ਇਕ ਸਰਕਾਰ ਬਾਂਝੋਂ...

ਇਕ ਸਰਕਾਰ ਬਾਂਝੋਂ...

ਅੰਗਰੇਜ਼ਾਂ ਦੇ ਪੰਜਾਬ ਉਪਰ ਹਮਲੇ ਤੋਂ ਬਾਅਦ ਲੜਾਈਆਂ ਵਿਚ ਸਿੱਖ ਰਾਜ ਦੇ ਅੰਤ ਸਬੰਧੀ ਉਘੇ ਕਿੱਸਾਕਾਰ ਸ਼ਾਹ ਮੁਹੰਮਦ ਨੇ ਆਪਣੇ ਕਿੱਸੇ 'ਜੰਗਨਾਮਾ' ਵਿਚ ਸਿੱਖਾਂ ਅਤੇ ਅੰਗਰੇਜ਼ਾਂ ਦੀਆਂ ਜੰਗਾਂ ਦਾ ਬਾਖੂਬੀ ਚਿਤਰਣ ਕੀਤਾ ਹੈ ਜੋ ਆਪਣੀ ਇਕ ਬੈਂਤ ਵਿਚ ਲਿਖਦੇ ਹਨ;

  ਸ਼ਾਹ ਮੁਹੰਮਦ ਇਕ ਸਰਕਾਰ ਬਾਝੋਂ
  ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।।

ਲਾਹੌਰ ਦਰਬਾਰ ਵਿਚ ਸਿੱਖ ਸਲਤਨਤ ਦਾ ਝੰਡਾ ਗੱਡਣ ਵਾਲੇ ਪੰਜਾਬ ਦੇ ਵਾਹਦ ਇਕੋ ਇਕ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਨੂੰ ਸਰਕਾਰ ਕਹਿ ਕੇ ਸੰਬੋਧਨ ਕਰਨ ਵਾਲੇ ਸ਼ਾਹ ਮੁਹੰਮਦ ਨੇ ਇਸ ਲੜਾਈ ਵਿਚ ਸਿੱਖ ਫੌਜਾਂ ਦੀ ਬੀਰਤਾ ਦਾ ਜ਼ਿਕਰ ਵੀ ਕੀਤਾ ਹੈ ਅਤੇ ਰਣਨੀਤੀ ਦਾ ਵੀ। ਇਸ ਰਣਨੀਤੀ ਦੀ ਬੁਨਿਆਦ ਰੱਖਣ ਵਾਲੇ ਮਹਾਰਾਜਾ ਰਣਜੀਤ ਨੂੰ ਅੱਜ ਉਨ੍ਹਾਂ ਦੀ ਬਰਸੀ ਤੇ ਯਾਦ ਕਰ ਰਹੇ ਹਾਂ। ਉਹ 1839 ਵਿਚ 27 ਜੂਨ ਦੇ ਦਿਨ ਸੰਖੇਪ ਬੀਮਾਰੀ ਮਗਰੋਂ ਪਰਲੋਕ ਸਿਧਾਰ ਗਏ ਸਨ।

ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਵਿਚ ਆਏ ਆਪਹੁਦਰੇਪਣ ਅਤੇ ਅਰਾਜਕਤਾ ਤੋਂ ਬਾਅਦ ਜਿਸ ਸੂਝ ਬੂਝ ਅਤੇ ਰਣਨੀਤੀ ਨਾਲ ਖਾਲਸਾ ਰਾਜ ਕਾਇਮ ਕੀਤਾ, ਉਸ ਨੂੰ ਇਤਿਹਾਸ ਵਿਚ ਹਮੇਸ਼ਾ ਯਾਦ ਕੀਤਾ ਜਾਵੇਗਾ। ਦੱਖਣੀ ਏਸ਼ੀਆ ਦੇ ਇਤਿਹਾਸ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਪ੍ਰਬੰਧ, ਸੈਨਾ ਸ਼ਕਤੀ, ਇਨਸਾਫ਼ ਅਤੇ ਲੋਕ ਭਲਾਈ ਪੱਖੋਂ ਪੰਜਾਬ ਦਾ ਸ਼ਨਹਿਰੀ ਯੁਗ ਕਿਹਾ ਜਾਂਦਾ ਹੈ।

