ਨੌਜਵਾਨਾਂ ਨੂੰ ਨਸ਼ੇ ਛੁਡਵਾਉਣ ਤੇ ਸਿਖੀ ਨਾਲ ਜੋੜਨ ਲਈ  ਸਾਈਕਲ ਯਾਤਰਾ ’ਤੇ ਨਿਕਲਿਆ ਬੈਰਾਗ ਸਿੰਘ ਖ਼ਾਲਸਾ

ਨੌਜਵਾਨਾਂ ਨੂੰ ਨਸ਼ੇ ਛੁਡਵਾਉਣ ਤੇ ਸਿਖੀ ਨਾਲ ਜੋੜਨ ਲਈ  ਸਾਈਕਲ ਯਾਤਰਾ ’ਤੇ ਨਿਕਲਿਆ ਬੈਰਾਗ ਸਿੰਘ ਖ਼ਾਲਸਾ

                           *ਸ੍ਰੀ ਕੇਸਗੜ੍ਹ ਸਾਹਿਬ ਵਿਚ ਹੋਇਆ ਨਤਮਸਤਕ

ਅੰਮ੍ਰਿਤਸਰ ਟਾਈਮਜ਼

 ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਰਾਮੇਸ਼ਵਰ ਕੰਨਿਆ ਕੁਮਾਰੀ ਦੀ 15ਵੀਂ ਸਾਈਕਲ ਯਾਤਰਾ ’ਤੇ ਨਿਕਲੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਭੋਮਾ ਦੇ ਵਸਨੀਕ 74 ਸਾਲਾਂ ਦੇ ਬਾਬਾ ਬੈਰਾਗ ਸਿੰਘ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਪੁੱਜੇ। ਬਜ਼ੁਰਗ ਸ਼ਰਧਾਲੂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਤੋਂ ਬਾਅਦ ਇਥੋਂ ਦੇ ਹੋਰ ਗੁਰੂਧਾਮਾਂ ਦੇ ਦਰਸ਼ਨ ਦੀਦਾਰੇ ਕੀਤੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਈਕਲ ਯਾਤਰਾਵਾਂ ਦਾ ਮਕਸਦ ਜਿੱਥੇ ਸਰਬੱਤ ਦੇ ਭਲੇ ਲਈ ਕਾਮਨਾ ਕਰਨਾ ਹੈ ਓਥੇ ਨੌਜਵਾਨਾਂ ਨੂੰ ਨਸ਼ਿਆਂ ਦੀਆਂ ਅਲਾਮਤਾਂ ਛੱਡ ਕੇ ਬਾਣੀ ਨਾਲ ਜੁੜਨ ਲਈ ਪੇ੍ਰਰਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਈਕਲ ਯਾਤਰਾ ਨੂੰ ਪੂਰਾ ਕਰਨ ਲਈ ਲਗਭਗ 4 ਮਹੀਨੇ ਦਾ ਸਮਾਂ ਲੱਗੇਗਾ। ਉਨ੍ਹਾਂ ਦੇ ਪਿਤਾਜੀ ਏਅਰ ਫੋਰਸ ਵਿਚ ਨੌਕਰੀ ਕਰਦੇ ਸਨ, ਜਿਨ੍ਹਾਂ ਦੀਆਂ ਵਤਨ ਲਈ ਨਿਭਾਈਆਂ ਸੇਵਾਵਾਂ ਨੂੰ ਦੇਖਦੇ ਹੋਏ ਹੀ ਉਨ੍ਹਾਂ ਨੂੰ ਇਹ ਜ਼ਜ਼ਬਾ ਮਿਲਿਆ ਹੈ। ਉਹ ਦੇਸ਼ ਵਿਚ ਅਮਨ ਤੇ ਕਾਨੂੰਨ ਦੀ ਚੰਗੀ ਸਥਿਤੀ ਲਈ ਵੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਹਮੇਸ਼ਾ ਅਰਦਾਸ ਕਰਦੇ ਰਹਿੰਦੇ ਹਨ।