ਕਸ਼ਮੀਰ ਤੋਂ ਦਿੱਲੀ ਪਰਤੇ ਵਫਦ ਦਾ ਦਾਅਵਾ, "ਪਿੰਜਰਿਆਂ 'ਚ ਬੰਦ ਹਨ ਕਸ਼ਮੀਰੀ"

ਕਸ਼ਮੀਰ ਤੋਂ ਦਿੱਲੀ ਪਰਤੇ ਵਫਦ ਦਾ ਦਾਅਵਾ,

ਨਵੀਂ ਦਿੱਲੀ: ਔਰਤਾਂ ਦੇ ਹੱਕਾਂ 'ਤੇ ਕੰਮ ਕਰਦੇ ਲੋਕਾਂ ਦਾ ਇੱਕ ਵਫਦ ਜੰਮੂ ਕਸ਼ਮੀਰ ਤੋਂ ਪਰਤਣ ਮਗਰੋਂ ਜਦੋਂ ਮੀਡੀਆ ਨਾਲ ਰੂਬਰੂ ਹੋਇਆ ਤਾਂ ਉਹਨਾਂ ਕਸ਼ਮੀਰ ਕਸ਼ਮੀਰ ਵਿੱਚ ਹੋ ਰਹੇ ਮਨੁੱਖੀ ਹੱਕਾਂ ਦੇ ਘਾਣ ਨੂੰ ਦੁਨੀਆ ਸਾਹਮਣੇ ਰੱਖਿਆ। ਉਹਨਾਂ ਕਿਹਾ ਕਿ ਕਸ਼ਮੀਰ ਘਾਟੀ ਵਿੱਚ ਮੁੜ ਧਾਰਾ 370 ਬਹਾਲ ਕੀਤੀ ਜਾਵੇ ਤੇ ਭਾਰਤੀ ਫੌਜਾਂ ਨੂੰ ਤੁਰੰਤ ਵਾਪਸ ਬੁਲਾਇਆ ਜਾਵੇ। ਇਸ ਵਫਦ ਵਿੱਚ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੁਮੈਨ ਤੋਂ ਐਨੀ ਰਾਜਾ, ਕੰਵਲਜੀਤ ਕੌਰ ਢਿੱਲੋਂ ਤੇ ਪੰਖੁੜੀ ਜ਼ਹੀਰ, ਪ੍ਰਗਤੀਸ਼ੀਲ ਮਹਿਲਾ ਸੰਗਠਨ ਤੋਂ ਪੂਨਮ ਕੌਸ਼ਿਕ ਅਤੇ ਮੁਸਲਿਮ ਵਿਮੈਨਜ਼ ਫੋਰਮ ਤੋਂ ਸਈਦਾ ਹਮੀਦ ਸ਼ਾਮਿਲ ਸਨ। 

ਵਫਦ ਨੇ 17 ਤੋਂ 21 ਸਤੰਬਰ ਤੱਕ ਕਸ਼ਮੀਰ ਦੇ ਸ਼ੋਪੀਆਂ, ਪੁਲਵਾਮਾ ਅਤੇ ਬੰਦੀਪੋਰਾ ਜ਼ਿਲ੍ਹਿਆਂ ਦੇ ਕਈ ਪਿੰਡਾਂ ਦਾ ਦੌਰਾ ਕਰਕੇ ਹਾਲਾਤ ਦੇਖੇ। ਇਸ ਵਫਦ ਨੇ ਆਪਣੀ ਰਿਪੋਰਟ ਬਾਰੇ ਕਿਹਾ, "ਅਸੀਂ ਆਪਣੇ ਅੱਖੀਂ ਦੇਖਣਾ ਚਾਹੁੰਦੀਆਂ ਸੀ ਕਿ 43 ਦਿਨਾਂ ਦੀਆਂ ਪਾਬੰਦੀਆਂ ਦਾ ਲੋਕਾਂ ਖਾਸ ਕਰ ਕੇ ਔਰਤਾਂ ਅਤੇ ਬੱਚਿਆਂ 'ਤੇ ਕੀ ਪ੍ਰਭਾਵ ਪਿਆ ਹੈ।" 

