ਪ੍ਰਵਾਸ ਪੰਜਾਬ ਲਈ  ਬਣਿਆ  ਨੁਕਸਾਨਦਾਇਕ       

ਪ੍ਰਵਾਸ ਪੰਜਾਬ ਲਈ  ਬਣਿਆ  ਨੁਕਸਾਨਦਾਇਕ       

*ਜਵਾਨੀ ਹੀ ਨਹੀਂ 28 ਹਜ਼ਾਰ ਕਰੋੜ ਵੀ ਜਾ ਰਿਹਾ ਵਿਦੇਸ਼ਾਂ ਵਿਚ

*ਸੂਬੇ ਦੇ 75 ਪ੍ਰਤੀਸ਼ਤ ਮਾਪੇ ਆਪਣੇ ਬੱਚੇ ਵਿਦੇਸ਼ ਵਿਚ  ਕਰਨਾ ਚਾਹੁੰਦੇ ਨੇ ਸੈਟਲ

*ਹਰ ਸਾਲ ਫੀਸਾਂ ਦੇ ਰੂਪ ਵਿਚ 28000 ਕਰੋਡ਼ ਰੁਪਏ ਤੋਂ ਵੱਧ ਵਿਦੇਸ਼ੀ ਸੰਸਥਾਵਾਂ ਨੂੰ ਅਦਾ ਕਰ ਰਹੇ ਨੇ ਪੰਜਾਬੀ

ਅੰਮ੍ਰਿਤਸਰ ਟਾਈਮਜ਼ 

 ਫ਼ਤਹਿਗੜ ਸਾਹਿਬ : ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਵਿਚ ਵਿਦੇਸ਼ ਜਾਣ ਦੀ ਹੋਡ਼ ਲੱਗੀ ਹੋਈ ਹੈ। ਇਸ ਪ੍ਰਵਾਸ ਵਿਚ ਪੰਜਾਬ ਦੀ ਜਵਾਨੀ ਹੀ ਨਹੀਂ ਉੱਜੜ ਰਹੀ ਸਗੋਂ ਸਰਮਾਇਆ ਵੀ ਹੜ੍ਹ ਰਿਹਾ ਹੈ। ਇਕ ਸਰਵੇਖਣ ਮੁਤਾਬਕ ਹਰ ਸਾਲ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਨਾਂ ਤੇ 48 ਹਜ਼ਾਰ ਦੇ ਕਰੀਬ ਬੱਚੇ ਵਿਦੇਸ਼ ਜਾਣ ਵਿਚ ਕਾਮਯਾਬ ਹੁੰਦੇ ਹਨ ਜਿਹੜੇ ਫੀਸਾਂ ਦੇ ਰੂਪ ਵਿਚ 28000 ਕਰੋੜ ਰੁਪਏ ਤੋਂ ਉੱਪਰ ਵਿਦੇਸ਼ੀ ਸਿੱਖਿਆ ਸੰਸਥਾਵਾਂ ਨੂੰ ਅਦਾ ਕਰ ਰਹੇ ਹਨ ਜੋ ਕਿ ਪੰਜਾਬ ਸਰਕਾਰ ਦੇ ਕੁੱਲ ਬਜਟ (2019-20) ਦਾ 19 ਫੀਸਦੀ ਬਣਦਾ ਹੈ।ਅਜੋਕੇ ਸਮੇਂ ਚ ਬਿਹਤਰ ਜੀਵਨ ਸ਼ੈਲੀ ਵਿਦਿਆਰਥੀ ਲਈ ਖਿੱਚ ਦਾ ਮੁੱਖ ਕਾਰਨ ਹੈ। ਵਿਦੇਸ਼ ਵਿਚ ਸੈਟਲ ਹੋਣ ਦੀ ਇਸ ਖਿੱਚ ਕਾਰਨ ਆਈਲੈੱਟਸ ਸੈਂਟਰ ਵੱਡੇ ਸ਼ਹਿਰਾਂ ਤੋਂ ਸ਼ੁਰੂ ਹੋ ਕੇ ਪਿੰਡਾਂ ਤਕ ਪਹੁੰਚ ਗਏ ਹਨ ਤੇ ਇਨ੍ਹਾਂ ਸੈਂਟਰਾਂ ਦੇ ਇਸ਼ਤਿਹਾਰ ਪ੍ਰਾਈਮ ਲੋਕੇਸ਼ਨਾਂ ਤੇ ਲੱਗੇ ਵੱਡੇ ਹੋਰਡਿੰਗਾਂ ਤੋਂ ਪਿੰਡਾਂ ਦੇ ਟਿਊਬਵੈੱਲਾਂ ਦੀਆਂ ਕੰਧਾਂ ਤਕ ਨਜ਼ਰ ਆਉਂਦੇ ਹਨ। ਓਵਰਸੀਜ਼ ਮਾਈਗ੍ਰੇਸ਼ਨ ਆਫ ਸਟੂਡੈਂਟਸ ਫਰੌਮ ਪੰਜਾਬ ਰਿਸਰਚ ਰਿਪੋਰਟ ਵਿਚ ਦੋਆਬਾ ਤੇ ਮਾਲਵਾ ਦੇ 100 ਟਰੈਵਲ ਏਜੈਂਟਸ, 150 ਆਈਲੈੱਟਸ ਸੈਂਟਰ ਤੇ ਕੁਝ ਬੈਂਕ ਅਧਿਕਾਰੀਆਂ ਰਾਹੀਂ ਕੀਤੀ ਪੜਤਾਲ ਤੋਂ ਪਤਾ ਚੱਲਿਆ ਕਿ ਸੂਬੇ ਦੇ 75 ਪ੍ਰਤੀਸ਼ਤ ਮਾਪੇ ਆਪਣੇ ਬੱਚੇ ਵਿਦੇਸ਼ ਵਿਚ ਸੈਟਲ ਕਰਨਾ ਚਾਹੁੰਦੇ ਹਨ ਅਤੇ 80 ਪ੍ਰਤੀਸਤ ਬੱਚੇ ਵੀ ਇਹੋ ਚਾਹੁੰਦੇ ਹਨ। ਸੂਬੇ ਦੇ 3.5 ਲੱਖ ਵਿਦਿਆਰਥੀ ਹਰ ਸਾਲ ਆਈਲੈੱਟਸ ਦੀ ਪ੍ਰੀਖਿਆ ਦਿੰਦੇ ਹਨ ਜਿਸ ਤੇ ਲਗਪਗ 500 ਕਰੋਡ਼ ਰੁਪਏ ਖਰਚ ਹੋ ਰਹੇ ਹਨ। ਵਿਦੇਸ਼ ਜਾਣ ਦੀ ਕੋਸ਼ਿਸ਼ ਚ ਲੱਗੇ ਇਨ੍ਹਾਂ ਨੌਜਵਾਨਾਂ ਚੋਂ ਕਰੀਬ 48 ਹਜ਼ਾਰ ਹੀ ਵਿਦੇਸ਼ ਜਾਣ ਵਿਚ ਕਾਮਯਾਬ ਹੁੰਦੇ ਹਨ ਜਿਹੜੇ ਹਰ ਸਾਲ ਫੀਸਾਂ ਦੇ ਰੂਪ ਵਿਚ 28000 ਕਰੋੜ ਰੁਪਏ ਤੋਂ ਵੱਧ ਵਿਦੇਸ਼ੀ ਸੰਸਥਾਵਾਂ ਨੂੰ ਅਦਾ ਕਰ ਰਹੇ ਹਨ। ਹਰ ਬੱਚਾ ਦੋ ਜਾਂ ਤਿੰਨ ਸਾਲ ਦੇ ਕੋਰਸ ਚ ਦਾਖਲਾ ਲੈਂਦਾ ਹੈ ਅਤੇ ਪ੍ਰਤੀ ਸਾਲ ਫੀਸ ਸਮੇਤ 15 ਤੋਂ 22 ਲੱਖ ਰੁਪਏ ਖਰਚ ਆਉਂਦਾ ਹੈ। ਸੂਬੇ ਲਈ ਪ੍ਰਵਾਸ ਇਕ ਬਹੁਤ ਵੱਡੀ ਸਮੱਸਿਆ ਬਣਨ ਜਾ ਰਿਹਾ ਹੈ ਕਿਉਂਕਿ ਇਸ ਨਾਲ ਸਿਰਫ ਪੰਜਾਬ ਸਰਕਾਰ ਦੇ ਕੁੱਲ ਬਜਟ ਦਾ 19 ਫੀਸਦੀ (ਸਾਲ 2019-20 ਲਈ 1,58,493 ਕਰੋੜ) ਹੀ ਬਾਹਰ ਨਹੀਂ ਜਾ ਰਿਹਾ ਸਗੋਂ ਸੂਬੇ ਦੀ ਜਵਾਨੀ ਅਤੇ ਕਮਾਊ ਪੁੱਤ ਵੀ ਆਪਣੀ ਜਨਮ ਭੂਮੀ ਨੂੰ ਅਲਵਿਦਾ ਕਹਿ ਰਹੇ ਹਨ।

ਬਾਬਾ ਸਰਬਜੋਤ ਸਿੰਘ ਬੇਦੀ ਆਖਦੇ ਹਨ ਕਿ ਇਹ  ਸੱਚਾਈ ਹੈ ਕਿ ਨੌਜਵਾਨ ਪੰਜਾਬ ਦਾ ਮੁੱਖ ਸਰਮਾਇਆ  ਹਨ ਪ੍ਰੰਤੂ ਇਸ ਪ੍ਰਵਾਸ ਤੋਂ ਜਾਪਦਾ ਹੈ ਕਿ ਪੰਜਾਬ ਜਲਦ ਹੀ ਬੁੱਢਿਆਂ ਦਾ ਸੂਬਾ ਬਣ ਜਾਵੇਗਾ ਅਤੇ ਸੀਨੀਅਰ ਸਿਟੀਜ਼ਨਾਂ ਦੇ ਇਸ ਰਾਜ ਵਿਚ ਖਪਤ ਤੇ ਲਾਗਤ ਦੇ ਵਸੀਲੇ ਇਸ ਕਦਰ ਸਿਮਟ ਜਾਣਗੇ ਕਿ ਨਿੱਕੇ-ਨਿੱਕੇ ਕਾਰੋਬਾਰਾਂ ਤੋਂ ਲੈ ਕੇ ਵੱਡੇ ਕਾਰੋਬਾਰ ਵੀ ਬਾਜ਼ਾਰ ਵਿਚ ਮੰਗ ਨਾ ਰਹਿਣ ਕਾਰਨ ਮੰਦੇ ਦੀ ਲਪੇਟ ਵਿਚ ਆ ਜਾਣਗੇ ਜੋ ਪੰਜਾਬ ਲਈ ਬਹੁਤ ਵੱਡੀ ਆਰਥਿਕ ਮਾਰ ਹੋਵੇਗੀ ਅਤੇ ਇਸ ਨਾਲ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਪ੍ਰੰਪਰਾਵਾਂ ਤੇ ਪ੍ਰਸਥਿਤੀਆਂ ਵਿਚ ਵੀ ਨਿਘਾਰ ਆਵੇਗਾ। ਇਸ ਦੇ ਜਿੰਮੇਵਾਰ ਪੰਜਾਬ ਦੀ ਬੇਲਗਾਮ ਰਾਜਨੀਤੀ ਹੈ ਜੋ ਪੰਜਾਬ ਦੇ ਭਵਿੱਖ ਲਈ ਘਾਤਕ ਹੈ ਤੇ ਇਹ ਕਾਰੋਬਾਰ ਬਣ ਚੁਕੀ ਹੈ।ਬਲਵੀਰ ਸਿੰਘ ਰਾਜੇਵਾਲ, ਕਿਸਾਨ ਆਗੂ ਆਖਦੇ ਹਨ ਕਿ ਇਹ ਪ੍ਰਵਾਸ ਨਹੀਂ ਨਸਲਕੁਸ਼ੀ ਹੈ ਕਿਉਂਕਿ ਰਾਜਸੀ ਲੋਕਾਂ ਨੇ ਸਥਿਤੀ ਇਹ ਬਣਾ ਦਿੱਤੀ ਕਿ ਕਾਬਲ ਬੱਚਿਆਂ ਨੂੰ ਪੰਜਾਬ ਵਿਚ ਆਪਣਾ ਭਵਿੱਖ ਧੁੰਦਲਾ ਦਿਸਣ ਲੱਗ ਪਿਆ ਹੈ ਜਿਸ ਕਾਰਨ ਉਹ ਬਾਹਰ ਜਾ ਰਹੇ ਹਨ । ਪ੍ਰਵਾਸ ਕਰ ਰਹੇ ਬੱਚਿਆਂ ਦੀ ਅਗਲੀ ਪੀਡ਼੍ਹੀ ਨੂੰ ਪਹਿਲਾਂ ਪੰਜਾਬੀ ਦੇ ਅੱਖਰ ਭੁੱਲ ਜਾਣਗੇ ਤੇ ਫਿਰ ਪੰਜਾਬੀ ਵਿਰਸਾ, ਜਿਸ ਕਾਰਨ ਦੂਜੀ ਪੀੜ੍ਹੀ ਵਿਚ ਕੋਈ ਕੈਨੇਡੀਅਨ ਬਣ ਜਾਵੇਗਾ ਤੇ ਕੋਈ ਅਮਰੀਕਨ ਜਾਂ ਆਸਟ੍ਰੇਲੀਅਨ। ਰਹਿੰਦੀ ਕਸਰ ਰਾਜਸੀ ਪਾਰਟੀਆਂ ਕੱਢ ਰਹੀਆਂ ਹਨ ਜਿਹੜੀਆਂ ਵਿਦੇਸ ਜਾਣ ਵਾਸਤੇ ਵਿਦਿਆਰਥੀਆਂ ਨੂੰ ਕਰਜ਼ਾ ਦੇਣ ਦੀਆਂ ਪ੍ਰਪੋਜ਼ਲਾਂ ਦੇ ਰਹੀਆਂ ਹਨ।ਕੈਨੇਡਾ ਦੇ ਸਿਖ ਨੇਤਾ ਬਲਕਰਨ ਸਿੰਘ ਗਿਲ ਆਖਦੇ ਹਨ ਕਿ ਭਾਵੇਂ ਪ੍ਰਵਾਸ ਉਲਟ ਪ੍ਰਸਥਿਤੀਆਂ ਤੇ ਸਿਆਸੀ ਚੇਤਨਾ ਦੀ ਘਾਟ ,ਸਿਸਟਮ ਨੂੰ ਗਰਕ ਕਰਨ ਵਿਚੋਂ ਉਪਜਿਆ ਕੁਦਰਤੀ ਵਰਤਾਰਾ ਹੈ ਪ੍ਰੰਤੂ ਪ੍ਰਾਪਤ ਵਸੀਲਿਆਂ ਦਾ ਤੁਲਨਾਤਮਿਕ ਅਧਿਐਨ ਕਰਨ ਤੋਂ ਬਿਨਾਂ ਹੀ ਭੇਡਚਾਲ ਤਹਿਤ ਵਿਦੇਸ਼ਾਂ ਵੱਲ ਭੱਜਣਾ ਸਮਝਦਾਰੀ ਨਹੀਂ। ਉਸ ਨੇ ਕਿਹਾ ਕਿ ਡਾਲਰ ਜਾਂ ਪੌਂਡ ਦਰੱਖਤਾਂ ਨੂੰ ਨਹੀਂ ਲੱਗਦੇ, ਇੱਥੇ ਵੀ ਕਾਮਯਾਬ ਹੋਣ ਲਈ ਹੱਡ ਤੋੜਵੀਂ ਮਿਹਨਤ ਕਰਨੀ ਪੈਂਦੀ ਹੈ। ਹਰੇਕ ਕੋਈ ਉਥੇ ਸਫਲ ਨਹੀਂ ਹੋ ਸਕਦਾ।ਮਕਾਨ ਬਣਾਉਣਾ ਉਥੇ ਹੋਰ ਵੀ ਔਖਾ ਹੈ।ਚੰਗੀ ਪੜ੍ਹਾਈ ਤੇ ਚੰਗੀ ਨੌਕਰੀ ਬਿਨਾਂ ਕੋਈ ਜ਼ਿੰਦਗੀ ਨਹੀਂ।