ਥਾਣੇ ਰਿਪੋਰਟ ਲਿਖਵਾਉਣ ਆਈ ਔਰਤ ਨਾਲ ਪੁਲਿਸ ਅਫਸਰ ਤਿੰਨ ਦਿਨ ਬਲਾਤਕਾਰ ਕਰਦਾ ਰਿਹਾ

ਥਾਣੇ ਰਿਪੋਰਟ ਲਿਖਵਾਉਣ ਆਈ ਔਰਤ ਨਾਲ ਪੁਲਿਸ ਅਫਸਰ ਤਿੰਨ ਦਿਨ ਬਲਾਤਕਾਰ ਕਰਦਾ ਰਿਹਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਰਾਜਸਥਾਨ ਦੇ ਅਲਵਰ ਵਿਖੇ ਪੁਲਿਸ ਕੰਪਲੈਕਸ ਵਿੱਚ ਪੁਲਿਸ ਅਧਿਕਾਰੀ ਵੱਲੋਂ ਰਿਪੋਰਟ ਲਿਖਾਉਣ ਆਈ ਔਰਤ ਨਾਲ ਬਲਾਤਕਾਰ ਹੋਣ ਦੀ ਖਬਰ ਸਾਹਮਣੇ ਆਈ ਹੈ।

 ਛੱਬੀ ਸਾਲਾ ਪੀੜਤ ਨੇ ਦੱਸਿਆ ਕਿ ਉਹ ਪੁਲਿਸ ਸਟੇਸ਼ਨ ਰਿਪੋਰਟ ਲਿਖਵਾਉਣ ਆਈ ਸੀ, ਜਿੱਥੋਂ ਦੇ ਸਬ ਇੰਸਪੈਕਟਰ ਨੇ ਉਸ ਨਾਲ ਪੁਲਿਸ ਕੰਪਲੈਕਸ ਦੇ ਅੰਦਰ ਹੀ ਆਪਣੀ ਰਿਹਾਇਸ਼ 'ਤੇ, ਤਿੰਨ ਦਿਨ (੨ ਤੋਂ ੪ ਮਾਰਚ ਤੱਕ) ਬਲਾਤਕਾਰ ਕੀਤਾ।

ਐਸ.ਪੀ. ਅਲਵਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੀੜਿਤਾ ਦਾ ੨੦੧੮ ਵਿੱਚ ਆਪਣੇ ਪਤੀ ਵਿਰੁੱਧ ਦਾਜ ਦੇ ਮਸਲੇ 'ਤੇ ਮਾਮਲਾ ਦਰਜ ਸੀ, ਜੋ ਬਾਅਦ ਵਿੱਚ ਸੁਲਝਾ ਲਿਆ ਗਿਆ ਸੀ। ਦੋ ਮਾਰਚ ਨੂੰ, ਪੀੜਿਤਾ ਦੇ ਦੱਸਣ‌ ਮੁਤਾਬਿਕ ਉਸਨੇ ਆਰੋਪੀ ਸਬ ਇੰਸਪੈਕਟਰ ਨਾਲ ਸੰਪਰਕ ਕੀਤਾ ਸੀ, ਕਿਉਂਕਿ ਹੁਣ ਉਸਦਾ ਪਤੀ ਉਸਨੂੰ ਤਲਾਕ ਦੇਣਾ ਚਾਹੁੰਦਾ ਸੀ ਅਤੇ ਉਹ ਰਾਜ਼ੀ ਨਹੀਂ ਸੀ।

ਪੁਲਿਸ ਵੱਲੋਂ ਮੁੱਢਲੀ ਕਾਰਵਾਈ ਵਜੋਂ ਧਾਰਾ ੩੭੬ ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਆਰੋਪੀ, ਜੋ ਕਿ ਉਸ ਸਟੇਸ਼ਨ ਦਾ ਦੂਜੇ ਦਰਜੇ ਦਾ ਆਫਿਸਰ ਇਨ ਕਮਾਂਡ ਹੈ, ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸਨੂੰ ਸਸਪੈਂਡ ਕਰਨ ਅਤੇ ਥਾਣੇ ਦੇ ਮੁਖੀ ਐਸ ਐੱਚ ਓ ਤੇ ਵੀ ਬਣਦੀ  ਜਵਾਬਦੇਹੀ ਲਈ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।