ਗੁਰੂ ਨਾਨਕ ਪਾਤਸ਼ਾਹ ਦੀ ਬਖ਼ਸ਼ਿਸ਼ ਦਾ ਪਹਿਲਾ ਪਾਤਰ ਰਾਇ ਬੁਲਾਰ

ਗੁਰੂ ਨਾਨਕ ਪਾਤਸ਼ਾਹ ਦੀ ਬਖ਼ਸ਼ਿਸ਼ ਦਾ ਪਹਿਲਾ ਪਾਤਰ ਰਾਇ ਬੁਲਾਰ
ਰਾਏ ਬੁਲਾਰ ਭੱਟੀ ਦੇ ਪਰਿਵਾਰ ਵਿਚੋਂ ਅੱਜ ਦੀ ਪੀੜ੍ਹੀ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ

ਬੀਰ ਦਵਿੰਦਰ ਸਿੰਘ

ਰਾਇ ਬੁਲਾਰ ਮੁਹੰਮਦ ਭੱਟੀ ਦਾ ਜਨਮ ਪਿੰਡ ਕੋਟ ਹੁਸੈਨ ਦੇ ਵੱਡੇ ਜ਼ਿਮੀਂਦਾਰ ਰਾਇ ਭੋਇ ਖਾਨ ਭੱਟੀ ਦੇ ਘਰ 1447 ਈਸਵੀ ਨੂੰ ਹੋਇਆ। ਕੋਟ ਹੁਸੈਨ ਹੀ ਬਾਅਦ ਵਿਚ ਰਾਇ ਭੋਇ ਖਾਨ ਭੱਟੀ ਦੇ ਨਾਂਅ ਨਾਲ ਰਾਇ ਭੋਇ ਦੀ ਤਲਵੰਡੀ ਵਜੋਂ ਜਾਣਿਆ ਜਾਣ ਲੱਗਾ ਜੋ ਅੱਜ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੋਣ ਕਾਰਨ, ਪੂਰੇ ਸੰਸਾਰ ਵਿਚ ਨਨਕਾਣਾ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੈ। ਨਨਕਾਣਾ ਸਾਹਿਬ, ਲਾਹੌਰ (ਪਾਕਿਸਤਾਨ) ਦੀ ਮਗਰਬੀ ਦਿਸ਼ਾ ਵੱਲ, ਲਾਹੌਰ ਤੋਂ ਲਗਪਗ 42 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

ਸ੍ਰੀ ਗੁਰੂ ਨਾਨਕ ਸਾਹਿਬ ਦੇ ਸਾਖੀ ਸਾਹਿਤ ਦੀ ਇਬਤਦਾ, ਰਾਏ ਬੁਲਾਰ ਦੀਆਂ ਸਾਖੀਆਂ ਨਾਲ ਹੀ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਉਨ੍ਹਾਂ ਦੇ ਰੂਹਾਨੀ ਨੂਰ ਦਾ ਅਨੁਭਵ ਸਭ ਤੋਂ ਪਹਿਲਾਂ ਗੁਰੂ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਅਤੇ ਉਸ ਤੋਂ ਬਾਅਦ ਰਾਏ ਬੁਲਾਰ ਜੀ ਨੂੰ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦੇ ਜਨਮ ਦੀਆਂ ਖੁਸ਼ੀਆਂ ਜਿਵੇਂ ਮਹਿਤਾ ਕਾਲੂ ਜੀ ਦੇ ਪਰਿਵਾਰ ਵਿਚ ਮਨਾਈਆਂ ਗਈਆਂ, ਉਸ ਤੋਂ ਕਿਤੇ ਵੱਧ ਖੁਸ਼ੀ, ਰਾਏ ਬੁਲਾਰ ਸਾਹਿਬ ਦੇ ਪਰਿਵਾਰ ਵਿਚ ਮਨਾਈ ਗਈ ਸੀ। ਰਾਏ ਬੁਲਾਰ ਭੱਟੀ ਗੁਰੂ ਨਾਨਕ ਦੇਵ ਜੀ ਦੇ ਸਾਖੀ ਸਾਹਿਤ ਦੇ ਅਜਿਹੇ ਪਹਿਲੇ ਪਾਤਰਾਂ ਵਿਚੋਂ ਹਨ, ਜਿਨ੍ਹਾਂ ਨੇ ਗੁਰੂ ਜੀ ਦੇ ਰੂਹਾਨੀ ਨੂਰ ਨੂੰ, ਇਲਾਹੀ ਨੂਰ ਦਾ ਸਾਕਾਰ ਰੂਪ ਮੁਜੱਸਮਾ ਮੰਨ ਕੇ, ਉਸ ਦੀ ਉਸਤਤ ਜੀਵਨ ਦੇ ਆਖ਼ਰੀ ਪਲਾਂ ਤੱਕ ਕਰਦੇ ਰਹੇ।