ਈਸਟ ਇੰਡੀਆ ਕੰਪਨੀ ਦੇ ਮੋਢਿਆਂ ਤੇ ਚੜ੍ਹ ਕੇ ਆਏ ਫਿਰੰਗੀ ਨੇ ਜਦ ਪੂਰੇ ਹਿੰਦੋਸਤਾਨ ਤੇ ਕਬਜ਼ਾ ਕਰ ਲਿਆ ਸੀ ਉਸ ਸਮੇਂ ਸਤਲੁਜ ਦੇ ਮੈਦਾਨਾਂ ਤੋਂ ਲੈ ਕੇ ਦੱਰਾ ਖੈਬਰ ਤੱਕ ਫੈਲਿਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਇਕ ਅਜਿਹੀ ਰਾਜਨੀਤਕ ਅਤੇ ਸੈਨਿਕ ਸ਼ਕਤੀ ਸੀ ਜੋ ਅੰਗਰੇਜ਼ ਦੀਆਂ ਅੱਖਾਂ Ḕਚ ਅੱਖ ਪਾ ਕੇ ਗੱਲ ਕਰਨ ਦੀ ਸਮਰਥਾ ਰੱਖਦਾ ਸੀ। ਇਹ ਕਾਰਨ ਸੀ ਕਿ 27 ਜੂਨ 1839 ਨੂੰ ਉਨ੍ਹਾਂ ਦੇ ਸਵਰਗਵਾਸ ਹੋਣ ਦੇ 10 ਸਾਲ ਬਾਅਦ ਤੱਕ ਵੀ ਅੰਗਰੇਜ਼ੀ ਹਕੂਮਤ ਦੀ ਸਤਲੁਜ ਤੋਂ ਅੱਗੇ ਵੇਖਣ ਦੀ ਹਿੰਮਤ ਨਹੀਂ ਸੀ ਪਈ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ, ਕਲਿਆਣਕਾਰੀ ਨੀਤੀਆਂ ਅਤੇ ਫੌਜਾਂ ਦੀ ਸਫ਼ਬੰਦੀ ਬਾਰੇ ਬਹੁਤ ਸਾਰੇ ਇਤਿਹਾਸਕਾਰਾਂ, ਲੇਖਕਾਂ, ਸ਼ਾਇਰਾਂ ਨੇ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਬਿਆਨ ਕੀਤਾ ਹੈ। ਉਨ੍ਹਾਂ ਨਾਲ ਜੁੜੀਆਂ ਕਿੰਨੀਆਂ ਹੀ ਕਹਾਣੀਆਂ, ਲੋਕ ਕਥਾਵਾਂ ਬਣ ਚੁੱਕੀਆਂ ਹਨ ਜੋ ਅੱਜ ਵੀ ਆਪਣੇ ਬਜ਼ੁਰਗਾਂ ਕੋਲੋਂ ਸੁਣੀਆਂ ਜਾ ਸਕਦੀਆਂ ਹਨ। ਉਨ੍ਹਾਂ ਦੇ ਸਿੱਖ ਜਰਨੈਲਾਂ, ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਅਤੇ ਸ਼ਾਮ ਸਿੰਘ ਅਟਾਰੀ ਦੀ ਬਹਾਦਰੀ ਦੇ ਕਾਰਨਾਮੇ ਢਾਡੀ ਵਾਰਾਂ ਦੇ ਰੂਪ ਵਿਚ ਸੁਭਾਇਮਾਨ ਹਨ।

