ਆਪ ਪਾਰਟੀ ਦੀਆਂ ਨਜਰਾਂ ਸ਼੍ਰੋਮਣੀ ਕਮੇਟੀ  ਉਪਰ

ਆਪ ਪਾਰਟੀ ਦੀਆਂ ਨਜਰਾਂ ਸ਼੍ਰੋਮਣੀ ਕਮੇਟੀ  ਉਪਰ

 *ਸੰਧਵਾ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਨੂੰ ਬੇਈਮਾਨਾਂ ਤੋਂ ਅਜ਼ਾਦ ਕਰਵਾਉ   

ਅੰਮ੍ਰਿਤਸਰ ਟਾਈਮਜ਼

ਭਾਦਸੋਂ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭਾਦਸੋਂ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ  ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇਕ ਮਾਣਮੱਤੀ ਸੰਸਥਾ ਹੈ ਪਰ ਪਿਛਲੇ ਸਮੇਂ ਦੌਰਾਨ ਇਸ ਸੰਸਥਾ ਵਿਚ ਵੱਡੀਆਂ ਕਮੀਆਂ ਸਾਹਮਣੇ ਆਈਆਂ ਹਨ, ਇਸ ਲਈ ਇਸ ਸੰਸਥਾ ਦਾ ਪ੍ਰਬੰਧ ਅਜਿਹੇ ਗੁਰਸਿੱਖਾਂ ਦੇ ਹੱਥ ਹੋਣਾ ਚਾਹੀਦਾ ਹੈ, ਜਿਹੜੇ ਕਿਸੇ ਸ਼ਖ਼ਸ ਦਾ ਹੁਕਮ ਨਾ ਮੰਨ ਕੇ ਸਗੋਂ ਸਿਰਫ਼ ਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੀ ਮੰਨਣ। ਸੰਧਵਾਂ ਨੇ ਇਹ ਚੋਣਾਂ ਤੁਰੰਤ ਕਰਵਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਪੰਜਾਬ ਦੀ ਰਾਜਸੱਤਾ ਦੀ ਤਬਦੀਲੀ ਹੋ ਗਈ ਹੈ ਅਤੇ ਹੁਣ ਸ਼੍ਰੋਮਣੀ  ਕਮੇਟੀ ਵਿਚ ਵੀ ਬਦਲਾਅ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ. ਦੀ ਵੱਡੀ ਸੇਵਾ ਗੁਰੂਘਰਾਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਕਰਨਾ ਹੈ ਪਰ ਪਿਛਲੇ ਸਮੇਂ ਵਿਚ ਇਹ ਪ੍ਰਬੰਧ ਕਮਜ਼ੋਰ ਕਰਨ ਦੇ ਨਾਲ-ਨਾਲ ਸਾਡੀਆਂ ਰਹੁ-ਰੀਤਾਂ ਦੀ ਫ਼ਰਜ਼ਸਨਾਸੀ ਕਰਨ ਵਿਚ ਵੀ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਪਿੱਛੇ ਰਹੀ ਹੈ।ਸਪੀਕਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਚੋਰੀ, ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਦੇ ਟਰੱਸਟ ਬਣਾ ਕੇ ਨਿੱਜੀ ਹੱਥਾਂ ਵਿਚ ਦੇਣੀਆਂ, ਸ਼੍ਰੋਮਣੀ ਕਮੇਟੀ ਵੱਲੋਂ ਕਿਤਾਬ ਛਪਵਾ ਕੇ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਕੁਫ਼ਰ ਤੋਲਣਾ, ਇਹ ਸਭ ਕਰਨ ਵਾਲੇ ਲੋਕ ਕੌਣ ਹਨ ਅਤੇ ਹੁਣ ਉਨ੍ਹਾਂ ਨੂੰ ਬਾਹਰ ਕੱਢਣਾ ਪਵੇਗਾ, ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਸ਼੍ਰੋਮਣੀ  ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ, ਜਿਸ ਸਬੰਧੀ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਨੂੰ ਕਮਰ ਕੱਸ ਲੈਣੀ ਚਾਹੀਦੀ ਹੈ। ਸੰਧਵਾ ਦੇ ਇਸ ਬਿਆਨ ਤੋਂ ਇਸ਼ਾਰਾ ਮਿਲਦਾ ਕੇਜਰੀਵਾਲ ਦਾ ਨਿਸ਼ਾਨਾ ਸ੍ਰੋਮਣੀ ਕਮੇਟੀ ਉਪਰ ਕਬਜਾ ਕਰਨਾ ਹੈ।