ਗੁਰੂ ਸਾਖੀਆਂ ਵਿਚ ਹਵਾਲਾ ਮਿਲਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਹਾਲੇ ਬਾਲ ਅਵਸਥਾ ਵਿਚ ਹੀ ਸਨ ਤਾਂ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਪਰਿਵਾਰ ਦੇ ਪ੍ਰੋਹਤ ਨੇ ਕਿਹਾ ਕਿ ਬਾਲ ਨਾਨਕ ਦੀ ਅਵਸਥਾ ਹੁਣ ਜਨੇਊ ਪਹਿਨਣ ਦੇ ਯੋਗ ਹੋ ਗਈ ਹੈ ਤੇ ਬਾਲਕ ਨੂੰ ਜਨੇਊ ਗ੍ਰਹਿਣ ਕਰਵਾ ਦੇਣਾ ਚਾਹੀਦਾ ਹੈ। ਜਦੋਂ ਪੰਡਿਤ ਜਨੇਊ ਪਹਿਨਾਣ ਦੀ ਰਸਮ ਲਈ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਪੁੱਜੇ ਤਾਂ ਬਾਲ ਨਾਨਕ ਨੇ ਜਨੇਊ ਧਾਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਆਪਣੇ ਵਲੋਂ ਜਨੇਊ ਦੀ ਇਕ ਨਵੀਂ ਪਰਿਭਾਸ਼ਾ ਪਾਂਡੇ ਅੱਗੇ ਰੱਖ ਦਿੱਤੀ ਜੋ ਗੁਰਬਾਣੀ ਦੇ ਰਾਗ ਆਸਾ ਵਿਚ ਇਸ ਤਰ੍ਹਾਂ ਸੁਸ਼ੋਭਿਤ ਹੈ :

ਦਇਆ ਕਪਾਹ ਸੰਤੋਖੁ
ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ
ਹਈ ਤ ਪਾਡੇ ਘਤੁ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-471)

(ਹੇ ਪਾਂਡੇ, ਪਹਿਲਾਂ ਮਿਹਰਬਾਨੀ ਨੂੰ ਕਪਾਹ, ਸੰਤੁਸ਼ਟਤਾ ਨੂੰ ਧਾਗਾ, ਪ੍ਰਹੇਜ਼ਗਾਰੀ ਨੂੰ ਗੰਢ ਅਤੇ ਸੱਚ ਨੂੰ ਮਰੋੜਾ ਬਣਾ। ਇਹ ਜੰਝੂ ਆਤਮਾ ਦਾ ਹੈ, ਜੇ ਅਜਿਹਾ ਜੰਝੂ, ਤੇਰੇ ਪਾਸ ਹੈ ਤਾਂ ਮੇਰੇ ਗਲ ਵਿਚ ਪਾ ਦੇ)।

