ਚਾਰ ਕਾਰ ਸਵਾਰ ਲੁਟੇਰਿਆਂ ਨੇ ਫਾਈਨਾਂਸ ਕੰਪਨੀ ਦੇ ਕਰਿੰਦੇ ਕੋਲੋਂ ਨਕਦੀ ਲੁੱਟੀ

ਚਾਰ ਕਾਰ ਸਵਾਰ ਲੁਟੇਰਿਆਂ ਨੇ ਫਾਈਨਾਂਸ ਕੰਪਨੀ ਦੇ ਕਰਿੰਦੇ ਕੋਲੋਂ ਨਕਦੀ ਲੁੱਟੀ

ਅੰਮ੍ਰਿਤਸਰ ਟਾਈਮਜ਼

ਰਈਆ,23 ਅਪ੍ਰੈਲ (ਕਮਲਜੀਤ ਸੋਨੂੰ)—ਬੀਤੇ ਕਲ੍ਹ ਰਈਆ-ਫੇਰੂਮਾਨ ਰੋਡ ਤੇ ਪਿੰਡ ਪੱਡਿਆਂ ਕੋਲ ਇੱਕ ਪ੍ਰਾਈਵੇਟ ਫਾਈਨਾਂਸ ਕੰਪਨੀ ਅੰਨਪੂਰਨਾ ਦੇ ਦਫਤਰ ਵਿਖੇ ਕੰਪਨੀ ਦੇ ਕਰਿੰਦੇ ਕੋਲੋਂ ਚਾਰ ਕਾਰ ਸਵਾਰ ਲੁਟੇਰਿਆਂ ਦੁਆਰਾ ਨਕਦੀ ਖੋਹ ਕੇ ਲੈ ਜਾਣ ਦਾ ਸਮਾਚਾਰ ਹੈ। ਕੰਪਨੀ ਦੇ ਮੁਲਾਜਮਾਂ ਕੋਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਦਪਿਹਰ ਤਿੰਨ ਕੁ ਵਜੇ ਦੇ ਕਰੀਬ ਇਹ ਚਾਰ ਲੁਟੇਰੇ ਰਈਆ ਵਲੋਂ ਕਾਰ ਤੇ ਆਏ ਤੇ ਦਫਤਰ ਦੇ ਬਾਹਰ ਕਾਰ ਖੜੀ ਕਰਕੇ ਸ਼ਿਕਾਰ ਦੀ ਉਡੀਕ ਕਰਨ ਲੱਗੇ ।ਇਸੇ ਦੌਰਾਨ ਕੰਪਨੀ ਦਾ ਮੁਲਾਜਮ ਸੰਦੀਪ ਸਿੰਘ ਫੀਲਡ ਵਿਚੋਂ ਉਗਰਾਹੀ ਕਰਕੇ ਆਪਣੇ ਮੋਟਰਸਾਈਕਲ ਤੇ ਦਫਤਰ ਪਹੰੁਚਿਆ।ਇਸੇ ਦੌਰਾਨ ਇਹ ਲੁਟੇਰੇ ਵੀ ਕਾਰ ਚੋਂ ਨਿਕਲ ਕੇ ਦਫਤਰ ਦੇ ਅੰਦਰ ਆ ਗਏ। ਉਨ੍ਹਾਂ ਦੱਸਿਆ ਕਿ ਸਾਡਾ ਦਫਤਰ ਦੂਜੀ ਮੰਜਿਲ ਤੇ ਹੈ ਤੇ ਇਤਹਿਆਤ ਵਜੋਂ ਅਸੀਂ ਉਪਰ ਜਾਣ ਵਾਲੇ ਗੇਟ ਤੇ ਤਾਲਾ ਲਗਾ ਕੇ ਰੱਖਦੇ ਹਾਂ ਤੇ ਜਾਣ ਪਛਾਣ ਵਾਲੇ ਨੂੰ ਹੀ ਅੰਦਰ ਆਉਣ ਦਿੱਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਇਹ ਲੁਟੇਰੇ ਇਸ ਗੱਲ ਦੀ ਉਡੀਕ ਕਰ ਰਹੇ ਸਨ ਕਿ ਕੋਈ ਉਪਰ ਜਾਣ ਵਾਲਾ ਆਵੇ ਤੇ ਉਹ ਉਸ ਦੇ ਨਾਲ ਹੀ ਦਫਤਰ ਅੰਦਰ ਦਾਖਲ ਹੋ ਕੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਣ ਪਰ ਸਾਡੇ ਮੁਲਾਜਮ ਨੂੰ ਸ਼ੱਕ ਪੈਣ ਤੇ ਉਸ ਨੇ ਦਫਤਰ ਅੰਦਰ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਉਪਰੰਤ ਇਹ ਲੁਟੇਰੇ ਉਸ ਕੋਲੋਂ 13050 ਰੁਪਏ ਜੋ ਉਹ ਉਗਰਾਹ ਕੇ ਲਿਆਇਆ ਸੀ ।ਖੋਹ ਕੇ ਫਰਾਰ ਹੋ ਗਏ।ਇਸ ਦੀ ਸੂਚਨਾ ਪੁਲੀਸ ਚੌਂਕੀ ਰਈਆ ਨੂੰ ਦੇ ਦਿਤੀ ਗਈ ਹੈ।