ਬਰਤਾਨੀਆ 'ਚ ਸਿੱਖ 'ਤੇ ਚਾਰ ਗੋਰਿਆਂ ਨੇ ਕੀਤਾ ਹਮਲਾ, ਤਾਲਿਬਾਨੀ ਕਹਿ ਕੇ ਦਸਤਾਰ ਲਾਹੁਣ ਦੀ ਕੋਸ਼ਿਸ਼

ਬਰਤਾਨੀਆ 'ਚ ਸਿੱਖ 'ਤੇ ਚਾਰ ਗੋਰਿਆਂ ਨੇ ਕੀਤਾ ਹਮਲਾ, ਤਾਲਿਬਾਨੀ ਕਹਿ ਕੇ ਦਸਤਾਰ ਲਾਹੁਣ ਦੀ ਕੋਸ਼ਿਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ

ਬਰਤਾਨੀਆ ਦੇ ਬਰਕਸ਼ਾਇਰ ਵਿਚ ਸਿੱਖ ਕਾਰ ਚਾਲਕ ਉੱਤੇ ਚਾਰ ਗੋਰਿਆਂ ਨੇ ਹਮਲਾ ਕੀਤਾ ਅਤੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ। ਗੋਰਿਆਂ ਨੇ ਸਿੱਖ 'ਤੇ ਨਸਲੀ ਟਿੱਪਣੀ ਕਰਦਿਆਂ ਉਸਨੂੰ ਤਾਲਿਬਾਨੀ ਕਿਹਾ। 

41 ਸਾਲਾ ਵਿਨੀਤ ਸਿੰਘ ਪੰਜਾਬ ਦਾ ਜੰਮਪਲ ਹੈ। ਉਸਨੇ ਪੁਲਿਸ ਨੂੰ ਦੱਸਿਆ ਕਿ ਇਹਨਾਂ ਗੋਰਿਆਂ ਨੇ ਉਸਦੇ ਨੱਕ ਵਿਚ ਜ਼ਬਰਦਸਤੀ ਕੋਈ ਨਸ਼ੀਲਾ ਪਦਾਰਥ ਸੁੰਘਾਇਆ ਅਤੇ ਉਸਦੀ ਦਸਤਾਰ ਉਤਾਰਨ ਦੀ ਕੋਸ਼ਿਸ਼ ਕੀਤੀ। 

ਇਹ ਚਾਰੋ ਇਕ ਕੈਸੀਨੋ ਤੋਂ ਸਿੰਘ ਦੀ ਕਾਰ ਵਿਚ ਸਵਾਰ ਹੋਏ ਸਨ। ਵਿਨੀਤ ਸਿੰਘ ਨੇ ਦੱਸਿਆ ਕਿ ਇਹਨਾਂ ਵਿਚੋਂ ਇਕ ਬਰੈਮਲੇ ਕੋਲ ਕਾਰ ਵਿਚੋਂ ਉਤਰਿਆ ਅਤੇ ਉਸਨੇ ਡਰਾਈਵਰ ਤਾਕੀ ਕੋਲ ਆ ਕੇ ਸਿੰਘ ਨੂੰ ਕੁੱਝ ਸੁੰਘਣ ਲਈ ਕਿਹਾ। ਜਦੋਂ ਸਿੰਘ ਨੇ ਧਰਮ ਵਿਚ ਨਸ਼ਾ ਵਰਜਿਤ ਹੋਣ ਦੀ ਗੱਲ ਕਹੀ ਤਾਂ ਉਸਨੇ ਜ਼ਬਰਦਸਤੀ ਸਿੰਘ ਦਾ ਮਾਸਕ ਚੁੱਕ ਕੇ ਨੱਕ ਵਿਚ ਸੁੰਘਾਉਣ ਦੀ ਕੋਸ਼ਿਸ਼ ਕੀਤੀ। 

ਵਿਨੀਤ ਸਿੰਘ ਨੇ ਕਿਹਾ ਕਿ ਇਕ ਗੋਰੇ ਨੇ ਉਸਨੂੰ ਕਿਹਾ ਕਿ ਉਹ ਕਾਰ ਚਲਾਵੇਗਾ। ਸਿੰਘ ਵੱਲੋਂ ਇਨਕਾਰ ਕਰ ਦਿੱਤਾ ਤਾਂ ਉਹ ਕਾਰ ਦੀ ਭੰਨ ਤੋੜ ਕਰਨ ਲੱਗੇ। ਸਿੰਘ ਨੇ ਕਿਹਾ ਕਿ ਉਦੋਂ ਉਸਨੇ ਮੇਰੀ ਦਸਤਾਰ ਨੂੰ ਹੱਥ ਪਾ ਕੇ ਉਤਾਰਨ ਦੀ ਕੋਸ਼ਿਸ਼ ਕੀਤੀ। ਸਿੰਘ ਨੇ ਦੱਸਿਆ ਕਿ ਉਸਨੇ ਪੁਲਿਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਜਗ੍ਹਾ ਨੈਟਵਰਕ ਨਹੀਂ ਸੀ। 

ਵਿਨਤੀ ਸਿੰਘ ਨੇ ਦੱਸਿਆ ਕਿ ਉਹਨਾਂ ਗੋਰਿਆਂ ਨੇ ਇਸ ਤੋਂ ਬਾਅਦ ਉਸਨੂੰ ਪਿਛਲੀਆਂ ਸੀਟਾਂ ਤੋਂ ਮਾਰਨਾ ਸ਼ੁਰੂ ਕਰ ਦਿੱਤਾ। ਵਿਨੀਤ ਨੇ ਦੱਸਿਆ ਕਿ ਉਹਨਾਂ ਪੁੱਛਿਆ, "ਕੀ ਤੂੰ ਤਾਲਿਬਾਨੀ ਹੈ? ਵਿਨੀਤ ਸਿੰਘ ਨੇ ਜਵਾਬ ਦਿੱਤਾ, "ਨਹੀਂ। ਮੈਂ ਸਿੱਖ ਹਾਂ" ਅਤੇ ਉਸਨੇ ਉਹਨਾਂ ਨੂੰ ਦੱਸਿਆ ਕਿ ਦਸਤਾਰ ਉਸਦੇ ਧਰਮ ਦਾ ਹਿੱਸਾ ਹੈ ਅਤੇ ਉਹ ਉਸਦੀ ਦਸਤਾਰ ਨੂੰ ਹੱਥ ਨਾ ਲਾਉਣ।

ਪੁਲਿਸ ਵੱਲੋਂ ਵਿਨੀਤ ਸਿੰਘ ਦੀ ਰਿਪੋਰਟ 'ਤੇ ਜਾਂਚ ਕੀਤੀ ਜਾ ਰਹੀ ਹੈ। ਬਰਤਾਨੀਆ ਵਿਚ ਸਿੱਖ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਇਸ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਲੋਕਾਂ ਦੀ ਅਜਿਹੇ ਹਮਲਿਆਂ ਪਿਛਲੀ ਮਾਨਸਿਕਤਾ ਨੂੰ ਸਮਝਣਾ ਚਾਹੀਦਾ ਹੈ। ਉਹਨਾਂ ਪੁਲਿਸ ਤੋਂ ਮੰਗ ਕੀਤੀ ਕਿ ਇਹ ਹਮਲਾ ਕਰਨ ਵਾਲੇ ਨਸਲਵਾਦੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪੂਰੀ ਵਾਹ ਲਾਵੇ।