ਅੰਮ੍ਰਿਤਸਰ ਏਅਰਪੋਰਟ 'ਤੇ ਬਰਮਿੰਘਮ ਤੋਂ ਪਰਤੀ ਫਲਾਈਟ 'ਚ 25 ਯਾਤਰੀ ਨਿਕਲੇ ਕੋਰੋਨਾ ਪੀੜਤ

ਅੰਮ੍ਰਿਤਸਰ ਏਅਰਪੋਰਟ 'ਤੇ ਬਰਮਿੰਘਮ ਤੋਂ ਪਰਤੀ ਫਲਾਈਟ 'ਚ 25 ਯਾਤਰੀ ਨਿਕਲੇ ਕੋਰੋਨਾ ਪੀੜਤ

*ਭਾਰਤ ਸਰਕਾਰ ਨੇ ਪ੍ਰਵਾਸੀ ਭਾਰਤੀ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ

ਅੰਮ੍ਰਿਤਸਰ ਟਾਈਮਜ਼ 

ਅੰਮ੍ਰਿਤਸਰ : ਭਾਰਤ 'ਚ ਕੋਰੋਨਾ ਵਾਇਰਸ ਲਗਾਤਾਰ ਫੈਲ ਰਿਹਾ ਹੈ। ਬੀਤੇ ਦਿਨੀਂ ਬਰਮਿੰਘਮ ਤੋਂ ਫਲਾਈਟ ਦੇ 25 ਯਾਤਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਪਾਜ਼ੇਟਿਵ ਰਿਪੋਰਟ ਆਉਣ ਤੋਂ ਬਾਅਦ ਯਾਤਰੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ। ਫਲਾਈਟ ਵਿਚ 195 ਯਾਤਰੀ ਸਵਾਰ ਸਨ। ਇਹ ਉਡਾਣ ਦੁਪਹਿਰ 12 ਵਜੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਪਹੁੰਚੀ। ਇੱਥੇ ਸਾਰੇ ਯਾਤਰੀਆਂ ਦੇ ਆਰਟੀਪੀਸੀਆਰ ਟੈਸਟ ਕੀਤੇ ਗਏ। ਫਲਾਈਟ '195 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚੋਂ 25 ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।ਇਸ ਤੋਂ ਪਹਿਲਾਂ ਇਟਲੀ ਤੋਂ ਆਉਣ ਵਾਲੇ 285 ਯਾਤਰੀਆਂ ਵਿੱਚੋਂ 175 ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਅਜਿਹੇ ਵਿਚ ਲੈਬ ਦੀ ਪ੍ਰਮਾਣਿਕਤਾ 'ਤੇ ਸ਼ੱਕ ਪੈਦਾ ਹੋ ਗਿਆ ਸੀ। ਇਨ੍ਹਾਂ ਵਿੱਚੋਂ 75 ਲੋਕਾਂ ਦੀ ਮੁੜ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ ਕੁਝ ਰਿਪੋਰਟਾਂ ਨੈਗੇਟਿਵ ਆਈਆਂ ਹਨ। ਅਜਿਹੇ ਵਿਚ ਏਅਰਪੋਰਟ ਅਥਾਰਟੀ ਨੇ ਲੈਬ ਨਾਲੋਂ ਨਾਤਾ ਤੋੜ ਲਿਆ ਹੈ। ਹੁਣ ਅੰਮ੍ਰਿਤਸਰ ਦੀ ਪ੍ਰਾਈਵੇਟ ਭਸੀਨ ਲੈਬ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

​​​​​​​

ਸਪਾਈਸ ਜੈਟ ਲੈਬ ਵੱਲੋਂ ਅੰਮ੍ਰਿਤਸਰ ਹਵਾਈ ਅੱਡੇ ਤੇ 65 ਮਸ਼ੀਨਾਂ ਲਗਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਹ ਛੋਟੀਆਂ ਮਸ਼ੀਨਾਂ ਕੋਰੋਨਾ ਟੈਸਟ ਲਈ ਕਾਫੀ ਨਹੀਂ ਸਨ। ਮਸ਼ੀਨਾਂ ਤਕ ਤਕਨੀਕੀ ਗੜਬੜੀ ਕਾਰਨ ਰਿਪੋਰਟਾਂ ਗਲਤ ਆ ਰਹੀਆਂ ਸਨ। ਇਟਲੀ ਤੋਂ ਆਏ ਯਾਤਰੀ ਇਸ ਮਾਮਲੇ ਨੂੰ ਲੈ ਕੇ ਹੰਗਾਮਾ ਕਰਦੇ ਰਹੇ। ਉਸ ਦੀ ਦਲੀਲ ਸੀ ਕਿ ਉਹ ਇਟਲੀ ਤੋਂ ਨੈਗੇਟਿਵ ਰਿਪੋਰਟ ਲੈ ਕੇ ਆਏ ਹਨ ਤਾਂ ਅੱਠ ਘੰਟੇ ਬਾਅਦ ਇੱਥੇ ਪਾਜ਼ੇਟਿਵ ਕਿਵੇਂ ਹੋ ਸਕਦੇ ਹਨ। ਏਅਰਪੋਰਟ ਅਥਾਰਟੀ ਤੋਂ ਜਵਾਬ ਮਿਲਣ ਤੋਂ ਬਾਅਦ ਸਪਾਈਸ ਹੈਲਥ ਲੈਬ ਨੇ ਆਪਣਾ ਸਮਾਨ ਇੱਥੋਂ ਹਟਾ ਦਿੱਤਾ ਹੈ।ਇਹ ਵੀ ਪਤਾ ਲੱਗਾ ਹੈ ਕਿ ਇਟਲੀ ਤੋਂ ਆਏ ਚਾਰ ਮਰੀਜ਼ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਏਅਰਪੋਰਟ 'ਤੇ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਪਰ ਮੈਡੀਕਲ ਕਾਲਜ ਸਥਿਤ ਇਨਫਲੂਐਂਜ਼ਾ ਲੈਬ ਵਿਚ ਉਹ ਨੈਗੇਟਿਵ ਆਈ ਹੈ।ਬਾਹਰੋਂ ਆਉਣ ਵਾਲਿਆਂ ਨੂੰ ਹਫ਼ਤਾ ਘਰੇ ਰਹਿਣਾ ਪੈਣਾ।

