ਗੈਂਗਸਟਰ ਦੀਪਕ ਟੀਨੂੰ ਦੀ ਫ਼ਰਾਰੀ ਲਈ ਕੌਣ-ਕੌਣ ਜ਼ਿੰਮੇਵਾਰ?

ਗੈਂਗਸਟਰ ਦੀਪਕ ਟੀਨੂੰ ਦੀ ਫ਼ਰਾਰੀ ਲਈ ਕੌਣ-ਕੌਣ ਜ਼ਿੰਮੇਵਾਰ?

                                   ਭੱਖਦਾ ਮੱਸਲਾ                                          

ਮੀਡੀਏ ਵਿਚ ਸਰਗੋਸ਼ੀਆਂ ਹਨ ਕਿ ਏ-ਸ਼੍ਰੇਣੀ ਦਾ ਬਦਨਾਮ ਗੈਂਗਸਟਰ ਦੀਪਕ ਟੀਨੂ, ਮਾਨਸਾ ਦੇ ਸੀ.ਆਈ.ਏ. ਸਟਾਫ਼ ਦੀ ਹਿਰਾਸਤ ਵਿਚੋਂ ਫਰਾਰ ਹੋ ਕੇ ਸਾਰੇ ਪੰਜਾਬ ਦੀ ਪੁਲਿਸ ਤੇ ਸਰਕਾਰ ਨੂੰ ਚਕਮਾ ਦਿੰਦਾ ਹੋਇਆ, ਬਰਾਸਤਾ ਮਾਰੀਸ਼ਸ, ਅਫ਼ਰੀਕਾ ਪੁੱਜ ਗਿਆ ਹੈ, ਪਰ ਮਾਨਸਾ ਜ਼ਿਲ੍ਹੇ ਦੇ ਐਸ. ਐਸ. ਪੀ., ਐੱਸ. ਪੀ. (ਡਿਟੈਕਟਿਵ) ਅਤੇ ਡੀ.ਐਸ.ਪੀ. (ਡਿਟੈਕਟਿਵ) ਹਾਲੇ ਮਾਨਸਾ ਵਿਚ ਹੀ ਬਿਰਾਜਮਾਨ ਹਨ। ਪੰਜਾਬ ਦੇ ਲੋਕ, ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਅਤੇ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਪਾਸੋਂ ਜਾਣਨਾ ਚਾਹੁੰਦੇ ਹਨ ਕਿ ਇਕ ਏ-ਸ਼੍ਰੈਣੀ ਦੇ ਬਦਨਾਮ ਗੈਂਗਸਟਰ ਦੀਪਕ ਟੀਨੂੰ ਦੀ ਮਾਨਸਾ ਦੇ ਸੀ.ਆਈ.ਏ. ਦੀ ਹਿਰਾਸਤ ਵਿਚੋਂ ਸ਼ਰਮਨਾਕ ਫਰਾਰੀ ਦੇ ਸੰਗੀਨ ਮਾਮਲੇ ਵਿਚ ਮਾਨਸਾ ਜ਼ਿਲ੍ਹੇ ਦੀ ਪੁਲਿਸ ਦੀ ਸ਼ਰਮਨਾਕ ਕਾਰਗੁਜ਼ਾਰੀ ਅਤੇ ਪੁਲਿਸ ਪ੍ਰਬੰਧਾਂ ਦੀ ਨਕਾਮੀ ਲਈ ਕੇਵਲ ਇਕ ਸਬ-ਇੰਸਪੈਕਟਰ ਪੱਧਰ ਦਾ ਪੁਲਿਸ ਕਰਮਚਾਰੀ ਪ੍ਰਿਤਪਾਲ ਸਿੰਘ ਹੀ ਜ਼ਿੰਮੇਵਾਰ ਹੈ ਜਾਂ ਉਸ ਤੋਂ ਉੱਪਰਲੇ ਪੁਲਿਸ ਅਫ਼ਸਰਾਂ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ, ਜੇ ਬਣਦੀ ਹੈ ਤਾਂ ਹੁਣ ਤੀਕਰ ਉਨ੍ਹਾਂ ਵਿਰੁੱਧ ਕੋਈ ਠੋਸ ਕਾਰਵਾਈ ਕਿਉਂ ਨਹੀਂ ਹੋਈ? ਆਖਿਰ ਇਸ ਮੁਜਰਮਾਨਾ ਚੁੱਪ ਦੇ ਪਿੱਛੇ, ਕੀ ਰਾਜ਼ ਹੈ? ਇਹ ਠੀਕ ਹੈ ਕਿ ਗੈਂਗਸਟਰ ਦੀਪਕ ਟੀਨੂੰ ਦੀ ਸੀ.ਆਈ.ਏ. ਮਾਨਸਾ ਦੀ ਹਿਰਾਸਤ ਵਿਚੋਂ ਫਰਾਰੀ ਦੇ ਮਾਮਲੇ ਤੇ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਨੇ ਇਸ ਫਰਾਰੀ ਦੇ ਮੁੱਖ ਸੂਤਰਧਾਰ, ਸੀ.ਆਈ.ਏ. ਮਾਨਸਾ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਦੇ ਖ਼ਿਲਾਫ਼ ਮੁਕੱਦਮਾਂ ਦਰਜ ਕਰ ਕੇ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਨੌਕਰੀ ਤੋਂ ਵੀ ਬਰਖ਼ਾਸਤ ਕਰ ਦਿੱਤਾ ਹੈ।

ਪਰ ਹੁਣ ਸਵਾਲ ਉੱਠਦਾ ਹੈ ਕਿ, ਕੀ ਕੇਵਲ ਇਕ ਸਬ-ਇੰਸਪੈਕਟਰ ਪੱਧਰ ਦੇ ਪੁਲਿਸ ਕਰਮਚਾਰੀ ਦੇ ਖ਼ਿਲਾਫ਼ ਕਾਰਵਾਈ ਕਰਨ ਨਾਲ ਹੀ ਗੈਂਗਸਟਰ ਦੀਪਕ ਟੀਨੂ ਦੀ ਫਰਾਰੀ ਦੇ ਸਾਰੇ ਮਾਮਲੇ 'ਤੇ ਮਿੱਟੀ ਪਾ ਦਿੱਤੀ ਗਈ ਹੈ ਜਾਂ ਇਸ ਦੀ ਕੋਈ ਹੋਰ ਪੜਤਾਲ ਵੀ ਹੋ ਰਹੀ ਹੈ ਜਾਂ ਇਹ ਮਾਮਲਾ ਹਾਲੇ ਸਰਕਾਰ ਦੇ ਜ਼ੇਰ-ਏ-ਗ਼ੌਰ ਹੀ ਹੈ? ਕੀ ਇਸ ਸ਼ਰਮਨਾਕ ਫਰਾਰੀ ਦੇ ਮਾਮਲੇ ਵਿਚ ਉੱਚ ਪੁਲਿਸ ਅਫ਼ਸਰਾਂ, ਜਿਨ੍ਹਾਂ ਵਿਚ ਐਸ.ਐਸ.ਪੀ. ਮਾਨਸਾ, ਐੱਸ. ਪੀ. (ਡਿਟੈਕਟਿਵ) ਅਤੇ ਡੀ.ਐਸ.ਪੀ. (ਡਿਟੈਕਟਿਵ) ਸ਼ਾਮਿਲ ਹਨ, ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਜਾਂ ਜਵਾਬਦੇਹੀ ਨਹੀਂ ਬਣਦੀ? ਕੀ ਉਨ੍ਹਾਂ ਦੀ ਕੰਮ ਕਰਨ ਦੀ ਸਮਰੱਥਾ, ਪੇਸ਼ਾਵਾਰਾਨਾ ਮੁਹਾਰਤ ਤੇ ਕਾਬਲੀਅਤ ਨੂੰ ਗੈਂਗਸਟਰ ਦੀਪਕ ਟੀਨੂੰ ਦੀ ਫਰਾਰੀ ਦੇ ਮਾਮਲੇ ਦੇ ਸੰਦਰਭ ਵਿਚ ਵਿਭਾਗੀ ਤੌਰ 'ਤੇ ਪੜਤਾਲਣ ਜਾਂ ਵਿਸ਼ੇਸ਼ ਤਫ਼ਤੀਸ਼ੀ ਟੀਮ ਦੀ ਤਫ਼ਤੀਸ਼ ਦੇ ਦਾਇਰੇ ਵਿਚ ਲਿਆਉਣ ਦੀ ਕੋਈ ਲੋੜ ਨਹੀਂ ਹੈ, ਜਾਂ ਪੜਤਾਲ ਦੇ ਇਸ ਪੱਖ ਨੂੰ ਕਿਸੇ ਅਨਜਾਣੀ ਵਜ੍ਹਾ ਕਾਰਨ ਦਰਕਿਨਾਰ ਕਰ ਕੇ ਪੱਕੇ ਤੌਰ 'ਤੇ ਰਫ਼ਾ-ਦਫ਼ਾ ਕਰ ਦਿੱਤਾ ਗਿਆ ਹੈ?

ਪੰਜਾਬ ਦੇ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਵਲੋਂ ਗੈਂਗਸਟਰ ਦੀਪਕ ਟੀਨੂੰ ਦੀ ਫਰਾਰੀ ਦੇ ਮਾਮਲੇ ਸੰਬੰਧੀ, ਇਕ ਉੱਚ-ਪੱਧਰੀ ਵਿਸ਼ੇਸ਼ ਤਫ਼ਤੀਸ਼ੀ-ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਅਗਵਾਈ ਆਈ.ਜੀ. ਜ਼ੋਨਲ ਪਟਿਆਲਾ ਸ੍ਰੀ ਮੁੱਖਵਿੰਦਰ ਸਿੰਘ ਛੀਨਾ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਇਲਾਵਾ ਇਸ ਟੀਮ ਵਿਚ ਸ੍ਰੀ ਉਪਿੰਦਰਜੀਤ ਸਿੰਘ ਘੁੰਮਣ ਏ.ਆਈ.ਜੀ (ਏ.ਜੀ.ਟੀ.ਐਫ) ਸੀਨੀਅਰ ਸੁਪਰਡੈਂਟ ਪੁਲਿਸ, ਮਾਨਸਾ ਸ੍ਰੀ ਗੌਰਵ ਤੂਰਾ ਅਤੇ ਬਿਕਰਮਜੀਤ ਸਿੰਘ ਬਰਾੜ ਡੀ.ਐਸ.ਪੀ. ਸ਼ਾਮਿਲ ਕੀਤੇ ਗਏ ਹਨ। ਪਰ ਇਸ ਵਿਸ਼ੇਸ਼ ਜਾਂਚ ਟੀਮ ਵਿਚ ਸੀਨੀਅਰ ਸੁਪਰਡੈਂਟ ਪੁਲਿਸ, ਮਾਨਸਾ ਦੀ ਸ਼ਮੂਲੀਅਤ ਹੈਰਾਨ ਕਰਨ ਵਾਲੀ ਇਕ ਵੱਡੀ ਬੇਤਰਤੀਬੀ ਜਾਪਦੀ ਹੈ, ਕਿਉਂਕਿ ਉਨ੍ਹਾਂ ਦੇ ਜ਼ੇਰ-ਏ-ਇੰਤਜ਼ਾਮ, ਜ਼ਿਲ੍ਹਾ ਮਾਨਸਾ ਵਿਚ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਗੈਂਗਸਟਰਾਂ ਵਲੋਂ ਕਤਲ ਤੇ ਉਸ ਦੇ ਕਤਲ ਦੇ ਜੁਰਮ ਵਿਚ ਨਾਮਜ਼ਦ ਅਪਰਾਧੀ, ਦੀਪਕ ਟੀਨੂੰ ਦੀ ਮਾਨਸਾ ਪੁਲਿਸ ਦੀ ਹਿਰਾਸਤ ਵਿਚੋਂ ਸਨਸਨੀਖੇਜ਼ ਫਰਾਰੀ, ਇਹ ਦੋ ਵੱਡੀਆਂ ਅਪਰਾਧਕ ਘਟਨਾਵਾਂ ਹੋਈਆਂ ਹਨ।

ਸਾਡੇ ਵਿਚਾਰ ਅਨੁਸਾਰ ਡੀ.ਜੀ.ਪੀ. ਪੰਜਾਬ ਸ੍ਰੀ ਗੌਰਵ ਯਾਦਵ ਵਲੋਂ ਜੋ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ ਉਸ ਦੇ ਸਾਰੇ ਹੀ ਆਹਲਾ ਅਫ਼ਸਰ, ਇਕ ਕੇਵਲ ਐਸ. ਐਸ. ਪੀ. ਮਾਨਸਾ ਤੋਂ ਬਿਨਾਂ, ਕੰਮ ਕਰਨ ਦੀ ਸਮਰੱਥਾ ਤੇ ਪੇਸ਼ਾਵਾਰਾਨਾ ਮੁਹਾਰਤ ਰੱਖਦੇ ਹਨ। ਇਸ ਵਿਸ਼ੇਸ਼ ਜਾਂਚ ਟੀਮ ਦੇ ਤਫ਼ਤੀਸ਼ੀ ਇਖ਼ਤਿਆਰ ਦੀ ਸੀਮਾ ਕੀ ਹੈ, ਇਸ ਬਾਰੇ ਮੈਨੂੰ ਕੋਈ ਇਲਮ ਨਹੀਂ, ਪਰ ਇਸ ਵਿਸ਼ੇਸ਼ ਜਾਂਚ ਟੀਮ ਦੀ ਤਫ਼ਤੀਸ਼ ਦੇ ਦਾਇਰੇ ਵਿਚ, ਇਹ ਪਹਿਲੂ ਜ਼ਰੂਰ ਦੇਖਣਾ ਬਣਦਾ ਹੈ ਕਿ ਗੈਂਗਸਟਰ ਦੀਪਕ ਟੀਨੂੰ ਦੀ ਪੁਲਿਸ ਹਿਰਾਸਤ ਵਿਚੋਂ ਫਰਾਰੀ ਦੇ ਮਾਮਲੇ ਵਿਚ ਮਾਨਸਾ ਜ਼ਿਲ੍ਹੇ ਵਿਚ ਤਾਇਨਾਤ ਉਕਤ ਤਿੰਨ ਪੁਲਿਸ ਅਫ਼ਸਰਾਂ, ਐਸ.ਐਸ.ਪੀ. ਮਾਨਸਾ ਐੱਸ. ਪੀ. (ਡਿਟੈਕਟਿਵ) ਅਤੇ ਡੀ.ਐਸ.ਪੀ. (ਡਿਟੈਕਟਿਵ) ਦੀ ਕੀ ਭੂਮਿਕਾ ਰਹੀ ਹੈ ? ਭਾਵੇਂ ਇਹ ਮਾਮਲਾ ਹੋਰ ਡੂੰਘੀ ਜਾਂਚ ਦਾ ਵਿਸ਼ਾ ਹੈ ਪਰ ਮੇਰੀ ਰਾਇ ਅਨੁਸਾਰ, ਪ੍ਰਗਟ ਤੌਰ 'ਤੇ ਮੁਢਲੇ ਰੂਪ ਵਿਚ, ਇਹ ਤਿੰਨੇ ਹੀ ਪੁਲਿਸ ਅਫ਼ਸਰ, ਜ਼ਾਹਰਾ ਤੌਰ 'ਤੇ ਪੁਲਿਸ ਐਕਟ ਅਤੇ ਪੰਜਾਬ ਪੁਲਿਸ ਰੂਲਜ਼ ਦੀ ਉਲੰਘਣਾ ਲਈ ਸਿੱਧੇ ਤੌਰ 'ਤੇ ਜ਼ਿੰਮੇਦਾਰ ਹਨ, ਜਿਸ ਕਾਰਨ ਇਨ੍ਹਾਂ ਦੀ ਵਿਭਾਗੀ ਤੌਰ 'ਤੇ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।

ਪੰਜਾਬ ਪੁਲਿਸ ਐਕਟ ਦੀ ਸੈਕਸ਼ਨ 44 ਅਤੇ ਪੰਜਾਬ ਪੁਲਿਸ ਰੂਲਜ਼-22.48 ਅਨੁਸਾਰ, ਪੁਲਿਸ ਥਾਣੇ ਦਾ ਪ੍ਰਬੰਧ ਤੇ ਉਸ ਦੀ ਸਾਰੀ ਕਾਰਜ ਸੰਚਾਲਨ ਵਿਧੀ, ਬੜੀ ਬਾਰੀਕ ਤਫ਼ਸੀਲ ਨਾਲ ਬਿਆਨ ਕੀਤੀ ਗਈ ਹੈ। ਪੰਜਾਬ ਪੁਲਿਸ ਰੂਲਜ਼-22.48 ਵਿਚ ਰੋਜ਼ਨਾਮਚਾ, ਭਾਵ ਰਜਿਸਟਰ ਨੰਬਰ-2, ਦੀ ਮਹੱਤਤਾ ਅਤੇ ਉਸ ਦੀ ਪ੍ਰਸੰਗਕ-ਅਨੁਕੂਲਤਾ ਦਾ ਉਲੇਖ, ਵਿਧੀਵਤ ਢੰਗ ਨਾਲ ਦਰਸਾਇਆ ਗਿਆ ਹੈ। ਥਾਣੇ ਦੇ ਨਿੱਤਾਪ੍ਰਤੀ ਸੰਚਾਲਨ ਅਤੇ ਕਾਰਵਿਹਾਰ ਵਿਚ 'ਰੋਜ਼ਨਾਮਚਾ' ਦੀ ਭੂਮਿਕਾ ਨੂੰ ਕਿਸੇ ਵੀ ਪੁਲਿਸ ਦੇ ਕਰਮਚਾਰੀ ਵਲੋਂ ਕਿਸੇ ਵੀ ਸੂਰਤ ਵਿਚ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਪੰਜਾਬ ਪੁਲਿਸ ਐਕਟ ਦੇ ਸੈਕਸ਼ਨ 44 ਅਤੇ ਪੁਲਿਸ ਰੂਲਜ਼ ਅਨੁਸਾਰ ਰਜਿਸਟਰ ਨੰਬਰ-2 ਭਾਵ ਰੋਜ਼ਨਾਮਚਾ ਅਤੇ ਰਜਿਸਟਰ ਨੰਬਰ-13 ਦਾ ਥਾਣਾ ਜਾਂ ਸੀ.ਆਈ.ਏ ਸਟਾਫ਼ ਵਿਚ ਹੋਣਾ ਬੇਹੱਦ ਜ਼ਰੂਰੀ ਹੈ। ਰੋਜ਼ਨਾਮਚਾ ਜੋ ਲਗਾਤਾਰਤਾ ਵਿਚ ਹਰ ਵੇਲੇ ਚਲਦਾ ਰਹਿੰਦਾ ਹੈ, ਜਿਸ ਵਿਚ ਥਾਣੇ ਜਾਂ ਸੀ.ਆਈ.ਏ. ਸਟਾਫ਼ ਦੀ ਹਰ ਕਿਸਮ ਦੀ ਕਾਰਵਾਈ ਪੁਲਿਸ ਮੁਲਾਜ਼ਮਾਂ ਦੀ ਡਿਊਟੀ (ਰਵਾਨਗੀ ਤੇ ਵਾਪਸੀ) ਜੇ ਰਵਾਨਗੀ ਬਾਵਰਦੀ ਅਤੇ ਅਸਲ੍ਹੇ ਸਮੇਤ ਹੈ ਤਾਂ ਅਸਲ੍ਹੇ ਦੀ ਤਫ਼ਸੀਲ ਤੇ ਕਿਸਮ, ਕਾਰਤੂਸਾਂ ਦੀ ਗਿਣਤੀ ਵੀ ਦਰਜ ਕਰਨੀ ਜ਼ਰੂਰੀ ਹੈ, ਇਸੇ ਤਰ੍ਹਾਂ ਸੰਤਰੀ ਡਿਊਟੀ 'ਤੇ ਤਾਇਨਾਤ ਮੁਲਾਜ਼ਮ ਪਾਸ, ਡਿਊਟੀ ਸਮੇਂ ਕਿਸ ਕਿਸਮ ਦਾ ਅਸਲ੍ਹਾ ਹੈ ਤੇ ਉਸਦੀ ਸੰਤਰੀ ਡਿਊਟੀ ਸ਼ੁਰੂ ਕਰਨ ਅਤੇ ਡਿਊਟੀ ਤੋਂ ਫਾਰਗੀ ਦੇ ਵਕਤ ਦਾ ਇੰਦਰਾਜ਼ ਵੀ ਕੀਤਾ ਜਾਂਦਾ ਹੈ। ਜੇ ਸੰਤਰੀ ਡਿਊਟੀ ਦੌਰਾਨ ਸੰਤਰੀ ਨੂੰ, ਕਿਸੇ ਹਾਜਤਮੰਦੀ ਕਾਰਨ ਪਖਾਨੇ ਆਦਿ ਲਈ ਅਚਨਚੇਤ ਜਾਣਾ ਪੈਂਦਾ ਹੈ ਤੇ ਉਸ ਦੀ ਜਗ੍ਹਾਂ 'ਤੇ ਕੋਈ ਆਰਜ਼ੀ ਸੰਤਰੀ, ਸੰਤਰੀ ਡਿਊਟੀ 'ਤੇ ਤਾਇਨਾਤ ਕੀਤਾ ਜਾਂਦਾ ਹੈ, ਇਸ ਛੋਟੀ ਜਿਹੀ ਹਿਲਜੁਲ ਦਾ ਵੀ ਇੰਦਰਾਜ਼ ਤੇ ਵੇਰਵਾ ਰੋਜ਼ਨਾਮਚੇ ਵਿਚ ਦਰਜ ਕਰਨਾ ਬਣਦਾ ਹੈ। ਥਾਣੇ ਜਾਂ ਸੀ.ਆਈ.ਏ. ਸਟਾਫ਼ ਦੀ ਹਵਾਲਾਤ ਵਿਚ ਮੌਜੂਦ ਮੁਲਜ਼ਮਾਂ ਦੀ ਗਿਣਤੀ ਤੇ ਵੇਰਵਿਆਂ ਆਦਿ ਦੇ ਸਭ ਇੰਦਰਾਜ਼ ਕਿਸੇ ਵੀ ਵੇਲੇ ਸੀਨੀਅਰ ਪੁਲਿਸ ਅਫ਼ਸਰ, ਰਸਮੀ ਜਾਂ ਗ਼ੈਰ-ਰਸਮੀ ਦੌਰੇ ਸਮੇਂ, ਰੋਜ਼ਨਾਮਚਾ ਦੇ ਨਿਰੀਖਣ ਸਮੇਂ ਦੇਖ ਸਕਦੇ ਹਨ ਜੇ ਕੋਈ ਥਾਣੇ ਦੇ ਜਾਂ ਸੀ.ਆਈ ਸਟਾਫ਼ ਦੇ ਪ੍ਰਬੰਧ ਵਿਚ ਕੁਤਾਹੀ ਜਾਂ ਰੋਜ਼ਨਾਮਚਾ ਦੇ ਰੱਖ-ਰਖਾਓ ਵਿਚ ਕੋਈ ਉਕਾਈ ਪਾਈ ਜਾਂਦੀ ਹੈ ਤਾਂ ਗ਼ੈਰ-ਰਸਮੀ ਦੌਰਾ ਕਰ ਰਹੇ, ਗਜ਼ਟਿਡ ਅਫ਼ਸਰ ਵਲੋਂ ਉਸਦਾ ਇੰਦਰਾਜ਼, ਰਜਿਸਟਰ ਨੰਬਰ-13 ਵਿਚ ਕਰਨਾ ਜ਼ਰੂਰੀ ਹੈ। ਚੇਤੇ ਰਹੇ ਕਿ ਪੁਲਿਸ ਰੂਲਜ਼ ਅਨੁਸਾਰ ਰੋਜ਼ਨਾਮਚਾ ਦੇ ਹਰ ਪੰਨੇ ਦੀ ਕਾਰਬਨ ਕਾਪੀ ਕਰਨੀ ਵੀ ਜ਼ਰੂਰੀ ਹੈ, ਇਕ ਕਾਪੀ ਥਾਣੇ ਜਾਂ ਸੀ.ਆਈ.ਏ. ਸਟਾਫ਼ ਦੇ ਰਿਕਾਰਡ ਵਿਚ ਮੌਜੂਦ ਰਹੇਗੀ ਦੂਸਰੀ ਕਾਪੀ ਹਰ ਰੋਜ਼ ਇਕ ਮੁਕੱਰਰਾ ਵਕਤ 'ਤੇ ਇਕ ਗਜ਼ਟਿਡ ਪੁਲਿਸ ਅਫ਼ਸਰ ਪਾਸ ਉਸਦੀ ਨਜ਼ਰਸਾਨੀ ਤੇ ਆਹਲਾ ਅਫ਼ਸਰਾਂ ਦੇ ਧਿਆਨ ਹਿੱਤ ਭੇਜੀ ਜਾਂਦੀ ਹੈ। ਰੋਜ਼ਨਾਮਚਾ ਦੀ ਇਸ ਪ੍ਰਕਿਰਿਆ ਵਿਚ ਕਿਸੇ ਵੀ ਕਿਸਮ ਦੀ ਕੁਤਾਹੀ, ਵਿਭਾਗੀ ਕਾਰਵਾਈ  ਤੇ ਸਜ਼ਾ ਯੋਗ ਜੁਰਮ ਹੈ।

ਇਸ ਉਪਰੋਕਤ ਪੈਰੇ ਵਿਚ ਪੰਜਾਬ ਪੁਲਿਸ ਐਕਟ ਅਤੇ ਉਸ ਅਧੀਨ ਨਿਰਧਾਰਤ ਪੁਲਿਸ ਰੂਲਜ਼ ਦੇ ਹਵਾਲੇ ਮਹਿਜ਼ ਇਹ ਦਰਸਾਉਣ ਜਾਂ ਜਾਣਨ ਲਈ ਦਿੱਤੇ ਗਏ ਹਨ ਕਿ ਏ-ਸ਼੍ਰੇਣੀ ਦੇ ਬਦਨਾਮ ਗੈਂਗਸਟਰ ਦੀਪਕ ਟੀਨੰ ਨੂੰ ਸੀ. ਆਈ. ਏ. ਮਾਨਸਾ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਵਲੋਂ ਕਿਸੇ ਮਾਮਲੇ ਦੀ ਪੜਤਾਲ ਜਾਂ ਬਰਾਮਦਗੀ ਦੇ ਬਹਾਨੇ, ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਚੋਂ ਬਿਨਾਂ ਹੱਥਕੜੀ ਲਗਾਏ, ਮਿਤੀ 27-9-22 ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ , ਉਸੇ ਦਿਨ ਹੀ ਮਾਨਸਾ ਦੇ ਸੀ.ਆਈ.ਏ ਸਟਾਫ਼ ਦੀ ਹਿਰਾਸਤ ਵਿਚ ਬੰਦ ਹਵਾਲਾਤ ਕੀਤਾ ਗਿਆ। ਕਿਸੇ ਸੀਨੀਅਰ ਪੁਲਿਸ ਅਫ਼ਸਰ ਨੇ ਇਸ ਗੱਲ ਦੀ ਤਹਿਕੀਕਾਤ ਕਰਨੀ ਜ਼ਰੂਰੀ ਨਹੀਂ ਸਮਝੀ ਕਿ ਇਕ ਏ-ਸ਼੍ਰੇਣੀ ਦੇ ਗੈਂਗਸਟਰ ਦੇ ਪ੍ਰੋਡਕਸ਼ਨ ਵਾਰੰਟ ਲੈਣ ਸਮੇਂ ਸਬੰਧਤ ਅਦਾਲਤ ਤੋਂ ਉਸ ਨੂੰ ਹੱਥਕੜੀ ਲਾਉਣ ਦੀ ਮਨਜ਼ੂਰੀ ਕਿਉਂ ਨਹੀਂ ਲਈ ਗਈ? ਬਾਵਜੂਦ ਇਸ ਤੱਥ ਦੇ ਕਿ ਮੁਲਜ਼ਮ ਦੀਪਕ ਟੀਨੂੰ ਪਹਿਲਾਂ ਵੀ ਹਰਿਆਣਾ ਪੁਲਿਸ ਨੂੰ ਚਕਮਾਂ ਦੇ ਕੇ ਪੁਲਿਸ ਹਿਰਾਸਤ ਵਿਚੋਂ ਫਰਾਰ ਹੋ ਚੁੱਕਾ ਸੀ। ਆਖ਼ਰ ਇਹ ਕਿਸ ਦੀ ਅਣਗਹਿਲੀ ਹੈ ਤੇ ਇਸ ਉਕਾਈ ਲਈ ਕੌਣ ਜ਼ਿੰਮੇਵਾਰ ਹੈ? ਤੇ ਫੇਰ ਖ਼ਬਰ ਆਉਂਦੀ ਹੈ ਕਿ ਇਹ ਏ-ਸ਼੍ਰੇਣੀ ਦਾ ਬਦਨਾਮ ਗੈਂਗਸਟਰ ਦੀਪਕ ਟੀਨੂੰ, ਸੀ. ਆਈ. ਏ. ਮਾਨਸਾ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਹਿਰਾਸਤ ਵਿਚੋਂ, ਬੇਹੱਦ ਮਸ਼ਕੂਕ ਹਾਲਾਤ ਵਿਚ, 1 ਅਤੇ 2 ਅਕਤੂਬਰ ਦੀ ਰਾਤ ਨੂੰ ਫਰਾਰ ਹੋ ਜਾਂਦਾ ਹੈ। ਭਾਵ ਦੀਪਕ ਟੀਨੂੰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ, ਸੀ. ਆਈ. ਏ.। ਮਾਨਸਾ ਦੀ ਹਵਾਲਾਤ ਜਾਂ ਹਿਰਾਸਤ ਵਿਚ ਲਗਭਗ ਪੰਜ ਦਿਨ ਰੱਖਿਆ ਗਿਆ। ਕੀ ਇਨ੍ਹਾਂ ਪੰਜ ਦਿਨਾਂ ਦੇ ਲੰਬੇ ਵਕਫ਼ੇ ਵਿਚ, ਮਾਨਸਾ ਜ਼ਿਲ੍ਹੇ ਦੇ ਐਸ. ਐਸ. ਪੀ. ਜਾਂ ਐੱਸ. ਪੀ. (ਡਿਟੈਕਟਿਵ) ਜਾਂ ਡੀ.ਐਸ.ਪੀ. (ਡਿਟੈਕਟਿਵ) ਨੇ ਇਕ 'ਸੁਪਰਵਾਈਜ਼ਰੀ ਅਫ਼ਸਰ' ਵਜੋਂ ਸੀ. ਆਈ. ਏ. ਮਾਨਸਾ ਦਾ ਕੋਈ ਦੌਰਾ ਜਾਂ ਕੋਈ ਜਾਂਚ ਪੜਤਾਲ ਕੀਤੀ ਹੈ? ਕੀ ਉਨ੍ਹਾਂ ਨੂੰ ਇਹ ਇਲਮ ਨਹੀਂ ਸੀ ਕਿ ਇਕ ਏ- ਸ਼੍ਰੇਣੀ ਦਾ ਬਦਨਾਮ ਗੈਂਗਸਟਰ ਦੀਪਕ ਟੀਨੂੰ, ਜੋ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜਿਸ਼ ਵਿਚ ਵੀ, ਇਕ ਨਾਮਜ਼ਦ ਮੁਲਜ਼ਮ ਹੈ, ਉਹ ਸੀ. ਆਈ. ਏ. ਮਾਨਸਾ ਦੀ ਹਵਾਲਾਤ ਜਾਂ ਹਿਰਾਸਤ ਵਿਚ ਹੈ ? ਜੇ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਸੀ ਤਾਂ ਉਨ੍ਹਾਂ ਨੇ ਕਿਸ ਵਕਤ ਅਤੇ ਕਦੋਂ ਤੇ ਕਿਸ-ਕਿਸ ਤਰੀਕ ਨੂੰ ਸੀ. ਆਈ. ਏ. ਮਾਨਸਾ ਦੀ ਹਵਾਲਾਤ ਦਾ ਨਿਰੀਖਣ ਕੀਤਾ ਅਤੇ ਰੋਜ਼ਨਾਮਚਾ, ਭਾਵ ਰਜਿਸਟਰ ਨੰਬਰ -2 ਅਤੇ ਰਜਿਸਟਰ ਨੰਬਰ-13 ਜੋ ਗਜ਼ਟਿਡ ਰੈਂਕ ਦੇ ਪੁਲਿਸ ਅਫ਼ਸਰਾਂ ਦੇ ਗ਼ੈਰ-ਰਸਮੀ ਦੌਰੇ ਦੇ ਇੰਦਰਾਜ਼ ਲਈ ਰੱਖਿਆ ਜਾਂਦਾ ਹੈ, ਇਨ੍ਹਾਂ ਦੋਵਾਂ ਰਜਿਸਟਰਾਂ ਵਿਚ ਕੀ ਇੰਦਰਾਜ਼ ਦਰਜ ਕੀਤੇ ਗਏ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਇਨ੍ਹਾਂ ਨਾਜ਼ੁਕ ਪੰਜ ਦਿਨਾਂ ਦੇ, ਭਾਵ 27 ਸਤੰਬਰ ਤੋਂ 2 ਅਕਤੂਬਰ 2022 ਤੱਕ ਦੇ 'ਰੋਜ਼ਨਾਮਚਾ' ਦੇ ਇੰਦਰਾਜ਼ ਕੀ ਬੋਲਦੇ ਹਨ। 'ਪੜਤਾਲ ਰੋਜ਼ਨਾਮਚਾ' ਤੋਂ ਬਾਅਦ ਇਹ ਸਾਫ਼ ਤੌਰ 'ਤੇ ਸਪੱਸ਼ਟ ਹੋ ਜਾਵੇਗਾ ਕਿ ਏ- ਸ਼੍ਰੇਣੀ ਦੇ ਬਦਨਾਮ ਗੈਂਗਸਟਰ ਦੀਪਕ ਟੀਨੂੰ ਦੀ, ਸੀ. ਆਈ. ਏ. ਸਟਾਫ਼ ਮਾਨਸਾ ਦੀ ਹਵਾਲਾਤ ਜਾਂ ਹਿਰਾਸਤ ਵਿਚੋਂ ਫਰਾਰੀ ਲਈ ਕੌਣ-ਕੌਣ ਜ਼ਿੰਮੇਵਾਰ ਹੈ ਤੇ ਕਿਸ ਹੱਦ ਤੱਕ ਜ਼ਿਲ੍ਹੇ ਦੇ ਆਹਲਾ ਅਫ਼ਸਰਾਂ ਦੀ ਇਸ ਫਰਾਰੀ ਵਿਚ ਮਿਲੀਭੁਗਤ ਸੀ? ਭਾਵੇਂ ਇਹ ਪੜਤਾਲ ਦਾ ਵਿਸ਼ਾ ਹੈ ਪਰ ਇਤਫ਼ਾਕੀਆ ਹਾਲਾਤ ਤੇ ਮੌਕੇ ਦੀ ਪ੍ਰਸੰਗਕ ਗਵਾਹੀ ਦੇ ਮੱਦੇਨਜ਼ਰ, ਸ਼ੱਕ ਦੀ ਸੂਈ ਏਧਰ-ਓਧਰ ਆਹਲਾ ਅਫ਼ਸਰਾਂ ਬਰੂਹਾਂ ਵੱਲ ਵੀ ਘੁੰਮਦੀ ਨਜ਼ਰ ਆ ਰਹੀ ਹੈ। ਸੂਚਨਾ ਤਕਨਾਲੋਜੀ ਤੇ ਜਾਣਕਾਰੀਆਂ ਦੇ ਯੁੱਗ ਵਿਚ, ਖੋਜੀ ਬਿਰਤੀ ਤੇ ਜਾਣਕਾਰੀਆਂ ਦੀ ਭੁੱਖ ਰੱਖਣ ਵਾਲਾ ਹਰ ਪੰਜਾਬੀ ਪਾਠਕ, ਇਹ ਜਾਣਨ ਲਈ ਉਤਸੁਕ ਹੈ ਕਿ ਆਖਿਰ ਇਹ ਸਭ ਕੁਝ ਕਿੰਜ ਤੇ ਕਿਉਂ ਵਾਪਰ ਗਿਆ? ਇਸ ਲਈ ਸਚਾਈ ਦੀ ਹਰ ਤਹਿ ਦੀ ਤੀਬਰਤਾ ਨਾਲ ਉਡੀਕ ਹੈ।

 

ਬੀਰ ਦਵਿੰਦਰ ਸਿੰਘ

ਸਾਬਕਾ ਡਿਪਟੀ ਸਪੀਕਰ

ਪੰਜਾਬ ਵਿਧਾਨ ਸਭਾ