ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਦੇਣ ਵਾਲਾ ਸੀਨੀਅਰ ਵਿਗਿਆਨੀ ਸੰਘ ਪਰਿਵਾਰ ਦਾ ਸੀਨੀਅਰ ਮੈਂਬਰ ਨਿਕਲਿਆ

ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਦੇਣ ਵਾਲਾ ਸੀਨੀਅਰ ਵਿਗਿਆਨੀ ਸੰਘ ਪਰਿਵਾਰ ਦਾ ਸੀਨੀਅਰ ਮੈਂਬਰ ਨਿਕਲਿਆ

ਪਾਕਿਸਤਾਨ ਦੀ ਲੜਕੀ ਦੇ ਹਨੀ ਟਰੈਪ ਵਿਚ ਫਸਕੇ ਭੁਲ ਗਿਆ ਸੀ ਦੇਸਭਗਤੀ ਤੇ ਰਾਸ਼ਟਰਵਾਦ

* ਮੋਦੀ ਸਰਕਾਰ ਤੇ ਗੋਦੀ ਮੀਡੀਆ ਨੇ ਮਾਮਲਾ ਦਬਾਇਆ

ਦਿੱਲੀ-ਡੀਆਰਡੀਓ ਭਾਰਤ ਸਰਕਾਰ ਦੀ ਰੱਖਿਆ ਖੋਜ ਖੇਤਰ ਵਿੱਚ ਪ੍ਰਮੁੱਖ ਸੰਸਥਾ ਹੈ। ਆਮ ਲੋਕਾਂ ਦੀ ਜਾਣਕਾਰੀ ਤੋਂ ਦੂਰ ਰਹਿੰਦੇ ਹੋਏ ਇਸ ਸੰਸਥਾ ਵਿਚ ਕੰਮ ਕਰਨ ਵਾਲੇ ਕਰਮਚਾਰੀ ਅਤੇ ਵਿਗਿਆਨੀ ਭਾਰਤੀ ਰੱਖਿਆ ਖੇਤਰ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਦਾ ਨਾਂ ਡੀਆਰਡੀਓ ਨਾਲ ਅਟੁੱਟ ਤੌਰ 'ਤੇ ਜੁੜਿਆ ਹੋਇਆ ਹੈ। ਡੀਆਰਡੀਓ ਦੀ ਇੰਜਨੀਅਰਿੰਗ ਸ਼ਾਖਾ ਦੇ ਮੁਖੀ ਵਿਗਿਆਨੀ ਪ੍ਰਦੀਪ ਕੁਰੂਲਕਰ ਨੂੰ ਮਹਾਰਾਸ਼ਟਰ ਦੀ ਏਟੀਐਸ (ਐਂਟੀ ਟੈਰੋਰਿਸਟ ਸਕੁਐਡ) ਨੇ ਭਾਰਤ ਦੀ ਖੁਫ਼ੀਆ ਜਾਣਕਾਰੀ ਦੁਸ਼ਮਣ ਦੇਸ਼ ਤੱਕ ਪਹੁੰਚਾਉਣ ਦੇ ਦੋਸ਼ ਵਿੱਚ ਮਈ ਦੇ ਪਹਿਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਸੀ। ਇਸ ਬਾਰੇ ਕੁਝ ਅਖਬਾਰਾਂ ਵਿਚ ਖਬਰਾਂ ਵੀ ਆਈਆਂ ਸਨ ਪਰ ਹੁਣੇ ਜਿਹੇ ਉਸ ਬਾਰੇ ਕੁਝ ਹੋਰ ਜਾਣਕਾਰੀ ਮਿਲੀ ਹੈ, ਜੋ ਬਹੁਤ ਹੀ ਹੈਰਾਨ ਕਰਨ ਵਾਲੀ ਹੈ।

