ਦਿੱਲੀ ਪੁਲਸ ਨੇ ਸਾਨੂੰ ਕੁੱਟਿਆ: ਬੇਅੰਤ ਸਿੰਘ ਦਾ ਪੋਤਾ ਰਵਨੀਤ ਬਿੱਟੂ

ਦਿੱਲੀ ਪੁਲਸ ਨੇ ਸਾਨੂੰ ਕੁੱਟਿਆ: ਬੇਅੰਤ ਸਿੰਘ ਦਾ ਪੋਤਾ ਰਵਨੀਤ ਬਿੱਟੂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਵਿਚ ਦਿੱਲੀ ਦੀ ਸੱਤਾ ਦੇ ਇਸ਼ਾਰਿਆਂ 'ਤੇ ਸਿੱਖ ਨੌਜਵਾਨੀ ਦੇ ਲਹੂ ਦੀਆਂ ਨਹਿਰਾਂ ਵਗਾਉਣ ਵਾਲੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਅਤੇ ਲੁਧਿਆਣਾ ਹਲਕੇ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਅੱਜ ਭਾਰਤ ਦੀ ਲੋਕ ਸਭਾ ਵਿਚ ਦੁਹਾਈ ਪਾਈ ਕਿ ਉਸਨੂੰ ਅਤੇ ਉਸਦੇ ਸਾਥੀ ਕਾਂਗਰਸੀ ਮੈਂਬਰ ਪਾਰਲੀਮੈਂਟਾਂ ਨੂੰ ਦਿੱਲੀ ਪੁਲਿਸ ਨੇ ਘੇਰ ਕੇ ਕੁੱਟਿਆ। 

ਅੱਜ ਲੋਕ ਸਭਾ ਵਿਚ ਰਵਨੀਤ ਬਿੱਟੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਤੇ ਕਾਂਗਰਸ ਦੇ ਤਿੰਨ ਹੋਰ ਮੈਂਬਰ ਸੰਤੋਖ ਚੌਧਰੀ, ਜਸਬੀਰ ਸਿੰਘ ਗਿੱਲ ਅਤੇ ਗੁਰਜੀਤ ਸਿੰਘ ਔਜਲਾ ਨਾਲ ਦਿੱਲ ਪੁਲੀਸ ਦੇ ਮੁਲਾਜ਼ਮਾਂ ਨੇ ਸੋਮਵਾਰ ਨੂੰ ਸੰਸਦ ਭਵਨ ਦੇ ਨੇੜੇ ਬਦਸਲੂਕੀ ਕੀਤੀ। ਉਨ੍ਹਾਂ ਕਿਹਾ, “ਅਸੀਂ ਕਿਸਾਨ ਮੁੱਦੇ ’ਤੇ ਮੋਮਬੱਤੀ ਮਾਰਚ ਕਰਕੇ ਹੋਏ ਵਿਜੈ ਚੌਕ ਜਾ ਰਹੇ ਸੀ। ਸਿਰਫ 10-15 ਮੀਟਰ ਚੱਲੇ ਹੋਵਾਂਗੇ ਕਿ 100 ਦੇ ਕਰੀਬ ਪੁਲੀਸ ਵਾਲੇ ਅਚਾਨਕ ਆ ਗਏ। ਉਨ੍ਹਾਂ ਨੂੰ ਲੱਗਿਆ ਕਿ ਕਿਧਰੇ ਕਿਸਾਨ ਆਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਲੋਕ ਕਿਸਾਨਾਂ ਤੋਂ ਕਿੰਨੇ ਡਰੇ ਹੋਏ ਹਨ।” ਬਿੱਟੂ ਨੇ ਦੋਸ਼ ਲਾਇਆ ਕਿ ਉਹ ਮੋਮਬੱਤੀ ਜਗਾਉਣ ਲਈ ਵਿਜੇ ਚੌਕ ਜਾਣਾ ਚਾਹੁੰਦਾ ਸੀ ਪਰ ਪੁਲੀਸ ਨੇ ਚਾਰ ਸੰਸਦ ਮੈਂਬਰਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਉਨ੍ਹਾਂ ਨੇ ਖੁਦ ਨੂੰ ਵੀ ਸੱਟਾਂ ਲੱਗਣ ਦਾ ਦਾਅਵਾ ਕੀਤਾ। ਇਸ ’ਤੇ ਸਪੀਕਰ ਨੇ ਕਿਹਾ ਕਿ ਉਨ੍ਹਾਂ ਨੂੰ ਬਿੱਟੂ ਤੇ ਚੌਧਰੀ ਦੇ ਪੱਤਰ ਮਿਲੇ ਹਨ ਤੇ ਉਨ੍ਹਾਂ ਮਾਮਲੇ ਦੀ ਰਿਪੋਰਟ ਮੰਗ ਲਈ ਹੈ। 

ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਵਿਚ ਨਜ਼ਰ ਆ ਰਿਹਾ ਸੀ ਕਿ ਦਿੱਲੀ ਪੁਲਸ ਪੰਜਾਬ ਦੇ ਕਾਂਗਰਸੀ ਮੈਂਬਰ ਪਾਰਲੀਮੈਂਟਾਂ ਦਾ ਜਲੂਸ ਕੱਢਦਿਆਂ ਖਿੱਚ ਧੂਹ ਕਰ ਰਹੀ ਸੀ।

ਦਿੱਲੀ ਪੁਲਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਾਣ ਲਈ ਉਹ ਰਾਹ ਖਾਲੀ ਕਰਵਾ ਰਹੇ ਸਨ ਕਿਉਂਕਿ ਮੋਦੀ ਦਾ ਕਾਫ਼ਲਾ ਅਚਾਨਕ ਹੀ ਇਧਰ ਆ ਰਿਹਾ ਸੀ। ਨਾਲ ਹੀ ਸੰਸਦ ਮੈਂਬਰਾਂ ਨੇ ਧਰਨੇ ਦੀ ਮਨਜ਼ੂਰੀ ਵੀ ਨਹੀਂ ਸੀ ਲਈ।