ਸਿੱਖਾਂ ਦੀ ਨਸਲ ਅਤੇ ਫਸਲ ਬਚਾਉਣ ਲਈ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ ਜਾਏ : ਭਾਈ ਜਗਤਾਰ ਸਿੰਘ ਤਾਰਾ

ਸਿੱਖਾਂ ਦੀ ਨਸਲ ਅਤੇ ਫਸਲ ਬਚਾਉਣ ਲਈ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ ਜਾਏ : ਭਾਈ ਜਗਤਾਰ ਸਿੰਘ ਤਾਰਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 13 ਜੂਨ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਦੇ ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਤੇ ਬੁੜੈਲ ਜੇਲ੍ਹ ਅਨੰਦ ਬੰਦ ਭਾਈ ਜਗਤਾਰ ਸਿੰਘ ਤਾਰਾ ਨੇ ਆਪਣੇ ਵਕੀਲ ਸਿਮਰਨਜੀਤ ਸਿੰਘ ਰਾਹੀਂ ਕੌਮ ਨੂੰ ਭੇਜੇ ਸੁਨੇਹੇ ਵਿਚ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਚੋਣ ਅੰਦਰ ਭਾਰੀ ਵੋਟਾਂ ਨਾਲ ਜਿੱਤਾਉਣ ਲਈ ਲੋਕਾਂ ਨੂੰ ਉਨ੍ਹਾਂ ਦੇ ਹਕ਼ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ । ਉਨ੍ਹਾਂ ਕਿਹਾ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਜਾਗਦੀ ਜ਼ਮੀਰ ਵਾਲੇ ਅਣਖੀ ਵੋਟਰੋ ਤੇ ਸਪੋਰਟਰੋ  ਤੁਹਾਡੇ ਲੋਕ ਸਭਾ ਹਲਕੇ ਦੀ ਹੋ ਰਹੀ ਜ਼ਿਮਨੀ ਚੋਣ ਤੇ ਪੂਰੀ ਦੁਨੀਆ ਦੀ ਅੱਖ ਹੈ । ਲੋਕਤੰਤਰੀ ਢਾਂਚੇ ਵਿੱਚ ਵੋਟਾਂ ਰਾਹੀਂ ਰਾਜਨੀਤਕ ਤਾਕਤ ਲੈ ਕੇ ਕਿਸੇ ਵੀ ਖਿੱਤੇ ਦੇ ਆਗੂ ਆਪਣੀ ਸਟੇਟ ਤੇ ਕੌਮ ਦੀ ਦਿਸ਼ਾ ਤੇ ਦਸ਼ਾ ਤੈਅ ਕਰਦੇ ਹਨ । ਆਜ਼ਾਦੀ ਦੇ  75 ਸਾਲ ਦੇ ਦਰਮਿਆਨ ਪੰਜਾਬ ਦੇ ਰਾਜਨੀਤਿਕ ਆਗੂਆਂ ਨੇ ਕਦੇ ਵੀ ਪੰਜਾਬ ਦੇ ਹਿੱਤਾਂ ਤੇ ਮੁੱਦਿਆਂ ਦੀ ਗੱਲ ਲੋਕ ਸਭਾ ਵਿਚ ਨਹੀਂ ਕੀਤੀ  । ਕੇਵਲ ਸਰਦਾਰ ਕਪੂਰ ਸਿੰਘ ਆਈ ਏ ਐਸ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਅਜਿਹੇ ਲੋਕ ਸਭਾ ਮੈਂਬਰ ਹੋਏ ਹਨ ਜਿਹਨਾਂ ਨੇ ਹਿੰਦੋਸਤਾਨ ਦੀ ਪਾਰਲੀਮੈਂਟ ਪੰਜਾਬ ਦੇ ਹਰ ਮਸਲੇ ਦੀ ਗੱਲ ਤਰਕ ਤੇ ਦਲੀਲ ਨਾਲ ਕੀਤੀ ਹੈ  । ਕੇਂਦਰ ਸਰਕਾਰ ਦੇ ਦਬਾਅ ਹੇਠ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਪੰਜਾਬ ਤੇ ਸਿੱਖ ਕੌਮ ਦੇ ਗੰਭੀਰ ਮੁੱਦਿਆਂ ਨੂੰ ਛੱਡ ਕੇ ਕੇਂਦਰ ਸਰਕਾਰ ਦੀ ਬੋਲੀ ਬੋਲ ਰਹੀਆਂ ਹਨ । ਅੱਜ ਆਰ ਐਸ ਐਸ ਵੱਲੋਂ ਪੂਰੇ ਹਿੰਦੋਸਤਾਨ ਵਿਚ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਖਤਮ ਕਰਕੇ ਹਿੰਦੂ ਪੱਖੀ ਰਾਜਨੀਤਕ ਪਾਰਟੀਆਂ ਦਾ ਉਭਾਰ ਕੀਤਾ ਜਾ ਰਿਹਾ ਹੈ ਤਾਂ ਜੋ ਘੱਟ ਗਿਣਤੀ ਸਿੱਖਾਂ ਮੁਸਲਮਾਨਾਂ ਦਲਿਤਾਂ ਤੇ ਈਸਾਈਆਂ ਨੂੰ ਹਿੰਦੂਤਵ ਵਿੱਚ ਜਜਬ ਕੀਤਾ ਜਾ ਸਕੇ  । ਅੱਜ ਹਿੰਦੋਸਤਾਨ ਦੀ ਪਾਰਲੀਮੈਂਟ ਵਿਚ ਕੋਈ ਇਸਾਈ, ਮੁਸਲਮਾਨ, ਸਿੱਖ ਤੇ ਦਲਿਤ ਆਗੂ ਆਪਣੀ ਕੌਮਾਂ ਦੀ ਹੋਂਦ ਨੂੰ ਬਚਾਉਣ ਲਈ ਆਵਾਜ਼ ਉਠਾਉਣ ਦੀ ਜੁਰਅਤ ਨਹੀਂ ਕਰ ਰਿਹਾ । ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਵਿੱਚ ਪੰਜਾਬ ਤੇ ਸਿੱਖਾਂ ਤੇ ਘੱਟ ਗਿਣਤੀਆਂ ਦੇ ਹੋ ਰਹੇ ਜ਼ੁਲਮਾਂ ਖ਼ਿਲਾਫ਼ ਆਵਾਜ਼ ਉਠਾਈ ਹੈ ਜਿਸ ਕਰਕੇ ਉਨ੍ਹਾਂ ਨੂੰ ਮੁੜ ਲੋਕ ਸਭਾ ਵਿੱਚ ਭੇਜਣਾ ਆਪਣੇ ਸਾਰਿਆਂ ਦਾ ਫਰਜ਼ ਬਣਦਾ ਹੈ ਤਾਂ ਜੋ ਪੰਜਾਬ ਦੀ ਨਸਲ ਤੇ ਫਸਲ ਨੂੰ ਬਚਾਇਆ ਜਾ ਸਕੇ । ਇਸ ਲਈ ਜਰੂਰੀ ਹੈ ਕਿ ਇਸ ਵਾਰ ਸੰਗਰੂਰ ਹਲਕੇ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਭਾਰੀ ਗਿਣਤੀ ਵਿਚ ਵੋਟਾਂ ਨਾਲ ਜਿੱਤਾ ਕੇ ਲੋਕ ਸਭਾ ਵਿਚ ਭੇਜਿਆ ਜਾਏ ।