1300 ਕਸ਼ਮੀਰੀ ਨੌਜਵਾਨ ਭਾਰਤ ਨੇ ਚੁੱਕੇ
ਪੰਜ ਮੈਂਬਰੀ ਟੀਮ ਨੇ 'ਤੱਥ ਖੋਜ ਰਿਪੋਰਟ' ਪੇਸ਼ ਕਰਦਿਆਂ ਕਿਹਾ ਕਿ ਕਸ਼ਮੀਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਗਦਾ ਹੈ ਜਿਵੇਂ ਉਹ 'ਪਿੰਜਰਿਆਂ 'ਚ ਬੰਦ' ਹਨ। ਦੁਕਾਨਾਂ, ਸਕੂਲਾਂ, ਕਾਲਜਾਂ, ਹਸਪਤਾਲਾਂ, ਸੜਕਾਂ ਆਦਿ 'ਤੇ ਹਰ ਪਾਸੇ ਸੁੰਨ ਪਸਰੀ ਹੋਈ ਹੈ। ਕਾਰਕੁੰਨਾਂ ਨੇ ਦਾਅਵਾ ਕੀਤਾ, "ਸਾਨੂੰ ਦਿੱਤੇ ਗਏ ਅੰਦਾਜ਼ੇ ਮੁਤਾਬਿਕ ਪਾਬੰਦੀਆਂ ਦੌਰਾਨ 1300 ਕਸ਼ਮੀਰੀ ਮੁੰਡੇ ਚੁੱਕੇ ਗਏ ਹਨ।"

ਇੰਟਰਨੈੱਟ ਅਤੇ ਮੋਬਾਈਲ ਨੈੱਟਵਰਕ ਬਹਾਲ ਕਰਨ ਦੀ ਮੰਗ
ਇਸ ਟੀਮ ਨੇ ਸਾਰੇ ਸੰਚਾਰ ਸਾਧਨਾਂ, ਜਿਸ ਵਿੱਚ ਇੰਟਰਨੈੱਟ ਅਤੇ ਮੋਬਾਈਲ ਨੈੱਟਵਰਕ ਸ਼ਾਮਲ ਹਨ, ਨੂੰ ਤੁਰੰਤ ਪ੍ਰਭਾਵ ਨਾਲ ਬਹਾਲ ਕਰਨ ਦੀ ਮੰਗ ਕੀਤੀ। 

ਧਾਰਾ 370 ਅਤੇ 35 ਏ ਮੁੜ ਬਹਾਲ ਕੀਤੀਆਂ ਜਾਣ
ਇਸ ਵਫਦ ਨੇ ਮੰਗ ਕੀਤੀ ਕਿ ਧਾਰਾ 370 ਅਤੇ 35 ਏ ਮੁੜ ਕਸ਼ਮੀਰ ਵਿੱਚ ਬਹਾਲ ਕੀਤੀਆਂ ਜਾਣ। ਕਸ਼ਮੀਰ ਦੇ ਸਿਆਸੀ ਭਵਿੱਖ ਬਾਰੇ ਸਾਰੇ ਸਿਆਸੀ ਫੈਂਸਲੇ ਉੱਥੋਂ ਦੀ ਲੋਕਾਂ ਦੀ ਸਲਾਹ ਨਾਲ ਲਏ ਜਾਣ ਤੇ ਲੋਕਾਂ ਦਾ ਭਰੋਸਾ ਜਿੱਤਣ ਲਈ ਧਾਰਾ 370 ਹਟਾਏ ਜਾਣ ਮਗਰੋਂ ਦਰਜ ਕੀਤੇ ਸਾਰੇ ਮਾਮਲੇ ਰੱਦ ਕੀਤੇ ਜਾਣ ਅਤੇ ਹਿਰਾਸਤ ਵਿੱਚ ਲਏ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ। 

ਵਫਦ ਨੇ ਕਿਹਾ ਕਿ ਇਸ ਰਿਪੋਰਟ ਨੂੰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੇ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ।