ਪੰਥਕ ਜਥੇਬੰਦੀਆਂ ਦੇ ਇਕਠ ਵਲੋਂ ਹਾਈਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਹੇਠ ਨਿਆਇਕ ਜਾਂਚ ਕਰਾਉਣ ਦੀ ਮੰਗ

ਪੰਥਕ ਜਥੇਬੰਦੀਆਂ ਦੇ ਇਕਠ ਵਲੋਂ ਹਾਈਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਹੇਠ ਨਿਆਇਕ ਜਾਂਚ ਕਰਾਉਣ ਦੀ ਮੰਗ

ਪਟਿਆਲਾ ਹਿੰਸਾ ਮਾਮਲਾ

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ-ਬੀਤੇ ਦਿਨੀਂ ਪਟਿਆਲਾ ਵਿਖੇ ਵਾਪਰੀ ਹਿੰਸਕ ਘਟਨਾ ਦੇ ਮਾਮਲੇ ਵਿਚ  ਇਥੇ ਅਕਾਲ ਤਖ਼ਤ ਸਾਹਿਬ ਵਿਖੇ ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਬੁਲਾਈ ਇਕੱਤਰਤਾ ਦੌਰਾਨ ਪਾਸ ਮਤਿਆਂ ਦੁਆਰਾ ਇਸ ਘਟਨਾ ਦੀ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਦੀ ਅਗਵਾਈ ਹੇਠ ਨਿਆਂਇਕ ਜਾਂਚ ਕਰਾਉਣ ਦੀ ਮੰਗ ਕੀਤੀ ਗਈ | ਇਸ ਇਕੱਤਰਤਾ ਦੀ ਅਗਵਾਈ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਕੀਤੀ, ਜਿਸ 'ਵਿਚ ਤਿੰਨ ਸ਼ੋ੍ਮਣੀ ਕਮੇਟੀ ਮੈਂਬਰਾਂ ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ ਤੇ ਗੁਰਚਰਨ ਸਿੰਘ ਗਰੇਵਾਲ ਤੋਂ ਇਲਾਵਾ ਹੋਰ ਵੱਖ-ਵੱਖ ਨੌਜਵਾਨ ਜਥੇਬੰਦੀਆਂ ਦੇ ਪ੍ਰਤੀਨਿੱਧ ਸ਼ਾਮਿਲ ਹੋਏ । ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਟਿਆਲਾ ਦੀ ਘਟਨਾ 1947 ਤੋਂ ਬਾਅਦ ਭਾਰਤੀ ਸਟੇਟ ਵਲੋਂ ਲਗਾਤਾਰ ਸਿੱਖ ਕੌਮ ਦੀ ਕੀਤੀ ਜਾ ਰਹੀ ਮਾਨਸਿਕ ਤੇ ਸਰੀਰਕ ਨਸਲਕੁਸ਼ੀ ਦਾ ਹੀ ਇਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖਾਂ ਨੂੰ ਹਰ ਪੱਖ ਤੋਂ ਬਦਨਾਮ ਅਤੇ ਬਰਬਾਦ ਕਰਨ ਲਈ ਹਮਲੇ ਕਰ ਰਹੀ ਹੈ ।ਉਨ੍ਹਾਂ ਕਿਹਾ ਕਿ ਸਿੱਖ ਕੌਮ ਸਰਕਾਰੀ ਜਬਰ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ ।ਉਨ੍ਹਾਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇਸ ਮਸਲੇ 'ਤੇ ਸਾਂਝੀ ਕਮੇਟੀ ਬਣਾ ਕੇ ਪੈਰਵਾਈ ਕਰਨ ਦੀ ਰਾਏ ਦਿੱਤੀ, ਜਿਸ ਨੂੰ ਜਥੇਬੰਦੀਆਂ ਵਲੋਂ ਪ੍ਰਵਾਨ ਕੀਤਾ ਗਿਆ । ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋਂ ਇਸ ਘਟਨਾ ਸੰਬੰਧੀ ਆਪਣੇ ਵਿਚਾਰ ਰੱਖੇ ਗਏ ਤੇ ਪਟਿਆਲਾ ਵਿਖੇ ਬੀਤੀ 29 ਅਪ੍ਰੈਲ ਨੂੰ ਹੋਈ ਹਿੰਸਕ ਘਟਨਾ ਦੀ ਪੜਚੋਲ ਕਰਦਿਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਵਲੋਂ ਸਿੱਖ ਕੌਮ ਦੇ ਖ਼ਿਲਾਫ਼ ਸਿਰਜੇ ਜਾ ਰਹੇ ਫਿਰਕੂ ਬਿਰਤਾਂਤ ਅਤੇ ਪੰਜਾਬ ਪੁਲਿਸ ਵਲੋਂ ਸਿੱਖ ਨੌਜਵਾਨਾਂ ਖ਼ਿਲਾਫ਼ ਕੀਤੀ ਜਾ ਰਹੀ ਇਕ ਪਾਸੜ ਨਾਜਾਇਜ਼ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।ਇਸ ਮੌਕੇ ਸਟੇਜ ਸਕੱਤਰ ਦੀ ਜਿੰਮੇਵਾਰੀ ਪਰਮਪਾਲ ਸਿੰਘ ਨੇ ਨਿਭਾਈ ।