ਅਮਰੀਕਾ ਦੀ ਸੰਸਦ ਵੱਲੋਂ 14 ਅਪ੍ਰੈਲ ਨੂੰ ‘ਨੈਸ਼ਨਲ ਸਿੱਖ ਡੇਅ’ ਵਜੋਂ ਮਾਨਤਾ ਦਾ ਐਡਵੋਕੇਟ ਧਾਮੀ ਵੱਲੋਂ ਸਵਾਗਤ
ਪ੍ਰੈਸ ਨੋਟ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮ੍ਰਿਤਸਰ- ਅਮਰੀਕਾ ਦੀ ਸੰਸਦ ਵੱਲੋਂ 14 ਅਪ੍ਰੈਲ ਵੈਸਾਖੀ ਦੇ ਦਿਨ ਨੂੰ ਹਰ ਸਾਲ ਨੈਸ਼ਨਲ ਸਿੱਖ ਡੇਅ ਵਜੋਂ ਮਾਨਤਾ ਦੇਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਵਾਗਤ ਕੀਤਾ ਹੈ। ਵੈਸਾਖੀ ਮੌਕੇ 14 ਅਪ੍ਰੈਲ ਨੂੰ ਹਰ ਵਰੇ੍ਹ ਸਿੱਖਾਂ ਨੂੰ ਸਮਰਪਿਤ ਕਰਨ ਦਾ ਇਹ ਫੈਸਲਾ ਅਮਰੀਕਾ ਸੰਸਦ ਦੇ ਨੁਮਾਇੰਦਿਆਂ ਦੀ 117ਵੀਂ ਕਾਂਗਰਸ ਵੱਲੋਂ ਕੀਤਾ ਗਿਆ ਹੈ। ਮਤੇ ਵਿਚ ਕਿਹਾ ਗਿਆ ਹੈ ਕਿ ਕਰੀਬ 100 ਸਾਲ ਪਹਿਲਾਂ ਅਮਰੀਕਾ ਵਿਖੇ ਆਏ ਸਿੱਖਾਂ ਨੇ ਹੁਣ ਤੱਕ ਦੇਸ਼ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ। ਅਮਰੀਕੀ ਸੰਸਦ ਦੇ ਇਸ ਫੈਸਲੇ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਕੌਮ ਲਈ ਫਕਰ ਵਾਲੀ ਗੱਲ ਕਿਹਾ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਵਿਚ ਸਿੱਖਾਂ ਨੇ ਆਪਣੇ ਅਮੀਰ ਸੱਭਿਆਚਾਰ ਅਤੇ ਮਿਹਨਤ ਲਿਆਕਤ ਨਾਲ ਆਪਣੀ ਭਾਵਪੂਰਤ ਹੋਂਦ ਦਰਸਾਈ ਹੈ। ਜੇਕਰ ਅੱਜ ਅਮਰੀਕਾ ਦੀ ਸੰਸਦ ‘ਨੈਸ਼ਨਲ ਸਿੱਖ ਡੇਅ’ ਵਜੋਂ ਵੈਸਾਖੀ ਨੂੰ ਮਾਨਤਾ ਦੇ ਰਹੀ ਹੈ ਤਾਂ ਇਹ ਗੁਰੂ ਸਾਹਿਬਾਨ ਦੀ ਸੋਚ ਅਤੇ ਖਾਲਸਾ ਪੰਥ ਦੀ ਸਥਾਪਨਾ ਦਾ ਸਤਿਕਾਰ ਹੈ। ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਇਸ ਫੈਸਲੇ ਦਾ ਸਵਾਗਤ ਹੈ ਅਤੇ ਅਸੀਂ ਇਸ ਲਈ ਯਤਨ ਕਰਨ ਵਾਲਿਆਂ ਦੇ ਨਾਲ-ਨਾਲ ਪ੍ਰਵਾਨਗੀ ਦੀ ਮੋਹਰ ਲਗਾਉਣ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ।
ਜਾਰੀ ਕਰਤਾ : ਜਗਤਾਰ ਸਿੰਘ ਖੋਦੇਬੇਟ
ਪਬਲੀਸਿਟੀ ਵਿਭਾਗ (ਸੰਪਰਕ: 81968-00236)
ਨੰਬਰ: 96, ਮਿਤੀ: 31-03-2022
Comments (0)