ਸਿਖ ਕਿਸਾਨ ਦੀ ਧੀ ਨੇ ਪੰਜਾਬ ਵਿਚ ਕੀਤਾ ਟਾਪ, ਬੀ.ਟੈੱਕ ਦੀ ਪ੍ਰੀਖਿਆ ਵਿਚ 8.93 ਸੀਜੀਪੀਏ ਲੈ ਕੇ ਕੀਤਾ ਇਲਾਕੇ ਦਾ ਨਾਂ ਰੌਸ਼ਨ

ਸਿਖ ਕਿਸਾਨ ਦੀ ਧੀ ਨੇ ਪੰਜਾਬ ਵਿਚ ਕੀਤਾ ਟਾਪ, ਬੀ.ਟੈੱਕ ਦੀ ਪ੍ਰੀਖਿਆ ਵਿਚ 8.93 ਸੀਜੀਪੀਏ ਲੈ ਕੇ ਕੀਤਾ ਇਲਾਕੇ ਦਾ ਨਾਂ ਰੌਸ਼ਨ

ਅੰਮ੍ਰਿਤਸਰ ਟਾਈਮਜ਼ ਬਿਉਰੋ

ਮੋਹਾਲੀ : ਦੋਆਬਾ ਗਰੁੱਪ ਆਫ਼ ਕਾਲਜਿਜ਼ ( ਕੈਂਪਸ -3) ਰਾਹੋਂ ਦੀ ਬੀ ਟੈੱਕ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ( ਈਸੀਈ ) ਦੀ ਵਿਦਿਆਰਥਣ ਗੁਰਦੀਪ ਕੌਰ ਨੇ 8.93 ਇਸ ਸੀਜੀਪੀਏ ਅੰਕ ਲੈ ਕੇ ਆਪਣੇ ਇਲਾਕੇ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।ਰਾਹੋਂ ਦੇ ਪਿੰਡ ਵਜੀਦਪੁਰ ਨਿਵਾਸੀ ਕੁਲਵੰਤ ਸਿੰਘ ਅਤੇ ਰਾਜਿੰਦਰ ਕੌਰ ਦੀ ਬੇਟੀ ਗੁਰਦੀਪ ਕੌਰ ਵਲੋਂ ਪੂਰੇ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ 'ਤੇ ਉਸ ਦੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ। ਇਸ ਸਬੰਧੀ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਗੁਰਦੀਪ ਕੌਰ ਨੇ ਕਿਹਾ ਕਿ ਮੈਂ ਬਹੁਤ ਹੀ ਗ਼ਰੀਬ ਪਰਿਵਾਰ ਵਿੱਚੋਂ ਹਾਂ। ਮੇਰੇ ਪਿਤਾ ਕਿਸਾਨ ਹਨ। ਆਪਣੀ ਜ਼ਮੀਨ ਨਾ ਹੋਣ ਕਾਰਨ ਮੇਰੇ ਪਿਤਾ ਜੀ ਠੇਕੇ ਤੇ ਜ਼ਮੀਨ ਲੈ ਕੇ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਮਾਂ ਘਰ ਦਾ ਕੰਮਕਾਜ ਸਾਂਭਦੇ ਹਨ। ਚਾਰ ਲੜਕੀਆਂ ਵਾਲੇ ਸਾਡੇ ਪਰਿਵਾਰ ਵਿੱਚ ਮੇਰੀ ਵੱਡੀ ਭੈਣ ਰਮਨਦੀਪ ਕੌਰ ਸਿਰਫ਼ ਪਰਿਵਾਰ ਵਿੱਚ ਹੀ ਨਹੀਂ ਸਗੋਂ ਪੂਰੇ ਪਿੰਡ ਦੇ ਵਿੱਚ ਸਭ ਤੋਂ ਵੱਧ ਪੜ੍ਹੀ ਲਿਖੀ ਹੈ ਅਤੇ ਇਸ ਸਮੇਂ ਉਹ ਦੁਬਈ ਦੇ ਵਿਚ ਬਤੌਰ ਇੰਜਨੀਅਰ ਦੇ ਤੌਰ ਤੇ ਨੌਕਰੀ ਕਰ ਰਹੀ ਹੈ।

ਗੁਰਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਿੰਡ ਵਿਚ ਲੜਕੀਆਂ ਨੂੰ ਜ਼ਿਆਦਾ ਪੜ੍ਹਾਇਆ ਲਿਖਾਇਆ ਨਹੀਂ ਜਾਂਦਾ ਲੇਕਿਨ ਉਸ ਦੇ ਦਾਦਾ ਗੁਰਬਖਸ਼ ਸਿੰਘ ਨੇ ਸਿਖੀ ਵਿਚਾਰਾਂ ਤੇ ਆਰਮੀ ਤੋਂ ਰਿਟਾਇਰ ਹੋਣ ਕਾਰਨ ਲੜਕੀਆਂ ਨੂੰ ਪੜ੍ਹਾਉਣ ਤੇ ਜ਼ਿਆਦਾ ਜ਼ੋਰ ਦਿੱਤਾ। ਗੁਰਦੀਪ ਕੌਰ ਨੇ ਦੱਸਿਆ ਕਿ ਦੋਆਬਾ ਕਾਲਜ ਦਾ ਮਾਹੌਲ ਬਹੁਤ ਵਧੀਆ ਹੋਣ ਕਰਕੇ ਕਿ ਉਹ ਅੱਜ ਪੂਰੇ ਪੰਜਾਬ ਦੇ ਵਿੱਚ ਟਾਪ ਕਰ ਸਕੀ ਹੈ ।ਉਸ ਨੇ ਦੱਸਿਆ ਕਿ ਕਾਲਜ ਦੇ ਡਾਇਰੈਕਟਰ ਡਾ ਰਜੇਸ਼ਵਰ ਸਿੰਘ ਲੈਕਚਰਾਰ ਗਗਨਦੀਪ ਸਿੰਘ ਹੁੰਦਲ ਅਤੇ ਲੈਕਚਰਾਰ ਨਾਨਕ ਸ਼ਰਨ ਸਿੰਘ ਦਾ ਪੜ੍ਹਾਉਣ ਦਾ ਢੰਗ ਬਹੁਤ ਵਧੀਆ ਹੈ । ਜਿਸ ਦੇ ਕਾਰਣ ਵਿਦਿਆਰਥੀਆਂ ਨੂੰ ਜਲਦੀ ਅਤੇ ਸਹਿਜੇ ਹੀ ਸਭ ਸਮਝਾ ਜਾਂਦਾ ਹੈ । ਗੁਰਦੀਪ ਕੌਰ ਨੇ ਦੱਸਿਆ ਕਿ ਉਹ ਅੱਗੇ ਇੰਜਨੀਅਰਿੰਗ ਵਿੱਚ ਮਾਸਟਰ ਡਿਗਰੀ ਪ੍ਰਾਪਤ ਕਰਕੇ ਖ਼ੁਦ ਆਪ ਸੈਟਲ ਹੋ ਕੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣਾ ਚਾਹੁੰਦੀ ਹੈ ਤਾਂ ਕਿ ਕੋਈ ਵੀ ਲੜਕੀ ਪੜ੍ਹਾਈ ਤੋਂ ਪਿੱਛੇ ਨਾ ਰਹੇ ।