ਬਠਿੰਡਾ ਜੇਲ੍ਹ ਵਿਚ ਅੰਮ੍ਰਿਤਧਾਰੀ ਨੌਜ਼ਵਾਨ ਰਾਜਵੀਰ ਸਿੰਘ ਦੇ ਕੇਸ ਕੱਟਣ ਦੀ ਕਾਰਵਾਈ ਅਸਹਿ, ਸੰਬੰਧਤ ਜੇਲ੍ਹ ਅਧਿਕਾਰੀਆਂ ਵਿਰੁੱਧ ਧਾਰਾ 295 ਦਰਜ ਕਰਕੇ ਕਾਰਵਾਈ ਕੀਤੀ ਜਾਵੇ : ਮਾਨ

ਬਠਿੰਡਾ ਜੇਲ੍ਹ ਵਿਚ ਅੰਮ੍ਰਿਤਧਾਰੀ ਨੌਜ਼ਵਾਨ ਰਾਜਵੀਰ ਸਿੰਘ ਦੇ ਕੇਸ ਕੱਟਣ ਦੀ ਕਾਰਵਾਈ ਅਸਹਿ, ਸੰਬੰਧਤ ਜੇਲ੍ਹ ਅਧਿਕਾਰੀਆਂ ਵਿਰੁੱਧ ਧਾਰਾ 295 ਦਰਜ ਕਰਕੇ ਕਾਰਵਾਈ ਕੀਤੀ ਜਾਵੇ : ਮਾਨ

ਅੰਮ੍ਰਿਤਸਰ ਟਾਈਮਜ਼

ਫ਼ਤਹਿਗੜ੍ਹ ਸਾਹਿਬ, 04 ਜੁਲਾਈ ( ) “ਬੀਤੇ 2-3 ਦਿਨ ਪਹਿਲੇ ਬਠਿੰਡਾ ਦੀ ਜੇਲ੍ਹ ਵਿਚ ਬੰਦੀ ਬਣਾਏ ਗਏ ਇਕ ਗੁਰਸਿੱਖ ਅੰਮ੍ਰਿਤਧਾਰੀ ਨੌਜ਼ਵਾਨ ਰਾਜਵੀਰ ਸਿੰਘ ਦੇ ਜੋ ਜੇਲ੍ਹ ਅਧਿਕਾਰੀਆਂ ਵੱਲੋਂ ਜ਼ਬਰੀ ਕੇਸ ਕੱਟਦੇ ਹੋਏ ਅਤੇ ਉਸਨੂੰ ਅਣਮਨੁੱਖੀ ਢੰਗ ਨਾਲ ਕੁੱਟਮਾਰ ਕਰਦੇ ਹੋਏ ਕਾਰਵਾਈ ਕੀਤੀ ਗਈ ਹੈ, ਉਸਨੇ ਦੇਸ਼-ਵਿਦੇਸ਼ ਵਿਚ ਵਿਚਰ ਰਹੇ ਸਿੱਖਾਂ ਦੇ ਮਨ-ਆਤਮਾ ਨੂੰ ਬਹੁਤ ਡੂੰਘੀ ਠੇਸ ਪਹੁੰਚਾਈ ਹੈ । ਜਦੋ ਕੋਈ ਮੁਜਰਿਮ ਜੇਲ੍ਹ ਵਿਚ ਚਲੇ ਜਾਂਦਾ ਹੈ ਤਾਂ ਉਸ ਉਤੇ ਜੇਲ੍ਹ ਅਧਿਕਾਰੀ ਜਾਂ ਪੁਲਿਸ ਕਿਸੇ ਤਰ੍ਹਾਂ ਦਾ ਤਸੱਦਦ-ਜੁਲਮ ਢਾਹੁਣ ਦਾ ਅਧਿਕਾਰ ਬਿਲਕੁਲ ਨਹੀ ਰੱਖਦੀ । ਕਿਉਂਕਿ ਉਸਦੇ ਸੰਬੰਧਤ ਕੇਸ ਦੀ ਸੁਣਵਾਈ ਕਰਨ ਵਾਲੀ ਅਦਾਲਤ ਅਤੇ ਜੱਜ ਨੇ ਸੱਚ-ਝੂਠ ਦੀਆਂ ਜਿ਼ਰਹਾ ਸੁਣਦੇ ਹੋਏ ਸਜ਼ਾ ਜਾਂ ਖਾਰਜ ਕਰਨ ਦਾ ਫੈਸਲਾ ਕਰਨਾ ਹੁੰਦਾ ਹੈ । ਬਹੁਤ ਦੁੱਖ ਅਤੇ ਅਫ਼ਸੋਸ ਹੈ ਕਿ ਜੇਲ੍ਹ ਅਧਿਕਾਰੀਆ ਨੇ ਕਾਨੂੰਨ ਆਪਣੇ ਹੱਥ ਵਿਚ ਲੈਦੇ ਹੋਏ ਸੰਬੰਧਤ ਉਪਰੋਕਤ ਸਿੱਖ ਨੌਜ਼ਵਾਨ ਨੂੰ ਕੇਵਲ ਅਣਮਨੁੱਖੀ ਗੈਰ ਵਿਧਾਨਿਕ ਢੰਗ ਨਾਲ ਕੁੱਟਮਾਰ ਹੀ ਨਹੀ ਕੀਤੀ, ਬਲਕਿ ਉਸਦੇ ਸਿੱਖ ਧਰਮ ਨਾਲ ਸੰਬੰਧਤ ਅਤਿ ਮਹੱਤਵਪੂਰਨ ‘ਕੇਸਾ’ ਦੀ ਬੇਅਦਬੀ ਕਰਦੇ ਹੋਏ ਜ਼ਬਰੀ ਕੱਟ ਦਿੱਤੇ ਹਨ ਜੋ ਸਿੱਖ ਕੌਮ ਲਈ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲਈ ਅਸਹਿ ਹੈ । ਜਿਸਦੀ ਅਸੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਸਰਕਾਰ ਅਤੇ ਜੇਲ੍ਹ ਵਿਭਾਗ ਦੇ ਡੀਜੀਪੀ ਨੂੰ ਇਨਸਾਨੀਅਤ ਅਤੇ ਕਾਨੂੰਨੀ ਪ੍ਰਕਿਰਿਆ ਦੇ ਆਧਾਰ ਤੇ ਇਹ ਜੋਰਦਾਰ ਅਪੀਲ ਕਰਦੇ ਹਾਂ ਕਿ ਜਿਸ ਵੀ ਜੇਲ੍ਹ ਅਧਿਕਾਰੀ ਨੇ ਉਸਦੇ ਕੇਸ ਕੱਟੇ ਹਨ ਜਾਂ ਹੁਕਮ ਕੀਤੇ ਹਨ ਉਨ੍ਹਾਂ ਵਿਰੁੱਧ ਤੁਰੰਤ ਧਾਰਾ 295ਏ ਦਾ ਪਰਚਾ ਕੱਟਕੇ ਅਗਲੇਰੀ ਕਾਨੂੰਨੀ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਜਾਵੇ ਅਤੇ ਸੰਬੰਧਤ ਪੀੜ੍ਹਤ ਪਰਿਵਾਰ ਤੇ ਸਿੱਖ ਕੌਮ ਨੂੰ ਇਨਸਾਫ਼ ਦਿੱਤਾ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਕਾ ਰਾਜਵੀਰ ਸਿੰਘ ਨਾਲ ਬਠਿੰਡਾ ਜੇਲ੍ਹ ਅਧਿਕਾਰੀਆ ਵੱਲੋ ਕੀਤੇ ਗਏ ਅਣਮਨੁੱਖੀ ਦੁਰਵਿਹਾਰ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਅਤੇ ਤੁਰੰਤ ਦੋਸ਼ੀ ਜੇਲ੍ਹ ਅਧਿਕਾਰੀਆ ਵਿਰੁੱਧ ਕਾਨੂੰਨੀ ਪ੍ਰਕਿਰਿਆ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਵੀ ਬਹੁਤ ਹੀ ਜ਼ਬਰ ਜੁਲਮ ਅਤੇ ਹਕੂਮਤੀ ਦਹਿਸਤ ਵਾਲੇ ਅਮਲ ਹੋ ਰਹੇ ਹਨ ਕਿ ਇਸ ਨੌਜ਼ਵਾਨ ਦੇ ਕੇਸ ਦੀ ਪੈਰਵੀ ਕਰਨ ਵਾਲੇ ਸਤਿਕਾਰਯੋਗ ਵਕੀਲ ਸ. ਹਰਪਾਲ ਸਿੰਘ ਖਾਰਾ ਨੇ ਜਦੋ ਅਦਾਲਤ ਨੂੰ ਪਹੁੰਚ ਕਰਦੇ ਹੋਏ ਉਪਰੋਕਤ ਪੀੜ੍ਹਤ ਨੌਜ਼ਵਾਨ ਦੀਆਂ ਸੱਟਾਂ ਨੂੰ ਅਦਾਲਤ ਵਿਚ ਦਿਖਾਉਣ ਦੀ ਗੱਲ ਕੀਤੀ ਅਤੇ ਉਸਦਾ ਮੈਡੀਕਲ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਪੁਲਿਸ ਅਧਿਕਾਰੀ ਕੁੱਟਮਾਰ ਕਰਨ ਉਪਰੰਤ ਵੀ ਉਸਦਾ ਹੋਰ ਪੁਲਿਸ ਰਿਮਾਡ ਲੈਣਾ ਚਾਹੁੰਦੇ ਸਨ, ਨਾ ਮਿਲਿਆ ਤਾਂ ਸੰਬੰਧਤ ਪੁਲਿਸ ਅਧਿਕਾਰੀਆ ਤੇ ਜੇਲ੍ਹ ਅਧਿਕਾਰੀਆ ਵੱਲੋ ਇਨਸਾਫ ਦੀ ਆਵਾਜ ਨੂੰ ਬਾਦਲੀਲ ਢੰਗ ਨਾਲ ਬੁਲੰਦ ਕਰਨ ਵਾਲੇ ਉਪਰੋਕਤ ਵਕੀਲ ਸ. ਹਰਪਾਲ ਸਿੰਘ ਖਾਰਾ ਨੂੰ ਵੀ ਸਿੱਧੇ ਜਾਂ ਅਸਿੱਧੇ ਤੌਰ ਤੇ ਧਮਕੀਆ ਆਉਣੀਆ ਸੁਰੂ ਹੋ ਗਈਆ ਕਿ ਉਹ ਇਸਦੀ ਪੈਰਵੀ ਨਾ ਕਰੇ । ਇਹ ਤਾਂ ਪ੍ਰਤੱਖ ਤੌਰ ਤੇ ਹਕੂਮਤੀ ਜ਼ਬਰ ਨਹੀ ਤਾਂ ਹੋਰ ਕੀ ਹੈ ? ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਸੰਬੰਧਤ ਪੈਰਵੀ ਕਰਨ ਵਾਲੇ ਵਕੀਲ ਸ. ਹਰਪਾਲ ਸਿੰਘ ਖਾਰਾ ਨੇ ਕਿਸੇ ਵੀ ਪੁਲਿਸ ਧਮਕੀ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਜਿ਼ੰਮੇਵਾਰੀ ਇਮਾਨਦਾਰੀ ਤੇ ਦ੍ਰਿੜਤਾ ਨਾਲ ਨਿਭਾਉਣ ਦੀ ਗੱਲ ਕਰਦੇ ਹੋਏ ਜੋ ਕਿਹਾ ਹੈ ਕਿ ਜਿਵੇ ਬੀਤੇ ਸਮੇ ਵਿਚ ਪੁਲਿਸ ਅਤੇ ਹੁਕਮਰਾਨ ਸਾਡੀ ਸਿੱਖ ਨੌਜ਼ਵਾਨੀ ਨਾਲ ਜ਼ਬਰ ਜੁਲਮ ਕਰਦੇ ਹੋਏ, ਉਨ੍ਹਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਦੇ ਹੋਏ ਅਮਲ ਕਰਦੇ ਰਹੇ ਹਨ । ਉਸੇ ਤਰ੍ਹਾਂ ਦਾ ਮਾਹੌਲ ਇਥੋ ਦੀ ਪੁਲਿਸ, ਅਫਸਰਸਾਹੀ ਬਣਾਉਣ ਵਿਚ ਰੁੱਝੇ ਹੋਏ ਹਨ । ਉਨ੍ਹਾਂ ਸੰਕਾ ਪ੍ਰਗਟ ਕਰਦੇ ਹੋਏ ਕਿਹਾ ਕਿ ਫਿਰ ਤੋ ਝੂਠੇ ਪੁਲਿਸ ਮੁਕਾਬਲੇ ਅਤੇ ਵਕੀਲਾਂ ਨੂੰ ਵੀ ਨਿਸਾਨਾ ਬਣਾਉਣ ਵਾਲੀਆ ਕਾਰਵਾਈਆ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਅਸੀ ਇਸ ਜ਼ਬਰ ਦੇ ਸੰਬੰਧ ਵਿਚ ਸੈਟਰ ਦੀ ਮੋਦੀ ਹਕੂਮਤ, ਪੰਜਾਬ ਦੀ ਭਗਵੰਤ ਸਿੰਘ ਮਾਨ ਹਕੂਮਤ, ਡੀਜੀਪੀ ਪੰਜਾਬ ਅਤੇ ਫਿਰਕੂ ਸੰਬੰਧਤ ਜਮਾਤਾਂ ਨੂੰ ਖ਼ਬਰਦਾਰ ਕਰਦੇ ਹਾਂ ਕਿ ਉਹ ਮੁੜਕੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਮੰਦਭਾਵਨਾ ਅਧੀਨ ਉਸ ਪਾਸੇ ਨਾ ਲਿਜਾਣ ਤਾਂ ਬਿਹਤਰ ਹੋਵੇਗਾ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਅਜਿਹੀਆ ਪੰਜਾਬ ਵਿਰੋਧੀ ਸਾਜਿਸਾਂ ਨੂੰ ਬਿਲਕੁਲ ਸਹਿਣ ਨਹੀ ਕਰਾਂਗੇ ਅਤੇ ਅਸੀ ਆਪਣੀ ਨੌਜ਼ਵਾਨੀ ਅਤੇ ਪੜ੍ਹੇ-ਲਿਖੇ ਵਕੀਲਾਂ ਦੀਆਂ ਜਿੰਦਗਾਨੀਆ ਨੂੰ ਇਸ ਜਾਲਮ ਹਕੂਮਤ ਉਤੇ ਨਹੀ ਛੱਡ ਸਕਦੇ । ਅਜਿਹਾ ਨਾ ਹੋਵੇ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਨੂੰ ਫਿਰ ਵੱਡੀ ਲੜਾਈ ਲੜਨ ਲਈ ਮਜਬੂਰ ਹੋਣਾ ਪਵੇ । ਉਸ ਤੋ ਪਹਿਲੇ ਇਸ ਵਿਗੜਦੇ ਜਾ ਰਹੇ ਪੰਜਾਬ ਸੂਬੇ ਦੇ ਹਾਲਾਤਾਂ ਨੂੰ ਸੰਜ਼ੀਦਗੀ ਨਾਲ ਸਹੀ ਕਰ ਲੈਣ ਵਰਨਾ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਹੁਕਮਰਾਨ, ਜਾਬਰ ਪੁਲਿਸ ਅਫਸਰਸਾਹੀ ਅਤੇ ਪੱਖਪਾਤੀ ਫੈਸਲੇ ਕਰਨ ਵਾਲੀਆ ਅਦਾਲਤਾਂ ਸਿੱਧੇ ਤੌਰ ਤੇ ਜਿ਼ੰਮੇਵਾਰ ਹੋਣਗੀਆ ।