ਪੰਡਿਤ ਲਈ ਇਹ ਵਰਤਾਰਾ ਕੋਈ ਸਾਧਾਰਨ ਵਰਤਾਰਾ ਨਹੀਂ ਸੀ। ਜਨੇਊ ਨਾ ਧਾਰਨ ਕਰਨ ਦੀ ਖ਼ਬਰ ਚਾਰੇ ਪਾਸੇ ਜੰਗਲ ਦੀ ਅੱਗ ਵਾਂਗ ਫੈਲ ਗਈ। ਇਹ ਖ਼ਬਰ ਸੁਣ ਕੇ ਰਾਏ ਬੁਲਾਰ ਵੀ ਬਾਲ ਨਾਨਕ ਦੇ ਦਰਸ਼ਨਾਂ ਲਈ ਮਹਿਤਾ ਕਾਲੂ ਜੀ ਦੇ ਘਰ ਆਏ ਤੇ ਇਸ ਕੌਤਕੀ ਘਟਨਾ ਬਾਰੇ ਜਾਣਕਾਰੀ ਲਈ ਅਤੇ ਬਾਲ ਨਾਨਕ ਦੇ ਦਰਸ਼ਨ ਪਾਏ। ਇਸ ਸਮੇਂ ਹੀ ਰਾਏ ਬੁਲਾਰ ਨੂੰ ਗੁਰੂ ਨਾਨਕ ਦੇਵ ਜੀ ਦੀ ਰੱਬੀ ਸ਼ਖ਼ਸੀਅਤ ਦਾ ਅਨੁਭਵ ਹੋ ਗਿਆ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ, ਮਹਿਤਾ ਕਲਿਆਣ ਦਾਸ ਉਰਫ਼ ਮਹਿਤਾ ਕਾਲੂ ਜੀ, ਰਾਏ ਬੁਲਾਰ ਦੇ ਜਨਮ ਤੋਂ ਪਹਿਲਾਂ ਹੀ ਰਾਇ ਭੋਇ ਖਾਨ ਦੀ ਮਿਲਖ ਦੇ ਪਟਵਾਰੀ ਅਤੇ ਮੀਰ ਮੁਨਸ਼ੀ ਸਨ। ਰਾਇ ਭੋਇ ਖਾਨ ਭੱਟੀ, ਲਗਪਗ 39000 ਏਕੜ ਰਕਬੇ ਦੇ ਮਾਲਕ ਸਨ। ਮਹਿਤਾ ਕਾਲੂ ਜੀ ਇਮਾਨਦਾਰੀ, ਸਿਆਣਪ, ਵਜ੍ਹਾਦਾਰੀ ਅਤੇ ਦਾਨਾਈ ਕਾਰਨ, ਰਾਇ ਭੋਇ ਖਾਨ ਭੱਟੀ ਦੇ ਬੇਹੱਦ ਕਰੀਬੀ ਵਿਸ਼ਵਾਸ ਪਾਤਰਾਂ ਵਜੋਂ ਜਾਣੇ ਜਾਂਦੇ ਸਨ। ਰਾਇ ਬੁਲਾਰ ਹਾਲੇ ਬਾਲ ਵਰੇਸ ਵਿਚ ਹੀ ਸਨ ਕਿ ਉਨ੍ਹਾਂ ਦੇ ਵਾਲਿਦ ਰਾਇ ਭੋਇ ਖਾਨ ਭੱਟੀ, ਇੰਤਕਾਲ ਫ਼ਰਮਾ ਗਏ। ਰਾਇ ਬੁਲਾਰ ਖਾਨ ਦੇ ਵੱਡੇ ਹੋਣ ਤੀਕਰ ਰਾਇ ਭੋਇ ਖਾਨ ਦੀ ਮਿਲਖ ਦੀ ਸਾਰੀ ਜ਼ਿੰਮੇਵਾਰੀ, ਮਹਿਤਾ ਕਾਲੂ ਜੀ ਨੇ ਬੜੀ ਇਮਾਨਦਾਰੀ ਨਾਲ ਨਿਭਾਈ, ਜਿਸ ਕਾਰਨ ਰਾਏ ਬੁਲਾਰ ਦੇ ਅਹਿਲ-ਏ-ਖਾਨਾ, ਮਹਿਤਾ ਕਾਲੂ ਜੀ ਦੀ ਖਸੂਸੀ ਇੱਜ਼ਤ ਕਰਦੇ ਸਨ। ਅਜਿਹਾ ਹੀ ਰਵੱਈਆ ਜਦੋਂ ਰਾਇ ਬੁਲਾਰ ਸਾਹਿਬ ਜਵਾਨ ਹੋ ਗਏ ਤਾਂ ਉਨ੍ਹਾਂ ਦੇ ਪੁਰਖਲੂਸ ਸਲੀਕਿਆਂ ਵਿਚ ਵੀ ਰਵਾਂ ਰਿਹਾ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਲੜਕਪਨ ਅਵਸਥਾ ਵਿਚ ਪ੍ਰਵੇਸ਼ ਕੀਤਾ ਤਾਂ ਪਿਤਾ ਮਹਿਤਾ ਕਾਲੂ ਨੇ ਇਕ ਦਿਨ ਮੱਝੀਆਂ ਚਰਾਵਣ ਲਈ ਭੇਜ ਦਿੱਤਾ। ਮੱਝੀਆਂ ਨੂੰ ਚਰਾਂਦਾ ਵਿਚ ਛੱਡ ਕੇ, ਆਪ ਇਕ ਰੁੱਖ ਦੀ ਛਾਂ ਹੇਠਾਂ ਸੌਂ ਗਏ। ਮੱਝੀਆਂ ਦਾ ਝੁੰਡ ਚਰਾਂਦਾਂ ਦੇ ਨਾਲ ਲਗਦੇ ਕਿਸਾਨਾਂ ਦੇ ਖੇਤਾਂ ਵਿਚ ਜਾ ਵੜਿਆ ਤੇ ਕਿਸਾਨਾਂ ਦੀਆਂ ਲਹਿਲਹਾਉਂਦੀਆਂ ਫ਼ਸਲਾਂ ਉਜਾੜ ਦਿੱਤੀਆਂ। ਕਿਸਾਨਾਂ ਨੇ ਮੱਝੀਆਂ ਦੇ ਪਾਲੀ ਦੀ ਸ਼ਿਕਾਇਤ ਰਾਏ ਬੁਲਾਰ ਪਾਸ ਜਾ ਕੀਤੀ, ਕਿ ਤੁਹਾਡੇ ਮੁਨਸ਼ੀ ਮਹਿਤਾ ਕਾਲੂ ਦੇ ਲਾਡਲੇ ਪੁੱਤਰ ਨਾਨਕ ਨੇ ਸਾਡੀ ਖੜ੍ਹੀ ਫ਼ਸਲ ਵਿਚ ਮੱਝੀਆਂ ਛੱਡ ਕੇ, ਸਾਰੀ ਫ਼ਸਲ ਉਜਾੜ ਦਿੱਤੀ ਹੈ। ਰਾਇ ਬੁਲਾਰ ਨੇ ਓਸੇ ਵੇਲੇ ਮਹਿਤਾ ਕਾਲੂ ਜੀ ਨੂੰ ਬੁਲਵਾਇਆ ਅਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਉਜਾੜੇ ਦਾ ਮੌਕਾ ਵੇਖਣ ਲਈ ਚੱਲ ਪਏ। ਜਦੋਂ ਕਿਸਾਨਾਂ ਦੇ ਖੇਤਾਂ ਵਿਚ ਪੁੱਜੇ ਤਾਂ ਫ਼ਸਲਾਂ ਪਹਿਲਾਂ ਨਾਲੋਂ ਵੀ ਵੱਧ ਹਰੀਆਂ-ਕਚੂਰ ਸਨ ਤੇ ਲਹਿਲਹਾ ਰਹੀਆਂ ਸਨ। ਸਾਰੀਆਂ ਮੱਝੀਆਂ ਇਕ ਛਾਂ ਵਾਲੇ ਰੁੱਖ ਹੇਠਾਂ ਬੈਠੀਆਂ, ਜੁਗਾਲੀ ਕਰ ਰਹੀਆਂ ਸਨ। ਮੱਝੀਆਂ ਦੇ ਪਾਲੀ, ਗੁਰੂ ਨਾਨਕ, ਥੋੜ੍ਹੀ ਦੂਰ ਇਕ ਹੋਰ ਰੁੱਖ ਦੀ ਛਾਂ ਹੇਠਾਂ, ਗੂੜ੍ਹੀ ਨੀਂਦਰ ਵਿਚ ਸੁੱਤੇ ਹੋਏ ਸਨ। ਸਿਖ਼ਰ ਦੁਪਹਿਰ ਹੋਣ ਕਾਰਨ ਰੁੱਖ ਦੀ ਛਾਂ ਨੇ ਦਿਸ਼ਾ ਬਦਲ ਲਈ ਸੀ, ਸੂਰਜ ਦੀ ਧੁੱਪ ਗੁਰੂ ਨਾਨਕ ਦੇ ਬਦਨ 'ਤੇ ਪੈ ਰਹੀ ਸੀ। ਜਦੋਂ ਰਾਏ ਬੁਲਾਰ, ਮਹਿਤਾ ਕਾਲੂ ਅਤੇ ਸ਼ਿਕਾਇਤੀ ਕਿਸਾਨ ਉਸ ਰੁੱਖ ਪਾਸ ਪੁੱਜੇ, ਜਿਥੇ ਗੁਰੂ ਨਾਨਕ ਘੂਕ ਸੁੱਤੇ ਪਏ ਸਨ, ਕਿਹਾ ਜਾਂਦਾ ਹੈ ਕਿ ਇਕ ਵੱਡੇ ਕਾਲੇ ਫਨ੍ਹੀਅਰ ਨਾਗ ਨੇ ਆਪਣਾ ਫੰਨ ਫੈਲਾਅ ਕੇ ਗੁਰੂ ਨਾਨਕ ਦੇਵ ਜੀ ਦੇ ਮੁਖੜੇ 'ਤੇ ਛਾਂ ਕੀਤੀ ਹੋਈ ਸੀ। ਇਹ ਅਦਭੁੱਤ ਦ੍ਰਿਸ਼ ਵੇਖ ਕੇ ਰਾਏ ਬੁਲਾਰ ਦੇ ਮੂੰਹੋਂ ਸੁੱਤੇ ਸਿੱਧ ਨਿਕਲ ਗਿਆ। 'ਯਾ ਅੱਲਾਹ, ਨਾਨਕ ਤੇ ਨਿਰਾ ਈ ਅੱਲਾ ਦਾ ਨੂਰ ਏ, ਅਸੀਂ ਸਭ ਧੰਨ ਹੋ ਗਏ ਹਾਂ, ਰਾਇ ਭੋਇ ਦੀ ਤਲਵੰਡੀ ਦੀ ਕੁੱਲ ਖ਼ਾਕ ਪਾਕ ਹੋ ਗਈ ਏ, ਕਾਲੂ ਜੀ, ਤੁਸਾਂ ਦੇ ਘਰ ਇਕ ਵੱਡੇ ਬਜ਼ੁਰਗ ਫਕੀਰ ਨੇ ਜਨਮ ਲਿਆ ਸੂ।' ਯਾ ਅੱਲਾਹ, ਯਾ ਅੱਲਾਹ, ਪੁਕਾਰਦਾ ਹੋਇਆ ਰਾਇ ਬੁਲਾਰ, ਮੱਝੀਆਂ ਦੇ ਪਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨੀਂ ਢਹਿ ਪਿਆ, ''ਹੇ ਅੱਲਾ ਦੇ ਬਜ਼ੁਰਗ ਫ਼ਕੀਰ, ਸਾਡੀਆਂ ਖ਼ਤਾਵਾਂ ਮੁਆਫ਼ ਕਰੀਂ, ਸਾਥੋਂ ਵੱਡੀ ਖ਼ਤਾ ਹੋਈ ਏ, ਅਸਾਂ ਅੱਲਾਹ ਦੀ ਜ਼ਾਤ ਨੂੰ ਨਹੀਂ ਪਛਾਤਾ, ਨਾਨਕ ਤੇ ਵੱਡੀਆਂ ਬਰਕਤਾਂ ਬਰਸਾਣ ਵਾਲਾ, ਮਿਹਰਾਂ ਦਾ ਸਾਂਈ ਏ, ਇਸ ਨੂੰ ਅੱਜ ਤੋਂ ਬਾਅਦ ਕਿਸੇ ਨੇ ਕੁੱਝ ਨਹੀਂ ਆਖਣਾ, ਰੱਬ ਦੀ ਰਜ਼ਾ ਵਿਚ, ਜੋ ਮਰਜ਼ੀ ਪਿਆ ਕਰੇ।'

ਰਾਇ ਬੁਲਾਰ, ਗੁਰੂ ਨਾਨਕ ਦੇਵ ਜੀ ਪਾਸੋਂ, ਉਮਰ ਵਿਚ 22 ਸਾਲ ਵੱਡੇ ਸਨ, ਮਜ਼ਹਬੀ ਤੌਰ 'ਤੇ ਇਕ ਮੁਸਲਮਾਨ ਸਨ ਤੇ ਅੱਲਾ ਦੀ ਬੰਦਗੀ ਵਿਚ ਯਕੀਨ ਰੱਖਦੇ ਸਨ, ਪਰ ਮੁਸਲਮਾਨ ਹੁੰਦਿਆਂ ਹੋਇਆਂ ਵੀ ਉਨ੍ਹਾਂ ਦੀ ਅਸਰੀਰੀ ਅਕੀਦਤ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੂਹਾਨੀ ਅਜ਼ਮਤ ਤੋਂ ਜੁਦਾ ਨਹੀਂ ਸੀ। ਏਹੀ ਵਜ੍ਹਾ ਸੀ ਕਿ ਰਾਇ ਬੁਲਾਰ ਸਾਹਿਬ ਨੇ ਆਪਣੀ ਕੁੱਲ ਮਿਲਖ ਦਾ ਲਗਪਗ ਅੱਧਾ ਹਿੱਸਾ, ਭਾਵ 19000 ਏਕੜ ਜ਼ਮੀਨੀ ਰਕਬਾ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਮਨਸੂਬ ਕਰਵਾ ਦਿੱਤਾ ਸੀ। ਜ਼ਿਕਰ ਯੋਗ ਹੈ ਕਿ ਨਨਕਾਣਾ ਸਾਹਿਬ ਦੇ ਮਾਲ ਰਿਕਾਰਡ ਦੇ ਖਾਨਾ ਮਲਕੀਅਤ ਵਿਚ, ਇਸ ਰਕਬੇ ਦਾ ਮਾਲਕ, ਅੱਜ ਵੀ 'ਬਾਬਾ ਨਾਨਕ' ਹੀ ਹੈ। ਇਹ ਵੀ ਇਕ ਵਚਿੱਤਰ ਸੱਚ ਹੈ, ਕਿ ਇਸ ਜ਼ਮੀਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾ ਕਦੇ ਹਲ ਜੋਤਾ ਤੇ ਨਾ ਹੀ ਕਦੇ ਖੇਤੀ ਕੀਤੀ ਹੈ। ਇਸ ਸਮੁੱਚੇ ਰਕਬੇ ਦੀ ਦੇਖ-ਰੇਖ ਪਾਕਿਸਤਾਨ ਦੇ ਮਹਿਕਮਾ ਔਕਾਫ਼ ਦੇ ਜ਼ੇਰ-ਏ-ਬੰਦੋਬਸਤ ਹੈ। ਇਸੇ ਰਕਬੇ ਦੇ ਕੁਝ ਹਿੱਸੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਦੇ ਯਾਦਗਾਰੀ ਉਤਸਵ 'ਤੇ, ਪਾਕਿਸਤਾਨ ਦੀ ਸਰਕਾਰ ਵਲੋਂ ਬਾਬਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾ ਰਹੀ ਹੈ। ਵਿਸ਼ਵ ਪੱਧਰ ਦੀ ਇਸ ਯੂਨੀਵਰਸਿਟੀ ਦਾ ਨੀਂਹ ਪੱਥਰ, ਪੰਜਾਬ (ਪਾਕਿਸਤਾਨ) ਦੇ ਵਜ਼ੀਰ-ਏ-ਆਹਲਾ, ਜਨਾਬ ਉਸਮਾਨ ਬੁਜ਼ਗਾਰ ਸਾਹਿਬ ਵਲੋਂ, ਨਨਕਾਣਾ ਸਾਹਿਬ ਵਿਖੇ, ਮਿਤੀ 13 ਜੁਲਾਈ 2019 ਨੂੰ ਰੱਖਿਆ ਗਿਆ ਹੈ। ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਤਾਮੀਰ 'ਤੇ ਲਗਪਗ 259 ਕਰੋੜ ਰੁਪਏ ਦਾ ਅਨੁਮਾਨਤ ਖਰਚਾ ਆਵੇਗਾ। ਪਾਕਿਸਤਾਨ ਦੀ ਮਰਕਜ਼ੀ ਹਕੂਮਤ ਅਤੇ ਪੱਛਮੀ ਪੰਜਾਬ ਦੀ ਸੂਬਾਈ ਹਕੂਮਤ ਅੱਗੇ ਮੇਰੀ ਅਰਜ਼ੋਈ ਹੈ ਕਿ ਬਾਬਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤਾਮੀਰ ਦਾ ਕੰਮ ਮੁਕੰਮਲ ਹੋਣ ਉਪਰੰਤ, ਉਸ ਦੇ ਪ੍ਰਬੰਧਕੀ ਕੰਪਲੈਕਸ ਦਾ ਨਾਂਅ ਰਾਏ ਬੁਲਾਰ ਸਾਹਿਬ ਦੇ ਨਾਂਅ 'ਤੇ ਇਸ ਤਰ੍ਹਾਂ ਮਨਸੂਬ ਕੀਤਾ ਜਾਵੇ : 'ਰਾਏ ਬੁਲਾਰ ਸ਼ੋਅਬਾ-ਏ-ਇੰਤਜ਼ਾਮੀਆ'। ਇਸ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦਾ ਨਾਂਅ ਭਾਈ ਮਰਦਾਨਾ ਦੇ ਨਾਂਅ 'ਤੇ 'ਭਾਈ ਮਰਦਾਨਾ ਸ਼ੋਅਬਾ-ਏ-ਮੌਸੀਕੀ' ਰੱਖਿਆ ਜਾਵੇ ਅਤੇ ਯੂਨੀਵਰਸਿਟੀ ਦੇ ਪ੍ਰਕਾਸ਼ਕ ਵਿਭਾਗ ਦਾ ਨਾਂਅ ਭਾਈ ਬਾਲਾ ਜੀ ਦੇ ਨਾਂਅ 'ਤੇ, 'ਭਾਈ ਬਾਲਾ ਸ਼ੋਅਬਾ-ਏ-ਤਬਾਅਤ-ਓ-ਇਸ਼ਾਅਤ' ਰੱਖਿਆ ਜਾਵੇ, ਤਾਂ ਕਿ ਇਨ੍ਹਾਂ ਸਾਰਿਆਂ ਦੀ ਯਾਦ, ਭਵਿੱਖ ਦੀਆਂ ਨਸਲਾਂ ਦੇ ਜ਼ਿਹਨ ਵਿਚ, ਸਦੀਆਂ ਬੀਤ ਜਾਣ ਤੋਂ ਬਾਅਦ ਵੀ ਸਲਾਮਤ ਰਹੇ।

ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਦੇ ਸਮੇਂ, ਕਸ਼ਮੀਰ, ਸੁਮੇਰ ਪਰਬਤ 'ਤੇ ਸਿੱਧ-ਗੋਸ਼ਟੀ ਵਿਚ ਮੁਬਤਲਾ ਸਨ ਜਦੋਂ ਉਨ੍ਹਾਂ ਦਾ ਪਰਮ ਸਨੇਹੀ, ਰਾਇ ਭੋਇ ਦੀ ਤਲਵੰਡੀ ਦਾ ਉਦਾਰ, ਸਰਦਾਰ, ਰਾਏ ਬੁਲਾਰ ਭੱਟੀ (1515 ਈਸਵੀ) ਵਫ਼ਾਤ ਪਾ ਗਏ। ਸਾਖੀ ਸਾਹਿਤ ਵਿਚ ਇਕ ਕਥਾ ਇਹ ਵੀ ਦਰਜ ਹੈ ਕਿ ਰਾਇ ਬੁਲਾਰ ਸਾਹਿਬ ਨੇ, ਆਖ਼ਰਤ ਦੇ ਵਕਤ ਗੁਰੂ ਨਾਨਕ ਸਾਹਿਬ ਨੂੰ ਬਹੁਤ ਯਾਦ ਕੀਤਾ ਤੇ ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਵਿਚੇ ਹੀ ਛੱਡ ਕੇ ਆਪਣੇ ਮਹਿਰਮ ਮੁਰੀਦ ਰਾਇ ਬੁਲਾਰ ਦੇ ਆਖਰੀ ਦਰਸ਼ਨ ਦੀਦਾਰਿਆਂ ਲਈ ਅਚਨਚੇਤ ਰਾਇ ਭੋਇ ਦੀ ਤਲਵੰਡੀ ਪਰਤ ਆਏੇ, ਰਾਇ ਬੁਲਾਰ ਜੀ ਦਾ ਸਿਰ ਗੁਰੂ ਨਾਨਕ ਦੀ ਗੋਦ ਵਿਚ ਸੀ, ਕਿ ਰਾਏ ਬੁਲਾਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ।

ਰਾਇ ਬੁਲਾਰ ਸਾਹਿਬ ਦੇ ਜਸਦ-ਏ-ਖ਼ਾਕੀ ਨੂੰ, ਰਾਇ ਭੋਇ ਦੀ ਤਲਵੰਡੀ ਦੇ ਇਕ ਬੁਲੰਦ ਟਿੱਲੇ ਉੱਤੇ ਗੁਰੂ ਨਾਨਕ ਸਾਹਿਬ ਦੀ ਮੌਜੂਦਗੀ ਵਿਚ ਸਪੁਰਦ-ਏ-ਖ਼ਾਕ ਕੀਤਾ ਗਿਆ। ਇਸ ਟਿੱਲੇ ਉੱਤੇ ਹੀ ਉਨ੍ਹਾਂ ਦਾ ਇਕ ਭੁੱਲਿਆ ਵਿਸਰਿਆ ਮਜ਼ਾਰ ਵੀ ਹੈ, ਜਿਸ ਉੱਪਰ ਇਕ ਗੁੰਬਦ ਥਮਲਿਆਂ ਦੇ ਸਹਾਰੇ ਉਸਾਰਿਆ ਹੋਇਆ ਹੈ। ਰਾਇ ਬੁਲਾਰ ਜੀ ਦਾ ਮਜ਼ਾਰ ਅੱਜ ਬੇਹੱਦ ਅਣਗੌਲੀ ਹਾਲਤ ਵਿਚ ਜਾਪਦਾ ਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸਮੇਂ ਤਾਂ ਰਾਇ ਬੁਲਾਰ ਸਾਹਿਬ ਦੇ ਮਜ਼ਾਰ ਨੂੰ ਸੰਵਾਰਨਾ ਤੇ ਸੰਭਾਲਣ ਦਾ ਕੰਮ ਸਾਡਾ ਫ਼ਰਜ਼-ਏ-ਅੱਵਲ ਹੋਣਾ ਚਾਹੀਦਾ ਸੀ। ਕੁੱਲ ਜਹਾਨ ਵਿਚ ਸਿੱਖਾਂ ਦੀ ਸ਼ੋਭਾ ਹੋਣੀ ਸੀ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ, ਸਿੱਖ ਯਾਤਰੂਆਂ ਨੂੰ ਨਾਲ ਲੈ ਕੇ ਰਾਏ ਬੁਲਾਰ ਸਾਹਿਬ ਦੀ ਮਜ਼ਾਰ 'ਤੇ ਪੁੱਜ ਕੇ, ਪੂਰੀ ਸਿੱਖ ਕੌਮ ਵਲੋਂ ਰਸਮੀ ਤੌਰ 'ਤੇ ਖ਼ਿਰਾਜ਼-ਏ-ਅਕੀਦਤ ਭੇਟ ਕਰਦੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਮੁਸਲਮਾਨ ਪੈਰੋਕਾਰ ਦੀ ਮਜ਼ਾਰ 'ਤੇ ਚਾਦਰਾਂ ਚੜ੍ਹਾਈਆਂ ਜਾਂਦੀਆਂ, ਗ਼ੁਲਪੋਸ਼ ਵਿਛਾਏ ਜਾਂਦੇ, ਚਿਰਾਗ ਜਗਾਏ ਜਾਂਦੇ । ਪਰ ਅਫ਼ਸੋਸ ! ਕਿ ਕੁਝ ਵੀ ਅਜਿਹਾ ਨਹੀਂ ਹੋਇਆ। ਰੱਬ ਜਾਣੇ ਸਾਡੇ ਸਲੀਕਿਆਂ ਵਿਚੋਂ ਅਜਿਹੇ ਸੂਖ਼ਮ ਅਦਬ ਕਿਉਂ ਗਵਾਚ ਗਏ ਹਨ, ਇਸ ਉੱਦਮ ਦੀ ਪਹਿਲ ਨਾ ਕਰਨ ਵਿਚ, ਸਾਥੋਂ ਏਡੀ ਵੱਡੀ ਭੁੱਲ ਕਿਉਂ ਹੋ ਗਈ? ਇਸ ਉਕਾਈ ਨੂੰ ਤੁਰੰਤ ਸੁਧਾਰਨਾ ਬਣਦਾ ਹੈ। 504 ਵਰ੍ਹੇ ਬੀਤ ਜਾਣ ਤੋਂ ਬਾਅਦ ਰਾਏ ਬੁਲਾਰ ਸਾਹਿਬ ਦੇ ਮਜ਼ਾਰ ਨੂੰ ਇਕ ਮਕਬਰਾ ਵੀ ਦਰਕਾਰ ਨਹੀਂ, ਜਿਸ ਰਾਏ ਬੁਲਾਰ ਨੇ 19000 ਏਕੜ ਜ਼ਮੀਨੀ ਰਕਬਾ ਗੁਰੂ ਨਾਨਕ ਸਾਹਿਬ ਦੀ ਰੁਹਾਨੀ ਅਜ਼ਮਤ ਨੂੰ ਸਜਦੇ ਵਜੋਂ ਅਰਪਿਤ ਕੀਤਾ ਹੋਵੇ, ਅੱਜ ਪੰਜ ਸਦੀਆਂ ਬਾਅਦ ਵੀ ਉਸ ਦੀ ਮਜ਼ਾਰ ਨੂੰ ਮਕਬਰਾ ਮੁਯੱਸਰ ਨਾ ਹੋ ਸਕੇ। ਪਿਆਰੇ ਖਾਲਸਾ ਜੀਓ, ਅਸੀਂ ਸੰਗਮਰੀ ਗੁਰਦੁਆਰੇ ਤਾਂ ਥਾਂ-ਥਾਂ ਉਸਾਰ ਲਏ ਹਨ, ਪਰ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਦੇ ਸਹਿਪਾਤਰਾਂ ਨੂੰ ਕੌਣ ਯਾਦ ਕਰੇਗਾ?

