ਸੰਗਰੂਰ ਵਿਚ ਮਾਨ ਨੇ ਝਾੜੂ ਕੀਤਾ ਢੇਰ ,ਜਿਤ ਦੇ ਨਿਸ਼ਾਨ ਲਹਿਰਾਏ

ਸੰਗਰੂਰ ਵਿਚ ਮਾਨ ਨੇ ਝਾੜੂ ਕੀਤਾ ਢੇਰ ,ਜਿਤ ਦੇ ਨਿਸ਼ਾਨ ਲਹਿਰਾਏ

• ਫ਼ਸਵੇਂ ਮੁਕਾਬਲੇ ਵਿਚ ਗੁਰਮੇਲ ਸਿੰਘ ਘਰਾਚੋਂ ਨੂੰ 5822 ਵੋਟਾਂ ਨਾਲ ਹਰਾਇਆ

• ਕਾਂਗਰਸ, ਭਾਜਪਾ ਤੇ ਅਕਾਲੀ ਦਲ (ਬ) ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ

*ਆਪ' ਨੇ ਘੱਟ ਵੋਟਿੰਗ ਨੂੰ ਦੱਸਿਆ ਹਾਰ ਦਾ ਕਾਰਨ 

 ਅੰਮ੍ਰਿਤਸਰ ਟਾਈਮਜ਼  

 ਸੰਗਰੂਰ-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਨੇ ਵੱਡਾ ਉਲਟਫੇਰ ਕਰਦਿਆਂ ਜਿੱਤ ਹਾਸਲ ਕੀਤੀ ।ਉਨ੍ਹਾਂ 'ਆਪ' ਦੇ ਗੜ੍ਹ ਮੰਨੇ ਜਾਂਦੇ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਫਸਵੇਂ ਮੁਕਾਬਲੇ 'ਵਿਚ 5822 ਵੋਟਾਂ ਨਾਲ ਹਰਾਇਆ, ਜਦਕਿ ਕਾਂਗਰਸ, ਭਾਜਪਾ ਤੇ ਅਕਾਲੀ ਦਲ (ਬ) ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ । ਸਿਮਰਨਜੀਤ ਸਿੰਘ ਮਾਨ 2,53,154 ਵੋਟਾਂ ਹਾਸਲ ਕਰਕੇ ਪਹਿਲੇ ਸਥਾਨ 'ਤੇ ਰਹੇ, ਜਦਕਿ ਆਪ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ 2,47,332 ਵੋਟਾਂ ਨਾਲ ਦੂਸਰੇ, ਕਾਂਗਰਸ ਦੇ ਦਲਵੀਰ ਸਿੰਘ ਗੋਲਡੀ 79,668 ਵੋਟਾਂ ਨਾਲ ਤੀਸਰੇ, ਭਾਜਪਾ ਦੇ ਕੇਵਲ ਸਿੰਘ ਢਿੱਲੋਂ 66,298 ਨਾਲ ਚੌਥੇ ਤੇ ਅਕਾਲੀ ਦਲ (ਬ) ਦੀ ਬੀਬੀ ਕਮਲਦੀਪ ਕੌਰ ਰਾਜੋਆਣਾ 44,428 ਵੋਟਾਂ ਨਾਲ ਪੰਜਵੇਂ ਸਥਾਨ 'ਤੇ ਰਹੇ । ਇਨ੍ਹਾਂ ਤੋਂ ਇਲਾਵਾ 11 ਹੋਰ ਉਮੀਦਵਾਰ ਵੀ ਮੈਦਾਨ ਵਿਚ ਸਨ, ਜਿਨ੍ਹਾਂ ਵਿਚੋਂ ਸਭ ਤੋਂ ਵੱਧ 3023 ਵੋਟਾਂ ਆਜ਼ਾਦ ਉਮੀਦਵਾਰ ਕੁਲਵੀਰ ਸਿੰਘ ਨੂੰ ਪਈਆਂ । 

                        ਹੁਣ ਲੋਕ ਸਭਾ ਵਿਚ 'ਆਪ' ਦਾ ਕੋਈ ਮੈਂਬਰ ਨਹੀਂ

 ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਲੋਕ ਸਭਾ 'ਵਿਚ ਹੁਣ ਆਮ ਆਦਮੀ ਪਾਰਟੀ ਦਾ ਕੋਈ ਵੀ ਮੈਂਬਰ ਨਹੀਂ ਰਿਹਾ । ਦੱਸਣਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਚਾਰ ਲੋਕ ਸਭਾ ਹਲਕਿਆਂ ਤੋਂ ਜਿੱਤ ਪ੍ਰਾਪਤ ਕਰ ਕੇ ਸੰਗਰੂਰ ਤੋਂ ਭਗਵੰਤ ਮਾਨ, ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ, ਫ਼ਤਹਿਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖ਼ਾਲਸਾ ਤੇ ਫ਼ਰੀਦਕੋਟ ਤੋਂ ਪ੍ਰੋ: ਸਾਧੂ ਸਿੰਘ ਨੇ ਲੋਕ ਸਭਾ ਵਿਚ ਕਦਮ ਰੱਖਿਆ ਸੀ ਪਰ 2019 ਦੀਆਂ ਲੋਕ ਸਭਾ ਚੋਣਾਂ ਵਿਚ ਕੇਵਲ ਹਲਕਾ ਸੰਗਰੂਰ ਤੋਂ ਭਗਵੰਤ ਮਾਨ ਹੀ ਜਿੱਤ ਸਕੇ ਸਨ ।ਹੁਣ ਜ਼ਿਮਨੀ ਚੋਣ ਵਿਚ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹਾਰਨ ਨਾਲ ਆਮ ਆਦਮੀ ਪਾਰਟੀ ਲੋਕ ਸਭਾ ਵਿਚ ਮੈਂਬਰ ਤੋਂ ਹੀਣੀ ਹੋ ਗਈ ਹੈ ।

                              ਭਾਜਪਾ ਤੋਂ ਵੀ ਪਿੱਛੇ ਰਿਹਾ ਅਕਾਲੀ ਦਲ (ਬ)

ਨਤੀਜਿਆਂ ਨੇ ਰਾਜਨੀਤਕ ਹਲਕਿਆਂ ਵਿਚ ਕਾਫ਼ੀ ਹੈਰਾਨੀ ਪੈਦਾ ਕੀਤੀ ਹੈ । ਇਸ ਚੋਣ ਵਿਚ  ਅਕਾਲੀ ਦਲ (ਬ) ਨੂੰ ਵੀ ਵੋਟਰਾਂ ਵਲੋਂ ਵੱਡਾ ਝਟਕਾ ਦਿੱਤਾ ਗਿਆ ਹੈ ।ਇਸ ਚੋਣ ਵਿਚ  ਅਕਾਲੀ ਦਲ ਬਾਦਲ ਦੇ ਉਮੀਦਵਾਰ ਬੀਬੀ ਕਮਲਦੀਪ ਕੌਰ ਪੰਜਵੇਂ ਸਥਾਨ 'ਤੇ ਆਏ ਹਨ ਜਦਕਿ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਚੌਥਾ ਸਥਾਨ ਹਾਸਲ ਕੀਤਾ ਹੈ ।ਨਤੀਜਿਆਂ ਵਿਚ ਨੋਟਾ ਨੇ 9 ਉਮੀਦਵਾਰਾਂ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਹਨ |।ਨੋਟਾ ਨੂੰ 2471 ਵੋਟਾਂ ਮਿਲੀਆਂ, ਜੋ ਕੁੱਲ ਪੋਲ ਹੋਈਆਂ ਵੋਟਾਂ ਦਾ 0.35 ਫ਼ੀਸਦੀ ਹੈ । 

ਲੋਕਾਂ ਦਾ ਫ਼ਤਵਾ ਸਿਰ ਮੱਥੇ-ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿਚ ਹਾਰ ਤੋਂ ਬਾਅਦ ਟਵੀਟ ਕਰਕੇ ਲੋਕਾਂ ਦੇ ਫ਼ਤਵੇ ਨੂੰ ਮਨਜ਼ੂਰ ਕੀਤਾ ਹੈ, ਹਾਲਾਂਕਿ ਉਨ੍ਹਾਂ ਆਪਣੇ ਇਸ ਟਵੀਟ ਵਿਚ ਸ. ਸਿਮਰਨਜੀਤ ਸਿੰਘ ਮਾਨ ਨੂੰ ਉਨ੍ਹਾਂ ਦੀ ਜਿੱਤ ਲਈ ਵਧਾਈ ਨਹੀਂ ਦਿੱਤੀ ਹੈ ।

ਸੰਸਦ ਵਿਚ ਪੰਜਾਬੀਆਂ ਦੀ ਆਵਾਜ਼ ਬਣ ਕੇ ਗੂੰਜਾਂਗਾ-ਮਾਨ

ਸੰਗਰੂਰ-ਲੋਕ ਸਭਾ ਹਲਕਾ ਸੰਗਰੂਰ ਤੋਂ ਜ਼ਿਮਨੀ ਚੋਣ 'ਚ ਇਤਿਹਾਸਕ ਜਿੱਤ ਦਰਜ ਕਰਵਾਉਣ ਉਪਰੰਤ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਉਹ ਸੰਗਰੂਰ ਦੇ ਨਾਲ ਨਾਲ ਪੰਜਾਬ ਤੇ ਸਿੱਖ ਕੌਮ ਦੇ ਮੁੱਦੇ ਹੱਲ ਕਰਵਾਉਣ ਲਈ ਪੂਰੀ ਵਾਹ ਲਗਾ ਦੇਣਗੇ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਟਕ ਰਹੀਆਂ ਚੋਣਾਂ ਬਾਰੇ ਮਾਨ ਨੇ ਕਿਹਾ ਕਿ ਮੈਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸਮਝੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਪਿਛਲੇ ਸਮੇਂ ਤੋਂ ਯਤਨਸ਼ੀਲ ਰਿਹਾ ਹਾਂ ਅਤੇ ਹੁਣ ਵੀ ਮੇਰਾ ਇਹੀ ਏਜੰਡਾ ਰਹੇਗਾ ਕਿ ਇਹ ਚੋਣਾਂ ਕਰਵਾ ਕੇ ਸਿੱਖ ਆਪਣੀ ਮਿੰਨੀ ਪਾਰਲੀਮੈਂਟ ਦਾ ਕੰਮਕਾਜ ਸੁਚਾਰੂ ਢੰਗ ਨਾਲ ਚਲਾ ਸਕਣ ।

ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਖੋਲ੍ਹਣ ਸੰਬੰਧੀ ਮਾਨ ਨੇ ਕਿਹਾ ਕਿ  ਮੇਰੀ ਸੋਚ ਹੈ ਕਿ ਪਾਕਿਸਤਾਨ ਨਾਲ ਪੰਜਾਬ ਦੀ ਖੋਲ੍ਹੀ ਗਈ ਸਰਹੱਦ ਨਾਲ ਜਿੱਥੇ ਬਾਸਮਤੀ ਤੋਂ ਲੈ ਕੇ ਹੋਰ ਫ਼ਸਲਾਂ ਦਾ ਭਾਅ ਵਧੀਆ ਮਿਲੇਗਾ ਉੱਥੇ ਪੰਜਾਬ ਦੇ ਨੌਜਵਾਨਾਂ ਨੂੰ ਟਰਾਂਸਪੋਰਟ ਦਾ ਕਾਰੋਬਾਰ ਅਰਬ ਦੇਸ਼ਾਂ ਤੱਕ ਕਰਨ ਦਾ ਵਧੀਆ ਵਸੀਲਾ ਵੀ ਬਣੇਗਾ ।

 ਪੰਜਾਬ ਵਿਚ 'ਆਪ' ਸਰਕਾਰ ਦੇ ਤਿੰਨ ਮਹੀਨੇ ਦੇ ਕਾਰਜਕਾਲ 'ਤੇ ਟਿੱਪਣੀ ਕਰਦਿਆਂ ਮਾਨ ਨੇ ਕਿਹਾ ਕਿ  ਇਸ ਦਾ ਜਵਾਬ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਨੇ ਭਲੀਭਾਂਤ ਦੇ ਹੀ ਦਿੱਤਾ ਹੈ । ਮੇਰੇ ਖ਼ਿਲਾਫ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਲਈ ਉਤਰੇ ਹੋਏ ਸਨ ਪਰ ਮੈਨੂੰ ਹਰ ਵਰਗ ਚਾਹੇ ਉਹ ਹਿੰਦੂ, ਮੁਸਲਮਾਨ ਜਾਂ ਸਿੱਖ ਵੋਟਰ ਹੋਵੇ, ਨੇ ਭਰਵਾਂ ਸਮਰਥਨ ਦੇ ਕੇ ਵੱਡੀ ਜਿੱਤ ਦਿਵਾਈ ਹੈ ।

ਸੰਸਦ ਵਿਚ ਪੰਜਾਬੀਆਂ ਤੇ ਘੱਟਗਿਣਤੀਆਂ ਦੇ ਮੁੱਦੇ ਉਠਾਉਣ ਬਾਰੇ ਕਿਹਾ ਕਿ ਮੈਂ ਸੰਸਦ ਵਿਚ ਮੁਸਲਿਮ ਭਾਈਚਾਰੇ ਦੇ ਹੱਕਾਂ ਦੀ ਰਾਖੀ ਦੇ ਨਾਲ-ਨਾਲ ਕਸ਼ਮੀਰ ਵਿਚ ਭਾਰਤੀ ਫ਼ੌਜ ਵਲੋਂ ਮੁਸਲਿਮ ਵਰਗ 'ਤੇ ਹੋਏ ਅੱਤਿਆਚਾਰਾਂ ਖ਼ਿਲਾਫ਼ ਵੀ ਆਵਾਜ਼ ਉਠਾਵਾਂਗਾ ।ਇਸ ਤੋਂ ਇਲਾਵਾ ਮੈਂ ਸੰਗਰੂਰ ਲੋਕ ਸਭਾ ਹਲਕੇ ਦੇ ਸਰਬਪੱਖੀ ਵਿਕਾਸ ਕਰਨ ਲਈ ਹਰ ਸੰਭਵ ਯਤਨ ਵੀ ਕਰਾਂਗਾ ।ਮੇਰੀ ਸੋਚ ਹੈ ਕਿ ਹੁਣ ਸੰਗਰੂਰ ਲੋਕ ਸਭਾ ਹਲਕੇ ਦਾ ਕੋਈ ਵਰਗ ਕਿਸੇ ਵੀ ਜ਼ਿਆਦਤੀ ਦਾ ਸ਼ਿਕਾਰ ਨਹੀਂ ਬਣੇਗਾ |

ਮਾਨ ਨੂੰ  ਆਪ ,ਕਾਂਗਰਸ ,ਬਾਦਲ ਦਲ ਵਲੌਂ ਜਿਤ ਦੀਆਂ ਮੁਬਾਰਕਾਂ

'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦੀ ਵਧਾਈ ਦਿੱਤੀ ਤੇ ਕਿਹਾ ਕਿ 'ਆਪ' ਉਮੀਦਵਾਰ ਗੁਰਮੇਲ ਸਿੰਘ ਇਕ ਬਹੁਤ ਹੀ ਸਖ਼ਤ ਮੁਕਾਬਲੇ 'ਵਿਚ ਹਾਰੇ ਹਨ । ਕੰਗ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਚੋਣ 'ਵਿਚ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 2 ਫ਼ੀਸਦੀ ਘਟਿਆ ਹੈ ।ਇਸ ਵਾਰ ਆਮ ਆਦਮੀ ਪਾਰਟੀ ਨੂੰ 34.65 ਫ਼ੀਸਦੀ ਵੋਟਾਂ ਮਿਲੀਆਂ ।ਕੰਗ ਨੇ ਕਿਹਾ ਕਿ ਪਾਰਟੀ ਸੰਗਰੂਰ ਉਪ ਚੋਣ ਦੇ ਨਤੀਜੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ।ਅਸੀਂ ਇਸ ਦੀ ਸਮੀਖਿਆ ਕਰਾਂਗੇ । 'ਆਪ' ਆਗੂ ਨੇ ਜ਼ਿਮਨੀ ਚੋਣ ਵਿਚ ਘੱਟ ਵੋਟਿੰਗ ਨੂੰ ਹਾਰ ਦਾ ਵੱਡਾ ਕਾਰਨ ਦੱਸਿਆ ।

ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ  ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਜਿੱਤਣ 'ਤੇ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਪਾਰਟੀ ਵਲੋਂ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ।ਸ਼ੋ੍ਮਣੀ ਅਕਾਲੀ ਦਲ (ਬ) ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਪੇ੍ਮ ਸਿੰਘ ਚੰਦੂਮਾਜਰਾ ਸਿਮਰਨਜੀਤ ਸਿੰਘ ਮਾਨ ਨੂੰ ਜਿਤ ਦੀ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਦੀ ਜ਼ਿਮਨੀ ਚੋਣ ਵਿਚ ਹੋਈ ਹਾਰ ਦੇ ਕਾਰਨਾਂ ਬਾਰੇ ਮੰਥਨ ਕੀਤਾ ਜਾਵੇਗਾ । ਸੰਗਰੂਰ ਜ਼ਿਮਨੀ ਚੋਣ ਜਿੱਤਣ 'ਤੇ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਸਦ 'ਚ ਸਿੱਖ ਮਸਲੇ ਉਠਾਉਣ ਦੀ ਆਸ ਪ੍ਰਗਟ ਕੀਤੀ ਹੈ | 

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੀ ਹਾਰ ਸਰਕਾਰ ਵਿਰੁੱਧ ਫ਼ਤਵਾ ਹੈ, ਜੋ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ । ਉਨ੍ਹਾਂ ਲੋਕਾਂ ਦੇ ਫ਼ੈਸਲੇ ਨੂੰ ਸਵੀਕਾਰ ਕਰਦਿਆਂ ਸਿਮਰਨਜੀਤੱ ਸਿੰਘ ਮਾਨ ਨੂੰ ਜਿੱਤ ਦੀ ਵਧਾਈ ਦਿੱਤੀ ।ਉਨ੍ਹਾਂ ਨੂੰ ਉਮੀਦ ਹੈ ਕਿ ਇਹ ਭਗਵੰਤ ਮਾਨ ਲਈ ਇਕ ਸਬਕ ਹੋਵੇਗਾ, ਜਿਨ੍ਹਾਂ ਨੇ ਕੇਜਰੀਵਾਲ ਨੂੰ ਆਪਣੇ ਅਧਿਕਾਰ ਸੌਂਪ ਦਿੱਤੇ ਹਨ ਅਤੇ ਹਮੇਸ਼ਾ ਉਨ੍ਹਾਂ ਦੇ ਇਸ਼ਾਰਿਆਂ 'ਤੇ ਚੱਲਦੇ ਹਨ ।

ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਚੋਣ ਦੌਰਾਨ ਪਾਰਟੀ ਨੇ ਆਪਣਾ ਆਧਾਰ ਮਜ਼ਬੂਤ ਕੀਤਾ ਹੈ ਅਤੇ ਇਹ ਚੋਣ ਪਾਰਟੀ ਲਈ 2024 ਤੇ 2027 ਦੀਆਂ ਚੋਣਾਂ ਲਈ ਤਿਆਰੀ ਵਜੋਂ ਹੋ ਨਿਬੜੀ ਹੈ ।

  ਸ਼ੋ੍ਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਚੋਣ ਜਿੱਤਣ 'ਤੇ ਸਿਮਰਨਜੀਤ ਸਿੰਘ ਮਾਨ ਨੂੰ ਮੁਬਾਰਕਾਂ ਦਿੱਤੀਆਂ ਤੇ ਕਿਹਾ ਕਿ ਇਹ ਜਿੱਤ ਆਪ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਪਾਸੇ ਕਰਨ ਤੇ ਕਾਨੂੰਨ ਵਿਵਸਥਾ ਵਿਗੜਣ ਕਾਰਨ ਲੋਕਾਂ ਦੀ ਨਿਰਾਸ਼ਾ ਦਾ ਨਤੀਜਾ ਹੈ ।ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਿਮਰਨਜੀਤ ਸਿੰਘ ਮਾਨ ਲੋਕ ਸਭਾ 'ਚ ਪੰਥ ਤੇ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਬੇਬਾਕੀ ਨਾਲ ਉਠਾਉਣਗੇ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਵਿਚਾਰਧਾਰਾ ਨੂੰ ਨੁਕਸਾਨ ਪਹੁੰਚਾਉਣ ਤੇ ਕਮਜ਼ੋਰ ਕਰਨ ਲਈ ਜ਼ਿੰਮੇਵਾਰ ਬਾਦਲ ਪਰਿਵਾਰ ਦਾ ਸਿਆਸੀ ਸਫ਼ਾਇਆ ਕਰਕੇ ਲੋਕਾਂ ਨੇ ਵਿਖਾ ਦਿੱਤਾ ਹੈ।