ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੀਆਂ ਦੋ ਤਰੀਕਾਂ ਨੂੰ ਲੈ ਕੇ ਵਖਰੇਵਾਂ ਬਰਕਰਾਰ

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੀਆਂ ਦੋ ਤਰੀਕਾਂ ਨੂੰ ਲੈ ਕੇ ਵਖਰੇਵਾਂ ਬਰਕਰਾਰ

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ 15 ਹਾੜ੍ਹ, ਸੰਮਤ 1896 ਬਿਕ੍ਰਮੀ (ਸੰਨ 1839) ਨੂੰ ਲਾਹੌਰ ਵਿਖੇ ਹੋਇਆ । ਲਗਾਤਾਰ 175 ਸਾਲ ਤੋਂ ਵਧੇਰੇ ਸਮੇਂ ਤੱਕ ਮਹਾਰਾਜਾ ਦੀ ਬਰਸੀ 27 ਜੂਨ ਨੂੰ ਮਨਾਏ ਜਾਣ ਦੇ ਬਾਅਦ ਹੁਣ ਪਿਛਲੇ ਕੁੱਝ ਵਰਿ੍ਹਆਂ ਤੋਂ ਭਾਰਤ-ਪਾਕਿਸਤਾਨ ਦੋਵੇਂ ਮੁਲਕਾਂ 'ਚ ਵੱਖ-ਵੱਖ ਜਥੇਬੰਦੀਆਂ ਵਲੋਂ ਮਹਾਰਾਜਾ ਦੀ ਬਰਸੀ 29 ਜੂਨ ਨੂੰ ਮਨਾਈ ਜਾ ਰਹੀ ਹੈ ।ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ  ਮਹਾਰਾਜਾ ਦੀ ਬਰਸੀ ਦੇ ਮੱਦੇਨਜ਼ਰ ਇਹ ਸੰਦੇਸ਼ ਜਾਰੀ ਕਰਕੇ ਕਿ 'ਅੱਜ ਦੇ ਦਿਨ ਸਿੱਖ ਰਾਜ ਦਾ ਸੂਰਜ ਡੁੱਬਾ ਸੀ ਜਦੋਂ ਸਰਕਾਰ-ਏ-ਖ਼ਾਲਸਾ ਮਹਾਰਾਜਾ ਰਣਜੀਤ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ (27 ਜੂਨ 1839)' ਆਪਣੀ ਤਰਫ਼ੋਂ ਸ਼ਰਧਾਂਜਲੀ ਭੇਟ ਕੀਤੀ, ਉੱਥੇ ਹੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਸਮੇਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਆਦਿ ਵਲੋਂ ਇਸ ਦਿਹਾੜੇ ਨੂੰ 29 ਜੂਨ ਵਜੋਂ ਮਾਨਤਾ ਦਿੱਤੀ ਗਈ ਹੈ ।ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੀਆਂ ਉਕਤ ਦੋ ਤਰੀਕਾਂ ਨੂੰ ਲੈ ਕੇ ਇਤਿਹਾਸ ਦੇ ਵਿਦਿਆਰਥੀਆਂ ਅਤੇ ਸਿੱਖ ਜਥੇਬੰਦੀਆਂ 'ਵਿਚ ਭੰਬਲਭੂਸਾ ਬਣਿਆ ਹੋਇਆ ਹੈ | ਇਸੇ ਤਰ੍ਹਾਂ ਮਹਾਰਾਜਾ ਦੇ ਜਨਮ ਦਿਹਾੜੇ ਨੂੰ ਲੈ ਕੇ ਵੀ ਲੰਬੇ ਸਮੇਂ ਤੋਂ ਵਿਦਵਾਨਾਂ ਤੇ ਲੇਖਕਾਂ ਵਿਚ ਇਹ ਬਹਿਸ ਬਣੀ ਹੋਈ ਹੈ ਕਿ ਸ਼ੇਰ-ਏ-ਪੰਜਾਬ ਦਾ ਜਨਮ 2 ਨਵੰਬਰ 1780 ਨੂੰ ਲਹਿੰਦੇ ਪੰਜਾਬ ਦੇ ਸ਼ਹਿਰ ਗੁੱਜਰਾਂਵਾਲਾ 'ਵਿਚ ਹੋਇਆ ਜਾਂ 13 ਨਵੰਬਰ 1776 ਨੂੰ ਭਾਰਤੀ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਡਰੁੱਖਾ ਵਿਚ । ਜਿਸ ਦੇ ਚਲਦਿਆਂ ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚ ਕੁੱਝ ਸੰਸਥਾਵਾਂ ਵਲੋਂ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ 2 ਨਵੰਬਰ ਨੂੰ ਅਤੇ ਪੰਜਾਬ ਸਰਕਾਰ ਸਮੇਤ ਵੱਡੀ ਗਿਣਤੀ ਵਿਚ ਸਭਾ-ਸੁਸਾਇਟੀਆਂ ਵਲੋਂ ਇਹ ਦਿਹਾੜਾ 13 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ।ਦੱਸਣਯੋਗ ਹੈ ਕਿ ਜ਼ਿਆਦਾਤਰ ਵਿਦਵਾਨ ਲੇਖਕਾਂ ਨੇ ਮਹਾਰਾਜਾ ਦੀ ਜਨਮ ਤਾਰੀਖ਼ 2 ਨਵੰਬਰ 1776 ਲਿਖੀ ਹੈ, ਜਦਕਿ ਕੁੱਝ ਲੇਖਕਾਂ ਦਾ ਮੰਨਣਾ ਹੈ ਕਿ ਮਹਾਰਾਜਾ ਦਾ ਜਨਮ ਰਾਜਾ ਜਿੰਦ ਸ: ਗਜਪਤ ਸਿੰਘ ਦੀ ਧੀ ਰਾਜ ਕੌਰ ਦੀ ਕੁੱਖੋਂ ਸ: ਮਹਾਂ ਸਿੰਘ ਸੁਕਰਚੱਕੀਆ ਦੇ ਘਰ ਗੁੱਜਰਾਂਵਾਲਾ ਵਿਚ ਦੂਜੀ ਸੰਗਰਾਂਦ ਤਰੀਕ ਵਦੀ ਸੰਮਤ 1837 'ਚ 19 ਘੜੀ ਵੇਲੇ 13 ਪਲ ਦਿਨ ਚੜ੍ਹੇ ਭਾਵ 13 ਨਵੰਬਰ 1780 ਨੂੰ ਹੋਇਆ ।