ਪ੍ਰਦੀਪ ਕੁਰੂਲਕਰ ਮੂਲ ਰੂਪ ਵਿੱਚ ਪੁਣੇ ਦਾ ਰਹਿਣ ਵਾਲਾ ਹੈ। ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਨਾਲ ਨੇੜਿਓਂ ਜੁੜਿਆ ਹੋਇਆ ਹੈ। ਇਹ ਪਰੰਪਰਾ ਪ੍ਰਦੀਪ ਦੇ ਦਾਦਾ ਤੋਂ ਅੱਜ ਤੱਕ ਚੱਲੀ ਆ ਰਹੀ ਹੈ। ਆਰਐਸਐਸ ਦੀ ਸਿਖਰਲੀ ਲੀਡਰਸ਼ਿਪ ਵਿੱਚ ਪ੍ਰਦੀਪ ਕੁਰੂਲਕਰ ਦੇ ਪ੍ਰਵੇਸ਼ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਆਰਐਸਐਸ ਵਿੱਚ ਸਰਵਉੱਚ ਅਹੁਦਾ ਸੰਭਾਲਣ ਵਾਲੇ ਸਰਸੰਘਚਾਲਕ ਮੋਹਨ ਭਾਗਵਤ ਦੀ ਮੌਜੂਦਗੀ ਵਿੱਚ ਮੰਚ ਉੱਤੇ ਮਰਾਠੀ ਵਿੱਚ ਬੋਲਦੇ ਦੇਖਿਆ ਜਾ ਸਕਦਾ ਹੈ।

ਉਧਰ, ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਕਾਂਗਰਸ ਪਾਰਟੀ ਵੱਲੋਂ ਆਪਣੇ ਦਿੱਲੀ ਹੈੱਡਕੁਆਰਟਰ ਤੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਕੁਰੂਲਕਰ ਦੀ ਗ੍ਰਿਫ਼ਤਾਰੀ ਨੂੰ ਬਹੁਤ ਗੰਭੀਰ ਮਾਮਲਾ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਆਰਐਸਐਸ ਦਾ ‘ਰਾਸ਼ਟਰ ਵਿਰੋਧੀ ਚਿਹਰਾ’ ਇੱਕ ਵਾਰ ਫਿਰ ਨੰਗਾ ਹੋ ਗਿਆ ਹੈ। ਕਾਂਗਰਸ ਬੁਲਾਰੇ ਨੇ ਮੀਡੀਆ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕੁਰੂਲਕਰ ਅਤੇ ਆਰਐਸਐਸ ਵਿੱਚ ਕੀ ਸਬੰਧ ਹੈ ਕਿਉਂਕਿ ਇਹ ਮਾਮਲਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਹਾਲਾਂਕਿ, ਕੁਰੂਲਕਰ ਦੇ ਸੰਘ ਨਾਲ ਜੁੜੇ ਹੋਣ ਦੀਆਂ ਖ਼ਬਰਾਂ ਨੂੰ ਮੀਡੀਆ ਨੇ ਦਬਾ ਦਿੱਤਾ ਸੀ ਅਤੇ ਇਹ ਮਾਮਲਾ ਇੱਕ ਭਾਰਤੀ ਵਿਗਿਆਨੀ ਦੇ ਹਨੀ-ਟ੍ਰੈਪ ਅਤੇ ਦੇਸ਼ ਦੀ ਸੁਰੱਖਿਆ ਨਾਲ ਸਬੰਧਤ ਖੁਫੀਆ ਜਾਣਕਾਰੀ ਨੂੰ ਲੀਕ ਕਰਨ ਦੀ ਘਟਨਾ ਤੱਕ ਸੀਮਤ ਕਰ ਦਿੱਤਾ ਗਿਆ ਸੀ।

