ਲਾਰੈਂਸ-ਰਿੰਦਾ ਗਰੋਹ ਦੇ 11 ਮੈਂਬਰ ਫੜੇ

ਲਾਰੈਂਸ-ਰਿੰਦਾ ਗਰੋਹ ਦੇ 11 ਮੈਂਬਰ ਫੜੇ

*9 ਹਥਿਆਰ ਤੇ 5 ਵਾਹਨ ਬਰਾਮਦ 

*ਰਿੰਦਾ ਦੇ ਇਸ਼ਾਰੇ ’ਤੇ ਗੋਲਡੀ ਬਰਾੜ ਦਾ ਸਾਥੀ ਵਿਕਰਮ ਬਰਾੜ ਚਲਾ ਰਿਹਾ ਸੀ ਗਰੋਹ: ਏਡੀਜੀਪੀ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਪੰਜਾਬ ਪੁਲੀਸ ਵੱਲੋਂ ਸੂਬੇ ਵਿੱਚ ਗੈਂਗਸਟਰਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪੁਲੀਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਹਰਵਿੰਦਰ ਰਿੰਦਾ ਗਰੋਹ ਦੇ 11 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਗਰੋਹ ਦੇ ਮੈਂਬਰਾਂ ਤੋਂ 9 ਹਥਿਆਰ ਅਤੇ ਪੰਜ ਖੋਹੇ ਹੋਏ ਵਾਹਨ ਬਰਾਮਦ ਕੀਤੇ ਹਨ। ਇਸ ਗੱਲ ਦਾ ਖੁਲਾਸਾ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੇ ਏਡੀਜੀਪੀ ਪ੍ਰਮੋਦ ਬਾਨ ਨੇ  ਕੀਤਾ। ਸ੍ਰੀ ਬਾਨ ਨੇ ਦੱਸਿਆ ਕਿ ਇਹ ਕਾਰਵਾਈ ਜਲੰਧਰ ਦਿਹਾਤੀ ਪੁਲੀਸ ਨੇ ਕੀਤੀ ਹੈ।

ਮੁਲਜ਼ਮਾਂ ਦੀ ਪਛਾਣ ਮੁਹੰਮਦ ਯਾਸੀਨ ਅਖਤਰ ਉਰਫ ਜੈਸੀ ਪੁਰੇਵਾਲ, ਅੰਕੁਸ਼ ਸੱਭਰਵਾਲ, ਅਮਨਦੀਪ, ਸ਼ਿਵ ਕੁਮਾਰ ਤੇ ਵਿਸ਼ਾਲ ਵਾਸੀ ਜਲੰਧਰ, ਸਾਗਰ ਸਿੰਘ ਵਾਸੀ ਮੁਹਾਲੀ, ਅਮਰ ਮਲਿਕ ਵਾਸੀ ਲੁਧਿਆਣਾ, ਸੁਮਿਤ ਜਸਵਾਲ ਉਰਫ ਕਾਕੂ, ਅਰੁਣ ਕੁਮਾਰ ਵਾਸੀ ਊਨਾ (ਹਿਮਾਚਲ ਪ੍ਰਦੇਸ਼), ਅਨੂ ਵਾਸੀ ਕਪੂਰਥਲਾ ਵਜੋਂ ਹੋਈ। ਇਹ ਗਰੋਹ ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਸਰਗਰਮ ਸੀ, ਜਿਸ ਦੇ ਖ਼ਿਲਾਫ਼ ਕਤਲ, ਇਰਾਦਾ ਕਤਲ, ਡਕੈਤੀ, ਫਿਰੌਤੀ ਅਤੇ ਨਸ਼ਾ ਤਸਕਰੀ ਦੇ 65 ਕੇਸ ਦਰਜ ਹਨ।

ਏਡੀਜੀਪੀ ਨੇ ਕਿਹਾ ਕਿ ਗਰੋਹ ਨੂੰ ਹਰਵਿੰਦਰ ਸਿੰਘ ਰਿੰਦਾ ਦੇ ਇਸ਼ਾਰੇ ’ਤੇ ਗੋਲਡੀ ਬਰਾੜ ਦਾ ਸਾਥੀ ਵਿਕਰਮ ਬਰਾੜ ਚਲਾ ਰਿਹਾ ਸੀ। ਇਹ ਸਾਰੇ ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ। ਐੱਸਐੱਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਬਰਾੜ ਅਤੇ ਲਾਰੈਂਸ ਦਾ ਨੇੜਲਾ ਸਾਥੀ ਮੁਹੰਮਦ ਯਾਸੀਨ ਸਾਲ ਤੋਂ ਲਾਪਤਾ ਹੈ, ਜੋ 16 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ। ਅੰਕੁਸ਼ ਸਭਰਵਾਲ ਖ਼ਿਲਾਫ਼ ਛੇ ਕੇਸ ਦਰਜ ਹਨ, ਜੋ 2014 ਵਿੱਚ ਨਕੋਦਰ ਦੇ ਆਈਲੈਟਸ ਸੈਂਟਰ ਦਾ ਵਿਦਿਆਰਥੀ ਸੀ ਅਤੇ ਮਹਾਰਾਸ਼ਟਰ ਦੇ ਸੌਰਵ ਮਹਾਕਾਲ ਨੂੰ ਪਨਾਹ ਦਿੱਤੀ ਸੀ। ਇਸੇ ਤਰ੍ਹਾਂ ਗਰੋਹ ਦੇ ਹੋਰਨਾਂ ਮੈਂਬਰਾਂ ਖ਼ਿਲਾਫ਼ ਵੀ ਕਈ ਕੇਸ ਦਰਜ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਜਲੰਧਰ ਦਿਹਾਤੀ ਪੁਲੀਸ ਨੇ ਸੂਬੇ ਭਰ ਵਿੱਚ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨਾਲ ਸਬੰਧਤ 32 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 38 ਹਥਿਆਰ ਬਰਾਮਦ ਕੀਤੇ ਹਨ।