਂਗਰਸ ਦਾ ਰੋਲ ਰਾਜ ਦੇ ਵਧ ਅਧਿਕਾਰਾਂ ਤੇ ਪੰਜਾਬ ਪਖੀ ਨਹੀਂ ਰਹਿੰਦਾ ਉਸਦੀ ਅੰਤਿਮ ਅਰਦਾਸ ਹੋਣੀ ਨਿਸਚਿਤ ਹੈ।ਕਾਂਗਰਸ ਕੋਲ ਸੁਨੀਲ ਜਾਖੜ , ਸੁਖਜਿੰਦਰ ਸਿੰਘ ਰੰਧਾਵਾ ,ਪ੍ਰਗਟ ਸਿੰਘ ,ਨਵਜੋਤ ਸਿਧੂ ਮੌਜੂਦ ਹਨ ਜੋ ਪੰਜਾਬ ਦੀ ਸਿਆਸਤ ਨੂੰ ਸਮਝਦੇ ਹਨ।ਚਰਨਜੀਤ ਸਿੰਘ ਚੰਨੀ ਨੂੰ ਬੇਸ਼ਕ ਉਸਨੇ ਮੁਖ ਮੰਤਰੀ ਬਣਾ ਦਿਤਾ ,ਉਸਦੇ ਵਿਚਾਰ ਜੋ ਮੀਡੀਆ ਵਿਚ ਪੇਸ਼ ਹੋਏ ਪੰਜਾਬ ਪਖੀ ਹਨ।ਇਹਨਾਂ ਨੂੰ ਖੁਲਕੇ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ।ਜੋ ਕੈਪਟਨ ਨੇ ਵਾਅਦੇ ਕੀਤੇ ਉਹ ਨਿਭਾਉਣੇ ਪੈਣੇ ਹਨ।ਕਾਂਗਰਸ ਪੰਜਾਬ ਦਾ ਰੋਲ ਰਿਜਨਲ ਪਾਰਟੀ ਵਜੋਂ ਸਥਾਪਤ ਹੋਣਾ ਚਾਹੀਦਾ।ਹਾਈਕਮਾਂਡ ਖੁਦ ਧਿਆਨ ਰਖੇ।ਕੈਪਟਨ ਨੇ ਆਪਣਾ ਇਤਿਹਾਸਕ ਰੋਲ ਪਛਾਣਿਆ ਨਹੀਂ।ਉਸਦਾ ਸੰਕਟ ਕੀ ਸੀ।ਇਹ ਭਵਿੱਖ ਦੇ ਗਰਭ ਵਿਚ ਹੈ।ਪਰ ਇਹ ਪੰਜ ਸਾਲ ਉਹ ਬਾਦਲਾਂ ਤੋਂ ਵਖਰਾ ਨਹੀਂ ਜਾਪਿਆ।ਗੁਰੂ ਗਰੰਥ ਸਾਹਿਬ ਦਾ ਮੁਦਾ ਉਸਨੂੰ ਲੈ ਡੁਬਿਆ।ਹੁਣ ਉਸਦਾ ਯੁਗ ਬੀਤ ਗਿਆ ਹੈ।ਬਾਦਲਕਿਆਂ ਦਾ ਪੂਰਾ ਬਾਈਕਾਟ ਪਿੰਡਾਂ ਵਿਚ ਹੈ।ਕੂਚੀ ਨਾਲ ਉਸਦੇ ਬੋਰਡ ਕਾਲੇ ਕੀਤੇ ਜਾ ਰਹੇ ਹਨ।ਗੁਰੂ ਗਰੰਥ ਤੇ ਪੰਥ ਵਿਰੁਧ ਉਸਦੀ ਰਾਜਨੀਤੀ ਉਸਦੇ ਲਈ ਕੰਡਿਆਂ ਦੀ ਸੇਜ ਬਣ ਗਈ।ਪੰਜਾਬ ਦੀ ਹਸਤੀ ਤੇ ਪੰਜਾਬ ਦੇ ਵਧ ਅਧਿਕਾਰ ਤੇ ਖੁਦਮੁਖਤਿਆਰੀ ਤੋਂ ਉਸਨੇ ਪਾਸਾ ਵਟ ਲਿਆ। ਕਿਸਾਨਾਂ ਵਿਚੋਂ ਪਾਰਟੀ ਉਭਰਨ ਦੀ ਸੰਭਾਵਨਾ ਹੈ।ਹਾਲੇ ਪੰਜਾਬ ਦੀ ਸਿਆਸਤ ਦਾ ਭਵਿੱਖ ਹਨੇਰੇ ਵਿਚ ਹੈ।ਹਰ ਪਾਸੇ ਕਾਲੇ ਪਰਛਾਵੇਂ ਹਨ।ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਹੁਕਮ ਪੰਜਾਬੀਆਂ ਨੂੰ ਯਾਦ ਰਖਣ ਦੀ ਲੋੜ ਹੈ।ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ।।’

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