ਆਲਟ ਨਿਊਜ਼ ਦੇ ਮੁਹੰਮਦ ਜ਼ੁਬੈਰ ਅਤੇ ਅਸ਼ੋਕ ਸਵੈਨ ਨੇ ਇਕ ਵੀਡਿਓ ਲਿੰਕ ਸਾਂਝਾ ਕਰਦੇ ਹੋਏ ਪ੍ਰਦੀਪ ਕੁਰੂਲਕਰ ਅਤੇ ਆਰਐਸਐਸ ਦੀ ਨੇੜਤਾ ਦੀ ਪੁਸ਼ਟੀ ਕੀਤੀ ਹੈ। ਅਸ਼ੋਕ ਸਵੈਨ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਭਾਰਤੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੇ ਡਾਇਰੈਕਟਰ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਉਹ ਅਸਲ ਵਿੱਚ ਹਿੰਦੂ ਸਰਵੋਤਮਵਾਦ ਦੀ ਜਨਨੀ ਆਰਐਸਐਸ ਦਾ ਸੀਨੀਅਰ ਮੈਂਬਰ ਨਿਕਲਿਆ ਹੈ! ਟਵਿਟਰ ਅਤੇ ਹੋਰ ਸੋਸ਼ਲ ਮੀਡੀਆ 'ਤੇ ਇਸ ਵੀਡੀਓ ਲਿੰਕ ਦੇ ਸਾਹਮਣੇ ਆਉਣ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕਾਂ ਦੀ ਉਤਸੁਕਤਾ ਵਧ ਗਈ ਹੈ। ਕਥਿਤ ਰਾਸ਼ਟਰੀ ਮੀਡੀਆ ਦੇ ਉਲਟ, ਮਰਾਠੀ ਨਿਊਜ ਅਦਾਰੇ ਇਸ ਨੂੰ ਪ੍ਰਮੁੱਖਤਾ ਨਾਲ ਕਵਰ ਕਰ ਰਹੇ ਹਨ। 

10 ਮਈ ਨੂੰ ਕਾਂਗਰਸ ਪਾਰਟੀ ਦੀ ਪ੍ਰੈਸ ਕਾਨਫਰੰਸ ਵਿੱਚ ਪਵਨ ਖੇੜਾ ਨੇ ਦਾਅਵਾ ਕੀਤਾ ਸੀ ਕਿ ਪ੍ਰਦੀਪ ਕੁਰੂਲਕਰ ਦੀਆਂ ਚਾਰ ਪੀੜ੍ਹੀਆਂ ਆਰਐਸਐਸ ਨਾਲ ਜੁੜੀਆਂ ਹੋਈਆਂ ਹਨ। 59 ਸਾਲਾ ਪ੍ਰਦੀਪ ਦੀ ਆਰਐਸਐਸ ਨਾਲ ਚਾਰ ਪੀੜ੍ਹੀਆਂ ਦੀ ਸਾਂਝ ਦਾ ਮਤਲਬ ਹੈ ਕਿ ਪਰਿਵਾਰ ਆਪਣੇ ਜਨਮ ਤੋਂ ਹੀ ਆਰਐਸਐਸ ਨਾਲ ਜੁੜਿਆ ਹੋਇਆ ਹੈ। ਪਵਨ ਖੇੜਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਪ੍ਰਦੀਪ ਆਰਐਸਐਸ ਵਿੱਚ ਸੰਸਕਾਰ ਭਾਰਤੀ ਦੇ ਸੰਗਠਨ ਮੰਤਰੀ ਰਹਿ ਚੁੱਕਾ ਹੈ। ਹਨੀ ਟਰੈਪ ਦੇ ਮੁੱਦੇ 'ਤੇ, ਪਵਨ ਖੇੜਾ ਨੇ ਕਿਹਾ, "ਅਸਲ ਗੱਲ ਇਹ ਹੈ ਕਿ ਹਨੀ ਟਰੈਪ ਵਿਚ ਫਸੇ ਇਸ ਡੀਆਰਡੀਓ ਮੁਖੀ ਦਾ ਆਰਐਸਐਸ ਦੇ ਸੰਗਠਨ ਨਾਲ ਸਬੰਧ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਧਰੁਵ ਸਕਸੈਨਾ, ਯਸ਼ਵੰਤ ਸ਼ਿੰਦੇ ਦਾ ਮਾਡਿਊਲ ਇਸੇ ਤਰ੍ਹਾਂ ਸੰਘ ਨਾਲ ਜੁੜੇ ਸ਼ੱਕੀ ਵਿਅਕਤੀਆਂ ਦੇ ਇਤਿਹਾਸ ਦੀ ਪੁਸ਼ਟੀ ਕਰਦਾ ਹੈ।ਖੇੜਾ ਨੇ ਕਿਹਾ ਹੈ ਕਿ 'ਪ੍ਰਧਾਨ ਮੰਤਰੀ ਦੀ ਨੱਕ ਹੇਠ ਡੀਆਰਡੀਓ ਦੇ ਡਾਇਰੈਕਟਰ ਦੇ ਅਹੁਦੇ 'ਤੇ ਬੈਠਾ ਵਿਅਕਤੀ, ਜੋ ਕਿ ਆਰਐਸਐਸ ਦਾ ਬਹੁਤ ਕਰੀਬੀ ਹੈ, ਪਾਕਿਸਤਾਨ ਨੂੰ ਸੰਵੇਦਨਸ਼ੀਲ ਸੂਚਨਾਵਾਂ ਦੇ ਰਿਹਾ ਸੀ। ਜੇਕਰ ਇਹ ਗੱਦਾਰ ਕਿਸੇ ਹੋਰ ਸਿਆਸੀ ਪਾਰਟੀ ਨਾਲ ਜੁੜਿਆ ਹੁੰਦਾ ਤਾਂ ਮੀਡੀਆ ਨੇ ਚੀਕ ਚਿਹਾੜਾ ਪਾਕੇ ਇਹ ਖ਼ਬਰ ਵਾਰ ਵਾਰ ਚਲਾਉਣੀ ਸੀ।ਪ੍ਰਧਾਨ ਮੰਤਰੀ ਨੇ ਵੀ ਚੁੱਪ ਨਹੀਂ ਸੀ ਰਹਿਣਾ।ਪਰ ਹੁਣ ਚੁੱਪ ਹਨ।

