ਕਿਊਬਿਕ ਨੇ ਧਾਰਮਿਕ ਅਜ਼ਾਦੀ ਦਾ ਘਾਣ ਕਰਨ ਵਾਲਾ ਕਾਨੂੰਨ ਪਾਸ ਕੀਤਾ; ਸਿੱਖਾਂ ਦੇ ਦਸਤਾਰ ਸਜਾਉਣ 'ਤੇ ਪਾਬੰਦੀ

ਕਿਊਬਿਕ ਨੇ ਧਾਰਮਿਕ ਅਜ਼ਾਦੀ ਦਾ ਘਾਣ ਕਰਨ ਵਾਲਾ ਕਾਨੂੰਨ ਪਾਸ ਕੀਤਾ; ਸਿੱਖਾਂ ਦੇ ਦਸਤਾਰ ਸਜਾਉਣ 'ਤੇ ਪਾਬੰਦੀ

ਮਾਂਟਰੀਅਲ: ਕੈਨੇਡਾ ਦੇ ਸੂਬੇ ਕਿਊਬੇਕ ਵੱਲੋਂ ਇਕ ਵਿਵਾਦਤ ਕਾਨੂੰਨ ਪਾਸ ਕੀਤਾ ਗਿਆ ਹੈ ਜੋ ਧਾਰਮਿਕ ਅਜ਼ਾਦੀ ਦਾ ਘਾਣ ਕਰਦਾ ਹੈ।  ਧਰਮ–ਨਿਰਪੇਖਤਾ ਦੇ ਨਾਂਅ ’ਤੇ ਪਾਸ ਕੀਤੇ ਇਸ ਬਿੱਲ ਕਾਰਨ ਕੋਈ ਸਿੱਖ ਸਰਕਾਰੀ ਮੁਲਾਜ਼ਮ ਦਸਤਾਰ ਨਹੀਂ ਸਜਾ ਸਕੇਗਾ, ਕੋਈ ਮੁਸਲਿਮ ਔਰਤ ਆਪਣਾ ਹਿਜਾਬ ਨਹੀਂ ਪਹਿਨ ਸਕੇਗੀ, ਕੋਈ ਮਸੀਹੀ (ਈਸਾਈ) ਆਪਣੇ ਗਲ਼ੇ ਵਿੱਚ ਸਲੀਬ ਲਟਕਾ ਕੇ ਨਹੀਂ ਜਾ ਸਕੇਗਾ ਤੇ ਇੰਝ ਹੀ ਕੋਈ ਹਿੰਦੂ ਔਰਤ ਆਪਣੇ ਮੱਥੇ ’ਤੇ ਬਿੰਦੀ ਵੀ ਨਹੀਂ ਲਾ ਸਕੇਗੀ। ਉਸੇ ਤਰ੍ਹਾਂ ਪਾਰਸੀ, ਯਹੂਦੀ ਕਿਸੇ ਵੀ ਧਰਮ ਦਾ ਕੋਈ ਵਿਅਕਤੀ ਆਪਣੇ ਧਾਰਮਿਕ ਚਿੰਨ੍ਹ ਦਾ ਪ੍ਰਦਰਸ਼ਨ ਕਰਦਾ ਹੋਇਆ ਆਪਣੀ ਡਿਊਟੀ ਉੱਤੇ ਹਾਜ਼ਰ ਨਹੀਂ ਹੋ ਸਕੇਗਾ।

ਇਸ ‘ਬਿੱਲ 21’ ਨੂੰ ਐਤਵਾਰ ਨੂੰ ਪਾਸ ਕੀਤਾ ਗਿਆ। ਇਸ ਤੋਂ ਪਹਿਲਾਂ ਕਿਊਬੇਕ ਦੀ ਕੌਮੀ ਅਸੈਂਬਲੀ ਵਿੱਚ ਇਸ ਬਿੱਲ ਉੱਤੇ ਬਹੁਤ ਲੰਮੇਰੀ ਬਹਿਸ ਹੋਈ। ਫਿਰ ਇਸ ਬਿੱਲ ਦੇ ਹੱਕ ਵਿੱਚ 75 ਤੇ ਖਿ਼ਲਾਫ਼ 35 ਵੋਟਾਂ ਪਈਆਂ।

ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵਿਰੋਧੀ ਧਿਰ ਦੇ ਆਗੂ ਐਂਡ੍ਰਿਯੂ ਸਕੀਰ ਤੇ ਜਗਮੀਤ ਸਿੰਘ ਜਿਹੇ ਰਾਸ਼ਟਰੀ ਪੱਧਰ ਦੇ ਆਗੂ ਵੀ ਇਸ ਬਿੱਲ ਦਾ ਸਖ਼ਤ ਵਿਰੋਧ ਕਰ ਚੁੱਕੇ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ ਇਸ ਬਿੱਲ ਕਾਰਨ ਖ਼ਾਸ ਕਰਕੇ ਸਕੂਲ ਅਧਿਆਪਕ, ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ, ਪੁਲਿਸ ਅਧਿਕਾਰੀ, ਜੱਜ ਤੇ ਹੋਰ ਕਾਨੂੰਨੀ ਅਧਿਕਾਰੀ ਪ੍ਰਭਾਵਿਤ ਹੋਣਗੇ।

‘ਮਾਂਟਰੀਅਲ ਗ਼ਜ਼ਟ’ ਦੀ ਰਿਪੋਰਟ ਮੁਤਾਬਕ ਇਸ ਗੱਲ ਉੱਤੇ ਵੀ ਚੌਕਸ ਨਜ਼ਰ ਰੱਖੀ ਜਾਵੇਗੀ ਕਿ ਕੀ ਸਾਰੇ ਮੁਲਾਜ਼ਮ ਇਸ ਨਵੇਂ ਨਿਯਮ ਦੀ ਪਾਲਣਾ ਕਰ ਵੀ ਰਹੇ ਹਨ ਜਾਂ ਨਹੀਂ।

ਇਸ ਵੇਲੇ ਕਿਊਬੇਕ ਸੂਬੇ ਦੇ ਪ੍ਰੀਮੀਅਰ (ਮੁੱਖ ਮੰਤਰੀ) ਫ਼ਰੈਂਕੋਇਸ ਲੀਗੌਲਟ ਹਨ ਤੇ ਉਨ੍ਹਾਂ ਦੀ ਗੱਠਜੋੜ ਵਾਲੀ ਸਰਕਾਰ ਨੂੰ ‘ਏਵਨੀਰ ਕਿਊਬੇਕੋਰ CAQ ਸਰਕਾਰ’ ਆਖਿਆ ਜਾ ਰਿਹਾ ਹੈ।

ਕੈਨੇਡਾ ਵਿੱਚ ਸਿੱਖਾਂ ਦੀ ਜਥੇਬੰਦੀ ਵਰਲਡ ਸਿੱਖ ਆਰਗੇਨਾਇਜ਼ੇਸ਼ਨ ਨੇ ਵੀ ਕਿਊਬੇਕ ਸਰਕਾਰ ਦੇ ਇਸ ਬਿਲ ਨੂੰ ਨੈਤਿਕ ਤੇ ਕਾਨੂੰਨੀ ਦੋਵੇਂ ਤਰ੍ਹਾਂ ਨਾਲ ਗ਼ਲਤ ਅਤੇ ਘੱਟ–ਗਿਣਤੀਆਂ ਲਈ ਬੇਹੱਦ ਖ਼ਤਰਨਾਕ ਕਰਾਰ ਦਿੱਤਾ ਹੈ।

ਇਨ੍ਹਾਂ ਸਾਰੇ ਕਾਰਨਾਂ ਕਰਕੇ ਮਾਂਟਰੀਅਲ ਸਮੇਤ ਸਮੁੱਚੇ ਕਿਊਬੇਕ ਸੂਬੇ ’ਚ ਹੀ ਇਸ ਬਿਲ ਦਾ ਜ਼ੋਰਦਾਰ ਵਿਰੋਧ ਸ਼ੁਰੂ ਹੋ ਗਿਆ ਹੈ।