ਸ਼ੋ੍ਮਣੀ ਕਮੇਟੀ ਚੋਣਾਂ ਲਈ ਵੋਟਾਂ ਬਣਾਉਣ ਦੀ ਪ੍ਰਕਿਰਿਆ ਜਲਦ ਸ਼ੁਰੂ ਹੋ ਸਕਦੀ ਏ

ਸ਼ੋ੍ਮਣੀ ਕਮੇਟੀ ਚੋਣਾਂ ਲਈ ਵੋਟਾਂ ਬਣਾਉਣ ਦੀ ਪ੍ਰਕਿਰਿਆ ਜਲਦ ਸ਼ੁਰੂ ਹੋ ਸਕਦੀ ਏ

ਗੁਰਦੁਆਰਾ ਚੋਣ ਕਮਿਸ਼ਨਰ ਕੇਂਦਰੀ ਕਮਿਸ਼ਨ ਤੋਂ ਪ੍ਰਵਾਨਗੀ ਲਈ  ਲਿਖ ਰਹੇ ਨੇ ਪੱਤਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ-ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦੀ ਪ੍ਰਕਿਰਿਆ ਛੇਤੀ ਸ਼ੁਰੂ ਹੋ ਸਕਦੀ ਹੈ । ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐਸ.ਐਸ.ਸਾਰੋਂ ਨੇ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਕੇਂਦਰੀ ਕਮਿਸ਼ਨ ਤੋਂ ਪ੍ਰਵਾਨਗੀ ਲਈ ਪੱਤਰ ਲਿਖ ਰਹੇ ਹਨ ਅਤੇ ਹਰੀ ਝੰਡੀ ਮਿਲਣ 'ਤੇ ਡਿਪਟੀ ਕਮਿਸ਼ਨਰਾਂ ਨੂੰ ਨਵੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਜਾਵੇਗਾ ।ਜਸਟਿਸ ਸਾਰੋਂ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਹਰਿਆਣਾ ਨੂੰ ਵੱਖਰੀ ਗੁਰਦੁਆਰਾ ਕਮੇਟੀ ਲਈ ਮਾਨਤਾ ਦੇਣ ਤੋਂ ਬਾਅਦ ਹੁਣ ਕਮਿਸ਼ਨ ਕੇਵਲ ਪੰਜਾਬ, ਹਿਮਾਚਲ ਤੇ ਚੰਡੀਗੜ੍ਹ ਕੇਂਦਰੀ ਪ੍ਰਦੇਸ਼ 'ਚ ਚੋਣ ਕਰਵਾਏਗਾ । ਹਰਿਆਣਾ ਕਮੇਟੀ ਦੇ ਵੱਖ ਹੋ ਜਾਣ ਕਾਰਨ ਹੁਣ ਉੱਥੇ ਚੋਣਾਂ ਪੰਜਾਬ ਨਾਲ ਨਹੀਂ ਹੋਣਗੀਆਂ । ਸ. ਸਾਰੋਂ ਨੇ ਸਪਸ਼ਟ ਕੀਤਾ ਕਿ ਗੁਰਦੁਆਰਾ ਚੋਣਾਂ ਲਈ ਪ੍ਰਕਿਰਿਆ ਭਾਰਤ ਸਰਕਾਰ ਵਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਸ਼ੁਰੂ ਹੋ ਸਕੇਗੀ । ਵਰਨਣਯੋਗ ਹੈ ਕਿ ਭਾਰਤ ਸਰਕਾਰ ਵਲੋਂ ਗੁਰਦੁਆਰਾ ਚੋਣ ਕਮਿਸ਼ਨਰ ਵਜੋਂ ਜਸਟਿਸ ਸਾਰੋਂ ਦੀ ਨਿਯੁਕਤੀ ਅਕਤੂਬਰ 2020 ਵਿਚ ਕੀਤੀ ਸੀ ਪਰ ਵੱਖਰੀ ਹਰਿਆਣਾ ਕਮੇਟੀ ਲਈ ਅਦਾਲਤੀ ਕੇਸ ਕਾਰਨ ਗੁਰਦੁਆਰਾ ਚੋਣਾਂ ਲਈ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ ਸੀ । ਸ਼ੋ੍ਮਣੀ ਕਮੇਟੀ ਦੇ ਜਨਰਲ ਹਾਊਸ ਜਿਸ ਦੀ ਚੋਣ ਹਰ 5 ਸਾਲਾਂ ਬਾਅਦ ਕਾਨੂੰਨ ਅਨੁਸਾਰ ਹੋਣੀ ਜ਼ਰੂਰੀ ਹੈ ਪਰ ਇਹ ਚੋਣ ਕਦੀ ਵੀ ਨਿਰਧਾਰਤ ਸਮੇਂ 'ਤੇ ਨਹੀਂ ਹੋ ਸਕੀ ਅਤੇ ਹੁਣ ਵੀ ਇਹ ਚੋਣ ਹੋਇਆ 14 ਸਾਲ ਹੋ ਗਏ ਹਨ । ਕੈਪਟਨ ਸਰਕਾਰ ਦੌਰਾਨ ਇਹ ਚੋਣ ਕਰਵਾਉਣ ਲਈ ਵਿਧਾਨ ਸਭਾ ਤੋਂ ਵੀ ਮਤਾ ਕਰਵਾਇਆ ਗਿਆ ਸੀ ਪਰ ਕਈ ਵਾਰ ਕੇਂਦਰ ਸਰਕਾਰ ਤੇ ਕੇਂਦਰੀ ਏਜੰਸੀ ਇਸ ਚੋਣ ਨੂੰ ਇਸ ਲਈ ਵੀ ਅੱਗੇ ਪਾਉਂਦੀਆਂ ਰਹੀਆਂ ਕਿ ਇਸ ਚੋਣ 'ਚ ਕਿਤੇ ਖਾੜਕੂ ਸਿੱਖ ਹਾਵੀ ਨਾ ਹੋ ਜਾਣ ।ਮੌਜੂਦਾ ਸੂਬਾ ਸਰਕਾਰ ਵਲੋਂ ਵੀ ਗੁਰਦੁਆਰਾ ਚੋਣਾਂ ਲਈ ਹੁਣ ਤਕ ਕੋਈ ਦਿਲਚਸਪੀ ਨਹੀਂ ਦਿਖਾਈ ਗਈ ਅਤੇ ਨਾ ਹੀ ਲਟਕ ਰਹੀ ਇਸ ਚੋਣ ਦਾ ਮਾਮਲਾ ਕੇਂਦਰ ਨਾਲ ਉਠਾਇਆ ਗਿਆ ਹੈ । ਮੌਜੂਦਾ ਸਰਕਾਰ ਵਿਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਆਪਣੇ ਤੌਰ 'ਤੇ ਲਗਾਤਾਰ ਗੁਰਦੁਆਰਾ ਚੋਣਾਂ ਛੇਤੀ ਕਰਵਾਉਣ ਦਾ ਮਾਮਲਾ ਜ਼ਰੂਰ ਉਠਾਉਂਦੇ ਰਹੇ ਹਨ । ਇਸ ਵਾਰ ਹੁਣ 112 ਹਲਕਿਆਂ ਵਿਚ ਵੋਟਾਂ ਪੈਣਗੀਆਂ ਅਤੇ ਹਰਿਆਣੇ ਦੀਆਂ 8 ਸੀਟਾਂ 'ਤੇ ਚੋਣ ਵੱਖਰੇ ਤੌਰ 'ਤੇ ਹੀ ਹੋਵੇਗੀ । ਸ਼੍ਰੋਮਣੀ ਕਮੇਟੀ ਦੇ 170 ਮੈਂਬਰਾਂ ਦੀ ਹਾਊਸ ਵਿਚ ਸਿੰਘ ਸਾਹਿਬਾਨਾਂ, ਦੂਜੇ ਸੂਬਿਆਂ ਤੇ ਵਿਦੇਸ਼ੀ ਨੁਮਾਇੰਦੇ ਵੀ ਨਾਮਜ਼ਦ ਕੀਤੇ ਜਾਂਦੇ ਹਨ, ਜਦੋਂਕਿ ਕਈ ਹਲਕੇ ਔਰਤਾਂ ਤੇ ਅਨੁਸੂਚਿਤ ਜਾਤਾਂ ਲਈ ਰਾਖਵੇਂ ਵੀ ਹਨ । ਇਸ ਕਾਰਨ ਕਮੇਟੀ ਦੇ ਕਈ ਹਲਕੇ ਡਬਲ ਹਨ, ਜਿੱਥੇ ਜਨਰਲ ਤੇ ਰਾਖਵੇਂ ਦੋਵੇਂ ਉਮੀਦਵਾਰਾਂ ਲਈ ਵੋਟਾਂ ਪੈਂਦੀਆਂ ਹਨ । ਇਸ ਵੇਲੇ ਸ਼ੋ੍ਰਮਣੀ ਅਕਾਲੀ ਦਲ ਦਾ ਕਮੇਟੀ 'ਤੇ ਕੰਟਰੋਲ ਹੈ, ਲੇਕਿਨ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਚੋਣਾਂ ਹੋਣ ਦੀ ਸੂਰਤ 'ਵਿਚ ਅਕਾਲੀ ਦਲ ਆਪਣਾ ਇਹ ਕੰਟਰੋਲ ਕਿਸ ਹੱਦ ਤੱਕ ਕਾਇਮ ਰੱਖ ਸਕੇਗੀ ।