ਕੇਂਦਰ ਸਰਕਾਰ ਵਲੋਂ ਨਵੀਆਂ ਹਦਾਇਤਾਂ   

ਕੇਂਦਰ ਸਰਕਾਰ ਨੇ ਸ਼ੁੱਕਰਵਾਰ ਕੌਮਾਂਤਰੀ ਯਾਤਰੀਆਂ ਲਈ ਸੋਧੀਆਂ ਸੇਧ-ਲੀਹਾਂ ਜਾਰੀ ਕਰਕੇ ਕਿਹਾ ਕਿ 11 ਜਨਵਰੀ ਤੋਂ ਬਾਹਰੋਂ ਆਉਣ ਵਾਲਿਆਂ ਨੂੰ ਇਕ ਹਫਤਾ ਘਰ ਵਿਚ ਇਕਾਂਤਵਾਸ ਰਹਿਣਾ ਪਵੇਗਾ ਅਤੇ ਅੱਠਵੇਂ ਦਿਨ ਟੈੱਸਟ ਕਰਵਾਉਣਾ ਪਵੇਗਾ । ਇਹ ਸੇਧ-ਲੀਹਾਂ ਇਟਲੀ ਤੋਂ ਅੰਮਿ੍ਤਸਰ ਆਉਣ ਵਾਲੇ 125 ਯਾਤਰੀਆਂ ਦੇ ਕੋਰੋਨਾ ਪਾਜ਼ੀਟਿਵ ਨਿਕਲਣ ਤੋਂ ਬਾਅਦ ਜਾਰੀ ਕੀਤੀਆਂ ਗਈਆਂ ਹਨ । ਇਸ ਦੇ ਨਾਲ ਹੀ ਰਿਸਕ ਵਾਲੇ ਦੇਸ਼ਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ । ਇਨ੍ਹਾਂ ਦੇਸ਼ਾਂ ਵਿਚ ਇੰਗਲੈਂਡ ਸਮੇਤ ਸਾਰੇ ਯੂਰਪੀ ਦੇਸ਼, ਦੱਖਣੀ ਅਫਰੀਕਾ, ਬਰਾਜ਼ੀਲ, ਬੋਤਸਵਾਨਾ, ਚੀਨ, ਘਾਨਾ, ਮਾਰੀਸ਼ਿਸ਼, ਨਿਊ ਜ਼ੀਲੈਂਡ, ਜ਼ਿੰਬਾਬਵੇ, ਤਨਜ਼ਾਨੀਆ, ਹਾਂਗਕਾਂਗ, ਇਸਰਾਈਲ, ਕਾਂਗੋ, ਇਥੋਪੀਆ, ਕਜ਼ਾਖਸਤਾਨ, ਕੀਨੀਆ, ਨਾਇਜੇਰੀਆ, ਟਿਊਨੀਸ਼ੀਆ ਤੇ ਜ਼ਾਂਬੀਆ ਸ਼ਾਮਲ ਹਨ । ਇਟਲੀ ਤੋਂ ਅੰਮਿ੍ਤਸਰ ਪੁੱਜੇ ਜਹਾਜ਼ ਦੇ 150 ਯਾਤਰੀ ਕੋਰੋਨਾ ਪਾਜ਼ੀਟਿਵ ਨਿਕਲੇ ਹਨ | ਜਹਾਜ਼ ਵਿਚ 290 ਯਾਤਰੀ ਆਏ ਸਨ । ਇਕ ਦਿਨ ਪਹਿਲਾਂ ਇਟਲੀ ਤੋਂ ਆਏ ਜਹਾਜ਼ ਦੇ 170 ਵਿਚੋਂ 125 ਯਾਤਰੀ ਪਾਜ਼ੀਟਿਵ ਨਿਕਲੇ ਸਨ ।