ਕਰੀਬ ਚਾਰ ਦਹਾਕੇ ਲਾਹੌਰ ਦਰਬਾਰ ਦੇ ਤਾਜਦਾਰ ਰਹੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਇਤਿਹਾਸ ਵਿਚ ਭਾਵੇਂ ਬਾਖ਼ੂਬੀ ਜ਼ਿਕਰ ਹੈ ਪਰ ਹਿੰਦੋਸਤਾਨ ਉਪ ਮਹਾਂਦੀਪ ਦੀ ਤਵਾਰੀਖ ਵਿਚੋਂ ਉਹ ਲਗਭਗ ਮਨਫ਼ੀ ਹਨ। ਇਹੋ ਕਾਰਨ ਹੈ ਕਿ ਮੌਜੂਦਾ ਹਾਲਾਤ ਵਿਚ ਜਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਬਹੁਤ ਹਿੱਸਾ ਭਾਰਤ ਦਾ ਹਿੱਸਾ ਨਹੀਂ ਰਿਹਾ, ਸਾਡੇ ਇਤਿਹਾਸਕਾਰ ਇਸ ਵੱਡੀ ਇਤਿਹਾਸਕ ਹਸਤੀ ਨੂੰ ਮਾਮੂਲੀ ਜ਼ਿਕਰ ਕਰਕੇ ਨਜ਼ਰ ਅੰਦਾਜ਼ ਕਰ ਦਿੰਦੇ ਹਨ। ਉਨ੍ਹਾਂ ਦੇ ਸ਼ਾਹਜ਼ਾਦੇ ਮਾਹਰਾਜਾ ਖੜਕ ਸਿੰਘ, ਮਹਾਰਾਜਾ ਸ਼ੇਰ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦਾ ਜ਼ਿਕਰ ਤਾਂ ਨਾਂ ਮਾਤਰ ਹੀ ਹੁੰਦਾ ਹੈ। ਇਹ ਸ਼ਾਇਦ ਸਾਡੇ ਇਤਿਹਾਸ ਦੀ ਬਦਕਿਸਮਤੀ ਹੈ ਕਿ ਅਸੀਂ ਇਤਿਹਾਸ ਦੇ ਉਸ ਸਨਹਿਰੀ ਯੁਗ ਨੂੰ ਅੱਖੋਂ ਪੋਰਖੇ ਕਰ ਰਹੇ ਹਾਂ ਜਿਸ ਲਈ ਹਰ ਸਿੱਖ ਤਾਂ ਕੀ ਪੰਜਾਬੀ ਵੀ ਤਾਂਘਦਾ ਹੈ। ਉਨ੍ਹਾਂ ਦੇ ਰਾਜ ਪ੍ਰਬੰਧ ਦੇ ਬਹੁਤ ਸਾਰੇ ਪੱਖਾਂ ਤੇ ਖੋਜ ਕਰਨੀ ਅਜੇ ਵੀ ਬਾਕੀ ਹੈ। ਸਭ ਤੋਂ ਮਹੱਤਵਪੂਰਨ ਪੱਖ ਰਾਜਨੀਤੀ ਦਾ ਹੈ। ਸਿੱਖ ਰਾਜ ਦੇ ਪਤਨ ਮਗਰੋਂ ਰਾਜਨੀਤੀ ਦਾ ਜੋ ਤਲਿਸਮ ਸਿੱਖਾਂ ਦੇ ਹੱਥੋਂ ਜਾਂਦਾ ਰਿਹਾ ਉਸ ਬਾਰੇ ਵਿਧਾਤਾ ਸਿੰਘ ਤੀਰ ਦੀਆਂ ਇਹ ਸਤਰਾਂ ਸਹੀ ਤਸਵੀਰ ਪੇਸ਼ ਕਰਦੀਆਂ ਹਨ;

ਮੋਇਆ ਜਦੋਂ ਪੰਜਾਬ ਦਾ ਮਹਾਰਾਜਾ
ਮੋਈ ਬੀਰਤਾ ਬੀਰ ਪੰਜਾਬੀਆਂ ਦੀ
ਜੀਹਦੇ ਨਾਲ ਵੈਰੀ ਥਰਥਰ ਕੰਬਦੇ ਸੀ
ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ।।

ਪ੍ਰੀਤਮ ਸਿੰਘ ਰੁਪਾਲ