ਚੰਗਾ ਹੋਵੇਗਾ ਇਹ ਕਾਰਜ ਹੁਣੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਗੂ ਆਪਣੇ ਹੱਥਾਂ ਵਿਚ ਲੈ ਕੇ ਆਪਣੀ ਭੁੱਲ ਨੂੰ ਸੁਧਾਰ ਲੈਣ ਨਹੀਂ ਤਾਂ ਇਹ ਕਾਰਜ ਸਿੱਖ ਸੰਗਤਾਂ ਨੂੰ ਸਿੱਧੇ ਤੌਰ 'ਤੇ ਆਪਣੇ ਹੱਥਾਂ ਵਿਚ ਲੈ ਲੈਣਾ ਚਾਹੀਦਾ ਹੈ। ਇਸ ਮਕਬਰੇ ਦੀ ਤਾਮੀਰ ਦਾ ਸਾਰਾ ਤਾਮੀਰੀ ਖਰਚਾ, ਰਾਇ ਬੁਲਾਰ ਸਾਹਿਬ ਦੇ ਖ਼ਾਨਦਾਨ ਦੀ ਅਠਾਰਵੀਂ ਪੀੜ੍ਹੀ ਦੇ ਜੋ ਵੀ ਅਹਿਲ-ਏ-ਖਾਨਾ, ਇਸ ਵਕਤ ਨਨਕਾਣਾ ਸਾਹਿਬ ਵਿਚ ਮੁਕੀਮ ਹਨ, ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰਕੇ, ਸਮੁੱਚੀ ਸਿੱਖ ਕੌਮ ਨੂੰ ਅਦਾ ਕਰਨਾ ਚਾਹੀਦਾ ਹੈ। ਇਸ ਕਾਰਜ ਨੂੰ ਪਾਇਆ-ਏ-ਤਕਮੀਲ ਤੱਕ ਲੈ ਕੇ ਜਾਣਾ ਅਤੇ ਰਾਇ ਬੁਲਾਰ ਸਾਹਿਬ ਦੀ ਯਾਦ ਨੂੰ ਅੱਗੇ ਤੋਰਨਾ, ਸੰਸਾਰ ਵਿਚ ਵਸਦੇ, ਕੁੱਲ ਗੁਰੂ ਨਾਨਕ ਨਾਮ ਲੇਵਾ ਦਾ ਫਰਜ਼ ਬਣਦਾ ਹੈ।

ਮੈਂ ਜਦੋਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੁਹਾਨੀ ਅਜ਼ਮਤ ਨੂੰ ਮਹਿਸੂਸ ਕਰਦਾ ਹਾਂ ਤਾਂ ਮੇਰੀ ਜੀਵਨ ਚੇਤਨਾ ਵਿਚ, ਰਾਏ ਬੁਲਾਰ ਸਾਹਿਬ ਦੀ ਭੁੱਲੀ ਵਿਸਰੀ, ਮਜ਼ਾਰ ਦਾ ਦ੍ਰਿਸ਼, ਇੱਕ ਉਦਾਸ ਸ਼ਿਕਵਾ ਲੈ ਕੇ ਮੇਰੇ ਜ਼ਿਹਨ 'ਤੇ ਸਵਾਰ ਹੋ ਜਾਂਦਾ ਹੈ, ਜਿਸ ਦੀ ਪੀੜਾ ਬਹਾਦੁਰ ਸ਼ਾਹ ਜ਼ਫ਼ਰ ਦੇ ਬੋਲਾਂ ਵਿਚ ਬਿਆਨ ਕਰ ਰਿਹਾ ਹਾਂ;

ਬਰ ਮਜ਼ਾਰ-ਏ-ਮਾ ਗ਼ਰੀਬਾਂ ਨੀ ਚਿਰਾਗੀ, ਨੀ ਗ਼ੁਲੀ,
ਨੀ ਪਰ-ਏ-ਪਰਵਾਨਾ ਸੋਜ਼ਦ, ਨੀ ਸਦਾ-ਈ-ਬੁਲਬੁਲੀ।

(ਅਰਥਾਤ : ਮੇਰੇ ਬੇਵਤਨ ਦੇ ਮਜ਼ਾਰ ਉੱਪਰ ਹੁਣ ਨਾ ਕੋਈ ਚਿਰਾਗ ਜਗਦਾ ਹੈ ਅਤੇ ਨਾ ਹੀ ਕੋਈ ਫੁੱਲ ਮਹਿਕਦਾ ਹੈ, ਇਸ ਕਰਕੇ ਨਾ ਇਥੇ ਕਿਸੇ ਪਰਵਾਨੇ ਦੇ ਖੰਭ ਸੜਦੇ ਹਨ ਅਤੇ ਨਾ ਕਿਸੇ ਬੁਲਬੁਲ ਦੀ ਹੂਕ ਸੁਣਾਈ ਦਿੰਦੀ ਹੈ)