ਬਹਿਬਲ ਗੋਲੀਕਾਂਡ ਦਾ ਇਨਸਾਫ ਕਿਉਂ ਨਹੀਂ?

ਬਹਿਬਲ ਗੋਲੀਕਾਂਡ ਦਾ ਇਨਸਾਫ ਕਿਉਂ ਨਹੀਂ?

*ਸਾਬਕਾ ਐਸ ਐਸ ਪੀ  ਸ਼ਰਮਾ ਦਾ ਬਹਿਬਲ ਕਲਾਂ ਗੋਲੀਕਾਂਡ ਕੇਸ ਪੰਜਾਬ ਵਿਚੋਂ ਤਬਦੀਲ ਕਿਉਂ ਕੀਤਾ?

* ਕੇਸ ਤਬਦੀਲੀ ਲਈ ਭਗਵੰਤ ਮਾਨ ਸਿੱਧਾ ਜ਼ਿੰਮੇਵਾਰ-ਕੁੰਵਰ ਵਿਜੇ ਪ੍ਰਤਾਪ ਸਿੰਘ,ਫੂਲਕਾ

 ਬਹਿਬਲ ਕਲਾਂ ਗੋਲੀਕਾਂਡ ਕੇਸ ਪੰਜਾਬ 'ਚੋਂ ਟਰਾਂਸਫਰ ਕਰ ਦਿੱਤਾ ਗਿਆ ਹੈ। ਹੁਣ ਇਹ ਕੇਸ ਚੰਡੀਗੜ੍ਹ  ਕੋਰਟ 'ਚ ਚੱਲੇਗਾ। ਹਾਈ ਕੋਰਟ ਨੇ ਬਹਿਬਲ ਕਲਾਂ ਗੋਲੀਕਾਂਡ ਦੀ ਸੁਣਵਾਈ ਚੰਡੀਗੜ੍ਹ ਤਬਦੀਲ ਕੀਤੀ ਹੈ। ਦਰਅਸਲ ਸਾਬਕਾ ਐਸਐਸਪੀ ਤੇ ਇਸ ਮਾਮਲੇ ਦੇ ਮੁਲਜ਼ਮ ਚਰਨਜੀਤ ਸ਼ਰਮਾ ਨੇ ਇਸ ਮੰਗ ਸਬੰਧੀ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਫਰੀਦਕੋਟ 'ਚ ਇਸ ਕੇਸ ਦੀ ਸੁਣਵਾਈ ਦੌਰਾਨ ਜਾਨ ਨੂੰ ਖਤਰਾ ਹੋਣ ਦੀ ਗੱਲ ਕਹੀ ਸੀ ਤੇ ਕੇਸ ਦੀ ਸੁਣਵਾਈ ਚੰਡੀਗੜ੍ਹ ਤਬਦੀਲ ਕਰਨ ਦੀ ਅਪੀਲ ਕੀਤੀ ਸੀ।ਹੈਰਾਨੀ ਦੀ ਗਲ ਹੈ ਕਿ ਕਥਿਤ ਦੋਸ਼ੀ ਦੇ ਕਹਿਣ ਉਪਰ ਕੇਸ ਤਬਦੀਲ ਕਰ ਦਿਤਾ। ਪ੍ਰਸਿਧ ਵਕੀਲ ਤੇ ਪੰਥਕ ਆਗੂ ਹਰਵਿੰਦਰ ਸਿੰਘ  ਫੁਲਕਾ ਅਨੁਸਾਰ ਸਰਕਾਰ ਨੇ ਇਸ ਦਾ ਵਿਰੋਧ ਨਹੀਂ ਕੀਤਾ।ਇਸ ਘਟਨਾ ਨਾਲ ਸਿਖਾਂ ਦੇ ਮਨ ਵਿਚ ਜਾ ਰਿਹਾ ਕਿ ਇਸ ਬਾਰੇ ਸਿਖਾਂ ਨੂੰ ਇਨਸਾਫ ਨਹੀਂ ਮਿਲੇਗਾ।ਉਨ੍ਹਾਂ ਕਿਹਾ ਕਿ ਇਕ ਰਸੂਖਦਾਰ ਕਥਿਤ ਦੋਸ਼ੀ ਨੂੰ ਖਤਰਾ  ਕਿਸ ਤੋਂ ਹੋ ਸਕਦਾ ਹੈ?

 'ਆਪ' ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਸ ਕੋਲ ਗ੍ਰਹਿ ਵਿਭਾਗ ਵੀ ਹੈ, ਨੂੰ ਨੈਤਿਕਤਾ ਦੇ ਆਧਾਰ 'ਤੇ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇਣਾ ਚਾਹੀਦਾ ਹੈ, ਕਿਉਂਕਿ ਮੁੱਖ ਮੰਤਰੀ ਨੇ ਬੇਅਦਬੀ ਕਾਂਡ ਵਿਚ ਦਿਆਨਤਦਾਰੀ ਨਾ ਵਿਖਾਉਂਦੇ ਹੋਏ ਇਕ ਰਣਨੀਤੀ ਤਹਿਤ ਦੋਸ਼ੀਆਂ ਦੇ ਪੱਖ ਵਿਚ ਖੜਨਾ ਮੁਨਾਸਿਬ ਸਮਝਿਆ ਅਤੇ ਇਸ ਮਾਮਲੇ ਨੂੰ ਪੰਜਾਬ ਤੋਂ ਬਾਹਰ ਤਬਦੀਲ ਕਰਵਾਉਣ ਵਿਚ ਆਪਣੀ ਭੂਮਿਕਾ ਨਿਭਾਈ, ਤਾਂ ਜੋ ਦੋਸ਼ੀਆਂ ਨੂੰ ਰਾਹਤ ਮਿਲਣ ਦਾ ਰਸਤਾ ਪੱਧਰਾ ਹੋ ਸਕੇ ।  ਕੁੰਵਰ ਵਿਜੇ ਪ੍ਰਤਾਪ ਨੇ ਮੁੱਖ ਮੰਤਰੀ ਪੰਜਾਬ 'ਤੇ ਵੱਡਾ ਹਮਲਾ ਬੋਲਦੇ ਹੋਏ ਕਿਹਾ ਕਿ ਫਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਹੋਣ ਨਾਲ ਉਕਤ ਮਾਮਲਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ ਕਿਉਂਕਿ ਕੋਈ ਵੀ ਗਵਾਹ ਚੰਡੀਗੜ੍ਹ ਨਹੀਂ ਜਾ ਸਕੇਗਾ, ਕਈ ਮਾਯੂਸ ਹਨ ਅਤੇ ਕਈ ਗਵਾਹ ਮੁਕਰ ਜਾਣਗੇ ਅਤੇ ਜਾਣਕਾਰੀ ਅਨੁਸਾਰ ਸਰਕਾਰ ਦੀ ਮਾੜੀ ਕਾਰਗੁਜਾਰੀ ਕਰਕੇ ਤਾਂ ਕਈ ਗਵਾਹ ਦੇਸ਼ ਵੀ ਛੱਡ ਚੁੱਕੇ ਹਨ, ਅਜਿਹੇ ਵਿਚ ਇਸ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਬੇਅਦਬੀ ਮਾਮਲਿਆਂ ਵਿਚ ਇਨਸਾਫ ਦੁਆਉਣ ਦੀ ਆਸ ਬਿਲਕੁਲ ਧੁੰਦਲੀ ਹੋ ਗਈ ਹੈ । ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਬਰਗਾੜੀ ਬੇਅਦਬੀ ਮਾਮਲੇ ਦੀ ਸੁਣਵਾਈ ਫਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਹੋ ਗਈ, ਮੁੱਖ ਦੋਸ਼ੀ ਨਹੀਂ ਫੜੇ ਗਏ, ਮੁੱਖ ਸਾਜ਼ਿਸ਼ਕਰਤਾ ਗਿ੍ਫਤਾਰ ਨਹੀਂ ਹੋਏ । ਬਹਿਬਲ ਕਲਾਂ ਕਾਂਡ ਨੂੰ ਵੀ ਭਗਵੰਤ ਮਾਨ ਦੇ ਸਰਕਾਰੀ ਤੰਤਰ ਵਲੋਂ ਖਾਰਜ ਕੀਤਾ ਜਾ ਰਿਹਾ ਸੀ, ਇਸ ਲਈ ਉਸ ਨੂੰ ਕਾਲਾ ਕੋਟ ਪਾ ਕੇ ਪ੍ਰਾਈਵੇਟ ਵਕੀਲਾਂ ਨੂੰ ਨਾਲ ਲੈ ਕੇ ਕੇਸ ਨੂੰ ਲੜਨਾ ਪਿਆ ।ਉਸ ਵਲੋਂ ਕੀਤੀ ਗਈ ਜਾਂਚ ਨੂੰ ਅਦਾਲਤ ਵਲੋਂ ਸਹੀ ਕਰਾਰ ਦਿੱਤਾ ਗਿਆ ।ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਦੀ ਚਹੇਤੀ ਸਿੱਟ ਨੇ ਫਰੀਦਕੋਟ ਵਿਚ ਹੀ ਇਨ੍ਹਾਂ ਕੇਸਾਂ ਨੂੰ ਖਤਮ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ, ਜਿਥੋਂ ਉਸ ਨੇ ਤਫ਼ਤੀਸ਼ ਨੂੰ ਛੱਡਿਆ ਸੀ ਉਹ ਉਸ ਤੋਂ ਇਕ ਇੰਚ ਵੀ ਅੱਗੇ ਨਹੀਂ ਗਈ, ਹਾਲਾਂਕਿ ਗਵਾਹਾਂ ਨੂੰ ਜਰੂਰ ਮੁਕਰਾਉਣ ਦੀ ਕੋਸ਼ਿਸ਼ ਕੀਤੀ ਗਈ । ਕੁੰਵਰ ਨੇ ਕਿਹਾ ਕਿ ਕੋਟਕਪੂਰਾ ਕੇਸ ਵਿਚ ਵੀ ਮੁੱਖ ਮੰਤਰੀ ਦੀ ਪਿਆਰੀ ਸਿੱਟ ਨੇ ਅਜਿਹੀ ਜਾਂਚ ਕੀਤੀ ਕਿ ਮੁੱਖ ਦੋਸ਼ੀਆਂ ਨੂੰ ਪਹਿਲੀ ਤਰੀਕ 'ਤੇ ਹੀ ਜ਼ਮਾਨਤ ਮਿਲ ਗਈ। ਇਹ ਸਿੱਟ ਕੁਝ ਨਵਾਂ ਨਹੀਂ ਕਰ ਸਕੀ ਪਰ ਵੱਡੇ ਦੋਸ਼ੀਆਂ ਨੂੰ ਬਚਾਉਣ ਲਈ ਸਬੂਤਾਂ ਨੂੰ ਕਮਜ਼ੋਰ ਕਰ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਨੂੰ ਇਨਸਾਫ਼ ਤੋਂ ਦੂਰ ਕਰ ਦਿੱਤਾ ਹੈ, ਦੋਸ਼ੀਆਂ ਦੇ ਮਾਹਿਰ ਵਕੀਲ ਸਰਕਾਰੀ ਵਕੀਲ ਬਣ ਕੇ ਉਸ ਨੂੰ ਅਤੇ ਉਸ ਦੇ ਨਿੱਜੀ ਵਕੀਲਾਂ ਨੂੰ ਮਾਤ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ।ਇੱਥੋਂ ਤੱਕ ਕਿ ਦੋਸ਼ੀਆਂ ਦੇ ਪਰਿਵਾਰਕ ਮੈਂਬਰ ਵੀ ਸਰਕਾਰੀ ਵਕੀਲ ਵਜੋਂ ਉਨ੍ਹਾਂ ਦੀ ਪੈਰਵਾਈ ਕਰ ਰਹੇ ਹਨ। ਕੁੰਵਰ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਸਮੇਤ ਵਿਧਾਨ ਸਭਾ ਵਿਚ ਇਨ੍ਹਾਂ ਮਾਮਲਿਆਂ 'ਤੇ ਕਈ ਵਾਰ ਚਰਚਾ ਕੀਤੀ ਅਤੇ ਮੁੱਦਾ ਚੁੱਕਿਆ ਪਰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ, ਨਤੀਜੇ ਵਜੋਂ ਹੁਣ ਤੱਕ ਉਕਤ ਕੇਸ ਦਾ ਟਰਾਇਲ ਹੀ ਸ਼ੁਰੂ ਨਹੀਂ ਹੋਇਆ, ਅਜਿਹੇ ਵਿਚ ਹੁਣ ਤੱਕ ਦੀ ਕਾਰਗੁਜਾਰੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੂੰ ਤਾਂ ਇਹ ਲਿਖ ਕੇ ਦੇ ਦੇਣਾ ਚਾਹੀਦਾ ਹੈ ਕਿ ਉਹ ਟਰਾਇਲ ਕਰਵਾਉਣਾ ਹੀ ਨਹੀਂ ਚਾਹੁੰਦੇ ਹਨ, ਜਿਸ ਨਾਲ ਦੋਸ਼ੀ ਸਿੱਧੇ ਸਿੱਧੇ ਬਰੀ ਹੋ ਜਾਣ ।ਉਨ੍ਹਾਂ ਕਿਹਾ ਕਿ 2017, 2019 ਅਤੇ 2022 ਦੀਆਂ ਚੋਣਾਂ ਦੌਰਾਨ ਬੇਅਦਬੀ ਮਾਮਲਿਆਂ ਦੇ ਮੁੱਦਿਆਂ ਨੂੰ ਜ਼ੋਰ-ਸ਼ੋਰ ਨਾਲ ਚੁੱਕਣ ਵਾਲੇ ਲੋਕ 2024 ਦੀਆਂ ਚੋਣਾਂ ਵਿਚ ਬਿਲਕੁਲ ਚੁੱਪ ਹਨ ਜੋ ਆਪਣੇ ਆਪ ਵਿਚ ਇਕ ਵੱਡਾ ਸੁਆਲ ਹੈ।

ਇਥੇ ਜ਼ਿਕਰਯੋਗ ਹੈ ਕਿ 2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ। ਇਸ ਦੇ ਅੰਗ ਪਿੰਡ ਬਰਗਾੜੀ ਵਿਖੇ ਮਿਲਣ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸਿਖ ਪੰਥ ਵਲੋਂ ਧਰਨਾ ਪ੍ਰਦਰਸ਼ਨ ਹੋਏ ਸਨ ਅਤੇ ਗੋਲੀ ਚੱਲੀ ਸੀ।

2015 ਵਿਚ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਬਗਰਾੜੀ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿਚ ਧਰਨਾ ਦੇ ਰਹੇ ਸਿਖਾਂ ਉੱਤੇ ਪੁਲਿਸ ਨੇ ਬਹਿਬਲ ਕਲਾਂ ਵਿਚ ਗੋਲੀ ਚਲਾ ਦਿੱਤੀ ਸੀ।

ਇਸ ਗੋਲੀ ਕਾਂਡ ਵਿਚ 2 ਜਣਿਆਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਅਤੇ ਕਈ ਜਖ਼ਮੀ ਹੋ ਗਏ। ਇਸ ਗੋਲੀਕਾਂਡ ਦੇ ਪੀੜਤਾਂ ਨੂੰ ਇਨਸਾਫ਼ ਦੁਆਉਣ ਲਈ ਕਈ ਮਹੀਨੇ ਤੋਂ ਸਿਖ ਧਰਨੇ ਉੱਤੇ ਬੈਠੇ ਰਹੇ।ਆਪ ਸਰਕਾਰ ਨੇ ਨਿਆਂ ਦਾ ਵਿਸ਼ਵਾਸ ਦਿਵਾਇਆ ਤਾਂ ਉਨ੍ਹਾਂ ਧਰਨਾ ਚੁਕਿਆ।ਪਰ ਹੁਣ ਸਰਕਾਰ ਇਸ ਬਾਰੇ ਚੁਪ ਹੈ।ਆਮ ਆਦਮੀ ਪਾਰਟੀ ਨੇ ਸਰਕਾਰ ਵਿਚ ਆਉਣ ਤੋਂ ਪਹਿਲਾਂ ਇਸ ਨੂੰ ਵੱਡਾ ਚੋਣ ਮੁੱਦਾ ਬਣਾਇਆ ਸੀ ਅਤੇ ਸੱਤਾ ਹਾਸਲ ਹੁੰਦਿਆਂ ਹੀ ਇਨਸਾਫ਼ ਦੁਆਉਣ ਦਾ ਵਾਅਦਾ ਕੀਤਾ ਸੀ।ਪਰ ਹੂਣ ਤਕ ਇਨਸਾਫ ਨਹੀਂ ਮਿਲਿਆ।

ਬਹਿਬਲ ਕਲਾਂ ਗੋਲੀਕਾਂਡ ’ਚ ਪੁਲਸ ਦੀ ਗੋਲੀ ਨਾਲ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਹੈਰਾਨੀ ਪ੍ਰਗਟਾਈ ਕਿ ਉਸ ਦੇ ਪਿਤਾ ਤੇ ਨੇਡ਼ਲੇ ਪਿੰਡ ਸਰਾਵਾਂ ਦੇ ਸਿੱਖ ਨੌਜਵਾਨ ਗੁਰਜੀਤ ਸਿੰਘ ਬਿੱਟੂ ਨੂੰ 14 ਅਕਤੂਬਰ, 2015 ਨੂੰ ਪੁਲਸ ਨੇ ਨਿਰਦੋਸ਼ ਤੇ ਨਿਹੱਥੇ ਹੋਣ ਦੇ ਬਾਵਜੂਦ ਗੋਲੀ ਮਾਰ ਕੇ ਕਤਲ ਕਰ ਦਿੱਤਾ ਪਰ ਹੁਣ ਚਾਰ ਮੁੱਖ ਮੰਤਰੀ ਬਦਲ ਜਾਣ ਦੇ ਬਾਵਜੂਦ ਵੀ ਇਨਸਾਫ਼ ਮਿਲਣ ਦੀ ਪ੍ਰਕਿਰਿਆ ਦੂਰ ਹੁੰਦੀ ਜਾ ਰਹੀ ਹੈ।

ਸੁਖਰਾਜ ਸਿੰਘ ਨੇ ਦੱਸਿਆ ਕਿ ਪਹਿਲਾਂ ਬੇਅਦਬੀ ਮਾਮਲਿਆਂ ਨਾਲ ਜੁਡ਼ੇ ਤਿੰਨ ਕੇਸ (ਪਾਵਨ ਸਰੂਪ ਚੋਰੀ, ਭਡ਼ਕਾਊ ਪੋਸਟਰ, ਬੇਅਦਬੀ ਕਾਂਡ) ਵੀ ਮੁਲਜ਼ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਫਰੀਦਕੋਟ ਤੋਂ ਚੰਡੀਗਡ਼੍ਹ ਵਿਖੇ ਤਬਦੀਲ ਕੀਤੇ ਗਏ ਤੇ ਹੁਣ ਬਹਿਬਲ ਗੋਲੀਕਾਂਡ ਦੇ ਮੁਲਜ਼ਮ ਚਰਨਜੀਤ ਸ਼ਰਮਾ ਸਾਬਕਾ ਐੱਸ. ਐੱਸ. ਪੀ. ਮੋਗਾ ਦੀ ਪਟੀਸ਼ਨ ਦੇ ਆਧਾਰ ’ਤੇ ਬਹਿਬਲ ਕਲਾਂ ਵਾਲਾ ਮਾਮਲਾ ਚੰਡੀਗਡ਼੍ਹ ਦੀ ਜ਼ਿਲਾ ਅਦਾਲਤ ’ਚ ਤਬਦੀਲ ਕਰ ਦਿੱਤਾ ਗਿਆ ਹੈ।

ਅਕਤੂਬਰ ਦੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਕ੍ਰਿਸ਼ਨ ਭਗਵਾਨ ਦੇ ਪਿਤਾ ਮਹਿੰਦਰ ਸਿੰਘ  ਨੇ ਦੱਸਿਆ ਕਿ ਬੇਅਦਬੀ ਤੋਂ ਬਾਅਦ ਪ੍ਰਦਰਸ਼ਨ ਹੋਇਆ ਅਤੇ ਮੈਂ, ਮੇਰਾ ਬੇਟਾ ਕ੍ਰਿਸ਼ਨ ਭਗਵਾਨ ਲੰਗਰ ਲੈ ਕੇ ਗਏ ਸੀ।

ਪੁਲਿਸ ਵਾਲਿਆਂ ਨੇ ਵੀ ਪ੍ਰਸ਼ਾਦਾ ਛਕਿਆ। ਥੋੜ੍ਹੇ ਸਮੇਂ ਬਾਅਦ ਚਰਨਜੀਤ ਸ਼ਰਮਾ ਆਇਆ ਉਸ ਨੇ ਇਸ਼ਾਰਾ ਕੀਤਾ ਅਤੇ ਫਿਰ ਲਾਠੀਚਾਰਜ ਸ਼ੁਰੂ ਹੋ ਗਿਆ। ਮੇਰੇ ਵੀ ਡਾਂਗਾਂ ਵੱਜੀਆਂ ਅਤੇ ਮੈਂ ਉਥੋਂ ਭੱਜ ਆਇਆ। ਫਿਰ ਗੋਲੀ ਚੱਲੀ ਮੈਂ ਮੁੜ ਕੇ ਦੇਖਿਆ ਤਾਂ ਮੇਰਾ ਬੇਟਾ ਡਿੱਗ ਚੁੱਕਿਆ ਸੀ।

ਮਹਿੰਦਰ ਸਿੰਘ ਆਖਦੇ ਹਨ ਕਿ ਕਾਲੇ (ਕ੍ਰਿਸ਼ਨ ਭਗਵਾਨ) ਨੇ ਕਿਹਾ ਕਿ ਬਾਪੂ ਪਾਣੀ ਪਿਆ ਦੇ। ਉਹੀ ਪਾਣੀ ਦਾ ਗਿਲਾਸ ਲੈ ਕੇ ਮੈਂ ਗੁਰਜੀਤ ਕੋਲ ਵੀ ਗਿਆ। ਆਪਣੇ ਬੇਟੇ ਦੀ ਪੱਗ ਉਤਾਰ ਕੇ ਮੈਂ ਆਪਣੇ ਬੇਟੇ ਦੇ ਜ਼ਖ਼ਮਾਂ ਉੱਪਰ ਰੱਖੀ। ਫਿਰ ਆਪਣੀ ਪੱਗ ਵੀ ਉਸ ਦੇ ਦੁਆਲੇ ਲਪੇਟ ਦਿੱਤੀ।ਉਹ ਦੱਸਦੇ ਹਨ ਕਿ ਇਸ ਤੋਂ ਬਾਅਦ ਇੱਕ ਪੁਲਿਸ ਵਾਲਾ ਆਇਆ ਤਾਂ ਉਸ ਨੇ ਕਿਹਾ ਕਿ ਬਜ਼ੁਰਗੋ ਭੱਜ ਜਾਓ ਨਹੀਂ ਤਾਂ ਗੋਲੀ ਆਵੇਗੀ।ਮੈਂ ਕਿਹਾ ਆਉਣ ਦਿਓ। ਜਦੋਂ ਮੁੰਡੇ ਨੂੰ ਮਾਰ ਦਿੱਤੀ ਤਾਂ ਬਜ਼ੁਰਗ ਕਿਹੜਾ ਪਿੱਛੇ ਰਹਿ ਜਾਣਗੇ।"

ਉਸ ਸਮੇਂ ਕ੍ਰਿਸ਼ਨ ਭਗਵਾਨ ਦੀ ਉਮਰ ਲਗਭਗ 42 ਸਾਲ ਸੀ। ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਮਹਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਗੁਰਜੀਤ ਦੀ ਮ੍ਰਿਤਕ ਦੇਹ ਅਤੇ ਆਪਣੇ ਬੇਟੇ ਨੂੰ ਟਰਾਲੀ ਵਿਚ ਪਾ ਕੇ ਪਿੰਡ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ।ਪਿੰਡ ਵਿੱਚ ਕੋਈ ਦਰਵਾਜ਼ਾ ਨਹੀਂ ਸੀ ਖੋਲ੍ਹ ਰਿਹਾ। ਮੇਰਾ ਬੇਟਾ ਤੜਫ ਰਿਹਾ ਸੀ, ਪਾਣੀ ਮੰਗ ਰਿਹਾ ਸੀ। ਇਕ ਔਰਤ ਨੇ ਦਰਵਾਜ਼ਾ ਖੋਲ੍ਹ ਕੇ ਕਿਹਾ ਕਿ ਉਨ੍ਹਾਂ ਦੇ ਘਰ ਗੱਡੀ ਖੜੀ ਹੈ ਜੇਕਰ ਕੋਈ ਚਲ ਸਕਦਾ ਹੈ ਤਾਂ ਹਸਪਤਾਲ ਲੈ ਜਾਓ।ਹਸਪਤਾਲ ਲੈ ਕੇ ਜਾਂਦੇ ਸਮੇਂ ਰਸਤੇ ਵਿੱਚ ਕ੍ਰਿਸ਼ਨ ਭਗਵਾਨ ਦੀ ਮੌਤ ਹੋ ਗਈ।