ਸ੍ਰੋਮਣੀ ਕਮੇਟੀ ਨੇ ਸਿੰਧੀ ਭਾਈਚਾਰੇ ਨੂੰ ਹਿੰਦੂ ਸਮਾਜ ਵਿਚ ਜਾਣ ਤੋਂ ਰੋਕਿਆ         

ਸ੍ਰੋਮਣੀ ਕਮੇਟੀ ਨੇ ਸਿੰਧੀ ਭਾਈਚਾਰੇ ਨੂੰ ਹਿੰਦੂ ਸਮਾਜ ਵਿਚ ਜਾਣ ਤੋਂ ਰੋਕਿਆ         

* ਸ੍ਰੋਮਣੀ ਕਮੇਟੀ ਵਲੋਂ ਸਿੰਧੀ ਸਮਾਜ ਨੂੰ ਮਰਯਾਦਾ ਸਮਝਾ ਕੇ ਮੁੜ ਗੁਰੂ ਗ੍ਰੰਥ ਸਾਹਿਬ ਸੌਂਪਣ ਦੀ ਮੁਹਿੰਮ ਜਾਰੀ             

 *ਇੰਦੌਰ ਤੋਂ ਪਰਤੀ ਟੀਮ ਨੇ ਜਾਂਚ ਰਿਪੋਰਟ ਸੌਂਪੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਇੰਦੌਰ-ਪਿਛਲੇ ਦਿਨੀਂ ਸਿੰਧੀ ਸਮਾਜ ਇੰਦੌਰ ਵਲੋਂ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁਰਦੁਆਰਾ ਇਮਲੀ ਸਾਹਿਬ ਨੂੰ ਦਿੱਤੇ ਗਏ ਸਨ, ਸਰੂਪ ਮੁੜ ਸਿੰਧੀ ਸਮਾਜ ਨੂੰ ਦਿੱਤੇ ਜਾਣ ਬਾਰੇ ਕਵਾਇਦ ਜਾਰੀ ਹੈ ।ਇੰਦੌਰ ਵਿਚ ਸਿੰਧੀਆਂ ਦੇ ਲਗਭਗ 150 ਤੋਂ ਵੱਧ ਸਥਾਨ ਹਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹਨ । ਪਰ ਨਾਲ ਹੀ ਕੁੱਝ ਸਥਾਨ ਇਹੋ ਜਿਹੇ ਵੀ ਹਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਸਤਿਕਾਰ ਨਹੀਂ ਸੀ, ਤੇ ਇਸ ਬਾਰੇ ਸਮਝਾਉਣ ਦੀ ਬਜਾਏ ਇਨ੍ਹਾਂ 'ਤੇ ਕੁਝ ਸਥਾਨਕ ਨਿਹੰਗਾਂ ਤੇ ਪੰਜਾਬ ਤੋਂ ਆਈ ਸਤਿਕਾਰ ਕਮੇਟੀ ਦੇ ਲੋਕਾਂ ਦੁਆਰਾ ਸਖ਼ਤੀ ਕੀਤੀ ਗਈ ਸੀ ।ਜਿਸ ਨਾਲ ਮਾਮਲਾ ਉਲੱਝ ਗਿਆ ਤੇ ਸਿੱਟੇ ਵਜੋਂ 92 ਸਰੂਪ ਉਨ੍ਹਾਂ ਨੇ ਸ੍ਰੀ ਗੁਰੂ ਸਿੰਘ ਸਭਾ ਨੂੰ ਵਾਪਸ ਕਰ ਦਿੱਤੇ। ਸਿੰਧੀ ਸਮਾਜ ਨੇ ਰੋਸ ਵਜੋਂ ਇਸ ਸਖਤੀ ਕਾਰਣ ਐਲਾਨ ਕੀਤਾ ਸੀ ਕਿ ਉਹ ਸਿਖ ਧਰਮ ਛਡਕੇ ਹਿੰਦੂ ਸਮਾਜ ਵਿਚ ਚਲੇ ਜਾਣਗੇ।ਪਰ ਹੁਣ ਸਿੰਧੀ ਸਮਾਜ ਦੇ ਆਗੂਆਂ ਨੇ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਮਨਜੀਤ ਸਿੰਘ ਰਿੰਕੂ ਭਾਟੀਆ ਨਾਲ ਗੱਲਬਾਤ ਕੀਤੀ ਤੇ ਮਾਮਲਾ ਸੁਲਝਾ ਲਿਆ ਗਿਆ । ਸਿੰਧੀ ਸਮਾਜ ਅਤੇ ਸਿੱਖਾਂ ਦੀ 13 ਮੈਂਬਰੀ ਮਰਿਯਾਦਾ ਨਿਗਰਾਨ ਕਮੇਟੀ ਬਣਾ ਦਿੱਤੀ ਗਈ ਹੈ ਜੋ ਸਿੰਧੀ ਦਰਬਾਰਾ ਜਾਂ ਘਰਾਂ ਵਿਚ ਸਰੂਪ ਪ੍ਰਕਾਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਪੂਰੀ ਮਰਯਾਦਾ ਸਿਖਾਏਗੀ ਫਿਰ ਹੀ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਨਾਲ ਸੌਂਪੇ ਜਾਣਗੇ ਬਾਅਦ ਵਿਚ ਇਹ ਕਮੇਟੀ ਲਗਾਤਾਰ ਨਿਗਰਾਨੀ ਵੀ ਕਰਦੀ ਰਹੇਗੀ ।ਇਸ ਫ਼ੈਸਲੇ 'ਤੇ ਸਿੰਧੀ ਸਮਾਜ ਨੇ ਤਸੱਲੀ ਤੇ ਖੁਸ਼ੀ ਪ੍ਰਗਟਾਈ ।ਸ੍ਰੀ ਗੁਰੂ ਸਿੰਘ ਸਭਾ ਇੰਦੌਰ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਪੱਤਰ ਲਿਖ ਕੇ ਬਿਰਧ ਸਰੂਪ ਲੈ ਕੇ ਜਾਣ ਲਈ ਤੇ 50 ਨਵੇਂ ਸਰੂਪ ਦੇਣ ਲਈ ਵੀ ਬੇਨਤੀ ਪੱਤਰ ਲਿੱਖਿਆ ਹੈ। ਇਸ ਦੇ ਨਾਲ ਹੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਲਾਹਕਾਰ ਗੁਰਮੀਤ ਸਿੰਘ ਨਾਲ ਵੀ ਗੱਲਬਾਤ ਕਰ ਕੇ ਸਾਰੇ ਪਹਿਲੂਆਂ ਤੋਂ ਜਾਣੂ ਕਰਵਾਇਆ ।

 ਇਸ ਦੌਰਾਨ ਇੰਦੌਰ ਤੋਂ ਪਰਤੀ ਪੰਜ ਮੈਂਬਰੀ ਜਾਂਚ ਟੀਮ ਨੇ ਆਪਣੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ ਹੈ।ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਅਗਲੇ ਦਿਨਾਂ ਵਿਚ ਸ਼੍ਰੋਮਣੀ ਕਮੇਟੀ ਦਾ ਪ੍ਰਚਾਰਕ ਜਥਾ ਸਿੰਧੀ ਸਿੱਖਾਂ ਪਾਸ ਭੇਜਿਆ ਜਾਵੇਗਾ ਜੋ ਉਥੋਂ ਦੀ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ, ਸੇਵਾ-ਸੰਭਾਲ ਅਤੇ ਸਿੱਖ ਮਰਯਾਦਾ ਬਾਰੇ ਜਾਗਰੂਕ ਕਰੇਗਾ। ਉਨ੍ਹਾਂ ਕਿਹਾ ਕਿ ਸਿੱਖ ਮਰਿਆਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਵਿੱਚ ਖ਼ਾਮੀਆਂ ਬਰਦਾਸ਼ਤ ਨਹੀਂ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਸ਼ਰਧਾਵਾਨ ਸਿੱਖਾਂ ਨੂੰ ਗੁਰੂ ਸਾਹਿਬ ਨਾਲੋਂ ਤੋੜ ਦਿੱਤਾ ਜਾਵੇ।ਸ਼ੋਸ਼ਲ ਮੀਡੀਆ ਵਿਚ ਸੰਗਤਾਂ ਨੇ ਸਿੰਧੀ ਭਾਈਚਾਰੇ ਨੂੰ ਸਿਖੀ ਨਾਲ ਜੋੜਨ ਦੀ ਗਲ ਕਹੀ ਹੈ।