ਬੱਬਰ ਅਕਾਲੀ ਲਹਿਰ ਦੇ 100 ਸਾਲ: ਪੰਥ ਸੇਵਕ ਜਥਾ ਦੁਆਬਾ ਵਲੋਂ ਦੌਲਤਪੁਰ ਵਿਖੇ ਅਗਲਾ ਸਮਾਗਮ 12 ਨੂੰ

ਬੱਬਰ ਅਕਾਲੀ ਲਹਿਰ ਦੇ 100 ਸਾਲ: ਪੰਥ ਸੇਵਕ ਜਥਾ ਦੁਆਬਾ ਵਲੋਂ ਦੌਲਤਪੁਰ ਵਿਖੇ ਅਗਲਾ ਸਮਾਗਮ 12 ਨੂੰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ : ਪੰਥ ਸੇਵਕ ਜਥਾ ਦੁਆਬਾ ਵਲੋਂ ਬੱਬਰ ਅਕਾਲੀ ਲਹਿਰ ਦੇ 100 ਸਾਲਾਂ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਕਰਵਾਈ ਜਾ ਰਹੀ ਹੈ ਜਿਸ ਤਹਿਤ 6ਵਾਂ ਸਮਾਗਮ 12 ਅਪ੍ਰੈਲ ਨੂੰ ਪਿੰਡ ਦੌਲਤਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਖੇ ਕਰਵਾਇਆ ਜਾਵੇਗਾ।

ਪਿੰਡ ਦੌਲਤਪੁਰ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਹੋਣ ਵਾਲਾ ਇਹ ਸਮਾਗਮ ਸਵੇਰੇ 10 ਵਜੇ ਸ਼ੁਰੂ ਹੋਵੇਗਾ ਜਿਸ ਵਿਚ ਭਾਈ ਬਲਜਿੰਦਰ ਸਿੰਘ ਸਾਹਦੜਾ ਦੇ ਕੀਰਤਨੀ ਜਥੇ ਅਤੇ ਭਾਈ ਹਰਦੀਪ ਸਿੰਘ ਸਾਹਦੜਾ ਦੇ ਢਾਡੀ ਜਥੇ ਵਲੋਂ ਸੰਗਤਾਂ ਨੂੰ ਕ੍ਰਮਵਾਰ ਗੁਰਬਾਣੀ ਕੀਰਤਨ ਅਤੇ ਇਤਿਹਾਸਕ ਵਾਰਾਂ ਸਰਵਣ ਕਰਵਾਈਆਂ ਜਾਣਗੀਆਂ। ਇਸ ਸਮਾਗਮ ਵਿਚ ਭਾਈ ਮਨਧੀਰ ਸਿੰਘ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਬੱਬਰ ਅਕਾਲੀ ਲਹਿਰ ਪੰਜਾਬ ਵਿਚ ਸਰਕਾਰ-ਏ-ਖਾਲਸਾ ਦੇ ਪਤਨ ਤੋਂ ਬਾਅਦ ਸਥਾਪਿਤ ਹੋਏ ਫਿਰੰਗੀ ਸਾਮਰਾਜ ਵਿਰੁਧ ਜੁਝਾਰੂ ਲਹਿਰ ਸੀ ਜਿਸ ਦਾ ਮਨੋਰਥ ਅੰਗਰੇਜ਼ੀ ਸਰਕਾਰ ਨੂੰ ਜੜ੍ਹੋ ਪੁੱਟ ਕੇ ਮੁੜ ਸਰਕਾਰ-ਏ-ਖਾਲਸਾ ਦਾ ਰਾਜ ਸਥਾਪਿਤ ਕਰਨਾ ਸੀ। 
ਪੰਥ ਸੇਵਕ ਜਥਾ ਦੁਆਬਾ ਵੱਲੋਂ ਕਰਵਾਈ ਜਾ ਰਹੀ ਇਸ ਸਮਾਗਮ ਲੜੀ ਤਹਿਤ ਸਰਕਾਰ-ਏ-ਖਾਲਸਾ ਵੇਲੇ ਦੇ ਪ੍ਰਬੰਧ ਦੀਆਂ ਖੂਬੀਆਂ ਅਤੇ ਇਸ ਦੇ ਪਤਨ ਤੋਂ ਬਾਅਦ ਅੰਗਰੇਜ਼ਾਂ ਵਲੋਂ ਥੋਪੇ ਗਏ ਆਧੁਨਿਕਵਾਦੀ ਪ੍ਰਬੰਧ, ਜੋ ਕਿ ਮੌਜੂਦਾ ਸਮੱਸਿਆਵਾਂ ਦਾ ਇੱਕ ਵੱਡਾ ਕਾਰਨ ਹੈ, ਦੇ ਵੇਰਵੇ ਉਜਾਗਰ ਕੀਤੇ ਜਾ ਰਹੇ ਹਨ।