ਜਥੇਦਾਰ ਹਰਪ੍ਰੀਤ ਸਿੰਘ ਨੇ ਐਸ ਵਾਈ ਐਲ ਤੇ ਪਾਣੀਆਂ ਦੀ ਲੁਟ ਬਾਰੇ ਕੇਂਦਰ ਨੂੰ ਦੋਸ਼ੀ ਠਹਿਰਾਇਆ

ਜਥੇਦਾਰ ਹਰਪ੍ਰੀਤ ਸਿੰਘ ਨੇ ਐਸ ਵਾਈ ਐਲ ਤੇ ਪਾਣੀਆਂ ਦੀ ਲੁਟ ਬਾਰੇ  ਕੇਂਦਰ ਨੂੰ ਦੋਸ਼ੀ ਠਹਿਰਾਇਆ

ਮੁਖ ਮੰਤਰੀ ਮਾਨ ਨੂੰ ਦਿਤੀ ਨਸੀਹਤ ਕਿ ਡਿਬੇਟ ਕਰਨ ਦੀ ਥਾਂ ਕੇਂਦਰ ਸਰਕਾਰ ਵਿਰੁਧ ਖੜੇ

ਸੌਦਾ ਸਾਧ ਦੀ ‘ਚਾਲ’ ਦਾ ਵੀ ਕੀਤਾ ਖੁਲਾਸਾ ਕਿ ਹਰਿਆਣਾ ਗੁਰਦੁਆਰਾ ਕਮੇਟੀ ਵਿਚ ਬਣਾ ਰਹੇ ਨੇ ਵੋਟਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਣੀ ਦੇ ਮੁੱਦੇ ‘ਤੇ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ । ਉਨ੍ਹਾਂ ਕਿਹਾ ਐਸ ਵਾਈ ਐਲ ਅਤੇ ਪੰਜਾਬ ਦੇ ਪਾਣੀ ਦੇ ਮੁੱਦਿਆਂ ਨੂੰ ਲੈਕੇ ਸਰਕਾਰ ਸੰਜੀਦਾ ਨਹੀਂ ਹੈ। ਉਧਰ ਡਿਬੇਟ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਸੀਹਤ ਵੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਡਿਬੇਟ ਦਾ ਨਹੀਂ, ਪੰਜਾਬ ਦੇ ਪਾਣੀਆਂ ਦੇ ਹੱਕ ਵਿਚ ਕੇਂਦਰ ਸਰਕਾਰ ਵਿਰੁਧ ਖੜਨ ਦਾ ਹੈ।ਸਿਰਫ ਇਨ੍ਹਾਂ ਹੀ ਨਹੀਂ ਜਥੇਦਾਰ ਸਾਹਿਬ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੌਦਾ ਸਾਧ ਦੇ ਹਮਾਇਤੀਆਂ ਨੂੰ ਲੈਕੇ ਵੱਡਾ ਖੁਲਾਸਾ ਕੀਤਾ।

ਗਿਆਨੀ ਹਰਪ੍ਰੀਤ ਨੇ ਕਿਹਾ ਐਸ ਵਾਈ ਐਲ ਨਹਿਰ ਪਾਣੀ ਦਾ ਮੁੱਦਾ ਹਰ ਇੱਕ ਪੰਜਾਬੀ ਨਾਲ ਜੁੜਿਆ ਮੁੱਦਾ ਹੈ । ਇਸ ਵਿੱਚ ਹਰ ਧਰਮ ਭਾਵੇ ਉਹ ਹਿੰਦੂ ਹੈ,ਮੁਸਲਮਾਨ ਹੋਵੇ ਉਸ ਨੂੰ ਅੱਗੇ ਆਉਣਾ ਚਾਹੀਦਾ ਹੈ। ਕੇਂਦਰ ਸਰਕਾਰ ਨੇ ਚਾਲਾਕੀ ਨਾਲ ਇਸ ਨੂੰ ਸਿੱਖਾਂ ਦਾ ਮੁੱਦਾ ਬਣਾਇਆ ਹੈ ਤਾਂ ਕਿ ਮਾਹੌਲ ਖਰਾਬ ਹੋ ਜਾਵੇ। ਪਾਣੀ ਦੇ ਮੁੱਦੇ ‘ਤੇ ਸਾਰਿਆ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ । ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਡੇਬਟ ਉਹ ਬੁਲਾਉਂਦੇ ਹਨ ਜੋ ਸੱਤਾ ਤੋਂ ਬਾਹਰ ਹੁੰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੂੰ ਆਪ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਪੰਜਾਬ ਦੇ ਹੱਕ ਵਿੱਚ ਖੜੇ ਹੋਣਾ ਚਾਹੀਦਾ ਹੈ।

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਵੋਟਾਂ ਬਣਾਉਣ ਦਾ ਕੰਮ ਚੱਲ ਰਿਹਾ ਹੈ । ਅਜਿਹੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੇ ਵੱਡਾ ਇਲਜ਼ਾਮ ਲਗਾਇਆ ਹੈ ਉਨ੍ਹਾਂ ਨੇ ਕਿਹਾ ਹਰਿਆਣਾ ਵਿੱਚ ਹਰਿਆਣਾ ਗੁਰਦੁਆਰਾ ਕਮੇਟੀ ਚੋਣਾਂ ਵਿੱਚ ਸੌਦਾ ਸਾਧ ਦੇ ਹਮਾਇਤੀ ਵੋਟਾਂ ਬਣਾ ਰਹੇ ਹਨ ਅਤੇ ਇਹ ਸਭ ਕੁਝ ਸੋਚੀ ਸਮਝੀ ਸਾਜਿਸ਼ ਦੇ ਤਹਿਤ ਹੋ ਰਿਹਾ ਹੈ । ਉਨ੍ਹਾਂ ਕਿਹਾ ਵੋਟ ਬਣਾਉਣ ਵਾਲੇ ਫਾਰਮ ‘ਤੇ ਸਾਫ ਲਿਖਿਆ ਜਾਣਾ ਚਾਹੀਦਾ ਹੈ ਅਤੇ ਸਿੱਖ ਮਰਿਯਾਦਾ ਮੁਤਾਬਿਕ ਹੀ ਵੋਟਾਂ ਬਣਨੀਆਂ ਚਾਹੀਦੀਆਂ ਹਨ ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਨਸ਼ੇ ਨੂੰ ਲੈਕੇ ਕੋਈ ਵੀ ਪਾਰਟੀ ਸੰਜੀਦਾ ਨਹੀਂ ਹੈ ਨਾ ਹੀ ਮੌਜੂਦਾ ਸਰਕਾਰ । ਇਹ ਚਿੰਤਾ ਦਾ ਵਿਸ਼ਾ ਹੈ ਕਿ ਪਿੰਡ-ਪਿੰਡ ਵਿੱਚ ਨਸ਼ਾ ਪਹੁੰਚ ਚੁੱਕਿਆ ਹੈ। ਉਨ੍ਹਾਂ ਨੇ ਪਿੰਡਾਂ ਵਿੱਚ ਨਸ਼ਾ ਰੋਕਣ ਵਾਲਿਆਂ ਕਮੇਟੀਆਂ ਦੀ ਸ਼ਲਾਘਾ ਕੀਤੀ । ਪਰ ਸਰਕਾਰ ਇਸ ਵਿੱਚ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋਈ ਹੈ।