ਪੰਜਾਬ ਲਈ ਭਾਜਪਾ ਨੂੰ ਇਕ ਵੱਡਾ ਸਿੱਖ ਚਿਹਰਾ ਮਿਲਿਆ :ਪੀਊਸ਼ ਗੋਇਲ

ਪੰਜਾਬ ਲਈ ਭਾਜਪਾ ਨੂੰ ਇਕ ਵੱਡਾ ਸਿੱਖ ਚਿਹਰਾ ਮਿਲਿਆ :ਪੀਊਸ਼ ਗੋਇਲ

ਦਿੱਗਜ ਆਗੂ ਮਨਪ੍ਰੀਤ ਬਾਦਲ ਨੇ ਕਾਂਗਰਸ ਛਡੀ  ਭਾਜਪਾ ਵਿਚ ਸ਼ਾਮਿਲ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ : ਸਾਬਕਾ ਮੰਤਰੀ ਤੇ ਕਾਂਗਰਸ ਦੇ ਦਿੱਗਜ ਆਗੂ ਮਨਪ੍ਰੀਤ ਸਿੰਘ ਬਾਦਲ ਨੇ  ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ। ਮਨਪ੍ਰੀਤ ਸਿੰਘ ਬਾਦਲ ਨੇ ਭਾਜਪਾ ਵਿਚ ਸ਼ਾਮਲ ਹੋਣ ਉਪਰੰਤ ਉਨ੍ਹਾਂ ਨੇ ਪੀਊਸ਼ ਗੋਇਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲਗਪਗ ਪਿਛਲੇ 30 ਸਾਲ ਤੋਂ ਰਾਜਨੀਤੀ ਦੇ ਖੇਤਰ ਵਿਚ ਕੰਮ ਕਰਦੇ ਹੋਏ ਪੰਜਾਬ ਦੀ ਸੇਵਾ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਦੇਸ਼ ਦੇ ਸ਼ੇਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੀ ਪੰਜਾਬ ਨੂੰ ਲੈ ਕੇ ਸੁਚਾਰੂ ਸੋਚ ਅਤੇ ਵਿਚਾਰ ਸੁਣ ਕੇ ਮੈਂ ਮਜਬੂਰ ਹੋ ਗਿਆ ਕਿ ਪੰਜਾਬ ਦੀ ਭਲਾਈ ਲਈ ਭਾਜਪਾ ਤੋਂ ਵੱਧ ਬਿਹਤਰੀਨ ਸੋਚ ਕਿਸੇ ਕੋਲ ਨਹੀਂ ਹੈ।ਉਨ੍ਹਾਂ ਕਿ ਪੰਜਾਬ ਲਈ ਕਾਂਗਰਸ ਦੇ ਫੈਸਲੇ ਨਿਰਾਸ਼ਾਜਨਕ ਹਨ। ਮੈਂ ਹਮੇਸ਼ਾਂ ਲਈ ਪੰਜਾਬ ਦੀ ਖੁਸ਼ਹਾਲੀ ਲਈ ਫਿਕਰਮੰਦ ਰਹਿੰਦਾ ਹਾਂ।

ਇਸ ਮੌਕੇ ਪੀਊਸ਼ ਗੋਇਲ ਨੇ ਕਿਹਾ ਕਿ ਪੰਜਾਬ ਲਈ ਭਾਜਪਾ ਨੂੰ ਇਕ ਵੱਡਾ ਸਿੱਖ ਚਿਹਰਾ ਮਿਲਿਆ ਹੈ। ਯਾਦ ਰਹੇ ਕਿ 2017 ਦੀਆਂ ਚੋਣਾਂ ਤੋਂ ਬਾਅਦ ਜਦੋਂ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਦੀ ਕਮਾਨ ਸੰਭਾਲੀ ਸੀ, ਉਦੋਂ ਤੋਂ ਹੀ ਇਹ ਤੈਅ ਹੋਣ ਲੱਗਾ ਸੀ ਕਿ ਮਨਪ੍ਰੀਤ ਬਾਦਲ ਜ਼ਿਆਦਾ ਦੇਰ ਤੱਕ ਪਾਰਟੀ ਨਾਲ ਨਹੀਂ ਚੱਲ ਸਕਣਗੇ। ਅਮਰਿੰਦਰ ਰਾਜਾ ਵੜਿੰਗ ਨਾਲ 36 ਦਾ ਅੰਕੜਾ ਹੈ।

ਮਨਪ੍ਰੀਤ ਬਾਦਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ 2 ਪੰਨਿਆਂ ਦੀ ਚਿੱਠੀ 'ਚ ਰਾਹੁਲ ਗਾਂਧੀ ਨੂੰ ਲਿਖਿਆ ਕਿ ਜਦੋਂ ਉਨ੍ਹਾਂ ਨੇ 7 ਸਾਲ ਪਹਿਲਾਂ ਆਪਣੀ ਪੀਪਲਜ਼ ਪਾਰਟੀ ਆਫ ਪੰਜਾਬ ਦਾ ਕਾਂਗਰਸ 'ਚ ਰਲੇਵਾਂ ਕੀਤਾ ਸੀ ਤਾਂ ਉਹ ਇਹ ਸੋਚ ਕੇ ਪਾਰਟੀ 'ਚ ਆਏ ਸਨ ਕਿ ਕਾਂਗਰਸ ਦਾ ਲੰਬਾ ਇਤਿਹਾਸ ਹੈ ਅਤੇ ਇਸ ਵਿਚ ਰਹਿ ਕੇ ਉਹ ਆਪਣੀ ਸੋਚ ਅਨੁਸਾਰ ਪੰਜਾਬ ਅਤੇ ਲੋਕਾਂ ਦੇ ਹਿੱਤਾਂ ਦੀ ਸੇਵਾ ਕਰ ਸਕੇਗਾ, ਪਰ ਹੌਲੀ-ਹੌਲੀ ਉਹ ਨਿਰਾਸ਼ ਹੋਣ ਲੱਗਾ।ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਦਾ ਕੰਮ ਕੋਈ ਸੌਖਾ ਕੰਮ ਨਹੀਂ ਸੀ, ਮੈਂ ਇਹ ਕੰਮ ਉਸ ਸਮੇਂ ਚੁੱਕਿਆ ਜਦੋਂ ਪੰਜਾਬ ਦੇ ਖ਼ਜ਼ਾਨੇ ਦੀ ਹਾਲਤ ਬਹੁਤ ਖ਼ਰਾਬ ਸੀ। ਮੈਂ ਵੀ ਲੋਕ-ਪੱਖੀ ਨੀਤੀਆਂ ਵਿੱਚ ਫਸ ਸਕਦਾ ਸੀ ਪਰ ਮੈਂ ਇਸ ਨਾਜ਼ੁਕ ਸਥਿਤੀ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮੇਂ ਵਿੱਤੀ ਐਮਰਜੈਂਸੀ ਦੀ ਸਥਿਤੀ ਵੀ ਆ ਸਕਦੀ ਸੀ ਪਰ ਮੈਂ ਤੱਥਾਂ ਨੂੰ ਸਵੀਕਾਰ ਕੀਤਾ ਅਤੇ ਮੁਸ਼ਕਲ ਫੈਸਲੇ ਲਏ ਜੋ ਉਸ ਸਮੇਂ ਦੀ ਲੋੜ ਸੀ। ਉਨ੍ਹਾਂ ਕਿਹਾ ਕਿ 15ਵੇਂ ਵਿੱਤ ਕਮਿਸ਼ਨ ਅੱਗੇ ਵੀ ਮੈਂ ਪੰਜਾਬ ਦਾ ਕੇਸ ਪੇਸ਼ ਕਰਕੇ ਉਨ੍ਹਾਂ ਨੂੰ ਪੰਜਾਬ ਦੇ ਹੱਕ ਵਿੱਚ ਫੈਸਲੇ ਲੈਣ ਲਈ ਕਿਹਾ। ਮਨਪ੍ਰੀਤ ਨੇ ਦਾਅਵਾ ਕੀਤਾ ਕਿ ਉਸ ਨੇ ਇਕੱਲੇ ਹੀ 50,000 ਕਰੋੜ ਰੁਪਏ ਕਮਿਸ਼ਨ ਤੋਂ ਸਰਕਾਰੀ ਖ਼ਜ਼ਾਨੇ ਵਿਚ ਪਾਏ ਹਨ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਪਾਰਟੀ ਨੇ ਮੇਰੀ ਕੋਸ਼ਿਸ਼ ਦੀ ਸ਼ਲਾਘਾ ਨਹੀਂ ਕੀਤੀ, ਸਗੋਂ ਪੰਜਾਬ ਕਾਂਗਰਸ ਨੇ ਇਸ ਦਾ ਮਜ਼ਾਕ ਉਡਾਇਆ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਸ ਵਤੀਰੇ ਨਾਲ ਉਨ੍ਹਾਂ ਦਾ ਦਿਲ ਟੁੱਟ ਗਿਆ ਹੈ ਪਰ ਉਹ ਇਸ ਬਾਰੇ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਂ ਲਏ ਬਿਨਾਂ ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਤੋਂ ਕੁਝ ਲੋਕਾਂ ਨੂੰ ਹੁਕਮ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਉਸ ਤੋਂ ਮੈਂ ਨਿਰਾਸ਼ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਕਿਹਾ ਸੀ ਕਿ ਤੁਸੀਂ ਪਾਰਟੀ ਦੇ ਆਗੂਆਂ ਵਿਚਾਲੇ ਦੂਰੀ ਘਟਾਓਗੇ ਪਰ ਮੈਨੂੰ ਲੱਗਦਾ ਹੈ ਕਿ ਇਹ ਹੋਰ ਵਧ ਗਈ ਹੈ। ਇਸ ਲਈ ਮੈਂ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ।