ਪਟਿਆਲਾ ਜੇਲ੍ਹ ਵਿਚੋਂ ਰਿਹਾਅ ਹੋਏ ਸੁਖਪਾਲ ਖਹਿਰਾ

ਪਟਿਆਲਾ ਜੇਲ੍ਹ ਵਿਚੋਂ ਰਿਹਾਅ ਹੋਏ ਸੁਖਪਾਲ ਖਹਿਰਾ

ਅੰਮ੍ਰਿਤਸਰ ਟਾਈਮਜ਼

ਪਟਿਆਲਾਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੁਹਾਲੀ ਵਿਖੇ ਮਨੀ ਲਾਂਡਰਿੰਗ ਐਕਟ ਤਹਿਤ ਦਰਜ ਕੀਤੇ ਕੇਸ ਅਧੀਨ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ ਤਹਿਤ ਬੀਤੇ ਦਿਨੀਂ ਰਿਹਾਅ ਕਰ ਦਿੱਤਾ ਗਿਆ। ਉਹ ਇੱਥੇ ਅਠਾਰਾਂ ਨਵੰਬਰ ਤੋਂ ਬੰਦ ਸਨ। ਪਿਛਲੀ ਵਾਰ  ਸੁਖਪਾਲ ਸਿੰਘ ਖਹਿਰਾ ਭੁਲੱਥ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਸਨ ਪਰ ਕੁਝ ਮਹੀਨੇ ਪਹਿਲਾਂ ਉਹ ਕਾਂਗਰਸ ਵਿਚ ਪਰਤ ਆਏ ਸਨ, ਜਿਸ ਤਹਿਤ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਭੁਲੱਥ ਹਲਕੇ ਤੋਂ ਐਤਕੀਂ ਫੇਰ ਉਮੀਦਵਾਰ ਐਲਾਨਿਆ ਹੈ।  ਖਹਿਰਾ ਵੱਲੋਂ ਜੇਲ੍ਹ ਵਿੱਚ ਹੋਣ ਦੇ ਮੱਦੇਨਜ਼ਰ ਪਿਛਲੇ ਦਿਨੀਂ ਆਪਣੇ ਨਾਮਜ਼ਦਗੀ ਫਾਰਮ ਭਰਨ ਦੀ ਇਜਾਜ਼ਤ ਮੰਗੀ ਗਈ ਸੀ। ਪੱਤਰਕਾਰਾਂ ਨਾਲ ਹੋਈ ਸੰਖੇਪ ਗੱਲਬਾਤ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਕੇਸ ਵਿੱਚ ਉਨ੍ਹਾਂ ਨੂੰ ਝੂਠਾ ਫਸਾਇਆ ਗਿਆ ਹੈ ਤੇ ਸੱਚਾਈ ਦੀ ਜਿੱਤ ਹੋਵੇਗੀ। ਉਨ੍ਹਾਂ ਇਹ ਵੀ ਆਸ ਜਤਾਈ ਕਿ ਭੁਲੱਥ ਹਲਕੇ ਦੇ ਲੋਕ ਐਤਕੀਂ ਵੀ ਉਨ੍ਹਾਂ ਦੇ ਹੱਕ ਵਿੱਚ ਫ਼ਤਵਾ ਦੇ ਕੇ ਵਿਰੋਧੀ ਸ਼ਕਤੀਆਂ ਦੇ ਦੰਦ ਖੱਟੇ ਕਰਨਗੇ।