 ਇਹ ਮਾਮਲਾ ਅਕਤੂਬਰ 2022 ਵਿੱਚ ਸਾਹਮਣੇ ਆਇਆ ਸੀ। ਅਕਤੂਬਰ ਤੋਂ ਫਰਵਰੀ 2023 ਤੱਕ 5 ਮਹੀਨਿਆਂ ਦੌਰਾਨ, ਪਾਕਿਸਤਾਨ ਦੀ ਔਰਤ ਨਾਲ ਇਸ ਵਿਅਕਤੀ ਦੀ ਵਟਸਐਪ ਚੈਟ ਅਤੇ ਲੈਪਟਾਪ ਦੀ ਖੁਫੀਆ ਜਾਣਕਾਰੀ ਦਾ ਅਦਾਨ-ਪ੍ਰਦਾਨ ਜਾਰੀ ਰਿਹਾ ਸੀ। ਫਰਵਰੀ ਵਿੱਚ ਏਟੀਐਸ ਨੇ ਕਾਰਵਾਈ ਕਰਦੇ ਹੋਏ ਫੋਨ ਅਤੇ ਲੈਪਟਾਪ ਜ਼ਬਤ ਕਰ ਲਿਆ ਸੀ। ਪਰ ਗ੍ਰਿਫਤਾਰੀ ਮਈ ਵਿੱਚ ਹੋਈ ਸੀ ।

ਗ੍ਰੇਡ ਐਚ ਸ਼੍ਰੇਣੀ ਦੇ ਵਿਗਿਆਨੀ ਪ੍ਰਦੀਪ ਕੁਰੂਲਕਰ ਨੇ 80 ਦੇ ਦਹਾਕੇ ਵਿੱਚ ਪੁਣੇ ਇੰਜੀਨੀਅਰਿੰਗ ਕਾਲਜ ਤੋਂ ਇੰਜੀਨੀਅਰਿੰਗ ਕੀਤੀ ਸੀ। ਇਸ ਤੋਂ ਬਾਅਦ, ਐਡਵਾਂਸਡ ਪਾਵਰ ਇਲੈਕਟ੍ਰੋਨਿਕਸ ਵਿੱਚ ਉੱਚ ਸਿੱਖਿਆ ਲਈ ਆਈਆਈਟੀ ਕਾਨਪੁਰ ਤੋਂ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ, ਉਸਨੇ 1988 ਤੋਂ ਹੁਣ ਤੱਕ ਡੀਆਰਡੀਓ ਵਿੱਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ ਸੀ। ਸਾਲ 2000 ਤੋਂ ਵੱਖ-ਵੱਖ ਅਵਾਰਡਾਂ ਨਾਲ ਸਨਮਾਨਿਤ ਪ੍ਰਦੀਪ ਕੁਰੂਲਕਰ ਨੂੰ ਜਨਵਰੀ 2023 ਵਿਚ ਅਜਿੰਕਯ ਡੀਵਾਈ ਪਾਟਿਲ ਯੂਨੀਵਰਸਿਟੀ ਦੁਆਰਾ ਡੀ.ਲਿਟ ਦੀ ਡਿਗਰੀ ਪ੍ਰਦਾਨ ਕੀਤੀ ਗਈ ਸੀ।

ਅਜਿਹੇ ਉੱਚ ਦਰਜੇ ਦੇ ਵਿਗਿਆਨੀ ਦਾ ਕਿਸੇ ਅਣਪਛਾਤੀ ਵਿਦੇਸ਼ੀ ਔਰਤ ਦੇ ਸੰਪਰਕ ਵਿੱਚ ਆਉਣਾ ਅਤੇ ਰਾਤ ਭਰ ਚੈਟਿੰਗ ਅਤੇ ਫੋਟੋਆਂ ਸਾਂਝੀਆਂ ਕਰਨਾ ਅਤੇ ਬਦਲੇ ਵਿੱਚ ਦੇਸ਼ ਦੀ ਅਤਿ ਸੰਵੇਦਨਸ਼ੀਲ ਖੁਫ਼ੀਆ ਜਾਣਕਾਰੀ ਸਾਂਝੀ ਕਰਨਾ ਬਹੁਤ ਹੀ ਗੰਭੀਰ ਮਾਮਲਾ ਹੈ।ਇਸ ਨਾਲ ਸੰਘ ਦੀ ਸੱਭਿਆਚਾਰਕ ,ਸਿਧਾਂਤਕ ਅਤੇ ਵਿਚਾਰਧਾਰਕ ਸਿੱਖਿਆ 'ਤੇ ਵੀ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ, ਜੋ 59 ਸਾਲਾ ਉੱਚ ਪੜ੍ਹੇ-ਲਿਖੇ ਅਤੇ ਸੰਗਠਨ ਮੰਤਰੀ ਨੂੰ ਹਨੀ ਟਰੈਪ ਵਿਚ ਫਸਣ ਲਈ ਥਾਂ ਦਿੰਦੇ ਹਨ। ਫਰਵਰੀ ਤੋਂ ਮਈ ਮਹੀਨੇ ਤੱਕ ਇਹ ਖ਼ਬਰ ਦੇਸ਼ ਦੀਆਂ ਸਰਕਾਰਾਂ ਅਤੇ ਅਹਿਮ ਵਿਅਕਤੀਆਂ ਵਿੱਚ ਛਾਈ ਰਹਿੰਦੀ ਹੈ, ਪਰ ਇਸ ਸਬੰਧੀ ਗੰਭੀਰ ਕਦਮ ਚੁੱਕਣ ਦੀ ਬਜਾਏ ਇਸ ਮਾਮਲੇ ਨੂੰ ਛੁਪਾਕੇ ਸਰਕਾਰ ਦੀ ਭੂਮਿਕਾ 'ਤੇ ਪਰਦਾ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ।