ਪੰਜਾਬ ਵਿਚ 'ਆਪ'  92 ਸੀਟਾਂ ਨਾਲ ਜੇਤੂ  ਇਤਿਹਾਸ ਸਿਰਜਿਆ

ਪੰਜਾਬ ਵਿਚ 'ਆਪ'  92 ਸੀਟਾਂ ਨਾਲ ਜੇਤੂ  ਇਤਿਹਾਸ ਸਿਰਜਿਆ

* ਮੁੱਖ ਮੰਤਰੀ ਚੰਨੀ ਦੋਵੇਂ ਸੀਟਾਂ ਤੋਂ ਹਾਰੇ * ਬਾਦਲ, ਸੁਖਬੀਰ, ਕੈਪਟਨ, ਸਿੱਧੂ, ਮਜੀਠੀਆ, ਭੱਠਲ, ਕੈਰੋਂ ਸਮੇਤ ਕਈ ਦਿੱਗਜ ਆਗੂਆਂ ਨੂੰ ਮਿਲੀ ਹਾਰ

*ਅਪਰਾਧਿਕ ਮਾਮਲੇ ਵਿਚ 52 ਆਪ ਪਾਰਟੀ ਦੇ ਜੇਤੂ ਉਮੀਦਵਾਰ ਦੋਸ਼ੀ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦੌਰਾਨ ਰਾਜ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਸਪਸ਼ਟ ਬਹੁਮਤ ਦਿੰਦਿਆਂ ਰਾਜ ਵਿਚਲੀਆਂ ਰਵਾਇਤੀ ਪਾਰਟੀਆਂ ਤੇ ਦਿੱਗਜ਼ ਲੀਡਰਾਂ ਨੂੰ ਹਾਸ਼ੀਏ 'ਤੇ ਲੈ ਆਉਂਦਾ । ਬਦਲਾਅ ਲਈ ਮਿਲੇ ਵੋਟ ਨੇ ਆਪ ਪਾਰਟੀ ਨੂੰ 92 ਸੀਟਾਂ 'ਤੇ ਜਿੱਤ ਦਿੰਦਿਆਂ ਇਕ ਨਵਾਂ ਇਤਿਹਾਸ ਹੀ ਰਚ ਦਿੱਤਾ, ਜਦੋਂ ਕਿ ਕਾਂਗਰਸ 18, ਅਕਾਲੀ-ਬਸਪਾ 4 ਤੇ ਭਾਜਪਾ 2 ਸੀਟਾਂ 'ਤੇ ਸਿਮਟ ਕੇ ਰਹਿ ਗਈ । ਹਾਲਾਂਕਿ ਵਿਧਾਨ ਸਭਾ ਸਕੱਤਰੇਤ ਅਨੁਸਾਰ 17 ਤੋਂ ਵੱਧ ਸੀਟਾਂ ਮਿਲਣ ਕਾਰਨ ਕਾਂਗਰਸ ਨੇ ਵਿਰੋਧੀ ਧਿਰ ਦਾ ਦਰਜਾ ਹਾਸਲ ਕਰਨ ਦੀ ਕਾਨੂੰਨੀ ਸ਼ਰਤ ਨੂੰ ਹਾਸਲ ਜ਼ਰੂਰ ਕਰ ਲਿਆ ।ਇਨ੍ਹਾਂ ਸਬੰਧੀ ਦਿਲਚਸਪ ਪਹਿਲੂ ਇਹ ਹੈ ਕਿ ਚੋਣਾਂ ਦੌਰਾਨ ਡੇਰਾਵਾਦ, ਦਲਿਤ ਮੁੱਖ ਮੰਤਰੀ ਚਿਹਰੇ, ਮੋਦੀ ਤੇ ਦੀਪ ਸਿੱਧੂ ਸਮੇਤ ਸਾਰੇ ਫੈਕਟਰ ਫ਼ੇਲ੍ਹ ਸਾਬਤ ਹੋਏ ਅਤੇ ਰਾਜ ਦੇ ਵੋਟਰਾਂ ਨੇ ਬਦਲਾਅ ਦੇ ਏਜੰਡੇ ਨੂੰ ਹੀ ਮੁੱਖ ਤਰਜੀਹ ਦਿੱਤੀ । ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਤਰੀ ਮੰਡਲ ਦੇ ਕੁੱਲ 18 ਮੰਤਰੀਆਂ ਵਿਚੋਂ ਕੇਵਲ 7 ਮੰਤਰੀ, ਜਿਨ੍ਹਾਂ ਵਿਚ ਸੁਖਜਿੰਦਰ ਸਿੰਘ ਰੰਧਾਵਾ, ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਪ੍ਰਗਟ ਸਿੰਘ, ਸੁਖਬਿੰਦਰ ਸਿੰਘ ਸੁਖਸਰਕਾਰੀਆ, ਰਾਜਾ ਵੜਿੰਗ, ਰਾਣਾ ਗੁਰਜੀਤ ਸਿੰਘ ਅਤੇ ਅਰੁਣਾ ਚੌਧਰੀ ਹੀ ਦੁਬਾਰਾ ਚੋਣ ਜਿੱਤ ਸਕੇ |।ਜਦੋਂਕਿ ਓ. ਪੀ. ਸੋਨੀ, ਮਨਪ੍ਰੀਤ ਸਿੰਘ ਬਾਦਲ, ਰਜ਼ੀਆ ਸੁਲਤਾਨਾ, ਭਾਰਤ ਭੂਸ਼ਣ ਆਸ਼ੂ, ਵਿਜੇ ਇੰਦਰ ਸਿੰਗਲਾ, ਰਣਦੀਪ ਸਿੰਘ ਨਾਭਾ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆ ਅਤੇ ਗੁਰਕੀਰਤ ਸਿੰਘ ਕੋਟਲੀ ਹਾਰ ਗਏ ।ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀਆਂ ਵਿਚ ਸ. ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਬੀਬੀ ਰਾਜਿੰਦਰ ਕੌਰ ਭੱਠਲ ਤੇ ਸ. ਚਰਨਜੀਤ ਸਿੰਘ ਚੰਨੀ ਦੋਵਾਂ ਸੀਟਾਂ ਤੋਂ ਤੇ ਸ. ਸੁਖਬੀਰ ਸਿੰਘ ਬਾਦਲ, ਸ. ਨਵਜੋਤ ਸਿੰਘ ਸਿੱਧੂ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆਦਿ ਨੂੰ ਨਾਮੋਸ਼ੀ ਭਰੀ ਹਾਰ ਮਿਲੀ ।ਚੋਣ ਨਤੀਜਿਆਂ ਨੇ ਰਾਜ ਦੀਆਂ ਰਿਵਾਇਤੀ ਪਾਰਟੀਆਂ ਅਤੇ ਇਸ ਦੇ ਆਗੂਆਂ ਨੂੰ ਵੱਡੀ ਨਿਰਾਸ਼ਾ ਦਿੱਤੀ ਅਤੇ ਕਾਂਗਰਸ ਦੇ ਭੋਆ ਤੋਂ ਉਮੀਦਵਾਰ ਜੋਗਿੰਦਰਪਾਲ ਸਮੇਤ ਕਈ ਆਗੂ ਚੋਣ ਨਤੀਜਿਆਂ ਤੋਂ ਬਾਅਦ ਸਿਆਸਤ ਤੋਂ ਹੀ ਸੰਨਿਆਸ ਲੈਣ ਦੀਆਂ ਗੱਲਾਂ ਕਰਦੇ ਵੇਖੇ ਗਏ । ਮਾਲਵਾ ਖੇਤਰ  ਦੀਆਂ 69 ਸੀਟਾਂ ਵਿਚੋਂ 'ਆਪ' ਨੂੰ 64 ਸੀਟਾਂ 'ਤੇ ਜਿੱਤ ਮਿਲੀ । ਲੋਕ ਇਨਸਾਫ਼ ਪਾਰਟੀ ਦੇ ਭਰਾਵਾਂ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਸਮੇਤ ਉਨ੍ਹਾਂ ਦੀ ਪਾਰਟੀ ਦਾ ਕੋਈ ਵੀ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ, ਜਦਕਿ ਬਹੁਜਨ ਸਮਾਜ ਪਾਰਟੀ ਦੇ ਨਵਾਂਸ਼ਹਿਰ ਤੋਂ ਉਮੀਦਵਾਰ ਨਛੱਤਰ ਪਾਲ ਸਿੰਘ ਅਤੇ ਸੁਲਤਾਨਪੁਰ ਲੋਧੀ ਤੋਂ ਇਕ ਆਜ਼ਾਦ ਉਮੀਦਵਾਰ ਰਣਇੰਦਰ ਪ੍ਰਤਾਪ ਸਿੰਘ 11,434 ਵੋਟਾਂ ਨਾਲ ਜੇਤੂ ਰਹੇ, ਜੋ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਬੇਟੇ ਹਨ । ਮਾਲਵਾ ਖੇਤਰ ਵਿਚੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਵਿਜੇਇੰਦਰ ਸਿੰਗਲਾ 63-63 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰੇ । ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ 'ਆਪ' ਦੇ ਦਿੜਬਾ ਹਲਕੇ ਤੋਂ ਉਮੀਦਵਾਰ ਹਰਪਾਲ ਸਿੰਘ ਚੀਮਾ 50,329 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੇ, ਜਦੋਂ ਕਿ ਸੂਬੇ ਵਿਚ ਸਭ ਤੋਂ ਘੱਟ ਵੋਟਾਂ ਅਰਥਾਤ 247 ਵੋਟਾਂ ਨਾਲ ਜਲੰਧਰ ਕੇਂਦਰੀ ਤੋਂ 'ਆਪ' ਉਮੀਦਵਾਰ ਰਮਨ ਅਰੋੜਾ ਨੇ ਚੋਣ ਜਿੱਤੀ । ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਦੇ ਤਿੰਨ ਮੰਤਰੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 768, ਅਮਰਿੰਦਰ ਸਿੰਘ ਰਾਜਾ ਵੜਿੰਗ 1349 ਅਤੇ ਅਰੁਣਾ ਚੌਧਰੀ 1377 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਸਕੇ । ਕਿਸਾਨ ਮੋਰਚੇ ਵਲੋਂ ਬਣਾਈ ਨਵੀਂ ਪਾਰਟੀ ਦੇ ਮੁਖੀ ਸ. ਬਲਬੀਰ ਸਿੰਘ ਰਾਜੇਵਾਲ ਨੇ ਸਮਰਾਲਾ ਸੀਟ ਤੋਂ 4676 ਵੋਟ ਹਾਸਲ ਕੀਤੇ, ਜੋ ਕੁੱਲ ਵੋਟਾਂ ਦਾ 3.5 ਪ੍ਰਤੀਸ਼ਤ ਹੋਣ ਕਾਰਨ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਅਤੇ ਉਨ੍ਹਾਂ ਦੀ ਪਾਰਟੀ ਦਾ ਕੋਈ ਵੀ ਉਮੀਦਵਾਰ ਜਿੱਤ ਨਹੀਂ ਸਕਿਆ । ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ 'ਆਪ' ਉਮੀਦਵਾਰ ਜੀਵਨ ਜੋਤ ਕੌਰ ਤੋਂ 6750 ਵੋਟਾਂ ਦੇ ਫ਼ਰਕ ਨਾਲ ਹਾਰੇ, ਜਦੋਂ ਕਿ ਸ. ਬਿਕਰਮ ਸਿੰਘ ਮਜੀਠੀਆ ਤੀਜੇ ਸਥਾਨ 'ਤੇ ਰਹੇ ।ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ 'ਆਪ' ਉਮੀਦਵਾਰ ਤੋਂ 30,990 ਤੇ ਸ. ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਤੋਂ 11,396 ਵੋਟਾਂ ਨਾਲ ਹਾਰੇ | ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ ਤੋਂ 'ਆਪ' ਉਮੀਦਵਾਰ ਤੋਂ 19873 ਵੋਟਾਂ ਨਾਲ ਹਾਰੇ ।ਪੰਜਾਬ ਤੋਂ ਦੋ ਮੌਜੂਦਾ ਸੰਸਦ ਮੈਂਬਰਾਂ, ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਤੇ 'ਆਪ' ਦੇ ਭਗਵੰਤ ਮਾਨ ਵੀ ਚੋਣ ਜਿੱਤੇ ।ਭਗਵੰਤ ਮਾਨ ਸੰਗਰੂਰ ਤੋਂ ਲੋਕ ਸਭਾ ਮੈਂਬਰ ਹਨ ਅਤੇ ਉਹਨਾਂ ਨੂੰ ਲੋਕ ਸਭਾ ਸੀਟ ਤੋਂ ਅਸਤੀਫ਼ਾ ਦੇਣਾ ਪਵੇਗਾ, ਜਿਸ 'ਤੇ ਕੁਝ ਮਹੀਨੇ ਬਾਅਦ ਜ਼ਿਮਨੀ ਚੋਣ ਹੋਵੇਗੀ ।

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੀ ਕ੍ਰਾਂਤੀ ਦੇ ਤੌਰ 'ਤੇ ਸ਼ਲਾਘਾ ਕਰਦਿਆਂ  ਕਿਹਾ ਕਿ ਆਪਣੇ ਵਿਸ਼ਾਲ ਫਤਵੇ ਨਾਲ ਲੋਕਾਂ ਨੇ ਦੱਸ ਦਿੱਤਾ ਹੈ ਕਿ ਕੇਜਰੀਵਾਲ ਅੱਤਵਾਦੀ ਨਹੀਂ ਹੈ ।117 ਸੀਟਾਂ ਵਾਲੀ ਵਿਧਾਨ ਸਭਾ ਦੀਆਂ 92 ਸੀਟਾਂ 'ਤੇ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ ਦਰਮਿਆਨ ਉਨ੍ਹਾਂ ਕਿਹਾ ਕਿ ਪਹਿਲਾਂ ਇਹ ਕ੍ਰਾਂਤੀ ਦਿੱਲੀ ਵਿਚ ਹੋਈ ਸੀ ਤੇ ਹੁਣ ਪੰਜਾਬ ਵਿਚ ਅਤੇ ਹੁਣ ਇਹ ਪੂਰੇ ਦੇਸ਼ ਵਿਚ ਆਵੇਗੀ ।ਉਨ੍ਹਾਂ ਨੇ ਪੰਜਾਬ ਦੇ ਵੋਟਰਾਂ ਨੂੰ ਵਿਧਾਨ ਸਭਾ ਚੋਣਾਂ ''ਆਪ' ਨੂੰ ਸ਼ਾਨਦਾਰ ਜਿੱਤ ਦਿਵਾਉਣ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਸਿਆਸੀ ਦਿੱਗਜ਼ਾਂ ਨੂੰ ਕਰਾਰੀ ਹਾਰ ਦਿੱਤੀ ਹੈ ।

ਯਾਦ ਰਹੇ ਕਿ ਆਮ ਆਦਮੀ ਪਾਰਟੀ ਦੀ ਵੋਟ ਪ੍ਰਤੀਸ਼ਤ ਜੋ 2017 ਵਿਚ 23.7 ਪ੍ਰਤੀਸ਼ਤ ਸੀ, ਇਸ ਵਾਰ ਵੱਧ ਕੇ 42.1 ਪ੍ਰਤੀਸ਼ਤ ਹੋ ਗਈ, ਜਦੋਂ ਕਿ ਕਾਂਗਰਸ ਦਾ ਵੋਟ ਪ੍ਰਤੀਸ਼ਤ ਜੋ 2017 ਵਿਚ 38.5 ਪ੍ਰਤੀਸ਼ਤ ਸੀ, ਇਸ ਵਾਰ ਘੱਟ ਕੇ 22.98 ਪ੍ਰਤੀਸ਼ਤਤਾ 'ਤੇ ਆ ਗਈ । ਇਸੇ ਤਰ੍ਹਾਂ ਅਕਾਲੀ ਦਲ ਦੀ 25.2 ਵੋਟ ਪ੍ਰਤੀਸ਼ਤਤਾ ਘੱਟ ਕੇ 18.38 ਪ੍ਰਤੀਸ਼ਤਤਾ 'ਤੇ ਆ ਗਈ ।ਦੂਜੇ ਪਾਸੇ ਭਾਜਪਾ ਦਾ ਵੋਟ ਪ੍ਰਤੀਸ਼ਤ 5.4 ਪ੍ਰਤੀਸ਼ਤ ਤੋਂ ਵੱਧ ਕੇ 6.60 ਪ੍ਰਤੀਸ਼ਤ ਹੋ ਗਿਆ । ਬਸਪਾ ਦਾ ਵੋਟ ਵੀ 1.52 ਫੀਸਦੀ ਤੋਂ ਵੱਧ ਕੇ 1.77 ਫੀਸਦੀ ਹੋਇਆ । ਸਾਲ 1997 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਸੂਬੇ ਦੀਆਂ ਦੋ ਪ੍ਰਮੁੱਖ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੇ ਵੋਟ ਪ੍ਰਤੀਸ਼ਤ ਵਿਚ ਐਨੀ ਵੱਡੀ ਕਮੀ ਆਈ ਹੋਵੇ ।       

 58 ਵਿਧਾਇਕਾਂ 'ਤੇ ਹਨ ਅਪਰਾਧਿਕ ਮਾਮਲੇ, ਜਿਨ੍ਹਾਂ ਵਿਚੋਂ 52 ਆਪ ਪਾਰਟੀ ਦੇ

 ਪੰਜਾਬ ਵਿੱਚ ਇਸ ਵਾਰ ਨਵੀਂ ਬਣੀ ਸਰਕਾਰ ਵਿੱਚ ਦਾਗੀ ਵਿਧਾਇਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਕੁੱਲ 117 ਵਿਧਾਇਕਾਂ ਵਿਚੋਂ 58 'ਤੇ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ 52 ਆਮ ਆਦਮੀ ਪਾਰਟੀ ਨਾਲ ਸਬੰਧਤ ਹਨ। ਕੁੱਲ 58 ਵਿਚੋਂ 27 ਅਜਿਹੇ ਹਨ, ਜਿਨ੍ਹਾਂ 'ਤੇ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਆਪਦੇ 23, ਕਾਂਗਰਸ-ਅਕਾਲੀ ਦਲ ਦੇ ਦੋ-ਦੋ ਵਿਧਾਇਕ ਹਨ। 2017 ਵਿਚ ਸਿਰਫ 27 ਵਿਧਾਇਕਾਂ 'ਤੇ ਹੀ ਅਪਰਾਧਿਕ ਮਾਮਲੇ ਦਰਜ ਸਨ। ਇਨ੍ਹਾਂ ਵਿੱਚੋਂ ਸਿਰਫ਼ 11 ’ਤੇ ਹੀ ਗੰਭੀਰ ਕੇਸ ਦਰਜ ਸਨ ਪਰ ਇਸ ਵਾਰ ਵਿਧਾਨ ਸਭਾ ਵਿੱਚ ਪੁੱਜੇ ਅੱਧੇ ਮੈਂਬਰਾਂ ’ਤੇ ਕੇਸ ਦਰਜ ਹਨ।ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਅਤੇ ਪੰਜਾਬ ਇਲੈਕਸ਼ਨ ਵਾਚ ਨੇ ਇਹ ਰਿਪੋਰਟ ਨਾਮਜ਼ਦਗੀ ਪੱਤਰਾਂ ਦੇ ਨਾਲ ਦਿੱਤੇ ਹਲਫਨਾਮੇ ਦੇ ਆਧਾਰ 'ਤੇ ਤਿਆਰ ਕੀਤੀ ਹੈ।  ਏ.ਡੀ.ਆਰ ਅਧਿਕਾਰੀਆਂ ਜਸਕੀਰਤ ਸਿੰਘ, ਹਰਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਕ ਵਿਧਾਇਕ 'ਤੇ ਕਤਲ, 2 'ਤੇ ਹੱਤਿਆ ਦੀ ਕੋਸ਼ਿਸ਼ ਤੇ 3 'ਤੇ ਔਰਤਾਂ ਖਿਲਾਫ ਅਪਰਾਧ ਦਾ ਮਾਮਲਾ ਦਰਜ ਕੀਤਾ ਗਿਆ ਹੈ।ਅਜਨਾਲਾ ਤੋਂ ਵਿਧਾਇਕ ਕੁਲਦੀਪ ਧਾਲੀਵਾਲ ਕਤਲ ਕੇਸ ਦਾ ਸਾਹਮਣਾ ਕਰ ਰਹੇ ਹਨ।ਜਲੰਧਰ ਪੱਛਮੀ ਤੋਂ 'ਆਪ' ਵਿਧਾਇਕ ਸ਼ੀਤਲ ਅੰਗੁਰਾਲ 'ਤੇ ਸਭ ਤੋਂ ਵੱਧ ਨੌਂ ਤੇ ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਖਿਲਾਫ ਪੰਜ ਕੇਸ ਦਰਜ ਹਨ। ਇਨ੍ਹਾਂ ਪੰਜਾਂ ਵਿੱਚੋਂ ਦੋ ਔਰਤਾਂ ਵਿਰੁੱਧ ਅੱਤਿਆਚਾਰ ਨਾਲ ਸਬੰਧਤ ਹਨ।ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਖੁੱਡੀਆਂ 'ਤੇ ਅਸਲਾ ਐਕਟ ਤੇ ਕਾਂਗਰਸ ਦੇ ਸੁਖਪਾਲ ਖਹਿਰਾ 'ਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਹੈ।ਲੁਧਿਆਣਾ ਪੱਛਮੀ ਤੋਂ ਜਿੱਤੇ ਦਲਜੀਤ ਗਰੇਵਾਲ ਖਿਲਾਫ ਕਤਲ ਦੀ ਕੋਸ਼ਿਸ਼ ਤੇ ਔਰਤ 'ਤੇ ਅੱਤਿਆਚਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

           ਇਕ ਮਹੀਨੇ ਵਿਚ ਪੰਜਾਬੀਆਂ ਨੂੰ ਫਰਕ ਆਵੇਗਾ ਨਜ਼ਰ-ਭਗਵੰਤ ਮਾਨ

ਸੰਗਰੂਰ-ਪੰਜਾਬ ਦੇ ਨਵੇਂ ਬਣਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸਰਕਾਰੀ ਦਫ਼ਤਰਾਂ ਵਿਚ ਮੁੱਖ ਮੰਤਰੀ ਦੀ ਤਸਵੀਰ ਲਗਾਉਣ ਦੀ ਪ੍ਰੰਪਰਾ ਸਮਾਪਤ ਕਰ ਕੇ ਸਿਰਫ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਦੀ ਤਸਵੀਰ ਹੀ ਲਗਾਈ ਜਾਵੇਗੀ ਕਿਉਂਕਿ ਸ਼ਹੀਦ ਭਗਤ ਸਿੰਘ ਨੇ ਆਜ਼ਾਦੀ ਲੈ ਕੇ ਦਿੱਤੀ ਅਤੇ ਡਾ. ਅੰਬੇਡਕਰ ਸਾਹਿਬ ਨੇ ਆਜ਼ਾਦ ਭਾਰਤ ਦੇ ਸੰਵਿਧਾਨ ਦੀ ਰਚਨਾ ਕੀਤੀ ।ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੂੰ ਨਵੀਂ ਸਰਕਾਰ ਦੇ ਕੰਮ-ਕਾਜ ਦਾ ਫਰਕ ਇਕ ਮਹੀਨੇ ਵਿਚ ਪਤਾ ਲੱਗਣ ਲੱਗ ਜਾਵੇਗਾ ਅਤੇ ਹੌਲੀ-ਹੌਲੀ ਪੰਜਾਬ ਨੂੰ ਪਟੜੀ ਉੱਤੇ ਲਿਆਂਦਾ ਜਾਵੇਗਾ | ਉਨ੍ਹਾਂ ਦੁਖੀ ਮਨ ਨਾਲ ਕਿਹਾ ਕਿ ਪੰਜਾਬ ਦੇ ਨੌਜਵਾਨ ਮੈਡੀਕਲ ਸਿੱਖਿਆ ਹਾਸਲ ਕਰਨ ਲਈ ਯੂਕਰੇਨ ਵਰਗੇ ਛੋਟੇ ਦੇਸ਼ਾਂ ਵਿਚ ਜਾਂਦੇ ਹਨ ਜਦਕਿ ਇਹ ਸਿੱਖਿਆ ਉਸੇ ਖਰਚੇ 'ਤੇ ਇੱਥੇ ਵੀ ਪ੍ਰਾਪਤ ਹੋ ਸਕਦੀ ਹੈ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਭਖਦੇ ਮਸਲੇ ਹੱਲ ਕੀਤੇ ਜਾਣਗੇ । ਸਭ ਤੋਂ ਪਹਿਲਾ ਕੰਮ ਅਸੀਂ ਬੇਰੁਜ਼ਗਾਰੀ ਖਤਮ ਕਰਨ ਲਈ ਕਰਾਂਗੇ । ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇਗਾ । ਨਸ਼ਿਆਂ ਵੱਲ ਜਾ ਚੁੱਕੇ ਨੌਜਵਾਨਾਂ ਨੂੰ ਤੰਦਰੁਸਤੀ ਦੀ ਲੀਹ 'ਤੇ ਲਿਆ ਕੇ ਰੁਜ਼ਗਾਰ ਉੱਤੇ ਲਾਇਆ ਜਾਵੇਗਾ ਤਾਂ ਜੋ ਇਹ ਮੁੜ ਗੁਮਰਾਹ ਹੋਣ ਤੋਂ ਬਚ ਸਕਣ । ਉਨ੍ਹਾਂ ਕਿਹਾ ਕਿ ਜਲੰਧਰ ਵਿਚ ਖੇਡ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਵੇਗਾ ।