ਮੌਜੂਦਾ ਸਮੇਂ ਚੱਲ ਰਹੇ ਸੰਕਟਾਂ ਦੇ ਹੱਲ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਵਿਚ ਪੰਚ-ਪ੍ਰਧਾਨੀ ਰਿਵਾਇਤ ਦੀ ਬਹਾਲੀ ਜਰੂਰੀ: ਭਾਈ ਦਲਜੀਤ ਸਿੰਘ

ਮੌਜੂਦਾ ਸਮੇਂ ਚੱਲ ਰਹੇ ਸੰਕਟਾਂ ਦੇ ਹੱਲ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਵਿਚ ਪੰਚ-ਪ੍ਰਧਾਨੀ ਰਿਵਾਇਤ ਦੀ ਬਹਾਲੀ ਜਰੂਰੀ: ਭਾਈ ਦਲਜੀਤ ਸਿੰਘ

ਮਾਨਾਂਵਾਲੇ ਵਿਖੇ ਪੰਥ ਸੇਵਕਾਂ ਦੀ ਇਕੱਤਰਤਾ ਵਿਚ ਸਥਾਨਕ ਸੰਗਤਾਂ ਦੇ ਗਠਨ, ਪੰਥਕ ਰਿਵਾਇਤ ਤੇ ਗੁਰਮਤੇ ਦੀ ਬਹਾਲੀ ਬਾਰੇ ਚਰਚਾ ਹੋਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ(17 ਮਾਰਚ): ਪੰਥ ਸੇਵਕ ਸਖਸ਼ੀਅਤਾਂ ਵੱਲੋਂ ਆਉਂਦੇ ਮੀਰੀ ਪੀਰੀ ਦਿਵਸ ਉੱਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਿੱਤੇ ‘ਵਿਸ਼ਵ ਸਿੱਖ ਇਕੱਤਰਤਾ’ ਦੇ ਸੱਦੇ ਤਹਿਤ ਸਥਾਨਕ ਗੁਰ-ਸੰਗਤ, ਖਾਲਸਾ ਪੰਥ ਦੇ ਜਥਿਆਂ, ਸੰਪਰਦਾਵਾਂ, ਸਖਸੀਅਤਾਂ ਅਤੇ ਪੰਥ ਸੇਵਕਾਂ ਨਾਲ ਤਾਲਮੇਲ ਤੇ ਮੁਲਾਕਾਤਾਂ ਦੇ ਸਿਲਸਿਲੇ ਤਹਿਤ ਅੱਜ ਮਾਨਾਂਵਾਲੇ ਨੇੜੇ ਪਿੰਡ ਮਿਹੋਕੇ ਦੇ ਗੁਰਦੁਆਰਾ ਸ਼ਹੀਦਾਂ ਵਿਖੇ ਇਕ ਇਕੱਤਰਤਾ ਹੋਈ। ਇਸ ਇਕੱਤਰਤਾ ਵਿਚ ਖਾਲਸਾ ਪੰਥ ਤੇ ਗੁਰ-ਸੰਗਤ ਦੀ ਸੇਵਾ ਵਿਚ ਸਰਗਰਮ ਜਥਿਆਂ ਦੇ ਨੁਮਾਇੰਦਿਆਂ ਤੇ ਸਮਾਜ ਵਿਚ ਸਰਗਰਮ ਸਖਸ਼ੀਅਤਾਂ ਨੇ ਹਿੱਸਾ ਲਿਆ।

ਇਸ ਇਕੱਤਰਤਾ ਵਿਚ ਪੰਥ ਸੇਵਕ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ ਚੋੜਾ, ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਨੇ ਕਿਹਾ ਕਿ ਇਸ ਵੇਲੇ ਜਦੋਂ ਸੰਸਾਰ, ਦੱਖਣੀ ਏਸ਼ੀਆ ਦੇ ਖਿੱਤੇ ਤੇ ਹਿੰਦੁਸਤਾਨ ਦੇ ਹਾਲਾਤ ਅਸਥਿਰਤਾ ਵੱਲ ਜਾ ਰਹੇ ਹਨ ਤਾਂ ਇਸ ਦਾ ਅਸਰ ਪੰਜਾਬ ਅਤੇ ਸਿੱਖਾਂ ਉੱਤੇ ਵੀ ਪੈ ਰਿਹਾ ਹੈ। ਦਿੱਲੀ ਦਰਬਾਰ (ਹਿੰਦ ਸੇਟਟ) ਸਿੱਖ ਵਿੱਚ ਆਏ ਵਰਤਮਾਨ ਖਿੰਡਾਓ ਨੂੰ ਹੋਰ ਵਧਾ ਰਿਹਾ ਹੈ। 
ਉਹਨਾ ਕਿਹਾ ਕਿ ਸਦੀ ਪਹਿਲਾਂ ਸੰਘਰਸ਼ ਵਿੱਚੋਂ ਨਿੱਕਲੀਆਂ ਸਿੱਖ ਸੰਸਥਾਵਾਂ ਦਿੱਲੀ ਦਰਬਾਰ ਦੀ ਰਾਜਸੀ ਅਧੀਨਗੀ ਹੇਠ ਆ ਜਾਣ ਦੇ ਨਾਲ-ਨਾਲ ਕਈ ਹੋਰ ਅੰਦਰੂਨੀ ਕਮਜ਼ੋਰੀਆਂ ਦਾ ਵੀ ਸ਼ਿਕਾਰ ਹੋ ਚੁੱਕੀਆਂ ਹਨ। ਇਸ ਕਾਰਨ ਇਹ ਸਿੱਖਾਂ ਵਿੱਚ ਆਪਣੀ ਮਾਨਤਾ ਅਤੇ ਅਸਰ ਰਸੂਖ ਗਵਾਈ ਜਾ ਰਹੀਆਂ ਹਨ। ਵਰਤਮਾਨ ਗੈਰ ਸਿਧਾਂਤਕ ਪ੍ਰਬੰਧ ਕਾਰਨ ਖਾਲਸਾ ਪੰਥ ਦੇ ਕੇਂਦਰੀ ਧੁਰੇ ਵਜੋਂ ਅਗਵਾਈ ਕਰਨ ਵਾਲੇ ਸਰਵਉੱਚ ਤੇ ਸਰਵਪਰਵਾਨਤ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਵੱਡੀ ਆਂਚ ਆਈ ਹੈ। 

ਉਹਨਾ ਦੱਸਿਆਂ ਕਿ ਅਸੀਂ ਪਿਛਲੇ ਛੇ ਮਹੀਨਿਆਂ ਦੌਰਾਨ ਸਿੱਖ ਸੰਪਰਦਾਵਾਂ, ਸੰਸਥਾਵਾਂ, ਪੰਥਕ ਸਖ਼ਸ਼ੀਅਤਾਂ, ਵਿਚਾਰਵਾਨਾਂ, ਵਿਦਵਾਨਾਂ, ਨੌਜੁਆਨਾਂ ਅਤੇ ਪ੍ਰਚਾਰਕਾਂ ਨਾਲ ਸੰਵਾਦ ਕੀਤਾ ਹੈ। ਇਸ ਦੀ ਅਗਲੀ ਕੜੀ ਤਹਿਤ 28 ਜੂਨ 2023 ਨੂੰ ਮੀਰੀ-ਪੀਰੀ ਦਿਵਸ 'ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਸੱਦੀ ਜਾਵੇਗੀ, ਜਿਸ ਵਿੱਚ ਸ਼ਮੂਲੀਅਤ ਲਈ ਦੇਸ-ਵਿਦੇਸ ਤੋਂ ਸਿੱਖ ਸੰਪਰਦਾਵਾਂ, ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸੱਦਾ ਦਿਤਾ ਜਾਵੇਗਾ। ਵਿਸ਼ਵ ਸਿੱਖ ਇਕੱਤਰਤਾ ਵਿੱਚ ਸਾਡੀ ਕੋਸ਼ਿਸ਼ ਰਹੇਗੀ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੋਟ ਰਾਜਨੀਤੀ ਵਾਲੀਆਂ ਪਾਰਟੀਆਂ ਦੇ ਪ੍ਰਭਾਵ ਤੋਂ ਮੁਕਤ ਕਰਨ ਅਤੇ ਇਸ ਦੀ ਸੇਵਾ ਸੰਭਾਲ ਪੰਥਕ ਰਿਵਾਇਤਾਂ ਅਨੁਸਾਰ ਕਰਨ ਬਾਰੇ ਸਾਂਝਾ ਫੈਸਲਾ ਲਿਆ ਜਾਵੇ।

ਇਸ ਮੌਕੇ ਪੰਥ ਸੇਵਕ ਸਖਸ਼ੀਅਤਾਂ ਨੇ ਇਲਾਕੇ ਵਿਚ ਗੁਰਮਤਿ ਪ੍ਰਚਾਰ ਹਿਤ ਕਾਰਜ ਕਰ ਰਹੇ ਗਿਆਨੀ ਸਿਮਰਨਦੀਪ ਸਿੰਘ ਦੇ ਜਥੇ ਨੂੰ ਵਿਸ਼ਵ ਸਿੱਖ ਇਕੱਤਰਤਾ ਦਾ ਸੱਦਾ ਦਿੱਤਾ। ਅੱਜ ਦੀ ਬੈਠਕ ਵਿਚ ਹੋਰਨਾਂ ਤੋਂ ਇਲਾਵਾ ਭਾਈ ਅਰਸ਼ਦੀਪ ਸਿੰਘ, ਜਗਤਾਰ ਸਿੰਘ,  ਜੁਗਰਾਜ ਸਿੰਘ, ਨਿਰੰਜਣ ਸਿੰਘ, ਮਨਦੀਪ ਸਿੰਘ, ਬਲਜਿੰਦਰ ਸਿੰਘ, ਕਰਨਦੀਪ ਸਿੰਘ, ਕੁਲਵੰਤ ਸਿੰਘ, ਮਲਕੀਤ ਸਿੰਘ ਬਸੰਤਕੋਟ ਅਤੇ ਪੰਥ ਸੇਵਕ ਜਥਾ ਮਾਝਾ ਦੇ ਸੇਵਾਦਾਰ ਭਾਈ ਸੁਖਦੀਪ ਸਿੰਘ ਮੀਕੇ  ਵੀ ਹਾਜ਼ਰ ਸਨ